ਹੀਰਿਆਂ ਦੀ ਖਾਣ ਪੰਜਾਬ

ਗੁਰਬਚਨ ਸਿੰਘ ਭੁੱਲਰ
ਫੋਨ: 0091-11425-02364
ਪੰਜਾਬ ਹੀਰਿਆਂ ਦੀ ਧਰਤੀ ਹੈ। ਵੇਦਾਂ ਦੇ ਰਚਨਾਕਾਰ ਰਿਸ਼ੀਆਂ ਤੋਂ ਲੈ ਕੇ ਪੰਜਾਬ ਦਾ ਇਤਿਹਾਸ ਬੇਮਿਸਾਲ ਮਹਾਂਪੁਰਸ਼ਾਂ ਦੀ ਅਟੁੱਟ ਲੜੀ ਹੈ। ਅਜੋਕਾ ਮਨੁੱਖੀ ਸਮਾਜ ਕਿੰਨਾ ਵੀ ਨਿੱਘਰ ਰਿਹਾ ਹੋਵੇ, ਪੰਜਾਬ ਨੇ ਹੀਰੇ ਮਨੁੱਖ ਪੈਦਾ ਕਰਨ ਦੀ ਆਪਣੀ ਸਮਰੱਥਾ ਗੁਆਈ ਨਹੀਂ। ਸਰਵਣ ਸਿੰਘ ਨੇ ਵਰਤਮਾਨ ਖ਼ਜ਼ਾਨੇ ਵਿਚੋਂ ਜਿਹੜੇ ਨੌਂ ਹੀਰਿਆਂ ਦੀ ਚੋਣ ਕੀਤੀ ਹੈ, ਉਹ ਇਕ ਤੋਂ ਵਧ ਕੇ ਇਕ ਤਾਬਦਾਰ ਹਨ।

ਡਾæ ਸਰਦਾਰਾ ਸਿੰਘ ਜੌਹਲ ਮੰਨਿਆ-ਪ੍ਰਮੰਨਿਆ ਅਰਥ-ਸ਼ਾਸਤਰੀ ਹੋਣ ਦੇ ਨਾਲ ਨਾਲ ਸਾਹਿਤ ਤੇ ਸਭਿਆਚਾਰ ਦਾ ਰਸੀਆ ਵੀ ਹੈ ਤੇ ਸਰਪ੍ਰਸਤ ਵੀ। ਸਮਰੱਥਾ ਏਨੀ ਕਿ ਸਾਡੀ ਕਿਸੇ ਪੰਜਾਬ ਸਰਕਾਰ ਨੇ ਉੁਹਨੂੰ ਪੂਰੀ ਤਰ੍ਹਾਂ ਵਰਤਣ ਦੀ ਸਮਰੱਥਾ ਨਹੀਂ ਦਿਖਾਈ। ਕਾਬਲੀਅਤ ਵੱਡੀ, ਸਰਕਾਰਾਂ ਦੇ ਭਾਂਡੇ ਛੋਟੇ! ਕਰਨੈਲ ਸਿੰਘ ਪਾਰਸ ਕਵੀਸ਼ਰਾਂ ਦਾ ਕਰਨੈਲ ਤਾਂ ਸੀ ਹੀ, ਅੰਧਵਿਸ਼ਵਾਸ, ਜਹਾਲਤ ਤੇ ਸਮਾਜਕ ਪਿਛਲਖੁਰਤਾ ਦਾ ਕੱਟੜ ਵਿਰੋਧੀ ਵੀ ਸੀ, ਜੋ ਸਾਰੀ ਉਮਰ ਭਵਿੱਖਮੁਖੀ, ਲੋਕ-ਹਿਤੈਸ਼ੀ, ਅੱਗੇਵਧੂ ਸੋਚ ਦਾ ਪਾਰਸ ਬਣ ਕੇ ਕਬੀਰ ਜੀ ਦੇ ਵਚਨ ਉਪਾਰਸੁ ਪਰਸਿ ਲੋਹਾ ਕੰਚਨੁ ਸੋਈ” ਉਤੇ ਪੂਰਾ ਉਤਰਦਿਆਂ ਸਰੋਤਿਆਂ ਦੀ ਹਨੇਰੀ ਸੋਚ ਵਿਚ ਦੀਵੇ ਬਾਲ ਕੇ ਉਨ੍ਹਾਂ ਨੂੰ ਕੰਚਨੁ ਬਣਨ ਦੇ ਰਾਹ ਪਾਉਂਦਾ ਰਿਹਾ। ਜਸਵੰਤ ਸਿੰਘ ਕੰਵਲ, ਜੋ ਸਰਵਣ ਸਿੰਘ ਦੀ ਤੇ ਮੇਰੀ ਪੀੜ੍ਹੀ ਦੇ ਸਾਹਿਤਕ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਤੋਂ ਸ਼ਬਦ-ਸਮਰਾਟ ਬਣਿਆ ਹੋਇਆ ਹੈ। ਅਸੀਂ ਸਾਹਿਤ ਦਾ A-ਅ ਸਿੱਖ ਰਹੇ ਸੀ ਤਾਂ ਉਹਦਾ ਕੰਵਲ-ਫੁੱਲ ਸਾਹਿਤ-ਸਰੋਵਰ ਵਿਚ ਪੂਰਾ ਖਿੜਿਆ ਹੋਇਆ ਸੀ ਤੇ ਉਹਦੀ ਪੂਰਨਮਾਸੀ ਦੀ ਚਾਨਣੀ ਨਾਲ ਪੰਜਾਬੀ ਸਾਹਿਤ ਦਾ ਵਿਹੜਾ ਚਾਂਦੀ-ਰੰਗਾ ਹੋਇਆ ਪਿਆ ਸੀ। ਉਹਤੋਂ ਮਗਰੋਂ ਤੁਰੇ ਅਨੇਕ ਸਾਹਿਤ-ਯਾਤਰੀ ਹਫ਼-ਹੰਭ ਗਏ ਪਰ ਉਹਦੀ ਪੁਲਾਂਘ ਪਹਿਲਾਂ ਜਿੰਨੀ ਹੀ ਲੰਮੀ ਹੈ।
ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਾਹਿਤ-ਸਭਿਆਚਾਰ ਦਾ ਬੇਮਿਸਾਲ ਕਦਰਦਾਨ ਤੇ ਰਖਵਾਲਾ ਸੀ, ਸੱਚੇ ਅਰਥਾਂ ਵਿਚ ਜਥੇਦਾਰ। ਸਰਵਣ ਸਿੰਘ ਦਾ ਉਹਦੇ ਲਈ ਵਰਤਿਆ ਕਥਨ ‘ਸਭਿਆਚਾਰਕ ਮੇਲਿਆਂ ਦਾ ਮੋਹੜੀਗੱਡ’ ਉਸ ਬਾਰੇ ਬਹੁਤ ਕੁਝ ਦਸਦਾ ਹੈ। ਮਸਤ-ਮਲੰਗ ਫੱਕਰ ਸੁਭਾਅ! ਦਿਲ ਵੀ ਖੁੱਲ੍ਹਾ, ਜੇਬ ਵੀ ਖੁੱਲ੍ਹੀ! ਲੁਧਿਆਣੇ ਮੈਂ ਇਕ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਣਾ ਸੀ। ਜੱਸੋਵਾਲ ਨੂੰ ਮੇਰੇ ਆਉਣ ਦਾ ਪਤਾ ਲਗਿਆ ਤਾਂ ਆਬਦੇ ਚੇਲੇ-ਬਾਲਕੇ ਨਿੰਦਰ ਘੁਗਿਆਣਵੀ ਨੂੰ ਕਹਿੰਦਾ, “ਭੁੱਲਰ, ਪਤਾ ਨਹੀਂ ਕਿਵੇਂ, ਹੁਣ ਤੱਕ ਆਪਣੀ ਮਾਰ ਤੋਂ ਪਾਸੇ ਹੀ ਰਹਿ ਗਿਆ। ਬੰਦੇ ਇਕੱਠੇ ਕਰ ਲਈਂ, ਆਪਾਂ Ḕਮੋਹਨ ਸਿੰਘ ਪੁਰਸਕਾਰ’ ਨਾਲ ਉਹਦਾ ਆਦਰ-ਮਾਣ ਜ਼ਰੂਰ ਕਰਨਾ ਹੈ।” ਮੋਹਨ ਸਿੰਘ ਦੀ ਸ਼ੀਸ਼ੇ-ਜੜੀ ਤਸਵੀਰ, ਲੋਈ, ਮਾਣ-ਪੱਤਰ ਤੇ ਇਕਵੰਜਾ ਸੌ ਰੁਪਏ। ਮੈਂ ਅਜੇ ਗਲ਼ ਵਿਚੋਂ ਲਾਹ ਕੇ ਲੋਈ ਤਹਿ ਹੀ ਕਰ ਰਿਹਾ ਸਾਂ ਕਿ ਬੋਲਿਆ, “ਤੁਸੀਂ ਆਏ ਕਿਵੇਂ ਹੋ?” ਮੇਰੇ ਟੈਕਸੀ ਦੱਸਿਆਂ ਹੱਥ ਫੇਰ ਜੈਕਟ ਦੀ ਅੰਦਰਲੀ ਜੇਬ ਵਿਚ ਪਾ ਲਿਆ, “ਟੈਕਸੀ ਦੇ ਤਾਂ ਦਿੱਲੀਓਂ ਖਾਸੇ ਪੈਸੇ ਲੱਗ ਜਾਂਦੇ ਨੇ!” ਮੈਂ ਬੜੀ ਮੁਸ਼ਕਲ ਨਾਲ ਉਹਦਾ ਹੱਥ ਜੇਬ ਵਿਚੋਂ ਕੱਢਿਆ। ਅਜਿਹਾ ਦਿਲਦਾਰ ਬੰਦਾ ਸੀ ਆਪਣਾ ਜੱਸੋਵਾਲ!
ਜਰਨੈਲ ਸਿੰਘ ਜਿਸ ਦੀ ਫੁੱਟਬਾਲ ਦੀ ਦਹਾਕਾ ਲੰਮੀ ਜਰਨੈਲੀ ਦਾ ਕੋਈ ਜਵਾਬ ਨਹੀਂ। ਹੁਣ ਕਾਂਸੀ ਦਾ ਮੈਡਲ ਮਿਲੇ ਤੋਂ ਧੰਨ ਧੰਨ ਕਰਨ ਵਾਲੇ ਦੇਸ ਦੀ ਝੋਲ਼ੀ ਗੋਲਡ-ਮੈਡਲ ਪਾਉਂਦਾ ਰਿਹਾ। ਆਪਣੇ ਪਿੰਡ ਦੀ ਮਿੱਟੀ ਦਾ ਪੁੱਤਰ, ਜੀਹਦੇ ਪੈਰ ਦੇ ਹੁਲਾਰੇ ਨਾਲ ਅੰਬਰ ਵੱਲ ਉਡੀ ਬਾਲ ਨੂੰ ਜੱਗ ਹੈਰਾਨ ਹੋ ਹੋ ਵੇਖਦਾ ਪਰ ਜੀਹਨੇ ਆਪਣੀ ਹਉਂ ਬਾਲ ਦੇ ਪਿੱਛੇ ਪਿੱਛੇ ਅੰਬਰੀਂ ਚਾੜ੍ਹਨ ਦੀ ਥਾਂ ਨਿਮਰਤਾ ਦਾ ਪੱਲਾ ਘੁੱਟ ਕੇ ਫੜੀ ਰਖਦਿਆਂ ਪੈਰਾਂ ਨੂੰ ਮਜ਼ਬੂਤੀ ਨਾਲ ਧਰਤੀ ਉਤੇ ਜਮਾਈ ਰੱਖਿਆ। ਓਲੰਪਿਕ ਜਾਂ ਏਸ਼ੀਆਈ ਮੈਚ ਖੇਡ ਕੇ ਪਿੰਡ ਮੁੜਦਾ ਤਾਂ ਪਿੰਡ ਦੀ ਟੀਮ ਵਿਚ ਜਲ ਵਿਚ ਮੱਛੀ ਵਾਂਗ ਇਉਂ ਰਲ਼ ਜਾਂਦਾ ਜਿਵੇਂ ਕਦੀ ਪਿੰਡੋਂ ਬਾਹਰ ਨਾ ਨਿਕਲਿਆ ਸਾਧਾਰਨ ਖਿਡਾਰੀ ਹੋਵੇ!
ਜੇ ਰੋਮ ਰੋਮ ਪੰਜਾਬੀ ਦੀ ਮਿਸਾਲ ਦੇਣੀ ਹੋਵੇ, ਆਪਣੇ ਦਾਰਾ ਸਿੰਘ ਦਾ ਨਾਂ ਲੈ ਦਿਉ। ਇਕ-ਤਿਹਾਈ ਸਦੀ ਤੋਂ ਕੁਝ ਵੱਧ ਸਮੇਂ ਵਿਚ ਪੰਜ ਸੈਂਕੜੇ ਕੁਸ਼ਤੀਆਂ ਲੜ ਕੇ ਉਹ ਮੁਰਾਤਬਾ ਹਾਸਲ ਕੀਤਾ ਕਿ ਆਪਣੀ ਤਾਕਤ ਦੀ ਗੱਲ ਕਰਨ ਵਾਲੇ ਨੂੰ ਲੋਕ ਆਖਦੇ, ਤੂੰ ਕਿਧਰਲਾ ਆ ਗਿਆ ਦਾਰਾ ਪਹਿਲਵਾਨ! ਉਹਦੇ ਨਾਂ ਦਾ ਲਾਹਾ ਲੈਣ ਵਾਸਤੇ ਫਿਲਮਾਂ ਵਾਲਿਆਂ ਨੇ ਪਲੋਸ ਲਿਆ ਤਾਂ ਅੱਧੀ ਸਦੀ ਤੋਂ ਕੁਝ ਵੱਧ ਸਮੇਂ ਵਿਚ ਡੇਢ ਸੌ ਫਿਲਮਾਂ ਕਰ ਲੈਣ ਮਗਰੋਂ ਵੀ ਸੁੰਦਰਤਾ ਦੇ ਛਲਕਦੇ ਸਾਗਰ ਵਿਚਕਾਰ ਉਹੋ “ਜਤੀ-ਸਤੀ ਉਦਾਰਾ ਜੀ” ਰਿਹਾ। ਰੂਪਨਗਰੀ ਵਿਚ ਸ਼ਰਾਫ਼ਤ ਦੀਆਂ ਜੋ ਇਕਾ-ਦੁੱਕਾ ਮਿਸਾਲਾਂ ਸਹੁੰ ਖਾਣ ਲਈ ਕਾਇਮ ਰਹੀਆਂ, ਉਨ੍ਹਾਂ ਦਾ ਮੋਹਰੀ। ਉਹਦੀ ਪੰਜਾਬੀਅਤ ਦਾ ਤਾਂ ਕਹਿਣਾ ਹੀ ਕੀ। ਫਿਲਮਾਂ ਵਾਲਿਆਂ ਨੇ ਬੇਨਤੀਆਂ ਦੇ ਬਾਵਜੂਦ ਪੰਜਾਬੀ ਵਿਚ ਹਿੰਦੀ-ਉਰਦੂ ਬੋਲਦਾ ਦੇਖ ਉਹਨੂੰ ਸ਼ੁੱਧ ਹਿੰਦੀ-ਉਰਦੂ ਸਿੱਖਾਉਣ ਵਾਸਤੇ ਉਸਤਾਦ ਦਾ ਪ੍ਰਬੰਧ ਕਰ ਦਿੱਤਾ। ਸਿੱਖਲਾਈ ਦਾ ਸਮਾਂ ਪੂਰਾ ਹੋਇਆ ਤਾਂ ਦਾਰਾ ਸਿੰਘ ਤਾਂ ਹਿੰਦੀ-ਉਰਦੂ ਪਹਿਲਾਂ ਵਾਂਗ ਹੀ ਪੰਜਾਬੀ ਵਿਚ ਬੋਲ ਰਿਹਾ ਸੀ ਪਰ ਗ਼ੈਰ-ਪੰਜਾਬੀ ਉਸਤਾਦ ਹਿੰਦੀ-ਉਰਦੂ ਭੁੱਲ ਕੇ ਸ਼ੁੱਧ ਪੰਜਾਬੀ ਬੋਲਣ ਲੱਗ ਪਿਆ ਸੀ!
ਫੌਜਾ ਸਿੰਘ ਇਕ ਸਦੀ ਪਹਿਲਾਂ ਦੀ ਪੰਜਾਬੀ ਪੀੜ੍ਹੀ ਦੇ ਦਰਸ਼ਨ ਕਰਵਾਉਣ ਵਾਲਾ ਭੋਲਾ-ਭਾਲਾ, ਜਜ਼ਬਾਤੀ, ਵਲ਼-ਛਲ ਤੋਂ ਮੁਕਤ, ਫੱਕਰ-ਫ਼ਕੀਰ ਬਜ਼ੁਰਗ ਹੈ ਜੋ ਬਜ਼ੁਰਗ ਬਣਨੋਂ ਇਨਕਾਰੀ ਹੈ। ਪੂਰੀ ਸਦੀ ਨੂੰ ਪਿੱਛੇ ਛੱਡ ਕੇ ਜੋ ਮੈਰਾਥਨੀ ਦੌੜਾਕ ਹੋਵੇ ਤੇ ਰੋਜ਼ ਸੱਤ-ਅੱਠ ਮੀਲ ਤੁਰਦਾ ਹੋਵੇ, ਉਹਨੂੰ ਬਜ਼ੁਰਗ ਕਹਿਣ ਦਾ ਜੇਰਾ ਕੌਣ ਕਰੇ! ਉਸ ਦੀ ਕਰਾਮਾਤੀ ਕਰਨੀ ਉਹਤੋਂ ਅੱਧੀ ਉਮਰ ਦੇ ਦਲਿੱਦਰੀਆਂ ਨੂੰ ਕੁਝ ਕਰਨ ਲਈ ਪ੍ਰੇਰਦੀ ਹੈ।
ਹਾਕੀ ਦਾ ਕਰਾਮਾਤੀ ਬਲਬੀਰ ਸਿੰਘ ਲੋਕਾਂ ਦੇ ਦਿਲਾਂ ਦਾ ਭਾਰਤ ਰਤਨ ਹੈ। ਕੁਝ ਸਮਾਂ ਪਹਿਲਾਂ ਜਦੋਂ ਇਕ ਕ੍ਰਿਕਟੀਏ ਖਿਡਾਰੀ ਨੂੰ ਸਰਕਾਰ ਨੇ ਭਾਰਤ ਰਤਨ ਦਿੱਤਾ, ਉਹਤੋਂ ਪਹਿਲਾਂ ਇਸ ਸਨਮਾਨ ਦੇ ਹੱਕੀ ਵਜੋਂ ਆਮ ਲੋਕਾਂ ਦੀ ਜ਼ਬਾਨ ਉਤੇ ਜੇ ਕਿਸੇ ਦਾ ਨਾਂ ਸੀ, ਉਹ ਸੀ ਬਲਬੀਰ ਸਿੰਘ। ਹੁਣ ਟੀਮਾਂ ਇਕ ਗੋਲ ਮਾਰ ਲੈਣ ਨੂੰ ਪ੍ਰਾਪਤੀ ਸਮਝਦੀਆਂ ਹਨ। 1952 ਦੀਆਂ ਓਲੰਪਿਕ ਖੇਡਾਂ ਦੇ ਸੈਮੀਫਾਈਨਲ ਦੇ 9 ਵਿਚੋਂ 8 ਅਤੇ ਫਾਈਨਲ ਦੇ 6 ਵਿਚੋਂ 5 ਗੋਲ ਜਿਸ ਇਕੱਲੇ ਦੀ ਹਾਕੀ ਨਾਲ ਹੋਏ, ਉਹ ਹੈ ਮਾਣਮੱਤਾ ਪੰਜਾਬੀ ਬਲਬੀਰ ਸਿੰਘ।
ਮਿਲਖਾ ਸਿੰਘ ਜ਼ੀਰੋ ਤੋਂ ਹੀਰੋ ਤੱਕ ਦੀ ਯਾਤਰਾ ਦੀ ਗੌਰਵ-ਗਾਥਾ ਹੈ। ਉਹਦੇ ਨਾਂ ਨਾਲ ਜੁੜੇ ਅਨੇਕ ਕਿੱਸੇ ਤੇ ਟੋਟਕੇ ਉਹਦੀ ਸਾਦਗੀ ਦੇ ਵੀ ਗਵਾਹ ਹਨ ਅਤੇ ਉਹਦੀ ਘਾਲਣਾ ਤੇ ਪ੍ਰਾਪਤੀ ਦੇ ਵੀ। ਅਖੇ, ਕਿਸੇ ਨੇ ਲਾਲ ਬੱਤੀ ਦਿਖਾ ਕੇ ਕਿਹਾ, ਮਿਲਖਿਆ, ਜੇ ਔਹ ਬੱਤੀ ਨੂੰ ਹੱਥ ਲਾ ਕੇ ਛੇਤੀ ਮੁੜ ਆਵੇਂ, ਸੇਰ ਦੁੱਧ ਇਨਾਮ। ਬੱਤੀ ਟਰੱਕ ਦੀ ਸੀ। ਜਿਥੇ ਕਿਤੇ ਡਰਾਈਵਰ ਰੁਕਿਆ, ਬੱਤੀ ਨੂੰ ਹੱਥ ਲਾ ਕੇ ਮਿਲਖਾ ਕਈ ਘੰਟਿਆਂ ਮਗਰੋਂ ਮੁੜਿਆ ਤੇ ਭੋਲੇ-ਭਾਅ ਬੋਲਿਆ, ਲਿਆ ਮੇਰੀ ਸ਼ਰਤ! ਫ਼ਿਲਮ Ḕਭਾਗ ਮਿਲਖਾ ਭਾਗ’ ਦੇ ਨਾਂ ਵਾਂਗ ਉਹਦਾ ਜੀਵਨ ਲਗਾਤਾਰ ਅੱਗੇ ਹੀ ਅੱਗੇ ਵਧਦੇ ਜਾਣ ਦੀ ਕਹਾਣੀ ਹੈ ਤੇ ਦਰਸ਼ਕਾਂ ਵਿਚ ਉਹਦੀ ਬੇਹੱਦ ਹਰਮਨਪਿਆਰਤਾ ਮਿਲਖੇ ਦੀ ਸਫਲਤਾ ਦੀ ਸਾਹਦੀ ਭਰਦੀ ਹੈ।
ਸਰਵਣ ਸਿੰਘ ਜਿਸ ਵਿਅਕਤੀ ਬਾਰੇ ਵੀ ਲਿਖਦਾ ਹੈ, ਉਹਦੀ ਸੰਪੂਰਨ ਸ਼ਖ਼ਸੀਅਤ ਵੀ ਇਸੇ ਲਈ ਚਿਤਰ ਸਕਦਾ ਹੈ ਕਿ ਉਹ ਜੇ ਕਿਸੇ ਨਾਲ ਵੀ ਜੋੜਦਾ ਹੈ, ਤਰਦਾ ਤਰਦਾ, ਸਤਹੀ ਨਾਤਾ ਨਹੀਂ ਜੋੜਦਾ। ਉਹ ਦੋਸਤੀ ਗੰਢਦਾ ਹੈ ਤਾਂ ਅਗਲੇ ਦੇ ਦਿਲ ਵਿਚ ਆਲ੍ਹਣਾ ਪਾਉਂਦਾ ਹੈ। ਦੋਸਤ ਦਾ ਘਰ ਉਹਦਾ ਆਪਣਾ ਘਰ ਤੇ ਪਰਿਵਾਰ ਆਪਣਾ ਪਰਿਵਾਰ ਹੋ ਜਾਂਦਾ ਹੈ। ਮੈਨੂੰ ਨਹੀਂ ਪਤਾ, ਉਹਨੂੰ ਇਨ੍ਹਾਂ ਹਸਤੀਆਂ ਦੀ ਚੋਣ ਕਰਨ ਸਮੇਂ ਇਕ ਸਾਂਝੇ ਗੁਣ ਦਾ ਖ਼ਿਆਲ ਆਇਆ ਸੀ ਕਿ ਨਹੀਂ, ਪਰ ਕੁਦਰਤ ਦੀ ਕਰਾਮਾਤ ਦੇਖੋ, ਸਾਰੇ ਦੇ ਸਾਰੇ ਸਾਊ-ਸਨਿਮਰ! ਜਿੰਨੇ ਮੱਤ ਦੇ ਉਚੇ, ਓਨੇ ਮਨ ਦੇ ਨੀਵੇਂ! ਸਾਡੇ ਵਿਸ਼ਵੀ ਪੰਜਾਬੀ ਪੁਰਖੇ, ਬਾਬਾ ਨਾਨਕ ਦੇ ਭਾਰੇ-ਗੌਰੇ ਸੱਚੇ ਸਿੱਖ ਜਿਸ ਨੇ ਸਾਡੇ ਵਾਸਤੇ “ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ” ਦੇ ਵਚਨ ਨਾਲ ਚਲਨ-ਚਰਿੱਤਰ ਦੀ ਖਰੀ ਕਸਵੱਟੀ ਮਿਥ ਦਿੱਤੀ ਸੀ। ਕੋਈ ਇਕ ਵੀ ਅਜਿਹਾ ਨਹੀਂ ਜਿਸ ਕੋਲ ਬੈਠ ਗੱਲਾਂ ਕਰਦਿਆਂ ਉਹਦੀ ਹਉਂ ਦੀ ਹੁਮਕ ਤੁਹਾਨੂੰ ਉਹਤੋਂ ਥੋੜ੍ਹਾ ਜਿਹਾ ਦੂਰ ਸਰਕਣ ਵਾਸਤੇ ਆਖੇ, ਸਗੋਂ ਹਰੇਕ ਦੀ ਤੁਹਾਡੇ ਆਪਣੇ ਵਡੇਰੇ ਵਾਲੀ ਮੇਰ ਦੀ ਮਹਿਕ ਉਹਦੇ ਹੋਰ ਗੋਡੇ-ਮੁੱਢ ਲੱਗ ਕੇ ਬੈਠਣ ਵਾਸਤੇ ਸੈਣਤਾਂ ਕਰਦੀ ਹੈ। ਇਕ ਗੱਲ ਹੋਰ। ਦੂਜੇ ਦੀ ਨਿਰਮਲਤਾ ਦੇਖਣ ਵਾਸਤੇ ਆਪਣਾ ਮਨ ਵੀ ਨਿਰਮਲ ਚਾਹੀਦਾ ਹੈ। ਅੱਖਾਂ ਵਿਚ ਗਹਿਰ-ਗੰਧਲ ਹੋਵੇ ਤਾਂ ਦਿੱਸਣ ਵਾਲੀ ਉਜਲੀ ਚੀਜ਼ ਵੀ ਗੰਧਲੀ ਲਗਦੀ ਹੈ। ਸਾਹਿਤ ਦਾ ਪਿੜ ਵੀ ਹੁਣ ਖਾਸਾ ਗੰਧਲ ਗਿਆ ਹੈ। ਪਰ ਦਹਾਕਿਆਂ ਲੰਮੇ ਵਾਹ ਵਿਚ ਨਾ ਮੈਂ ਕਦੀ ਸਰਵਣ ਸਿੰਘ ਦਾ ਸਿਦਕ-ਸੰਤੁਲਨ ਡੋਲਿਆ ਦੇਖਿਆ ਹੈ ਤੇ ਨਾ ਕਦੀ ਉਹਦਾ ਸਹਿਜ-ਸੰਤੋਖ ਉਖੜਿਆ ਮਹਿਸੂਸ ਕੀਤਾ ਹੈ। ਕਿਸੇ ਦੀ ਨਿੰਦਿਆ-ਚੁਗਲੀ ਉਹਨੂੰ ਕਰਨੀ ਹੀ ਨਹੀਂ ਆਉਂਦੀ!
ਸਰਵਣ ਸਿੰਘ ਦੀ ਵਾਰਤਕ ਦੀ ਗੱਲ ਚੱਲਿਆਂ ਮੇਰੇ ਜ਼ਿਹਨ ਵਿਚ ਉਹ ਕਿਸਾਨ ਉਭਰ ਆਉਂਦਾ ਹੈ ਜੋ ਮੁੜ੍ਹਕਾ-ਵਹਾਊ ਮਿਹਨਤ ਨਾਲ ਵਾਹੀ, ਬੀਜੀ, ਗੋਡੀ, ਸਿੰਜੀ ਤੇ ਸਮੇਟੀ ਸੁਨਹਿਰੀ ਕਣਕ ਦੇ ਵੱਡੇ, ਉਚੇ ਬੋਹਲ ਕੋਲ ਖੜ੍ਹਾ ਮੁਸਕਰਾ ਰਿਹਾ ਹੋਵੇ। ਕਿਸਾਨ ਦੀ ਕਣਕ ਵਾਂਗ ਉਹਦੀ ਨਵੀਂ ਪੁਸਤਕ ਵੀ ਹੁਣ ਹਰ ਸਾਲ ਆਉਂਦੀ ਹੈ। ਪੰਜਾਬ ਦੇ ਇਨ੍ਹਾਂ ਨੌਂ ਸਰਵਣ ਪੁੱਤਰਾਂ ਬਾਰੇ ਉਹਦੀ ਪੁਸਤਕ Ḕਪੰਜਾਬ ਦੇ ਕੋਹੇਨੂਰ’ ਇਸੇ ਪੁਸਤਕ-ਲੜੀ ਦੀ ਅਗਲੀ ਕੜੀ ਹੈ। ਉਹ ਤੋਰੇ-ਫੇਰੇ ਵਾਲਾ ਲੇਖਕ ਹੈ। ਇਹ ਤੋਰਾ-ਫੇਰਾ ਉਹਦੀ ਜੀਵਨ-ਜਾਚ ਤੇ ਜੀਵਨ-ਸ਼ੈਲੀ ਹੈ। ਇਹਦਾ ਮੁੱਢ ਉਹਨੇ ਪ੍ਰਾਇਮਰੀ ਤੋਂ ਯੂਨੀਵਰਸਿਟੀ ਤੱਕ ਅੱਧੀ ਦਰਜਨ ਸਕੂਲ-ਕਾਲਜ ਬਦਲ ਕੇ ਬੰਨ੍ਹ ਦਿੱਤਾ ਸੀ। ਇਸ ਉਮਰੇ ਵੀ ਉਹ ਇਕ ਛਿਮਾਹੀ ਭਾਰਤ ਤੇ ਦੂਜੀ ਛਿਮਾਹੀ ਕੈਨੇਡਾ ਵਿਚਰਨ ਦੇ ਮੁੱਖ ਤੋਰੇ-ਫੇਰੇ ਦੇ ਅੰਦਰ ਹੋਰ ਤੋਰੇ-ਫੇਰੇ ਬਣਾਈ ਰਖਦਾ ਹੈ। ਦੇਸ ਆਉਂਦਾ ਹੈ ਤਾਂ ਸ਼ਹਿਰਾਂ-ਪਿੰਡਾਂ ਵਿਚ ਹੁੰਦੇ ਸਾਹਿਤਕ, ਸਭਿਆਚਾਰਕ ਤੇ ਖੇਡ ਮੇਲਿਆਂ ਵਿਚ ਹਾਜ਼ਰ-ਨਾਜ਼ਰ ਰਹਿੰਦਾ ਹੈ। ਪਰਦੇਸ ਹੋਵੇ ਤਾਂ ਦੱਸੇਗਾ, ਅਮਰੀਕਾ, ਇੰਗਲੈਂਡ ਜਾਂ ਅਮਕੇ ਦੇਸ ਖੇਡ-ਮੇਲੇ ਵਾਲਿਆਂ ਨੇ ਸੱਦਿਆ ਸੀ, ਉਥੇ ਹਫ਼ਤਾ ਲਾ ਕੇ ਆਇਆ ਹਾਂ। ਇਹ ਲਗਾਤਾਰ ਤੋਰਾ-ਫੇਰਾ ਉਹਦੇ ਅਨੁਭਵ ਦਾ ਆਧਾਰ ਹੈ ਤੇ ਇਹ ਵਿਸ਼ਾਲ ਅਨੁਭਵ ਵਹਿਣ-ਵਗਣ ਲਈ ਬੇਚੈਨ ਰਹਿੰਦੀ ਉਹਦੀ ਕਲਮ ਵਾਸਤੇ ਅਮੁੱਕ ਆਧਾਰ-ਸਮਗਰੀ ਬਣਦਾ ਹੈ।
ਪੰਜਾਬ ਦੇ ਇਨ੍ਹਾਂ ਨੌਂ ਕੋਹੇਨੂਰ ਹੀਰਿਆਂ ਵਿਚੋਂ ਕੋਈ ਵੀ ਅਜਿਹਾ ਨਹੀਂ ਜੋ ਕਿਸੇ ਪਾਠਕ ਵਾਸਤੇ ਓਪਰਾ ਹੋਵੇ। ਤਾਂ ਵੀ ਇਹ ਪੁਸਤਕ ਇਨ੍ਹਾਂ ਆਪਣਿਆਂ ਨਾਲ ਸਾਡੀ ਅਪਣੱਤ ਨੂੰ ਯਕੀਨਨ ਹੋਰ ਗੂੜ੍ਹੀ ਕਰੇਗੀ। ਆਸ ਹੈ, ਪੰਜਾਬ ਨਾਂ ਦੀ ਖਾਣ ਵਿਚੋਂ ਸਰਵਣ ਸਿੰਘ ਹੋਰ ਅਨੇਕ ਹੀਰਿਆਂ ਦਾ ਜਲ-ਜਲੌਅ ਵੀ ਸਾਡੇ ਨਾਲ ਸਾਂਝਾ ਕਰਦਾ ਰਹੇਗਾ!