ਪ੍ਰਿੰæ ਸਰਵਣ ਸਿੰਘ
ਅਜਮੇਰ ਸਿੰਘ ਸਿੱਧੂ ਪੰਜਾਬ ਦੇ ਪਿੰਡਾਂ ਦਾ ਚਾਨਣ ਮੁਨਾਰਾ ਸੀ। ਉਹਦੇ ਉਦਮ ਨਾਲ ‘ਚਾਨਣ ਮੁਨਾਰਾ ਚਕਰ’ ਪੁਸਤਕ ਛਪੀ ਜਿਸ ਤੋਂ ਹੋਰਨਾਂ ਪਿੰਡਾਂ ਨੂੰ ਰੌਸ਼ਨੀ ਮਿਲ ਰਹੀ ਹੈ। ਉਹ ਪਰਉਪਕਾਰੀ ਜਿਊੜਾ ਸੀ ਜੋ ਮੁੜ ਮੁੜ ਯਾਦ ਆ ਰਿਹੈ। 15 ਦਸੰਬਰ, 2014 ਦੀ ਸਵੇਰ ਨੂੰ ਟੋਰਾਂਟੋ ਵਿਚ ਉਹਦਾ ਦੇਹਾਂਤ ਹੋਇਆ। ਪਿੰਡਾਂ ‘ਚ ਚਾਨਣ ਦਾ ਛੱਟਾ ਦਿੰਦੇ ਉਸ ਸੁਹੇਲੜੇ ਸੱਜਣ ਦਾ ਸਿਰਫ਼ 61 ਸਾਲ ਦੀ ਉਮਰੇ ਤੁਰ ਜਾਣਾ ਕਿਸੇ ਦੇ ਖ਼ਾਬ-ਖਿਆਲ ਵਿਚ ਵੀ ਨਹੀਂ ਸੀ।
ਅਜਮੇਰ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਚਕਰ ਵਿਚ 7 ਮਾਰਚ 1953 ਨੂੰ ਸੁਤੰਤਰਤਾ ਸੰਗਰਾਮੀ ਉਜਾਗਰ ਸਿੰਘ ਦੇ ਘਰ ਹੋਇਆ। ਬਚਪਨ ਪਿੰਡ ਦੀਆਂ ਬੀਹੀਆਂ ਤੇ ਵਿਹੜਿਆਂ ਵਿਚ ਬੀਤਿਆ। ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ‘ਚੋਂ ਹਾਸਲ ਕੀਤੀ। ਉਚੇਰੀ ਸਿੱਖਿਆ ਲਈ ਪਿਤਾ ਨੇ ਇੰਗਲੈਂਡ ਮੰਗਵਾ ਲਿਆ।
ਇੰਗਲੈਂਡ ਵਿਚ ਉਹ ਕਬੱਡੀ ਤੇ ਸੌਕਰ ਦਾ ਨਾਮਵਰ ਖਿਡਾਰੀ ਬਣਿਆ ਤੇ ਅਜਮੇਰ ਵਲੈਤੀਏ ਦੇ ਨਾਂ ਨਾਲ ਮਸ਼ਹੂਰ ਹੋਇਆ। ਉਹ ਤਿੰਨ ਭਰਾ ਸਨ। ਦੋ ਭਰਾ ਅਜਮੇਰ ਸਿੰਘ ਤੇ ਬਲਦੇਵ ਸਿੰਘ ਕੈਨੇਡਾ ਜਾ ਵਸੇ। ਗਰੇਟਰ ਟੋਰਾਂਟੋ ਵਿਚ ਤੇ ਹੋਰ ਕਈ ਥਾਈਂ ਉਨ੍ਹਾਂ ਨੇ ਦਾਨ ਪੁੰਨ ਤੇ ਖੇਡਾਂ/ਖਿਡਾਰੀਆਂ ਦੀ ਬਿਹਤਰੀ ਦੇ ਅਨੇਕਾਂ ਕਾਰਜ ਕੀਤੇ। ਕਰੋੜਾਂ ਰੁਪਏ ਵਿਕਾਸ ਕਾਰਜਾਂ ਉਤੇ ਲਾਏ ਪਰ ਕਿਸੇ ਜਗ੍ਹਾ ਵੀ ਆਪਣੇ ਨਾਂ ਦੀ ਤਖਤੀ ਨਹੀਂ ਲਵਾਈ।
ਪੁਸਤਕ ‘ਚਾਨਣ ਮੁਨਾਰਾ ਚਕਰ’ ਦੇ ਮੁੱਖ ਬੰਦ ਵਿਚ ਉਨ੍ਹਾਂ ਨੇ ਲਿਖਿਆ, ਸਾਥੋਂ ਪੁੱਛਿਆ ਜਾਂਦੈ ਕਿ ਸਾਡੇ ਪਿੰਡ ਦੀ ਕਾਇਆ ਕਲਪ ਕਿਵੇਂ ਹੋਈ? ਕਿਵੇਂ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਬਣੀ, ਕਿਵੇਂ ਸਰਕਾਰੀ ਮਦਦ ਤੋਂ ਬਿਨਾਂ ਹਜ਼ਾਰ ਤੋਂ ਵੱਧ ਘਰਾਂ ਦਾ ਸੀਵਰੇਜ ਪਾਇਆ, ਕਿਵੇਂ ਨੌਂ ਸੱਥਾਂ ਨਵਿਆਈਆਂ, ਕਿਵੇਂ ਗਲੀਆਂ ਪੱਕੀਆਂ ਤੇ ਖੁੱਲ੍ਹੀਆਂ ਕੀਤੀਆਂ ਤੇ ਕਿਵੇਂ ਹਜ਼ਾਰਾਂ ਰੁੱਖ ਬੂਟੇ ਲਾ ਕੇ ਪਿੰਡ ਨੂੰ ਹਰਿਆਵਲਾ ਬਣਾਇਆ? ਕਿਵੇਂ ਛੱਪੜਾਂ ਨੂੰ ਨਿਰਮਲ ਝੀਲਾਂ ਬਣਾ ਕੇ ਜਜ਼ੀਰੇ ਸਿਰਜੇ, ਪਾਰਕ ਬਣਾਏ, ਬੈਂਚ ਲਾਏ ਤੇ ਝੂਲੇ ਝੁਲਾਏ? ਕਿਵੇਂ ਦੂਸ਼ਿਤ ਵਾਤਾਵਰਣ ਸ਼ੁਧ ਕੀਤਾ ਤੇ ਪੇਂਡੂਆਂ ਨੂੰ ਬਿਮਾਰੀਆਂ ਤੋਂ ਬਚਾਇਆ?
ਇਨ੍ਹਾਂ ਸੁਆਲਾਂ ਦੇ ਉਤਰ ਵਿਚ ਪਿੰਡ ਚਕਰ ਬਾਰੇ ਕਿਤਾਬ ਹੀ ਛਾਪ ਦਿੱਤੀ ਹੈ। ਇਸ ਦਾ ਲੇਖਕ ਡਾæ ਬਲਵੰਤ ਸਿੰਘ ਸੰਧੂ ਖ਼ੁਦ ਚਕਰ ਦੀ ਸ਼ੇਰੇ ਪੰਜਾਬ ਅਕੈਡਮੀ ਦਾ ਰੂਹੇ ਰਵਾਂ ਹੈ। ਚਕਰ ਨੇ ਇਕ ਦੀਵਾ ਬਾਲਿਆ ਹੈ ਜੀਹਦੀ ਲਾਟ ਨਾਲ ਹੋਰ ਦੀਵੇ ਜਗਣੇ ਸ਼ੁਰੂ ਹੋ ਗਏ ਹਨ। ਪਿੰਡ ਦੇ ਵਿਕਾਸ ਵਿਚ ਯੋਗਦਾਨ ਪਾ ਕੇ ਕਿਸੇ ਨੇ ਕਿਸੇ ‘ਤੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਆਪਣੀ ਜਨਮ ਭੋਇੰ ਦਾ ਕਰਜ਼ਾ ਹੀ ਉਤਾਰਿਆ ਹੈ। ਚਕਰ ਦੇ ਵਿਕਾਸ ਕਾਰਜਾਂ ਉਤੇ ਬੇਸ਼ੱਕ ਦਸ ਕਰੋੜ ਤੋਂ ਉਪਰ ਲੱਗ ਚੁੱਕੇ ਹਨ ਤੇ ਕਰੋੜਾਂ ਹੋਰ ਲੱਗਣੇ ਹਨ ਪਰ ਕਰੋੜਾਂ ਰੁਪਿਆਂ ਦੀ ਅਣਮੁੱਲੀ ਕਾਰ ਸੇਵਾ ਜੋ ਪਿੰਡ ਦੇ ਬੱਚਿਆਂ, ਨੌਜੁਆਨਾਂ, ਬਜ਼ੁਰਗਾਂ ਤੇ ਮਾਈਆਂ ਬੀਬੀਆਂ ਨੇ ਕੀਤੀ ਉਹ ਦਸ ਕਰੋੜ ਤੋਂ ਕਿਤੇ ਵੱਧ ਹੈ। ਅਸੀਂ ਰਾਜਸੀ ਨੇਤਾਵਾਂ ਦੀ ਖੁਸ਼ਾਮਦ ਕਰ ਕੇ ਮੰਗਣਾ ਮੰਗਤਾਪਣ ਸਮਝਦੇ ਹਾਂ। ਟੈਕਸ ਭਰਦੇ ਹਾਂ ਜਿਸ ਕਰਕੇ ਪਿੰਡ ਦੇ ਪ੍ਰੋਜੈਕਟਾਂ ਲਈ ਸਰਕਾਰੀ ਗਰਾਂਟਾਂ ਲੈਣਾ ਸਾਡਾ ਹੱਕ ਹੈ। ਪਿੰਡ ਵਾਸੀਆਂ ਨੂੰ ਸਾਡਾ ਇਹੋ ਸੁਨੇਹਾ ਹੈ ਕਿ ਆਪਣੇ ਕਾਰਜ ਆਪਣੇ ਹੱਥੀਂ ਸਵਾਰਨੇ ਪੈਣੇ ਹਨ। ਸਰਕਾਰਾਂ ਨੇ ਕੁਝ ਨਹੀਂ ਕਰਨਾ।
ਚਕਰ ਬਾਰੇ ਉਨ੍ਹਾਂ ਨੇ ਲਿਖਿਆ, ਇਸਦੀ ਮਿੱਟੀ ਵਿੱਚ ਸਾਡੇ ਵੱਡ ਵਡੇਰਿਆਂ ਨੇ ਜਨਮ ਲਿਆ ਤੇ ਅਸੀਂ ਉਨ੍ਹਾਂ ਦੀ ਉਂਗਲ ਫੜ ਕੇ ਚੱਲਣਾ ਸਿੱਖਿਆ। ਇਸੇ ਮਿੱਟੀ ‘ਚ ਅਸੀਂ ਵੱਡੇ ਹੋਏ ਤੇ ਦੁਨੀਆਦਾਰੀ ਸਿੱਖੀ। ਇਸ ਮਿੱਟੀ ਨੇ ਸਾਨੂੰ ਬੋਹੜਾਂ ਦੀ ਛਾਂ ਵਰਗੇ ਮਾਪੇ, ਮਿੱਠੇ ਮੇਵਿਆਂ ਵਰਗੇ ਬਾਲ-ਬੱਚੇ ਤੇ ਤੂਤ ਦੇ ਮੋਛਿਆਂ ਵਰਗੇ ਦੋਸਤ ਦਿੱਤੇ। ਇਸ ਦੇ ਖੇਤਾਂ ਨੇ ਸਦੀਆਂ ਤੋਂ ਸਾਡਾ ਢਿੱਡ ਭਰਿਆ ਹੈ। ਅਸੀਂ ਭਾਗਾਂ ਵਾਲੇ ਹਾਂ ਕਿ ਚਕਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਗੁਰੂ ਸਾਹਿਬਾਨ ਦੀ ਬਖ਼ਸ਼ੀ ਸੋਝੀ ਸਦਕਾ ਅਸੀਂ ਪੌਣ ਪਾਣੀ ਤੇ ਧਰਤ ਦੀ ਮਹੱਤਤਾ ਨੂੰ ਸਮਝਦਿਆਂ ਦੁਨੀਆਂ ਸਾਹਮਣੇ ਸਰਬਸਾਂਝੀ ਸੇਵਾ ਨਾਲ ਵਿਕਾਸ ਦੀ ਮਿਸਾਲ ਪੇਸ਼ ਕੀਤੀ। ਅਸੀਂ ਚਾਹੁੰਦੇ ਹਾਂ, ਸਾਂਝੇ ਉਦਮ ਨਾਲ ਜਗਾਇਆ ਸਾਡਾ ਚੌਮੁਖੀਆ ਦੀਵਾ ਲਟ ਲਟ ਬਲੇ ਅਤੇ ਇਸ ਦੀ ਲੋਅ ਹੋਰਨਾਂ ਪਿੰਡਾਂ ਵਿਚ ਵੀ ਚਾਨਣ ਬਖੇਰੇ।
ਅਜਮੇਰ ਸਿੰਘ ਦਰਿਆ ਦਿਲ ਦਾਨੀ ਹੀ ਨਹੀਂ, ਸਿਰੜੀ ਕਾਰ ਸੇਵਕ ਵੀ ਸੀ। ਉਸ ਦੀ ਅਗਵਾਈ ਵਿਚ ਕਹੀਆਂ ਨਾਲ ਨਾਲੀਆਂ ਪੁੱਟਣ ਦੇ ਕੰਮ ਕਰਨੇ, ਸੀਵਰੇਜ ਦੀਆਂ ਪਾਈਪਾਂ ਪਾਉਣੀਆਂ, ਹੌਦੀਆਂ ਬਣਾਉਣੀਆਂ ਤੇ ਹੋਰ ਕਰੜੇ ਕਾਰਜ ਕਰਨੇ ਨੌਜਵਾਨਾਂ ਦੇ ਸੁਭਾਅ ਵਿਚ ਸ਼ਾਮਲ ਹੋ ਗਏ। ਚਲਦੇ ਕੰਮ ਵਿਚ ਚੁਣੌਤੀਆਂ ਆਉਣੀਆਂ ਵੀ ਸੁਭਾਵਕ ਸਨ। ਅਜਿਹਾ ਕਈ ਵਾਰ ਹੋਇਆ ਕਿ ਨੌਜਵਾਨਾਂ ਅੱਗੇ ਚੁਣੌਤੀਆਂ ਆ ਖੜ੍ਹਦੀਆਂ ਪਰ ਅਜਮੇਰ ਦੀ ਅਗਵਾਈ ਵਿਚ ਕੱਖ ਕਾਣ ਵਾਂਗ ਉਡ ਜਾਂਦੀਆਂ। ਇਕ ਵਾਰ ਸਾਰੀ ਰਾਤ ਕੰਮ ਕੀਤਾ ਕਿਉਂਕਿ ਰਾਤੋ ਰਾਤ ਰਸਤੇ ਨੂੰ ਚਾਲੂ ਕਰਨ ਬਾਰੇ ਫੈਸਲਾ ਲਿਆ ਗਿਆ ਸੀ। ਅਜਿਹੇ ਕੰਮਾਂ ਨੂੰ ਸਮੇਂ ਸਿਰ ਕਰਨ ਪਿੱਛੇ ਵੱਡੀ ਪ੍ਰੇਰਨਾ ਸੀਵਰੇਜ ਦੇ ਮੁੱਖ ਪ੍ਰਬੰਧਕ ਅਜਮੇਰ ਸਿੰਘ ਦੀ ਸ਼ਮੂਲੀਅਤ ਹੁੰਦੀ ਸੀ। ਲੋਕਾਂ ਵਿਚ ਵਿਚਰ ਕੇ ਲੋਕ ਸੇਵਾ ਕਰਨ ਵਾਲਿਆਂ ਦਾ ਹੌਸਲਾ ਵਧਾਉਣ, ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨ ਤੇ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦਾ ਉਹਦਾ ਅਨੋਖਾ ਤਰੀਕਾ ਸੀ। ਉਹ ਹਾਸਾ-ਠੱਠਾ ਕਰਦਿਆਂ ਸਾਥੀਆਂ ਦਾ ਮਨੋਰੰਜਨ ਵੀ ਕਰਦਾ ਰਹਿੰਦਾ।
ਅਕਤੂਬਰ 2014 ਵਿਚ ਉਹ ਛੇ ਹਫ਼ਤਿਆਂ ਦੀ ਕਾਰ ਸੇਵਾ ਲਈ ਕੈਨੇਡਾ ਤੋਂ ਚਕਰ ਗਿਆ ਸੀ। ਦੋ ਹਫ਼ਤੇ ਬਾਅਦ ਉਹ ਸਖ਼ਤ ਬਿਮਾਰ ਹੋ ਗਿਆ ਤੇ ਡਾਕਟਰਾਂ ਦੇ ਕਹਿਣ ਉਤੇ ਵਾਪਸ ਟੋਰਾਂਟੋ ਪਰਤ ਆਇਆ। ਪਿੰਡ ਵਾਸੀਆਂ ਨੂੰ ਕਹਿ ਆਇਆ ਕਿ ਉਹ ਸਿਹਤਯਾਬ ਹੋ ਕੇ ਦੋ ਕੁ ਮਹੀਨਿਆਂ ਤਕ ਪਿੰਡ ਆਵੇਗਾ ਤੇ ਰਹਿ ਗਏ ਕੰਮ ਅਗਾਂਹ ਤੋਰਾਂਗੇ। ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ। ਮੈਂ ਹਾਲ-ਚਾਲ ਪੁੱਛਿਆ ਤਾਂ ਕਹਿਣ ਲੱਗਾ, “ਬਾਈ ਜੀ, ਮੈਂ ਫਾਈਟਰ ਹਾਂ। ਕੈਂਸਰ ਨਾਲ ਤਕੜਾ ਹੋ ਕੇ ਫਾਈਟ ਕਰਾਂਗਾ।”
ਉਹ ਸੱਚਮੁੱਚ ਫਾਈਟਰ ਸੀ। ਹਨ੍ਹੇਰਿਆਂ ਵਿਰੁੱਧ ਲੜਨ ਵਾਲਾ। ਚਾਨਣ ਦਾ ਛੱਟਾ ਦੇਣ ਵਾਲਾ! ਉਹ ਮਰਿਆ ਨਹੀਂ, ਉਹ ਅਜੇ ਵੀ ਜੂਝ ਰਿਹੈ ਤੇ ਪਿੰਡਾਂ ਦਾ ਚਾਨਣ ਮੁਨਾਰਾ ਬਣਿਆ ਸਦਾ ਨੂਰ ਵੰਡਦਾ ਰਹੇਗਾ। ਨਵੀਆਂ ਪੀੜ੍ਹੀਆਂ ਉਹਦੀ ਜਗਾਈ ਜੋਤ ਨੂੰ ਅੱਗੇ ਤੋਰਦੀਆਂ ਰਹਿਣਗੀਆਂ।