ਭਾਰਤ ਦੀ ਰਾਜਧਾਨੀ ਦਿੱਲੀ ਦੇ ਉੱਤਮ ਨਗਰ ਇਲਾਕੇ ਦੀ 15 ਸਾਲਾ ਕੁੜੀ ਨਾਲ ਤਿੰਨ ਦਰਿੰਦੇ ਤੇਰਾਂ ਦਿਨ ਜ਼ਬਰਦਸਤੀ ਕਰਦੇ ਰਹੇ। ਨਾ ਕੋਈ ਰੌਲਾ ਪਿਆ, ਨਾ ਖਬਰਾਂ ਬਣੀਆਂ ਅਤੇ ਨਾ ਹੀ ਕੋਈ ਉਸ ਮਾਸੂਮ ਦੇ ਹੱਕ ਵਿਚ ਸੜਕਾਂ ‘ਤੇ ਆਇਆ, ਪਰ ਉਹ ਧਰਤੀ ਜਿੱਡੇ ਜਿਗਰੇ ਵਾਲੀ ਕੁੜੀ ਅਜੇ ਜਿਉਂਦੀ ਹੈ ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ।
ਆਮ ਪਰਿਵਾਰ ਦੀ ਇਹ 15 ਸਾਲਾ ਬਾਲੜੀ 22 ਨਵੰਬਰ 2015 ਦੀ ਸਵੇਰ ਮੁਹੱਲੇ ਦੀ ਦੁਕਾਨ ਤੋਂ ਦੁੱਧ ਲੈਣ ਗਈ ਤੇ ਘਰ ਨਾ ਪਰਤੀ। ਉਸ ਦੇ ਮਾਪੇ ਅਤੇ ਗਲੀ-ਮੁਹੱਲੇ ਵਾਲੇ ਉਸ ਦੀ ਭਾਲ ਕਰਦੇ ਰਹੇ, ਪਰ ਕੁੜੀ ਦਾ ਕੋਈ ਅਤਾ-ਪਤਾ ਨਹੀਂ ਲੱਗਿਆ। ਹਾਰ ਕੇ ਸ਼ਾਮ ਨੂੰ ਉੱਤਮ ਨਗਰ ਦੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ, ਪਰ ਪੁਲਿਸ ਟੱਸ ਤੋਂ ਮਸ ਨਹੀਂ ਹੋਈ। ਉਧਰ, ਤਿੰਨ ਨੌਜਵਾਨ ਇਸ ਕੁੜੀ ਨੂੰ ਕਾਰ ਵਿਚ ਸੁੱਟ ਕੇ ਗਰੇਟਰ ਨੋਇਡਾ ਦੇ ਪਿੰਡ ਦੁਗਲਪੁਰ ਨੇੜੇ ਬਣੇ ਫਾਰਮ ਹਾਊਸ ਉਤੇ ਲੈ ਗਏ, ਜਿਥੇ 13 ਦਿਨਾਂ ਤੱਕ ਕੁੜੀ ਨੂੰ ਕਬਜ਼ੇ ਵਿਚ ਰੱਖਿਆ ਅਤੇ ਗੈਂਗਰੇਪ ਕੀਤਾ।
ਪੰਜ ਦਸੰਬਰ ਦੀ ਸ਼ਾਮ ਇਹ ਕੁੜੀ ਉਥੋਂ ਦੌੜਨ ਵਿਚ ਕਾਮਯਾਬ ਹੋ ਗਈ, ਪਰ ਰਾਤ ਦਾ ਹਨੇਰਾ, ਬਿਗਾਨਾ ਇਲਾਕਾ ਤੇ ਮੁਸੀਬਤਾਂ ਦੀ ਮਾਰੀ ਉਹ ਅਜੇ ਬਹੁਤੀ ਦੂਰ ਨਹੀਂ ਸੀ ਗਈ ਕਿ ਉਨ੍ਹਾਂ ਦਰਿੰਦਿਆਂ ਨੂੰ ਕੁੜੀ ਦੇ ਦੌੜਨ ਦੀ ਖਬਰ ਹੋ ਗਈ। ਉਨ੍ਹਾਂ ਨੇ ਕੁੜੀ ਨੂੰ ਫਿਰ ਜਾ ਦਬੋਚਿਆ ਤੇ ਮੂੰਹ-ਸਿਰ ਬੰਨ੍ਹ ਕੇ ਕਾਰ ਵਿਚ ਸੁੱਟ ਲਿਆ ਅਤੇ ਨੇੜੇ ਦੇ ਦੂਜੇ ਪਿੰਡ ਸਲੇਮਪੁਰ ਕੋਲ ਜਾ ਕੇ ਉਸ ਦੇ ਸੀਨੇ ਵਿਚ ਦੋ ਗੋਲੀਆਂ ਮਾਰੀਆਂ ਤੇ ਖੂਹ ਵਿਚ ਸੁੱਟ ਦਿੱਤਾ। ਉਥੇ ਉਹ ਕੁੜੀ ਸਾਰੀ ਰਾਤ ਦੁਹਾਈਆਂ ਪਾਉਂਦੀ ਰਹੀ। ਸਰਦੀ ਦਾ ਮੌਸਮ, ਸੁੰਨਸਾਨ ਇਲਾਕਾ, ਉਪਰੋਂ ਸੀਨੇ ਵਿਚ ਵੱਜੀਆਂ ਗੋਲੀਆਂæææ ਪਰ ਕੁੜੀ ਨੇ ਹਿੰਮਤ ਨਾ ਹਾਰੀ ਤੇ ਬਚਾਅ ਲਈ ਹਾਕਾਂ ਮਾਰਦੀ ਰਹੀ। ਦਿਨ ਚੜ੍ਹਨ ‘ਤੇ ਆਇਆ ਤਾਂ ਉਥੋਂ ਲੰਘਦੇ ਇਕ ਆਦਮੀ ਨੇ ਉਸ ਦੀ ਕੂਕਾਂ ਸੁਣੀਆਂ। ਉਹ ਆਦਮੀ ਦੌੜਦਾ ਪਿੰਡ ਗਿਆ ਤੇ ਲੋਕਾਂ ਨੂੰ ਨਾਲ ਲੈ ਆਇਆ। ਕਿਸੇ ਨੇ ਪੁਲਿਸ ਨੂੰ ਬੁਲਾ ਲਿਆ। ਕੁੜੀ ਨੂੰ ਖੂਹ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ ਜਿਥੇ ਉਸ ਦੀ ਹਾਲਤ ਗੰਭੀਰ ਹੈ।
ਇੰਨੀ ਪੀੜਾ ਤੇ ਤਕਲੀਫ ਦੇ ਬਾਵਜੂਦ ਉਸ ਸ਼ੇਰ ਦਿਲ ਲੜਕੀ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ। ਉਹ ਵਾਰ-ਵਾਰ ਆਖ ਰਹੀ ਹੈ ਕਿ ਉਹ ਜਿਉਣਾ ਚਾਹੁੰਦੀ ਹੈ ਤਾਂ ਜੋ ਉਨ੍ਹਾਂ ਦਰਿੰਦਿਆਂ ਨੂੰ ਸਜ਼ਾ ਦਿਵਾ ਸਕੇ। ਪਿਛਲੇ ਸਾਲ ਦਿੱਲੀ ਵਿਚ ਹੀ ਜਦ ਚੱਲਦੀ ਬੱਸ ਵਿਚ ‘ਦਾਮਨੀ’ ਨਾਲ ਗੈਂਗਰੇਪ ਹੋਇਆ ਸੀ ਤਾਂ ਰਾਜਧਾਨੀ ਵਿਚ ਭੂਚਾਲ ਆ ਗਿਆ ਸੀ। ਸਾਰੀ ਦਿੱਲੀ ਸੜਕਾਂ ਉਤੇ ਨਿਕਲ ਆਈ ਸੀ, ਪੂਰੇ ਹਿੰਦੁਸਤਾਨ ਵਿਚ ਇਸ ਜ਼ੁਲਮ ਖਿਲਾਫ ਮੁਜ਼ਾਹਰੇ ਹੋਏ, ਆਵਾਜ਼ਾਂ ਉੱਠੀਆਂ ਤੇ ਅਜਿਹੇ ਦਰਿੰਦਿਆਂ ਨੂੰ ਨੱਥ ਪਾਉਣ ਲਈ ਸਖਤ ਕਾਨੂੰਨ ਦੀ ਮੰਗ ਕੀਤੀ ਗਈ, ਪਰ ਆਹ ਜੋ 22 ਨਵੰਬਰ ਤੋਂ 5 ਦਸੰਬਰ ਤੱਕ ਕਾਲਾ ਕਾਰਨਾਮਾ ਹੋਇਆ, ਇਸ ਦੀ ਆਵਾਜ਼ ਪੂਰੇ ਮੁਲਕ ਵਿਚ ਕਿਸੇ ਨੇ ਵੀ ਨਹੀਂ ਸੁਣੀ। ਸਭ ਮੋਨ ਧਾਰੀ ਬੈਠੇ ਹਨ; ਜਿਵੇਂ ਹੁਣ ਲੋਕ ਇਹੋ ਜਿਹੀਆਂ ਖਬਰਾਂ ਦੇ ਆਦੀ ਹੋ ਚੁੱਕੇ ਹੋਣ! ਹੁਣ ਕਿਸੇ ਨੂੰ ਇਹੋ ਜਿਹੀ ਵਾਰਦਾਤ ਨਾਲ ਕੋਈ ਹੈਰਾਨੀ ਹੀ ਨਹੀਂ ਹੁੰਦੀæææ ਹਰ ਰੋਜ਼ ਕਿਤੇ ਦੋ ਸਾਲ ਤੇ ਕਿਤੇ ਚਾਰ ਸਾਲ ਦੀ ਬੱਚੀ ਨਾਲ ਰੇਪæææ ਕਿਤੇ ਦਸ ਸਾਲ ਤੇ ਕਿਤੇ ਪੰਦਰਾਂ ਸਾਲ ਦੀ ਬੱਚੀ ਨਾਲ ਜਬਰ ਜਨਾਹæææ ਅੱਜ ਮੁਲਕ ਦਾ ਅੰਨ੍ਹਾ ਕਾਨੂੰਨ ਹੋਰ ਅੰਨ੍ਹਾ ਹੋ ਗਿਆ ਜਾਪਦਾ ਹੈ! ਤਿੰਨ ਦਰਿੰਦੇ ਕੁੜੀ ਨੂੰ ਜ਼ਖਮ ਦੇ ਕੇ ਅਤੇ ਗੋਲੀਆਂ ਮਾਰ ਕੇ ਖੂਹ ਵਿਚ ਸੁੱਟ ਗਏ; ਨਾ ਧਰਤੀ ਕੰਬੀ, ਨਾ ਆਸਮਾਨ ਰੋਇਆ, ਨਾ ਕੋਈ ਮੁਜ਼ਾਹਰਾ ਹੋਇਆ ਅਤੇ ਨਾ ਹੀ ਕੋਈ ਆਵਾਜ਼ ਉਠੀ! ਹੁਣ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਤਿੰਨ ਮੁੰਡਿਆਂ ਵਿਚ ਉਸ ਪੀੜਤ ਲੜਕੀ ਦਾ ਦੋਸਤ ਵੀ ਸ਼ਾਮਲ ਹੈ। ਹੈਰਾਨੀ ਹੈ ਕਿ ਲੜਕੀ ਦੇ ਪਰਿਵਾਰ ਵੱਲੋਂ ਥਾਣੇ ਵਿਚ ਦਰਜ ਕਰਵਾਈ ਰਿਪੋਰਟ ਤੋਂ ਬਾਅਦ ਵੀ ਕਾਨੂੰਨ ਸੁੱਤਾ ਰਿਹਾ ਤੇ ਦਰਿੰਦੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਰਹੇ। ਬਾਕੀ ਹੁਣ ਜੋ ਅਗਾਂਹ ਹੋਣਾ ਹੈ, ਸਭ ਨੂੰ ਪਤਾ ਹੈæææ।
ਦਿੱਲੀ ਹੀ ਕਿਉਂ, ਸਾਡਾ ਪੰਜਾਬ ਤਾਂ ਇਸ ਮਾਮਲੇ ਵਿਚ ਬਦ ਤੋਂ ਵੀ ਬਦਤਰ ਹੈ। ਅਜੇ ਪਿਛਲੇ ਹਫਤੇ ਦੀ ਹੀ ਖਬਰ ਹੈ, ਫਰੀਦਕੋਟ ਵਿਚ ਸ਼ਰੂਤੀ ਅਗਵਾ ਕਾਂਡ ਦਾ ਦੋਸ਼ੀ ਨਿਸ਼ਾਨ ਸਿੰਘ ਗਲਤ ਨਾਂ ਉਤੇ ਪੇਪਰ ਬਣਵਾ ਕੇ ਜੇਲ੍ਹ ਵਿਚੋਂ ਪੈਰੋਲ ਉਤੇ ਬਾਹਰ ਆ ਗਿਆ ਤੇ ਸ਼ਰੂਤੀ ਦੇ ਘਰ ਦੇ ਦੁਆਲੇ ਫਿਰਦਾ ਵੇਖ ਲੋਕਾਂ ਨੇ ਠਾਣੇ ਅੱਗੇ ਜਾ ਕੇ ਸਿਆਪਾ ਕੀਤਾ। ਹੈਰਾਨੀ ਹੈ, ਇਹੋ ਜਿਹੇ ਕਾਂਡ ਦਾ ਸਜ਼ਾਯਾਫ਼ਤਾ ਬੰਦਾ ਪੈਰੋਲ ਉਤੇ ਕਿਵੇਂ ਬਾਹਰ ਨਿਕਲ ਆਇਆ ਹੈ?
ਅੱਜ ਹਰ ਕੋਈ ਹੈਰਾਨ ਹੈ ਕਿ ਗੁਨਾਹਗਾਰ ਕਾਨੂੰਨ ਨਾਲ ਖਿਲਵਾੜ ਕਿਵੇਂ ਕਰਦੇ ਹਨ, ਪਰ ਸਵਾਲ ਇਹ ਹੈ ਕਿ ਧੀਆਂ ਦੇ ਮਾਪੇ ਕੀ ਕਰਨ, ਕਿਥੇ ਜਾਣ? ਇਸ ਸਵਾਲ ਦਾ ਜਵਾਬ ਹੈ ਕਿ ਲੋਕ ਜਾਗਣ ਅਤੇ ਅਜਿਹੇ ਕਾਨੂੰਨ ਬਣਵਾਉਣ ਜਿਹੜੇ ਦੋਸ਼ੀ ਨੂੰ ਇਕ ਵਾਰ ਗਿੱਚੀ ਤੋਂ ਨੱਪ ਕੇ ਮੁੜ ਕੇ ਛੱਡਣ ਨਾ।
ਦਰਦ ਨਾਲ ਕੰਬਦੇ ਦਿਲ ਵਿਚੋਂ ਨਿਕਲਿਆ ਸ਼ਿਅਰ ਹੈ:
ਇਕ ਬੇਟੀ ਦਿਆਂ ਹੰਝੂਆਂ ਕੀਤਾ ਨੀਲ ਸਮੁੰਦਰ ਖਾਰਾ।
ਅੱਜ ਧੀਆਂ ਦੀ ਅਜ਼ਮਤ ਨਾਲ ਖੇਡ ਰਿਹਾ ਜੱਗ ਸਾਰਾ।
ਕਿਤੇ ਦਾਮਨੀ ਕਿਤੇ ਸ਼ਰੂਤੀ ਜ਼ੁਲਮ ਦੀ ਭੇਟਾ ਚੜ੍ਹੀਆਂ,
ਕਿੰਜ ‘ਸੁਰਜੀਤ’ ਬਚਾਵਾਂ ਧੀਆਂ ਚਲਦਾ ਨਹੀਂ ਕੋਈ ਚਾਰਾ।
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536