ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਖਾੜਕੂਵਾਦ ਸਮੇਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਕੋਹ-ਕੋਹ ਕੇ ਮਾਰਨ ਦਾ ਮਾਮਲਾ ਇਕ ਵਾਰ ਮੁੜ ਭਖ ਗਿਆ ਹੈ। ਉਸ ਕਾਲੇ ਦੌਰ ਵਿਚ ਪੁਲਿਸ ਦੇ ਮੁਖ਼ਬਰ ਰਹੇ ਗੁਰਮੀਤ ਸਿੰਘ ਪਿੰਕੀ ਉਰਫ ਪਿੰਕੀ ਕੈਟ ਵੱਲੋਂ ਕੀਤੇ ਖੁਲਾਸਿਆਂ ਨਾਲ ਪੁਲਿਸ ਦੇ ਨਾਲ-ਨਾਲ ਇਸ ਮੁੱਦੇ ਉਤੇ ਖੇਡੀ ਜਾ ਰਹੀ ਸਿਆਸਤ ਦਾ ਵੀ ਪਰਦਾਫਾਸ਼ ਹੋਇਆ ਹੈ।
ਪਿੰਕੀ ਨੇ ਪੰਜਾਹ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ 50 ਵਾਰਦਾਤਾਂ ਵਿਚ ਤਤਕਾਲੀ ਪੁਲਿਸ ਅਧਿਕਾਰੀਆਂ ਨੇ ਸਿੱਖ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਕਿਸੇ ਰਿਕਾਰਡ ਵਿਚ ਲਿਆਉਣ ਦੀ ਥਾਂ ਮੌਤ ਦੇ ਘਾਟ ਉਤਾਰ ਦਿੱਤਾ।
ਪਿੰਕੀ ਕੈਟ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦਾ ਚਹੇਤਾ ਹੈ ਅਤੇ ਖਾੜਕੂਵਾਦ ਸਮੇਂ ਉਸ ਦੀ ਮੁਖ਼ਬਰੀ ਉਤੇ ਕਈ ਨੌਜਵਾਨ ਪੁਲਿਸ ਨੇ ਫੜੇ ਸਨ। ਬਾਅਦ ਵਿਚ ਉਸ ਨੂੰ ਪੁਲਿਸ ਇੰਸਪੈਕਟਰ ਬਣਾ ਦਿੱਤਾ ਗਿਆ। ਉਸ ਨੇ ਮਾਮੂਲੀ ਤਕਰਾਰ ਪਿੱਛੋਂ ਲੁਧਿਆਣਾ ਦੇ ਨੌਜਵਾਨ ਅਵਤਾਰ ਸਿੰਘ ਗੋਲਾ ਦਾ 2001 ਵਿਚ ਕਤਲ ਕਰ ਦਿੱਤਾ ਸੀ। ਇਸ ਦੋਸ਼ ਵਿਚ 2007 ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਪਰ ਮਈ 2014 ਵਿਚ ਬਾਦਲ ਹਕੂਮਤ ਵੱਲੋਂ ਉਸ ਨੂੰ ਸੱਤ ਸਾਲ ਤੇ ਸੱਤ ਮਹੀਨਿਆਂ ਬਾਅਦ ਹੀ ਚੁੱਪ-ਚੁਪੀਤੇ ਰਿਹਾਅ ਕਰ ਦਿੱਤਾ ਗਿਆ ਤੇ ਫਿਰ ਨੌਕਰੀ ਵੀ ਬਹਾਲ ਕਰ ਦਿੱਤੀ। ਬਹਾਲੀ ਦਾ ਤਿੱਖਾ ਵਿਰੋਧ ਹੋਣ ‘ਤੇ ਬਾਦਲ ਸਰਕਾਰ ਨੂੰ ਉਸ ਨੂੰ ਨੌਕਰੀ ਤੋਂ ਹਟਾਉਣਾ ਪਿਆ। ਇਹੀ ਰੰਜਿਸ਼ ਪਿੰਕੀ ਨੂੰ ਕਤਲੋਗਾਰਤ ਬਾਰੇ ਖੁਲਾਸੇ ਕਰਨ ਦੇ ਰਾਹ ਲੈ ਆਈ ਹੈ। ਉਸ ਨੂੰ ਗਿਲਾ ਹੈ ਕਿ ਜਿਨ੍ਹਾਂ ਦੇ ਇਸ਼ਾਰੇ ‘ਤੇ ਉਹ ਖੁਦ ਘਿਨਾਉਣੇ ਜੁਰਮਾਂ ਨੂੰ ਅੰਜਾਮ ਦਿੰਦਾ ਰਿਹਾ, ਉਹ ਮੁਸੀਬਤ ਸਮੇਂ ਉਸ ਦੇ ਨਾਲ ਨਹੀਂ ਖੜ੍ਹ ਰਹੇ। ਪਿੰਕੀ ਨੇ ਸੁਮੇਧ ਸੈਣੀ ਅਤੇ ਕੇæਪੀæਐਸ਼ ਗਿੱਲ ‘ਤੇ ਗੰਭੀਰ ਦੋਸ਼ ਲਾਏ ਹਨ। ਇਨ੍ਹਾਂ ਖੁਲਾਸਿਆਂ ਪਿੱਛੋਂ ਇਹ ਸੱਚ ਵੀ ਸਾਹਮਣੇ ਆਇਆ ਹੈ ਕਿ ਇਸ ਕਤਲੋਗਾਰਤ ਬਾਰੇ ਚਸ਼ਮਦੀਦ ਗਵਾਹਾਂ ਦੀ ਕਮੀ ਨਹੀਂ। ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਬਾਰੇ ਲੰਬੇ ਸਮੇਂ ਤੋਂ ਆਵਾਜ਼ ਉਠਾਈ ਜਾ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2007 ਵਿਚ ਇਸ ਦੀ ਜਾਂਚ ਦੇ ਹੁਕਮ ਦਿੱਤੇ ਸਨ, ਪਰ ਸਰਕਾਰ ਨੇ ਇਹ ਰਿਪੋਰਟ ਹੀ ਦੱਬ ਲਈ ਹੈ। ਉਸ ਸਮੇਂ ਐਸ਼ਐਸ਼ਪੀæ ਰਹੇ ਸੁਮੇਧ ਸੈਣੀ ‘ਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ ਲੱਗਦੇ ਰਹੇ ਹਨ, ਪਰ ਇਸ ਦੇ ਬਾਵਜੂਦ ਉਸ ਨੂੰ ਪੁਲਿਸ ਮੁਖੀ ਬਣਾ ਦਿੱਤਾ ਗਿਆ। ਅਕਾਲੀ ਦਲ ਨੇ 1997 ਵਿਚ ਆਪਣੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ‘ਤੇ ਝੂਠੇ ਮੁਕਾਬਲਿਆਂ ਦੀ ਜਾਂਚ ਲਈ ਟਰੁਥ ਕਮਿਸ਼ਨ (ਸਚਾਈ ਕਮਿਸ਼ਨ) ਬਣਾਇਆ ਜਾਵੇਗਾ, ਪਰ ਦੋ ਵਾਰ ਲਗਾਤਾਰ ਸਰਕਾਰ ਬਣਾਉਣ ਦੇ ਬਾਵਜੂਦ ਇਸ ਪਾਸਿਓਂ ਮੂੰਹ ਫੇਰੀ ਰੱਖਿਆ। ਭਾਈ ਜਸਵੰਤ ਸਿੰਘ ਖਾਲੜਾ ਵੱਲੋਂ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਦੇ ਦਿੱਤੇ ਗਏ ਅੰਕੜੇ ਨੂੰ ਅੱਜ ਸਰਕਾਰੀ ਤੌਰ ਪ੍ਰਮਾਣਿਕਤਾ ਮਿਲੀ ਹੈ।
ਪਿਛਲੇ ਢਾਈ ਦਹਾਕਿਆਂ ਤੋਂ ਸੂਬੇ ਵਿਚ ਕਾਂਗਰਸ ਤੇ ਅਕਾਲੀਆਂ ਨੇ ਵਾਰੀ-ਵਾਰੀ ਸੱਤਾ ਸੰਭਾਲੀ, ਪਰ ਆਪਣੇ ਚਹੇਤੇ ਪੁਲਿਸ ਅਫਸਰਾਂ ਨੂੰ ਬਚਾਉਣ ਲਈ ਇਸ ਸੱਚ ‘ਤੇ ਪਰਦਾ ਪਾਈ ਰੱਖਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਦਾਅਵਾ ਕਰ ਰਹੇ ਹਨ ਕਿ ਜੇ 2017 ਵਿਚ ਕਾਂਗਰਸ ਦੀ ਸਰਕਾਰ ਆਈ ਤਾਂ ਉਹ ਪਿੰਕੀ ਵੱਲੋਂ ਕੀਤੇ ਖੁਲਾਸਿਆਂ ਦੀ ਜਾਂਚ ਕਰਵਾਉਣਗੇ। ਕਾਂਗਰਸ ਹਕੂਮਤ ਵੇਲੇ ਅਕਾਲੀ ਵੀ ਇਹ ਦਾਅਵੇ ਕਰਦੇ ਰਹੇ ਹਨ, ਪਰ ਇਸ ਸੱਚ ਤੋਂ ਪਰਦਾ ਚੁੱਕਣ ਦਾ ਹੀਆ ਕੋਈ ਨਹੀਂ ਕਰ ਰਿਹਾ।
ਫਰਜ਼ੀ ਮੁਕਾਬਲਿਆਂ ਦੇ ਸਿਲਸਿਲੇ ਵਿਚ ਭਾਵੇਂ ਸੁਪਰੀਮ ਕੋਰਟ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ 2500 ਤੋਂ ਉਪਰ ਪਟੀਸ਼ਨ ਦਾਇਰ ਕੀਤੀਆਂ ਗਈਆਂ, ਪਰ ਉਂਗਲਾਂ ‘ਤੇ ਗਿਣੇ ਜਾਣ ਵਾਲੇ ਮਾਮਲਿਆਂ ਨੂੰ ਛੱਡ ਕੇ ਗੁਨਾਹਗਾਰ ਅਧਿਕਾਰੀਆਂ ਨੂੰ ਕੋਈ ਸਜ਼ਾ ਨਹੀਂ ਹੋਈ।
ਇਸ ਬਰਖਾਸਤ ਇੰਸਪੈਕਟਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਸੰਸਦ ਮੈਂਬਰ ਰਜਿੰਦਰ ਕੌਰ ਬੁਲਾਰਾ ਦੇ ਪਤੀ ਪ੍ਰੋæ ਰਜਿੰਦਰ ਸਿੰਘ ਬੁਲਾਰਾ ਨੂੰ ਵੀ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦਾ ਦਾਅਵਾ ਕੀਤਾ ਹੈ। ਗੁਰਮੀਤ ਸਿੰਘ ਪਿੰਕੀ, ਜੋ ਲੰਬਾ ਸਮਾਂ ਲੁਧਿਆਣਾ ਜ਼ਿਲ੍ਹੇ ਵਿਚ ਤਾਇਨਾਤ ਰਿਹਾ ਹੈ, ਨੇ ਇਸ ਜ਼ਿਲ੍ਹੇ ਵਿਚ ਸਿੱਖ ਨੌਜਵਾਨਾਂ ਨੂੰ ਸੀæਆਈæਏæ ਸਟਾਫ ਅੰਦਰ ਕਿਸ ਤਰ੍ਹਾਂ ਤਸੀਹੇ ਦੇ ਕੇ ਮਾਰਿਆ ਗਿਆ, ਬਾਰੇ ਵਿਸਥਾਰਪੂਰਵਕ ਖੁਲਾਸਾ ਕੀਤਾ ਹੈ।