ਚੰਡੀਗੜ੍ਹ: ਪੰਜਾਬ ਵਿਚ ਅਕਾਲੀ ਦਲ ਦੀਆਂ ਸਦਭਾਵਨਾ ਰੈਲੀਆਂ ਅਤੇ ਕਾਂਗਰਸ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਹੱਥ ਆਉਣ ਪਿੱਛੋਂ ਸੂਬੇ ਦੀ ਸਿਆਸਤ ਵਿਚ ਖੁਬ ਹਲਚਲ ਮਚੀ ਹੈ। ਸੂਬੇ ਵਿਚ ਸੱਤਾ ਦੀ ਤੀਜੀ ਦਾਅਵੇਦਾਰ ਆਮ ਆਦਮੀ ਪਾਰਟੀ (ਆਪ) ਵੀ ਮੈਦਾਨ ਵਿਚ ਨਿੱਤਰ ਆਈ ਹੈ।
ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ 15 ਦਸੰਬਰ ਨੂੰ ਰੈਲੀਆਂ ਰਾਹੀਂ ਆਪਣੀ ਤਾਕਤ ਵਿਖਾਉਣ ਦਾ ਐਲਾਨ ਕੀਤਾ ਹੋਇਆ ਹੈ। ‘ਆਪ’ ਨੇ ਵੀ ਇਸੇ ਦਿਨ 13 ਲੋਕ ਸਭਾ ਹਲਕਿਆਂ ਵਿਚ ਰੈਲੀਆਂ ਕਰ ਕੇ ਮੈਦਾਨ ਮੱਲਣ ਦਾ ਫੈਸਲਾ ਕੀਤਾ ਹੈ।
ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ 15 ਦਸੰਬਰ ਦੀਆਂ ਰੈਲੀਆਂ ਸੂਬੇ ਦੇ ਸਿਆਸੀ ਹਾਲਾਤ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਕਰ ਦੇਣਗੀਆਂ। ਕੈਪਟਨ ਵੱਲੋਂ ਬਾਦਲਾਂ ਦੇ ਹਲਕੇ ਬਠਿੰਡੇ ਵਿਚ ਆਪਣਾ ਤਾਜਪੋਸ਼ੀ ਸਮਾਗਮ ਰੱਖ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਮੁਕਾਬਲੇ ਬਾਦਲ ਧੜੇ ਵੱਲੋਂ ਕੈਪਟਨ ਦੇ ਜੱਦੀ ਹਲਕੇ ਪਟਿਆਲਾ ਵਿਚ ਰੈਲੀ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਤਲਖ਼ ਮਾਹੌਲ ਨੂੰ ਠੰਢਾ ਕਰਨ ਦੇ ਦਾਅਵੇ ਨਾਲ ਸਦਭਾਵਨਾ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਅਜਿਹੀਆਂ ਰੈਲੀਆਂ ਬਠਿੰਡਾ, ਮੋਗਾ, ਗੁਰਦਾਸਪੁਰ ਤੇ ਨਕੋਦਰ (ਜਲੰਧਰ) ਵਿਚ ਕੀਤੀਆਂ ਜਾ ਚੁੱਕੀਆਂ ਹਨ। ‘ਆਪ’ ਨੂੰ ਤੀਜੀ ਧਿਰ ਵਜੋਂ ਵੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿਚ ਇਸ ਪਾਰਟੀ ਦੀ ਖੂਬ ਚਰਚਾ ਹੁੰਦੀ ਰਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ, ਪਰ ਇਸ ਪਾਰਟੀ ਵਿਚ ਅਜੇ ਵੀ ਕਿਸੇ ਸਥਾਨਕ ਆਗੂ ਦਾ ਉਭਾਰ ਦਿਖਾਈ ਨਹੀਂ ਦਿੰਦਾ। ਉਧਰ, ਪੰਜਾਬ ਦੀਆਂ ਚਾਰ ਖੱਬੇ ਪੱਖੀ ਪਾਰਟੀਆਂ ਨੇ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਲੜਨ ਦਾ ਐਲਾਨ ਕਰ ਦਿੱਤਾ ਹੈ।