ਭਾਰਤ ਅਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਬੈਂਕਾਕ (ਥਾਈਲੈਂਡ) ਵਿਚ ਅਚਾਨਕ ਹੋਈ ਮੀਟਿੰਗ ਤੋਂ ਬਾਅਦ ਦੋਹਾਂ ਮੁਲਕਾਂ ਵਿਚਾਲੇ ਗੱਲਬਾਤ ਬਾਰੇ ਬਹਿਸ ਇਕ ਵਾਰ ਫਿਰ ਤਿੱਖੀ ਹੋ ਗਈ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਾਕਿਸਤਾਨ ਦੌਰੇ ਨੇ ਇਸ ਬਹਿਸ ਨੂੰ ਹੋਰ ਭਖਾ ਦਿੱਤਾ ਹੈ। ਉਹ ਉਥੇ ਅਫਗਾਨਿਸਤਾਨ ਬਾਰੇ ਕਾਨਫਰੰਸ ਵਿਚ ਹਿੱਸਾ ਲੈਣ ਗਏ ਸਨ।
ਥਾਈਲੈਂਡ ਵਾਲੀ ਮੀਟਿੰਗ ਤੋਂ ਬਾਅਦ ਦੋਹਾਂ ਮੁਲਕਾਂ ਵਿਚਾਲੇ ਗੱਲਬਾਤ ਜਾਂ ਵਾਰਤਾ ਦਾ ਵਿਰੋਧ ਕਰਨ ਵਾਲੀਆਂ ਜਮਾਤਾਂ ਇਕਦਮ ਖੁੰਬਾਂ ਵਾਂਗ ਬਾਹਰ ਆ ਗਈਆਂ ਅਤੇ ਉਹੀ ਪੁਰਾਣੀਆਂ ਗੱਲਾਂ ਦੁਹਰਾਉਣੀਆਂ ਸ਼ੁਰੂ ਕਰ ਦਿੱਤੀਆਂ। ਅਸਲ ਵਿਚ ਅੱਜ ਕੱਲ੍ਹ ਕੇਂਦਰ ਵਿਚ ਸਰਕਾਰ ਚਲਾ ਰਹੀ ਜਮਾਤ ਆਪਣੀ ਬਹੁਤੀ ਸਿਆਸਤ, ਪਾਕਿਸਤਾਨ ਪ੍ਰਤੀ ਨਫਰਤ ਵਾਲੀ ਸਿਆਸਤ ਵਿਚੋਂ ਕਰਦੀ ਰਹੀ ਹੈ। ਹਾਲ ਹੀ ਵਿਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਇਕ ਬਿਆਨ ਬਹੁਤ ਚਰਚਿਤ ਹੋਇਆ ਸੀ, ਜਿਸ ਵਿਚ ਉਨ੍ਹਾਂ ਆਪਣੀ ਪਾਰਟੀ ਲਈ ਵੋਟਾਂ ਮੰਗਦਿਆਂ ਵੋਟਰਾਂ ਨੂੰ ਕਿਹਾ ਸੀ ਕਿ ਜੇ ਬਿਹਾਰ ਵਿਚ ਭਾਰਤੀ ਜਨਤਾ ਪਾਰਟੀ ਹਾਰਦੀ ਹੈ ਤਾਂ ਪਾਕਿਸਤਾਨ ਵਿਚ ਪਟਾਕੇ ਚੱਲਣਗੇ। ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਤੋਂ ਬਾਅਦ ਜਿਹੜੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਨ, ਉਦੋਂ ਉਥੇ ਤਤਕਾਲੀ ਮੁੱਖ ਮੰਤਰੀ ਨਰੇਂਦਰ ਮੋਦੀ ਨੇ ਅਜਿਹਾ ਹੀ ਬਿਆਨ ਦਾਗਿਆ ਸੀ ਕਿ ਜੇ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਹਾਰਦੀ ਹੈ ਤਾਂ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਬਹੁਤ ਖੁਸ਼ ਹੋਣਗੇ; ਪਰ ਨਫਰਤ ਦੀ ਇਹ ਸਿਆਸਤ ਬਿਹਾਰ ਦੇ ਲੋਕਾਂ ਨੇ ਸਵੀਕਾਰ ਨਹੀਂ ਕੀਤੀ। ਦਰਅਸਲ, ਲੋਕ ਸਭਾ ਚੋਣਾਂ ਮੌਕੇ, ਕਾਂਗਰਸ ਅਤੇ ਇਸ ਦੇ ਨਾ-ਅਹਿਲ ਆਗੂਆਂ ਤੋਂ ਬੁਰੀ ਤਰ੍ਹਾਂ ਅੱਕੇ ਲੋਕਾਂ ਨੇ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਇਸ ਕਰ ਕੇ ਪਾਈਆਂ ਸਨ ਕਿ ਉਨ੍ਹਾਂ ਵਿਕਾਸ ਦੀ ਗੱਲ ਨਾਲ ਆਵਾਮ ਨੂੰ ਆਪਣੇ ਮਗਰ ਲਾ ਲਿਆ ਸੀ। ਇਕ-ਡੇਢ ਸਾਲ ਪਰਖਣ ਤੋਂ ਬਾਅਦ ਹੁਣ ਬਿਹਾਰ ਚੋਣਾਂ ਦੌਰਾਨ ਅਜਿਹਾ ਝਟਕਾ ਦਿੱਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦਾ ਰਵੱਈਆ ਬਦਲ ਕੇ ਰੱਖ ਦਿੱਤਾ।
ਖੈਰ! ਹੁਣ ਜਦੋਂ ਭਾਰਤੀ ਜਨਤਾ ਪਾਰਟੀ ਸੱਤਾ ਵਿਚ ਹੈ ਅਤੇ ਪਾਕਿਸਤਾਨ ਤੇ ਹੋਰ ਕੌਮਾਂਤਰੀ ਮਾਮਲਿਆਂ ਬਾਰੇ ਇਹ ਸੰਸਾਰ ਪੱਧਰ ‘ਤੇ ਜਵਾਬਦੇਹ ਹੈ, ਤਾਂ ਇਸ ਨੂੰ ਪਾਕਿਸਤਾਨ ਨਾਲ ਟੁੱਟੀ ਹੋਈ ਗੱਲਬਾਤ ਚਲਾਉਣ ਲਈ ਅੱਗੇ ਵਧਣਾ ਪੈ ਰਿਹਾ ਹੈ। ਇਹ ਗੱਲਬਾਤ ਮੁੜ ਅਰੰਭ ਕਰਨ ਬਾਰੇ ਅਮਰੀਕਾ ਵੱਲੋਂ ਲਗਾਤਾਰ ਪੈ ਰਹੇ ਦਬਾਅ ਬਾਰੇ ਚਰਚਾ ਤਾਂ ਮੀਡੀਆ ਅਤੇ ਹੋਰ ਮੰਚਾਂ ਤੋਂ ਅਕਸਰ ਹੁੰਦੀ ਰਹਿੰਦੀ ਹੈ। ਅਜੇ ਕੱਲ੍ਹ ਦੀ ਗੱਲ ਹੈ ਜਦੋਂ ਭਾਰਤੀ ਹਾਕਮਾਂ ਨੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਨਵੀਂ ਦਿੱਲੀ ਵਿਖੇ ਹੋ ਰਹੀ ਗੱਲਬਾਤ ਸਿਰਫ ਇਸ ਕਰ ਕੇ ਰੱਦ ਕਰ ਦਿੱਤੀ ਸੀ ਕਿ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਦੇ ਭਾਰਤ ਦੌਰੇ ਤੋਂ ਐਨ ਪਹਿਲਾਂ, ਕਸ਼ਮੀਰ ਦੇ ਹੁਰੀਅਤ ਆਗੂ ਭਾਰਤ ਵਿਚ ਪਾਕਿਸਤਾਨ ਦੇ ਰਾਜਦੂਤ ਨੂੰ ਮਿਲੇ ਸਨ। ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦਾ ਉਦੋਂ ਇਹ ਰਵੱਈਆ ਸੀ ਕਿ ‘ਜਾਂ ਸਾਡੇ ਨਾਲ ਜਾਂ ਫਿਰ ਹੁਰੀਅਤ ਆਗੂਆਂ ਨਾਲ ਗੱਲਬਾਤ ਕਰੋ!’ ਸੱਤਾਧਾਰੀ ਲਾਣੇ ਦਾ ਵੱਡਾ ਹਿੱਸਾ ਪਾਕਿਸਤਾਨ ਨਾਲ ਗੱਲਬਾਤ ਨਹੀਂ ਚਾਹੁੰਦਾ। ਹਰ ਵਾਰ ਆਖ ਦਿੱਤਾ ਜਾਂਦਾ ਹੈ ਕਿ ਪਾਕਿਸਤਾਨ ਪਹਿਲਾਂ ਭਾਰਤ ਵਿਚ ਅਤਿਵਾਦੀ ਕਾਰਵਾਈਆਂ ਬੰਦ ਕਰੇ। ਉਧਰ, ਪਾਕਿਸਤਾਨ ਆਖਦਾ ਹੈ ਕਿ ਜਦੋਂ ਤਕ ਗੱਲਬਾਤ ਵਿਚ ਕਸ਼ਮੀਰ ਦਾ ਮੁੱਦਾ ਵਿਚਾਰਿਆ ਨਹੀਂ ਜਾਂਦਾ, ਗੱਲਬਾਤ ਅਗ੍ਹਾਂ ਤੁਰ ਨਹੀਂ ਸਕਦੀ। ਪਾਕਿਸਤਾਨ ਦੇ ਸੱਤਾਧਾਰੀਆਂ ਦੀ ਸਿਆਸਤ ਵੀ ਬਹੁਤਾ ਕਰ ਕੇ ਕਸ਼ਮੀਰ ਦੇ ਮੁੱਦੇ ਨਾਲ ਜੁੜੀ ਹੋਈ ਹੈ। ਉਥੋਂ ਦੇ ਹਾਕਮਾਂ ਨੇ ਜਦੋਂ ਵੀ ਆਵਾਮ ਦਾ ਧਾਅਨ ਲਾਂਭੇ ਕਰਨਾ ਹੁੰਦਾ ਹੈ, ਕਸ਼ਮੀਰ ਵਾਲਾ ਮੁੱਦਾ ਮੈਦਾਨ ਵਿਚ ਰੇੜ੍ਹ ਦਿੱਤਾ ਜਾਂਦਾ ਹੈ ਅਤੇ ਉਥੇ ਸਰਗਰਮ ਕੱਟੜ ਜਥੇਬੰਦੀਆਂ ਬਲਦੀ ਉਤੇ ਤੇਲ ਪਾ ਦਿੰਦੀਆਂ ਹਨ, ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਭਾਰਤੀ ਵਿਚਲੀਆਂ ਕੱਟੜਪੰਥੀ ਪਾਰਟੀਆਂ ਪਾਕਿਸਤਾਨ ਬਾਰੇ ਆਪਣੀ ਮੁਹਿੰਮ ਚਲਾਉਂਦੀਆਂ ਹਨ।
ਅੱਜ ਸੰਸਾਰ ਨੂੰ ਨਵੀ ਕਿਸਮ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਇਸ ਵਿਚੋਂ ਇਕ ਸਮੱਸਿਆ ਦਹਿਸ਼ਤਪਸੰਦੀ ਦੀ ਹੈ। ਇਹ ਸਮੱਸਿਆ ਭਾਵੇਂ ਪੱਛਮੀ ਮੁਲਕਾਂ ਦੀ ਆਪ ਸਹੇੜੀ ਹੋਈ ਹੈ, ਪਰ ਸੰਸਾਰ ਦੇ ਕਈ ਮੁਲਕਾਂ ਵਿਚ ਅੱਜ ਇਸ ਦੀ ਸਿੱਧੀ ਅਤੇ ਅਸਿੱਧੀ ਮਾਰ ਪੈ ਰਹੀ ਹੈ। ਸੀਰੀਆਈ ਸੰਕਟ ਕਾਰਨ ਸ਼ਰਨਾਰਥੀਆਂ ਦਾ ਜੋ ਸੰਕਟ ਯੂਰਪ ਸਿਰ ਆਣ ਪਿਆ ਹੈ, ਉਸ ਦਾ ਕੋਈ ਕਾਰਗਰ ਹੱਲ ਅਜੇ ਤੱਕ ਸਾਹਮਣੇ ਨਹੀਂ ਆਇਆ। ਸਿਆਸੀ ਆਗੂਆਂ ਦੀ ਕਚਿਆਈ ਇਸ ਗੱਲੋਂ ਵੀ ਜ਼ਾਹਿਰ ਹੋ ਰਹੀ ਹੈ ਕਿ ਇਸ ਦਹਿਸ਼ਤਪਸੰਦੀ ਨੂੰ ਇਕ ਧਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰੀ ਹਾਸਲ ਕਰਨ ਲਈ ਰਿਪਬਲਿਕਨ ਪਾਰਟੀ ਵੱਲੋਂ ਧੜੱਲੇ ਨਾਲ ਮੁਹਿੰਮ ਚਲਾ ਰਹੇ ਉਘੇ ਕਾਰੋਬਾਰੀ ਡੋਨਲਡ ਟਰੰਪ ਨੇ ਤਾਂ ਇਹ ਬਿਆਨ ਦੇ ਕੇ ਸਭ ਨੂੰ ਦੰਗ ਕਰ ਦਿੱਤਾ ਹੈ ਕਿ ਅਮਰੀਕਾ ਵਿਚ ਮੁਸਲਮਾਨਾਂ ਦੀ ਆਮਦ ਉਤੇ ਮੁਕੰਮਲ ਪਾਬੰਦੀ ਲਾ ਦੇਣੀ ਚਾਹੀਦੀ ਹੈ; ਭਾਵ ਇਹ ਹੈ ਕਿ ਉਹ ਪਹਿਲਾਂ ਆਪਣੀ ਪਾਰਟੀ ਵੱਲੋਂ ਉਮੀਦਵਾਰ ਅਤੇ ਫਿਰ ਮੁਲਕ ਦਾ ਰਾਸ਼ਟਰਪਤੀ ਬਣਨ ਲਈ ਹਰ ਤਰੱਦਦ ਕਰਨ ਲਈ ਤਿਆਰ ਹਨ। ਇਹੀ ਗੱਲ ਸੰਸਾਰ ਦੇ ਹੋਰ ਮੁਲਕਾਂ ਤੇ ਆਗੂਆਂ ਉਤੇ ਵੀ ਢੁੱਕਦੀ ਹੈ ਅਤੇ ਇਨ੍ਹਾਂ ਆਗੂਆਂ ਵਿਚ ਭਾਰਤ ਤੇ ਪਾਕਿਸਤਾਨ ਦੇ ਆਗੂ ਵੀ ਸ਼ਾਮਲ ਹਨ। ਇਹੀ ਕਾਰਨ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਦੇ ਹੱਕ ਵਿਚ ਬਿਆਨ ਦੇਣ ਵਾਲੀ ਕਾਂਗਰਸ ਦੇ ਕੁਝ ਆਗੂ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਗੱਲਬਾਤ ਲਈ ਕੀਤੇ ਜਾ ਰਹੇ ਹੀਲਿਆਂ ਉਤੇ ਹੀ ਸਵਾਲ ਉਠਾ ਰਹੇ ਹਨ। ਦੋਹਾਂ ਮੁਲਕਾਂ ਵਿਚਕਾਰ ਕ੍ਰਿਕਟ ਸੀਰੀਜ਼ ਬਾਰੇ ਰੌਲਾ ਪੈ ਹੀ ਹਟਿਆ ਹੈ। ਦੋਹਾਂ ਮੁਲਕਾਂ ਵਿਚਾਲੇ ਹੋਣ ਵਾਲੀ ਗੱਲਬਾਤ ਨੇ ਕੀ ਰੁਖ ਅਖਤਿਆਰ ਕਰਨਾ ਹੈ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਹਾਲ ਦੀ ਘੜੀ ਸਿਆਸੀ ਪਾਰਟੀਆਂ ਦੀ ਸੌੜੀ ਸਿਆਸਤ ਜ਼ਾਹਿਰ ਹੋ ਗਈ ਹੈ ਜੋ ਪਹਿਲਾਂ ਵੀ ਗੱਲਬਾਤ ਵਿਚ ਅੜਿੱਕਾ ਬਣਦੀ ਰਹੀ ਹੈ।