ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਖਾੜਕੂਵਾਦ ਦੇ ਮੁੜ ਸਿਰ ਚੁੱਕਣ ਦੀ ਕੋਈ ਉਮੀਦ ਨਹੀਂ। ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਅਤੇ ਕੇਂਦਰ ਦੀਆਂ ਖੁਫੀਆ ਏਜੰਸੀਆਂ ਪੰਜਾਬ ਵਿਚ ਖਾੜਕੂ ਸਰਗਰਮੀਆਂ ਬਾਰੇ ਲਗਾਤਾਰ ਚਿਤਾਵਨੀ ਦੇ ਰਹੀਆਂ ਹਨ।
ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਨੇ ਵੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਪੰਜਾਬ ਵਿਚ ਖਾੜਕੂ ਵੱਡੀਆਂ ਵਾਰਦਾਤਾਂ ਅੰਜ਼ਾਮ ਦੇਣ ਲਈ ਯਤਨਸ਼ੀਲ ਹਨ। ਇਸ ਗੱਲ ਦੀ ਪੁਸ਼ਟੀ ਲਈ ਮਾਨਸਾ ਪੁਲਿਸ ਨੇ ਕੁਝ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਉਨ੍ਹਾਂ ‘ਤੇ ਭੜਕਾਊ ਪੋਸਟਰ ਲਾਉਣ ਤੋਂ ਵੱਖ ਕੋਈ ਦੋਸ਼ ਸਾਬਤ ਨਹੀਂ ਹੋ ਸਕੇ। ਦੂਜੇ ਬੰਨੇ ਪੰਜਾਬ ਦੀ ਸਿਆਸਤ ਨੂੰ ਗਹੁ ਨਾਲ ਵਾਚਣ ਵਾਲਿਆਂ ਦਾ ਕਹਿਣਾ ਹੈ ਕਿ ਖੁਫੀਆ ਏਜੰਸੀਆਂ ਖਾੜਕੂਵਾਦ ਬਾਰੇ ਵਾਰ ਵਾਰ ਇਸ ਕਰ ਕੇ ਖਬਰਾਂ ਛਪਵਾ ਰਹੀਆ ਹਨ ਤਾਂ ਕਿ ਪੰਜਾਬ ਨੂੰ ਕੋਈ ਬਹਾਨਾ ਬਣਾ ਕੇ ਇਕ ਵਾਰ ਫਿਰ ਝੰਬ ਦਿੱਤਾ ਜਾਵੇ; ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਮਾਓਵਾਦੀਆਂ ਦੀ ਸਰਗਰਮੀਆਂ ਵਧਣ ਬਾਰੇ ਵੀ ਤੱਥ ਸਾਹਮਣੇ ਆਏ ਹਨ ਅਤੇ ਖੁਫੀਆ ਏਜੰਸੀਆਂ ਅਤੇ ਸਰਕਾਰ ਖਾੜਕੂਆਂ ਨਾਲੋਂ ਮਾਓਵਾਦੀਆਂ ਨੂੰ ਵਧੇਰੇ ਘਾਤਕ ਅਤੇ ਜਥੇਬੰਦ ਮੰਨਦੀਆਂ ਹਨ।
ਕੇਂਦਰੀ ਖੁਫੀਆ ਏਜੰਸੀਆਂ ਵਾਰ-ਵਾਰ ਚਿਤਾਵਨੀ ਦੇ ਰਹੀਆਂ ਹਨ ਕਿ ਵਿਦੇਸ਼ਾਂ ਵਿਚ ਬੈਠੇ ਗਰਮਖਿਆਲੀਏ ਪੰਜਾਬ ਵਿਚ ਵੱਡੀਆਂ ਵਾਰਦਾਤਾਂ ਕਰਨ ਦੀ ਤਾਕ ਵਿਚ ਹਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ ਪਰ ਸ਼ ਬਾਦਲ ਨੇ ਇਨ੍ਹਾਂ ਸਾਰੀਆਂ ਗੱਲਾਂ ‘ਤੇ ਪੋਚਾ ਫੇਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ‘ਅਤਿਵਾਦ’ ਦੀ ਹਮਾਇਤ ਨਹੀਂ ਕਰਨਗੇ ਤੇ ਕੋਈ ਵੀ ਲਹਿਰ ਜਨਤਾ ਦੇ ਸਹਿਯੋਗ ਬਿਨਾਂ ਪੈਰ ਨਹੀਂ ਲਾ ਸਕਦੀ। ਲੋਕ ਗਰਮਖਿਆਲੀਆਂ ਨੂੰ ਮੂੰਹ ਨਹੀਂ ਲਾ ਰਹੇ, ਇਹ ਗੱਲ ਉਨ੍ਹਾਂ ਨੂੰ ਵੀ ਪਤਾ ਹੈ। ਉਂਜ ਵੀ, ਕਿਸੇ ਵੀ ਸੂਬੇ ਵਿਚ ਅਤਿਵਾਦ ਦੀ ਇੱਕਾ ਦੁੱਕਾ ਘਟਨਾ ਵਾਪਰ ਜਾਣ ਨੂੰ ਅਤਿਵਾਦ ਦੀ ਆਮਦ ਨਹੀਂ ਕਿਹਾ ਜਾ ਸਕਦਾ।
ਸ਼ ਬਾਦਲ ਨੇ ਪੁਲਿਸ ਮੁਖੀ ਦੇ ਖਦਸ਼ਿਆਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਮੁਖੀ ਨੇ ਖਾੜਕੂਵਾਦ ਬਾਰੇ ਬਿਆਨ ਸੁਖਬੀਰ-ਬਿਕਰਮ ਜੋੜੀ ਦੀ ਸਿਆਸੀ ਬੁਰਛਾਗਰਦੀ ਬਾਰੇ ਚੱਲ ਰਹੀ ਚਰਚਾ ਤੋਂ ਧਿਆਨ ਲਾਂਭੇ ਕਰਨ ਲਈ ਦਿੱਤਾ ਸੀ।
Leave a Reply