ਪਰਵਾਸੀ ਪੰਜਾਬੀਆਂ ਨਾਲ ਵਾਅਦਿਆਂ ਦੀ ਝੜੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਰਵਾਸੀ ਪੰਜਾਬੀਆਂ ਲਈ ਵਾਅਦਿਆਂ ਦੀ ਝੜੀ ਲਾ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਰਵਾਸੀ ਪੰਜਾਬੀਆਂ ਦੇ ਮਾਮਲੇ ਘੋਖਣ ਤੇ ਸੁਲਝਾਉਣ ਲਈ ਉਚ ਪੱਧਰੀ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ ਜਿਸ ਵਿਚ ਸੂਬੇ ਦੇ ਪੰਜ ਸੀਨੀਅਰ ਕੈਬਨਿਟ ਮੰਤਰੀ ਅਤੇ ਏਨੀ ਹੀ ਗਿਣਤੀ ਵਿਚ ਵਿਸ਼ਵ ਭਰ ਵਿਚ ਵਸਦੇ ਪਰਵਾਸੀ ਪੰਜਾਬੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। ਇਸ ਕਮੇਟੀ ਵੱਲੋਂ ਪਰਵਾਸੀ ਪੰਜਾਬੀਆਂ ਦੀ ਸਰਵਪੱਖੀ ਭਲਾਈ ਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਵਾਲੀ ਨਾਲ ਸਬੰਧਤ ਵੱਖ-ਵੱਖ ਪੱਧਰ ‘ਤੇ ਲਏ ਗਏ ਫੈਸਲੇ ਫੌਰੀ ਲਾਗੂ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਜਾਵੇਗਾ।
ਪਰਵਾਸੀ ਪੰਜਾਬੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਤੈਅ ਸਮੇਂ ਵਿਚ ਲਾਗੂ ਕੀਤਾ ਜਾਵੇਗਾ। ਸ਼ ਬਾਦਲ ਨੇ ਆਖਿਆ ਕਿ ਸੂਬਾ ਸਰਕਾਰ ਵਲੋਂ ਫਰਜ਼ੀ ਵਿਆਹਾਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਕੰਪਲਸਰੀ ਰਜਿਸਟ੍ਰੇਸ਼ਨ ਆਫ਼ ਮੈਰਿਜ ਐਕਟ ਰਾਹੀਂ ਕਾਨੂੰਨ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਮਨੁੱਖੀ ਸਮਗਲਿੰਗ ਰੋਕੂ ਐਕਟ ਹੋਂਦ ਵਿਚ ਲਿਆਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਰਵਾਸੀ ਪੰਜਾਬੀਆਂ ਦੀ ਜਾਇਦਾਦ ਤੇ ਮਾਲਕੀ ਹੱਕਾਂ ਦੀ ਹਿਫਾਜ਼ਤ ਲਈ ਪੰਜਾਬ ਅਰਬਨ ਰੈਂਟ ਕੰਟਰੋਲ ਐਕਟ ਵਿੱਚ ਵੀ ਤਰਮੀਮ ਕੀਤੀ ਹੈ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਭਵਿੱਖ ਵਿਚ ਪਰਵਾਸੀ ਪੰਜਾਬੀ ਆਪਣੀ ਵੱਖ-ਵੱਖ ਥਾਈਂ ਜਾਇਦਾਦ ਨੂੰ ਵਾਰ ਵਾਰ ਖਾਲੀ ਕਰਵਾ ਸਕਣਗੇ ਜਦਕਿ ਮੌਜੂਦਾ ਕਾਨੂੰਨ ਤਹਿਤ ਇਕ ਜਾਇਦਾਦ ਨੂੰ ਇੱਕ ਵਾਰ ਹੀ ਖਾਲੀ ਕਰਵਾਇਆ ਜਾ ਸਕਦਾ ਹੈ। ਸ਼ ਬਾਦਲ ਨੇ ਕਿਹਾ ਕਿ ਇਕ ਜ਼ਿਲ੍ਹੇ ਵਿਚ ਸਥਿਤ ਜਾਇਦਾਦ ਦੀ ਪਾਵਰ ਆਫ਼ ਅਟਾਰਨੀ ਦੀ ਤਸਦੀਕ ਦੀ ਅਥਾਰਟੀ ਸਬੰਧਤ ਡਿਪਟੀ ਕਮਿਸ਼ਨਰ ਕੋਲ ਹੋਵੇਗੀ। ਜੇਕਰ ਜਾਇਦਾਦ ਦੋ ਜ਼ਿਲ੍ਹਿਆਂ ਵਿਚ ਹੈ ਤਾਂ ਇਸ ਦੀ ਤਸਦੀਕ ਡਵੀਜ਼ਨਲ ਕਮਿਸ਼ਨਰ ਕਰੇਗਾ। ਜੇਕਰ ਜਾਇਦਾਦ ਦੋ ਤੋਂ ਵੱਧ ਜ਼ਿਲ੍ਹਿਆਂ ਵਿਚ ਹੈ ਤਾਂ ਪਾਵਰ ਆਫ਼ ਅਟਾਰਨੀ ਦੀ ਤਸਦੀਕ ਦੀ ਅਥਾਰਟੀ ਵਿੱਤ ਕਮਿਸ਼ਨਰ ਮਾਲ ਕੋਲ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨਾਲ ਸਬੰਧਤ ਸ਼ਿਕਾਇਤਾਂ ਦਾ ਛੇਤੀ ਨਿਬੇੜਾ ਕਰਨ ਲਈ ਤਿੰਨ ਹੋਰ ਐਨਆਰਆਈਜ਼ ਪੁਲਿਸ ਸਟੇਸ਼ਨ ਕਾਇਮ ਕੀਤੇ ਜਾਣਗੇ ਜਿਸ ਨਾਲ ਸੂਬੇ ਵਿਚ ਐਨਆਰਆਈਜ਼ ਥਾਣਿਆਂ ਦੀ ਗਿਣਤੀ 11 ਹੋ ਜਾਵੇਗੀ। ਸ਼ ਬਾਦਲ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦੇ ਅਦਾਲਤੀ ਮਾਮਲਿਆਂ ਦੇ ਨਿਬੇੜੇ ਲਈ ਇਕ ਫ਼ਾਸਟ ਟਰੈਕ ਅਦਾਲਤ ਸਥਾਪਤ ਕੀਤੀ ਜਾਵੇਗੀ। ਅਦਾਲਤ ਦੇ ਗਠਨ ਲਈ ਰਸਮੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਰਵਾਸੀ ਪੰਜਾਬੀ ਵਿਰੁੱਧ ਥਾਣੇ ਵਿਚ ਆਉਂਦੀ ਕਿਸੇ ਵੀ ਸ਼ਿਕਾਇਤ ਦੀ ਪੜਤਾਲ ਡੀਐਸਪੀ ਰੈਂਕ ਦਾ ਪੁਲਿਸ ਅਫਸਰ ਕਰੇਗਾ। ਪਰਵਾਸੀਆਂ ਦੀ ਮੰਗ ਪ੍ਰਵਾਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਐਨਆਰਆਈ ਵਿਰੁੱਧ ਸਿੱਧਾ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ।
_________________
ਨਵੀਂ ਨੀਤੀ
ਪੰਜ ਕੈਬਨਿਟ ਮੰਤਰੀਆਂ ਅਤੇ ਪੰਜ ਪਰਵਾਸੀ ਪੰਜਾਬੀਆਂ ਦੀ ਕਮੇਟੀ ਬਣੇਗੀ
ਤਿੰਨ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਬਣਨਗੀਆਂ
ਮੋਗਾ, ਜਲੰਧਰ ਤੇ ਲੁਧਿਆਣਾ ਵਿਚ ਚਾਰ ਹੋਰ ਵਿਸ਼ੇਸ਼ ਥਾਣੇ ਬਣਨਗੇ
ਕੇਸਾਂ ਦੀ ਪੁਣ-ਛਾਣ ਡੀæਐਸ਼ਪੀæ ਖੁਦ ਕਰੇਗਾ
ਆਈæਜੀæ (ਐਨæਆਰæਆਈæ) ਦੀ ਅਗਵਾਈ ਵਿਚ ਪੁਲਿਸ ਟੀਮ ਹਰ ਛੇ ਮਹੀਨੇ ਬਾਅਦ ਵਿਦੇਸ਼ ਜਾਵੇਗੀ
ਸਿੰਗਲ ਵਿੰਡੋ ਕਲੀਅਰੈਂਸ ਹੋਵੇਗੀ
ਐਨæਆਰæਆਈਜ਼ ਦੀਆਂ ਜਾਇਦਾਦਾਂ ਖਾਲੀ ਕਰਵਾਉਣ ਲਈ ਅਰਬਨ ਰੈਂਟ ਕੰਟਰੋਲ ਐਕਟ ਬਣੇਗਾ
___________________
ਸੁਖਬੀਰ ਤੇ ਬਿਕਰਮ ਨੂੰ ਪਈਆਂ ਝਿੜਕਾਂ
ਜਲੰਧਰ: ਪਰਵਾਸੀ ਪੰਜਾਬੀ ਸੰਮੇਲਨ ਵਿਚ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਛੋਟਿਆਂ ਨੂੰ ਝਿੜਕਦਿਆਂ ਉਨ੍ਹਾਂ ਸੰਭਲਣ ਦੀ ਸਲਾਹ ਦਿੱਤੀ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਟਕਸਾਲੀ ਅਕਾਲੀ ਆਗੂਆਂ ਦੀ ਸ਼ਲਾਘਾ ਕਰਦਿਆਂ ਸਟੇਜ ਉੱਪਰ ਖੜ੍ਹੇ ਐਨæਆਰæਆਈæ ਮਾਮਲਿਆਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਉਪਰ ਤਨਜਾਂ ਕੱਸਣੀਆਂ ਸ਼ੁਰੂ ਕਰ ਦਿੱਤੀਆਂ। ਸ਼ ਬਾਦਲ ਨੇ ਲੰਮੇ ਸਿਆਸੀ ਜੀਵਨ ਵਿਚ ਆਪਣੀਆਂ ਕੱਟੀਆਂ ਜੇਲ੍ਹਾਂ ਦਾ ਵਰਨਣ ਕਰਦਿਆਂ ਸ਼ ਬਲਵਿੰਦਰ ਸਿੰਘ ਭੂੰਦੜ, ਸ਼ ਸੁਖਦੇਵ ਸਿੰਘ ਢੀਂਡਸਾ ਤੇ ਸ਼ ਅਜੀਤ ਸਿੰਘ ਕੋਹਾੜ ਦਾ ਨਾਂ ਲੈ ਕੇ ਕਿਹਾ ਕਿ ਅਜਿਹੇ ਨੇਤਾਵਾਂ ਨੇ ਜੇਲ੍ਹਾਂ ਕੱਟੀਆਂ ਤੇ ਕੁਰਬਾਨੀਆਂ ਕੀਤੀਆਂ ਹਨ ਪਰ ਨਾਲ ਅਕੇਵੇਂ ਭਰੇ ਲਹਿਜ਼ੇ ਵਿਚ ਸ਼ ਮਜੀਠੀਆ ਵੱਲ ਹੱਥ ਕਰਕੇ ਕਿਹਾ ਕਿ ਆਹ ਹੁਣ ਮੁਫ਼ਤ ਵਿਚ ਹੀ ਕਬਜ਼ਾ ਕਰਨ ਨੂੰ ਫਿਰਦੇ ਨੇ। ਨਾਲ ਹੀ ਸ਼ ਬਾਦਲ ਨੇ ਮਜੀਠੀਆ ਨੂੰ ਸੁਆਲ ਕੱਢ ਮਾਰਿਆ ਕਿ ਤੁਸੀਂ ਪਾਰਟੀ ਲਈ ਕਦੇ ਜੇਲ੍ਹ ਗਏ ਹੋ? ਸ਼ ਬਾਦਲ ਦਾ ਇਹ ਰੰਗ ਦੇਖ ਕੇ ਇਕ ਵਾਰ ਤਾਂ ਅਸ਼ਾਂਤ ਜਿਹੀ ਚੁੱਪ ਪਸਰ ਗਈ ਪਰ ਝੱਟ ਹੀ ਸ਼ ਬਾਦਲ ਨੇ ਗੱਲ ਬਦਲਦਿਆਂ ਪਰਵਾਸੀ ਪੰਜਾਬੀਆਂ ਨੂੰ ਹਸਾਉਣ ਵਾਲੀਆਂ ਕੁਝ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਅ। ਪਰ ਸਮਾਗਮ ਦੀ ਸਮਾਪਤੀ ਤੋਂ ਬਾਅਦ ਸ਼ ਬਾਦਲ ਦੀਆਂ ਕੀਤੀਆਂ ਟਿੱਪਣੀਆਂ ਉੱਪਰ ਖੂਬ ਚਰਚਾ ਹੁੰਦੀ ਰਹੀ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਮੁੱਖ ਮੁੱਦਾ ਵਿਕਾਸ ਤੇ ਕਾਰਗੁਜ਼ਾਰੀ ਹੋਣ ਦੀ ਵਕਾਲਤ ਕੀਤੀ ਜਾ ਰਹੀ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਜਿੱਤ ਲਈ ਮੁੱਖ ਗੱਲ ਤਾਂ ਲੋਕਾਂ ਦਾ ਭਰੋਸਾ ਜਿੱਤਣ ਦੀ ਹੁੰਦੀ ਹੈ ਤੇ ਇਸ ਵਾਸਤੇ ਬੜਾ ਕੁਝ ਕਰਨਾ ਪੈਂਦਾ ਹੈ। ਮੁੱਖ ਮੰਤਰੀ ਵੱਲੋਂ ਸੰਮੇਲਨ ਵਿਚ ਇਹ ਗੱਲ ਆਖੇ ਜਾਣ ਤੋਂ ਸਾਰੇ ਸਿਆਸੀ ਹਲਕੇ ਹੈਰਾਨ ਰਹਿ ਗਏ।
______________________

ਕੈਪਟਨ ਨੇ ਪਰਵਾਸੀਆਂ ਨੂੰ ਸੁਚੇਤ ਕੀਤਾ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀ ਪੰਜਾਬੀਆਂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਵਿਚ ਨਾ ਆਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਯਾਦ ਦਿਵਾਇਆ ਕਿ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਇਹ ਵਾਅਦੇ ਪੰਜ ਸਾਲ ਪਹਿਲਾਂ ਵੀ ਕਰ ਚੁੱਕੇ ਹਨ ਪਰ ਜ਼ਮੀਨੀ ਪੱਧਰ ‘ਤੇ ਕੁਝ ਵੀ ਨਹੀਂ ਕੀਤਾ ਗਿਆ।
ਉਨ੍ਹਾਂ ਪੰਜਾਬ ਸਰਕਾਰ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਉੱਪ ਮੁੱਖ ਮੰਤਰੀ ਪਰਵਾਸੀ ਪੰਜਾਬੀਆਂ ਸਾਹਮਣੇ ਦਿਖਾਵੇ ਕਰਕੇ ਸਚਾਈ ਤੋਂ ਮੂੰਹ ਨਹੀਂ ਮੋੜ ਸਕਦੇ ਕਿਉਂਕਿ ਸੂਬੇ ਸਿਰ ਚੜ੍ਹਿਆ ਕਰਜ਼ਾ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਹੈ। ਜੇਕਰ ਸੁਖਬੀਰ ਬਾਦਲ ਸਮਝਦੇ ਹਨ ਕਿ ਪੰਜ ਤਾਰਾ ਹੋਟਲ ਵਿਚ ਭਾਸ਼ਣ ਦੇ ਕੇ ਉਹ ਸੱਚਾਈ ਛੁਪਾ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ ਕਿਉਂਕਿ ਪਰਵਾਸੀ ਪੰਜਾਬੀ ਪੂਰੇ ਪੰਜਾਬ ਵਿਚ ਘੁੰਮਦੇ ਹਨ ਤੇ ਸੂਬੇ ਦੀ ਹਾਲਤ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਾਅਦੇ ਕਰਨ ਵਿਚ ਮੋਹਰੀ ਹਨ ਪਰ ਮੰਗਾਂ ਪੂਰੀਆਂ ਕਰਨ ਵਿਚ ਬਹੁਤ ਪਿੱਛੇ ਹਨ। ਕੈਪਟਨ ਨੇ ਗੰਭੀਰ ਦੋਸ਼ ਲਾਇਆ ਕਿ ਜੇਕਰ ਸੁਖਬੀਰ ਬਾਦਲ ਨੇ ਪੰਜਾਬ ਦੇ ਹਾਲਾਤ ‘ਤੇ ਆਪਣੀ ਪਾਰਟੀ ਦੇ ਵਰਕਰਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਪ੍ਰਤੀ ਅੱਖਾਂ ਬੰਦ ਕਰ ਰੱਖੀਆਂ ਹਨ ਤਾਂ ਇਸ ਦਾ ਇਹ ਅਰਥ ਨਹੀਂ ਕਿ ਸਭ ਕੁਝ ਠੀਕ ਹੈ।

Be the first to comment

Leave a Reply

Your email address will not be published.