ਐਮਰਜੈਂਸੀ ਤੇ ‘ਕੱਖ-ਕਾਨਾਂ’ ਦੀ ਵਾਰੀ

‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ।

ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ। ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਅਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ਆਪਣੀਆਂ ਹੋਰ ਰਚਨਾਵਾਂ ਵਾਂਗ ਇਸ ਲਿਖਤ ਵਿਚ ਵੀ ਲੇਖਕ ਮੜਕ ਚਾਲੇ ਤੁਰਦਾ ਆਪਣੇ ਆਲੇ-ਦੁਆਲੇ ਬਾਰੇ ਗੱਲਾਂ ਸੁਣਾਉਂਦਾ ਜਾਂਦਾ ਹੈ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 416-918-5212

ਸਰਕਾਰ ਦਾ ਬੁਲਾਵਾ
ਅਕਤੂਬਰ 1975 ਦੇ ਅਖ਼ੀਰਲੇ ਦਿਨ ਸਨ।
ਇੱਕ ਦਿਨ ਸਵੇਰੇ ਨੌਂ ਕੁ ਵਜੇ ਸਾਡੇ ਘਰ ਦਾ ਬਾਹਰਲਾ ਦਰਵਾਜ਼ਾ ਖੜਕਿਆ। ਆਮ ਕੱਪੜਿਆਂ ਵਿਚ ਦੋ ਪੁਲਿਸ ਕਰਮਚਾਰੀ ਸਨ।
“ਤੁਹਾਨੂੰ ਸਰਦਾਰ ਹੁਰਾਂ ਨੇ ਚੌਕੀ ਬੁਲਾਇਐ।”
ਮੈਂ “ਆਉਦਾਂ” ਕਹਿ ਕੇ ਘਰ ਦੱਸਣ ਲਈ ਮੁੜਿਆ ਤਾਂ ਕਹਿੰਦੇ, “ਛੇਤੀ ਆ ਜਾਓ। ਬਹੁਤੀ ਲੰਮੀ-ਚੌੜੀ ਗੱਲ ਨਹੀਂ। ਹੁਣੇ ਈ ਵਾਪਸ ਆ ਜਾਣਾ ਹੈ।”
ਐਮਰਜੈਂਸੀ ਲੱਗਣ ਤੋਂ ਮਹੀਨਾ ਕੁ ਪਿੱਛੋਂ ਮੈਨੂੰ ਥੋੜ੍ਹੀ ਜਿਹੀ ਸੂਹ ਮਿਲੀ ਸੀ ਕਿ ਮੇਰੇ ਬਾਰੇ ਖੁਫੀਆ ਵਿਭਾਗ ਦੇ ਬੰਦਿਆਂ ਵਿਚ ḔਚਰਚਾḔ ਚੱਲ ਰਹੀ ਸੀ। ਇਸ ਚਰਚਾ ਦੇ ਬਰੀਕ ਵੇਰਵੇ ਭਾਵੇਂ ਨਹੀਂ ਸਨ ਮਿਲੇ, ਪਰ ਇਹ ਤਾਂ ਸਾਫ਼ ਜ਼ਾਹਿਰ ਸੀ ਕਿ ਮੈਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਹੀ ਚੱਲੀ ਹੋਏਗੀ; ਹੋਰ ਉਨ੍ਹਾਂ ਮੈਨੂੰ Ḕਰੋਟੀ ਤਾਂ ਵਰਜਣੀ ਨਹੀਂ ਸੀḔ!
ਅਸਲ ਵਿਚ ਮੇਰੇ ਇੱਕ ਗਿਰਾਈਂ ਦਾ ਰਿਸ਼ਤੇਦਾਰ ਸੀæਆਈæਡੀæ ਵਿਚ ਸੀ। ਉਹ ਗਿਰਾਈਂ ਸ਼ਰਾਬੀ ਹੋਇਆ ਆਪਣੇ ਰਿਸ਼ਤੇਦਾਰ ਤੋਂ ਮਿਲੀ ਸੂਚਨਾ ਮੇਰੇ ਕਿਸੇ ਜਾਣੂ ਨੂੰ ਦੇ ਬੈਠਾ ਸੀ, ਪਰ ਜਦੋਂ ਮੈਂ ਉਸ ਕੋਲੋਂ ḔਵੇਰਵਾḔ ਲੈਣ ਗਿਆ ਤਾਂ ਉਹ ਅਸਲੋਂ ਹੀ ਮੁੱਕਰ ਗਿਆ ਕਿ ਉਹਨੂੰ ਕਿਸੇ Ḕਇਹੋ ਜਿਹੀ ਗੱਲḔ ਦਾ ਪਤਾ ਹੈ! ਐਮਰਜੈਂਸੀ ਦੇ ਦਿਨਾਂ ਵਿਚ ḔਅੰਦਰਲੇḔ ਸਰਕਾਰੀ ਵਿਭਾਗ ਵਿਚ ਹੁੰਦੀ ਇਹ ਚਰਚਾ Ḕਖ਼ੈਰ-ਹੱਥੀਂḔ ਨਹੀਂ ਸੀ। ਮੈਂ ਘਰਵਾਲੀ ਨੂੰ ਕਿਹਾ ਕਿ ਆਪਾਂ ਕੁਝ ਦਿਨਾਂ ਲਈ ਘਰੋਂ ਆਸੇ-ਪਾਸੇ ਹੋ ਜਾਈਏ। ਇੰਨੇ ਦਿਨਾਂ ਤੱਕ ਪਤਾ ਲੱਗ ਜਾਏਗਾ ਕਿ ਕੀ ਸਲੂਕ ਹੋਣ ਵਾਲਾ ਹੈ! ਫਿਰ ਵੇਖੀ ਜਾਊ! ਮੈਂ ਘਰਦਿਆਂ ਨੂੰ ਸਾਰੀ ਗੱਲ ਸਮਝਾ ਕੇ ਪਤਨੀ ਸਮੇਤ ਆਪਣੇ ਸਹੁਰੇ ਘਰ ਝਬਾਲ ਚਲਾ ਗਿਆ।
ਕੁਝ ਦਿਨ ਉਡੀਕਿਆ।
ਮੈਂ ਖ਼ਾਹ-ਮਖ਼ਾਹ ਮਹੱਤਵਪੂਰਨ ਬਣੀ ਬੈਠਾ ਸਾਂ! ਮੇਰੇ ਬਾਰੇ ਕਿਸੇ ਨੇ ਵੀ ਨਾ ਪੁੱਛਿਆ। ਦੋਂਹ-ਚਹੁੰ ਦਿਨਾਂ ਪਿੱਛੋਂ ਅਸੀਂ ਆਪਣੇ ਘਰ ਵਾਪਸ ਆ ਗਏ।
ਮੈਂ ਐਵੇਂ ਸੋਚੀ ਜਾ ਰਿਹਾ ਸਾਂ। ਮੈਂ ਕੀਤਾ ਵੀ ਕੀ ਸੀ ਜੋ ਪੁਲਿਸ ਮੈਨੂੰ ਫੜਨ ਆਉਂਦੀ! ਮੈਂ ਬੇਫਿਕਰ ਹੋ ਗਿਆ। ਜੂਨ, ਜੁਲਾਈ, ਅਗਸਤ ਤੇ ਸਤੰਬਰ ਵੀ Ḕਸੁਖ-ਸੁਖਾਂḔ ਨਾਲ ਲੰਘ ਗਏ।
ਕੋਈ ਅੱਤ ਦਾ ਭੁੱਖਾ ਜਾਨਵਰ ਜਦੋਂ ਆਪਣੇ ਅੱਗੇ ਪਿਆ Ḕਮੁੱਖ ਭੋਜਨḔ ਹੜੱਪ ਲੈਂਦਾ ਹੈ ਅਤੇ ਅਜੇ ਵੀ ਉਸ ਦਾ ਹਾੜਬਾ ਮੁੱਕਿਆ ਨਹੀਂ ਹੁੰਦਾ, ਤਾਂ ਉਹ ਆਸੇ-ਪਾਸੇ ਪਏ Ḕਕੱਖ-ਕਾਨḔ ਨੂੰ ਵੀ ਬੁਰਕ ਮਾਰਨ ਲੱਗ ਪੈਂਦਾ ਹੈ। ਇਹੋ ਹੀ ਹਾਲ ਹੋਇਆ ਪਿਆ ਸੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ। ਆਪਣੇ ਖ਼ਿਲਾਫ਼ ਹਾਈ ਕੋਰਟ ਦੇ ਫ਼ੈਸਲੇ ਨੂੰ ਨਜ਼ਰ-ਅੰਦਾਜ਼ ਕਰਦਿਆਂ ਉਸ ਨੇ ਆਪਣੇ ਅੰਦਰਲੀ ਹਠੀ ਆਵਾਜ਼ ਅਤੇ ਚਮਚਾ-ਸਲਾਹਕਾਰਾਂ ਦੀ ਰਾਇ ਸੁਣ ਕੇ ਆਪਣੀ ਸੀਟ ਛੱਡ ਦੇਣ ਦਾ ਨੈਤਿਕ ਪੈਂਤੜਾ ਅਪਨਾਉਣ ਤੋਂ ਇਨਕਾਰ ਕਰ ਦਿੱਤਾ। ਸਾਰੇ ਮੁਲਕ ਵਿਚੋਂ ਉਸ ਦੇ ਧੱਕੜ ਅਤੇ ਗ਼ੈਰ-ਜਮਹੂਰੀ ਪੈਂਤੜੇ ਦੇ ਖ਼ਿਲਾਫ਼ ਉਠੀ ਰੋਹ ਅਤੇ ਵਿਦਰੋਹ ਦੀ ਆਵਾਜ਼ ਕੁਚਲਣ ਲਈ ਉਸ ਨੇ ਜੂਨ 1975 ਵਿਚ ਐਮਰਜੈਂਸੀ ਲਾਉਣ ਦਾ ਐਲਾਨ ਕਰ ਦਿੱਤਾ। ਪਹਿਲੇ ਹੱਲੇ ਸਭ ਵੱਡੇ ਸਿਆਸੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਦੇਸ਼ ਦੀਆਂ ਦੂਰ-ਦੁਰੇਡੀਆਂ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ। ਫਿਰ ਹੌਲੀ-ਹੌਲੀ ਵਾਰੀ ਆਈ ਸਾਡੇ ਵਰਗੇ Ḕਕੱਖ-ਕਾਨḔ ਦੀ।
ਮੇਰੀ ਪਤਨੀ ਛਿਲੇ ਵਿਚ ਸੀ। ਬੱਚੀ ਰੂਪ ਨੇ ਕੁਝ ਦਿਨ ਪਹਿਲਾਂ ਹੀ ਜਨਮ ਲਿਆ ਸੀ। ਮੇਰੀ ਮਾਂ ਮੇਰੇ ਛੋਟੇ ਭਰਾ ਕੋਲ ਬਾਹਰ ਖੇਤਾਂ ਵਿਚ ਬਹਿਕ ‘ਤੇ ਰਹਿੰਦੀ ਸੀ। ਇਨ੍ਹਾਂ ਦਿਨਾਂ ਵਿਚ ਮੇਰੀ ਬਜ਼ੁਰਗ ਨਾਨੀ ਕੁਦਰਤੀ ਸਾਨੂੰ ਮਿਲਣ-ਗਿਲਣ ਆਈ ਹੋਈ ਸੀ ਅਤੇ ਸਾਡੀ ਲੋੜ ਸਮਝਦਿਆਂ ਕੁਝ ਦਿਨਾਂ ਲਈ ਸਾਡੇ ਕੋਲ ਠਹਿਰ ਗਈ ਸੀ। ਬਾਪੂ ਹਕੀਕਤ ਸਿੰਘ ਕਿਤੇ ਬਾਹਰ-ਅੰਦਰ ਗਿਆ ਹੋਇਆ ਸੀ। ਮੈਂ ਵੀ ਸੋਚਿਆ ਕਿ ਘਰ ਕੀ ਦੱਸਣਾ ਹੈ! ਐਵੇਂ ਪੁਲਿਸ ਦਾ ਨਾਂ ਸੁਣ ਕੇ Ḕਤੀਵੀਆਂ-ਮਾਨੀਆਂḔ ਫ਼ਿਕਰ ਕਰਨਗੀਆਂ! ਉਨ੍ਹਾਂ ਨੂੰ ਸਿਰਫ਼ ਇੰਨਾ ਕਿਹਾ ਕਿ ਜ਼ਰਾ ਬਜ਼ਾਰ ਹੋ ਕੇ ਹੁਣੇ ਆਇਆ!
ਪੁਲਿਸ ਚੌਕੀ ਦੇ ਇੰਚਾਰਜ ਨੂੰ ਸੱਦੇ ਜਾਣ ਦਾ ਕਾਰਨ ਪੁੱਛਿਆ ਤਾਂ ਕਹਿੰਦਾ, “ਭਿੱਖੀਵਿੰਡ ਵਾਲੇ ਸਰਦਾਰ ਨੇ ਬੁਲਾਇਆ ਹੈ।”
ਭਿੱਖੀਵਿੰਡ ਸਾਡੇ ਪਿੰਡ ਨੂੰ ਪੈਂਦਾ ਥਾਣਾ ਸੀ। ਥਾਣੇਦਾਰ ਨੂੰ ਪੁੱਛਿਆ ਤਾਂ ਕਹਿੰਦਾ, “ਡੀæਐਸ਼ਪੀæ ਸਾਹਿਬ ਹੁਣੇ ਆਉਣ ਵਾਲੇ ਨੇ। ਦੱਸਦੇ ਆਂ।”
ਇੰਨੇ ਨੂੰ ਇੱਕ ਹੋਰ ਪੁਲਿਸ ਪਾਰਟੀ ਨੌਜਵਾਨ ਭਾਰਤ ਸਭਾ ਦੇ ਆਗੂ ਅਤੇ ਮੇਰੇ ਸ਼ਾਗਿਰਦਾਂ ਵਰਗੇ ਦੋਸਤ ਰਘਬੀਰ ਪੂਹਲਾ ਨੂੰ ਥਾਣੇ ਲੈ ਆਈ। ਖੁੜਕ ਤਾਂ ਮੈਨੂੰ ਪਹਿਲਾਂ ਹੀ ਗਈ ਸੀ, ਰਘਬੀਰ ਦੇ ਆਉਣ ਨਾਲ ਯਕੀਨ ਹੋ ਗਿਆ ਕਿ ਜੇਲ੍ਹ ਦੀ ਦਾਲ ਖਾਣੀ ਹੀ ਪੈਣੀ ਹੈ।
ਰਘਬੀਰ ਨਕਸਲੀਆਂ ਦੇ Ḕਨਾਗੀ ਰੈਡੀḔ ਗਰੁੱਪ ਨਾਲ ਸਬੰਧਿਤ ਸੀ। ਕੁਝ ਸਾਲ ਪਹਿਲਾਂ ਮੈਂ ਵੀ ਇਸੇ ਗਰੁੱਪ ਨਾਲ ਸਾਂ, ਸਗੋਂ ਇਸ ਇਲਾਕੇ ਵਿਚ ਇਸ ਗਰੁੱਪ ਦੀ ਵੱਡੀ ਧਿਰ ਵੀ ਸਾਂ। ਉਨ੍ਹਾਂ ਨੂੰ ਰੋਟੀ-ਪਾਣੀ ਛਕਾਉਣ, ਰਾਤਾਂ ਕਟਾਉਣ, ਮੀਟਿੰਗਾਂ ਕਰਵਾਉਣ, ਨਵੇਂ ਪੜ੍ਹੇ-ਲਿਖੇ, ਖ਼ਾਸ ਤੌਰ ‘ਤੇ ਅਧਿਆਪਕ ਵਰਗ ਵਿਚੋਂ, ਕਾਂਟੈਕਟ ਦੇਣ, ਪਾਰਟੀ ਪ੍ਰੋਗਰਾਮਾਂ ਦੇ ਇਸ਼ਤਿਹਾਰ ਰਾਤ-ਬਰਾਤੇ ਕੰਧਾਂ ਉਤੇ ਲਗਵਾ ਦੇਣ ਤੋਂ ਵੱਧ ਇਸ ਪਾਸੇ ਮੇਰਾ ਕੋਈ Ḕਵੱਡਾ ਯੋਗਦਾਨḔ ਨਹੀਂ ਸੀ।
ਅਸਲ ਵਿਚ ਮੈਂ ਤਾਂ ਇਸ ਪਾਸੇ ਹਰਭਜਨ ਹਲਵਾਰਵੀ ਅਤੇ ਅਮਰਜੀਤ ਚੰਦਨ ਜਿਹੇ ਸਾਹਿਤਕਾਰਾਂ ਦਾ ਖਿੱਚਿਆ ਆਇਆ ਸਾਂ। ਆਪਣੇ ਸੁਪਨਿਆਂ ਦੇ ਹਾਣ ਦਾ ਰਾਜ ਅਤੇ ਸਮਾਜ ਸਿਰਜਣ ਦੀ ਤੀਬਰ ਤਾਂਘ, ਕਾਹਲ ਅਤੇ ਜਵਾਨੀ ਦੇ ਜੋਸ਼ ਨੇ ਮੇਰੀਆਂ ਲਿਖਤਾਂ ਵਿਚ ਅਜਿਹਾ ਰੋਹ ਅਤੇ ਰੰਗ ਭਰ ਦਿੱਤਾ ਸੀ ਜਿਸ ਨੂੰ ਵੇਖ ਕੇ ਇਹ ਦੋਵੇਂ ਮੈਨੂੰ ਆਣ ਮਿਲੇ। ਲਿਖਤ ਤੋਂ ਬਾਹਰ ਨਿਕਲ ਕੇ ਵੀ ਕੁਝ ਕਰਨ ਦੀ ਮੇਰੀ ਚਾਹਤ ਨੇ ਮੈਨੂੰ ਉਨ੍ਹਾਂ ਨਾਲ ਜੋੜ ਦਿੱਤਾ। ਫਿਰ ਉਨ੍ਹਾਂ ਤੋਂ ਇਲਾਵਾ ਸਿਆਸੀ ਕਾਰਕੁਨ ਵੀ ਮੇਰੇ ਕੋਲ ਆਉਣ ਲੱਗੇ। ਛੇਤੀ ਹੀ ਆਉਣ ਵਾਲਿਆਂ ਵਿਚ ਵੀ ਨਵੀਂ ਸਫ਼ਬੰਦੀ ਹੋ ਗਈ। ਹਲਵਾਰਵੀ ਹੋਰੀਂ ਪਹਿਲਾ ਗਰੁਪ ਛੱਡ ਕੇ Ḕਨਾਗੀ ਰੈਡੀḔ ਗਰੁਪ ਨਾਲ ਚਲੇ ਗਏ।
ਗਰੁੱਪ ਬਦਲ ਜਾਣ ਨਾਲ ਪਹਿਲਾਂ ਬਣੇ ਇਨਸਾਨੀ ਰਿਸ਼ਤੇ ਤੁਰਤ ਤਿਆਗ ਦੇਣਾ ਮੇਰੇ ਵੱਸ ਵਿਚ ਨਹੀਂ ਸੀ। ਮੇਰੇ ਕੋਲ ਦੋਵੇਂ ਧਿਰਾਂ ਆਉਂਦੀਆਂ। ਆਪਣੇ ਆਪ ਨੂੰ ḔਸੱਚਾḔ ਆਖਦੀਆਂ। ਦੂਜੀ ਧਿਰ ਦੇ ਨੁਕਸ ਛਾਂਟਦੀਆਂ। ਮੈਨੂੰ ਚੰਗਾ ਨਾ ਲੱਗਦਾ। ਹੌਲੀ-ਹੌਲੀ ਮੈਂ ਉਨ੍ਹਾਂ ਦੇ ਇਸ ḔਨਿੰਦਕḔ ਵਿਹਾਰ ਤੋਂ ਖਿਝਣ ਲੱਗਾ। ਨਾਗੀ ਰੈਡੀ ਵਾਲੇ ਵਿਚਾਰਧਾਰਕ ਤੌਰ ‘ਤੇ ਮੈਨੂੰ ਵਧੇਰੇ ਠੀਕ ਲੱਗਦੇ ਸਨ। ਮੈਂ ਉਨ੍ਹਾਂ ਦੀ Ḕਲੋਕ ਜਥੇਬੰਦੀਆਂḔ ਬਣਾ ਕੇ ਲੋਕਾਂ ਵਿਚ ਵਿਚਰਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦੀ ਲਾਈਨ ਨਾਲ ਸਹਿਮਤ ਸਾਂ ਅਤੇ ਇਸ ਮਕਸਦ ਦੀ ਪੂਰਤੀ ਲਈ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਿਚ ਸਰਗਰਮ ਹੋਣ ਤੋਂ ਇਲਾਵਾ ਸਾਹਿਤਕ ਫ਼ਰੰਟ ‘ਤੇ ਵੀ ਕੰਮ ਕਰ ਰਿਹਾ ਸਾਂ।
ਰੋਜ਼ਾਨਾ ਅਮਲ ਵਿਚੋਂ ਗੁਜ਼ਰਦਿਆਂ ਤੇ ਆਪਣੇ ਅਧਿਅਨ ਦੀ ਰੌਸ਼ਨੀ ਵਿਚ ਮੈਨੂੰ ਇਸ ਲਹਿਰ ਦੇ ਆਗੂਆਂ ਅਤੇ ਲਹਿਰ ਦੀਆਂ ਸੀਮਾਵਾਂ ਵੀ ਦਿਸਣ ਲੱਗੀਆਂ। ਮੈਂ ਲਹਿਰ ਤੋਂ ਸੁਚੇਤ ਤੌਰ ‘ਤੇ ਕਿਨਾਰਾਕਸ਼ੀ ਸ਼ੁਰੂ ਕਰ ਦਿੱਤੀ। ਹਲਵਾਰਵੀ ਨਾਲ ਸ਼ੰਕੇ ਸਾਂਝੇ ਕੀਤੇ। ਉਹ ਵੀ ਮੇਰੇ ਨਾਲ ਸਹਿਮਤ ਸੀ। ਉਹ ਛੇਤੀ ਹੀ ਪੁਲਿਸ ਅੱਗੇ ਪੇਸ਼ ਹੋ ਗਿਆ। ਮੇਰੇ ਅੰਦਰਲੇ ਅਗਾਂਹਵਧੂ ਬੰਦੇ ਨੇ ਭਾਵੇਂ ਅਗਾਂਹਵਧੂ ਸਰਗਰਮੀਆਂ ਵਿਚ ਭਾਗ ਲੈਣਾ ਤਾਂ ਨਾ ਛੱਡਿਆ, ਪਰ ਨਕਸਲੀਆਂ ਨਾਲੋਂ ਅੰਦਰੋ-ਅੰਦਰੀ ਇੱਕ ਦੂਰੀ ਬਣ ਚੁੱਕੀ ਸੀ।
ਰਘਬੀਰ ਮੇਰਾ ਦੋਸਤ ਤੇ ਸਨੇਹੀ ਸੀ। ਮੈਂ ਉਨ੍ਹਾਂ ਦੇ ਪਿੰਡ ਪੜ੍ਹਾਉਂਦਾ ਸਾਂ। ਸਾਡਾ ਸਕੂਲ ਉਨ੍ਹਾਂ ਦੇ ਖੇਤਾਂ ਦੇ ਐਨ ਨਾਲ ਲੱਗਦਾ ਸੀ। ਉਸ ਦੇ ਪਰਿਵਾਰ ਨਾਲ ਵੀ ਮੇਰੀ ਸਾਂਝ ਸੀ। ਅਸੀਂ ਇਕੱਠੇ ਕੰਮ ਕਰਦੇ ਰਹੇ ਸਾਂ। ਉਹ ਅੱਜ ਵੀ Ḕਨਾਗੀ ਰੈਡੀਆਂḔ ਨਾਲ ਸਰਗਰਮ ਸੀ ਜਦ ਕਿ ਮੈਂ ਉਨ੍ਹਾਂ ਤੋਂ ਵਿੱਥ ਸਿਰਜ ਲਈ ਹੋਈ ਸੀ। ਮੈਂ ਇਸ ਤਰੀਕੇ ਨਾਲ ਖਿੱਚ ਕੇ ਇਨਕਲਾਬ ਨੂੰ ਨੇੜੇ ਲਿਆ ਸਕਣ ਦੇ ਉਲਾਰ ਉਤਸ਼ਾਹ ਤੋਂ ਮੁਕਤ ਹੋ ਗਿਆ ਸਾਂ ਜਦ ਕਿ ਰਘਬੀਰ ਦਾ ਇਹ ਉਤਸ਼ਾਹ, ਉਹਨੂੰ ਮੇਰੇ ḔਸਮਝਾਉਣḔ ਦੇ ਬਾਵਜੂਦ, ਬਣਿਆ ਹੋਇਆ ਸੀ। ਵਿਚਾਰਧਾਰਕ ਤੌਰ ‘ਤੇ ਦੂਰ ਹੋਣ ਦੇ ਬਾਵਜੂਦ ਅਸੀਂ ਨਿੱਜੀ ਤੌਰ ‘ਤੇ ਨੇੜੇ ਹੀ ਸਾਂ। ਇੱਕ ਦੂਜੇ ਨੂੰ ਹਾਸਾ ਠੱਠਾ ਵੀ ਕਰ ਲੈਂਦੇ। ਅਸੀਂ ਇੱਕ ਦੂਜੇ ਦੀ Ḕਪ੍ਰਤਿਭਾḔ ਅਤੇ ḔਸਮਰੱਥਾḔ ਬਾਰੇ ਜਾਣਦੇ ਸਾਂ। ਉਹ Ḕਨੌਜਵਾਨ ਭਾਰਤ ਸਭਾḔ ਦਾ ਸੂਬਾ ਸਕੱਤਰ ਬਣਾ ਦਿੱਤਾ ਗਿਆ ਸੀ। ਅਸੀਂ ਸਾਂਝੇ ਦੋਸਤਾਂ ਦੀ ਮਹਿਫ਼ਲ ਵਿਚ ਇੱਕ ਦੂਜੇ ਬਾਰੇ ਅੰਦਰੋਂ ਗੰਭੀਰ ਪਰ ਉਤੋਂ ਮਜ਼ਾਹੀਆ ਟਿੱਪਣੀਆਂ ਕਰਦੇ। ਮੈਂ ਉਹਨੂੰ ਹਾਸੇ ਨਾਲ ਕਾਮਰੇਡਾਂ ਵੱਲੋਂ Ḕਵਰਤੇ ਜਾਣ ਵਾਲੀ ਸ਼ੈਅḔ ਆਖਦਾ। ਉਹ ਮੇਰੇ ਪਿੱਛੇ ਹਟ ਜਾਣ ਨੂੰ ਮੇਰੀ Ḕਚਮੜੀ ਬਚਾਉਣḔ ਦੀ ਮੱਧ-ਵਰਗੀ ਭਾਵਨਾ ਨਾਲ ਜੋੜਦਾ।
ਪੁਲਸੀਆਂ ਦੀ ਆਮਦ ਤੋਂ ਅਨੁਮਾਨ ਲਾ ਕੇ ਮੈਂ Ḕਚਮੜੀ ਖਿਚਵਾਉਣḔ ਲਈ ਤਿਆਰ ਹੋ ਚੁੱਕਾ ਸਾਂ, ਭਾਵੇਂ ਮੈਨੂੰ ḔਇਕੱਲੀḔ ਪਤਨੀ ਅਤੇ ਨੰਨ੍ਹੀ ਧੀ ਦਾ ਖ਼ਿਆਲ ਵੀ ਆ ਰਿਹਾ ਸੀ। ਨਾਨੀ ਤਾਂ ਇੱਕ-ਅੱਧੇ ਦਿਨ ਤੱਕ ਵਾਪਸ ਜਾਣ ਵਾਲੀ ਸੀ। ਪਿੱਛੋਂ ਪਤਨੀ ਦਾ ਆਸਰਾ ਕੌਣ ਬਣੇਗਾ! ਉਹ ਆਪਣੇ ਆਪ ਨੂੰ ਅਤੇ ਬੱਚੀ ਨੂੰ ਸਾਂਭੇਗੀ ਜਾਂ ਮੇਰੇ ਪਿੱਛੇ ਹਵਾਲਾਤਾਂ ਅਤੇ ਜੇਲ੍ਹਾਂ ਵਿਚ ਇਸ ਕਮਜ਼ੋਰੀ ਅਤੇ ਲਾਚਾਰਗੀ ਦੀ ਅਵਸਥਾ ਵਿਚ ਮੇਰਾ ਪਤਾ-ਸੁਰ ਕਰਦੀ ਫਿਰੇਗੀ!
ਰਘਬੀਰ ਦਾ ਸਾਥ ਮਿਲ ਜਾਣ ‘ਤੇ ਖ਼ੁਸ਼ ਸਾਂ। ਸਾਥ ਵਿਚ ਮੁਸ਼ਕਿਲ ਪੈਂਡਾ ਵੀ ਕੱਟਿਆ ਜਾ ਸਕਦਾ ਹੈ। ਅਸੀਂ ਥਾਣੇਦਾਰ ਨੂੰ ਆਪਣਾ ਕਸੂਰ ਪੁੱਛਿਆ ਤਾਂ ਉਹ ਐਵੇਂ ਆਲ਼ਾ-ਟਾਲ਼ਾ ਕਰਨ ਲੱਗਾ। ਸਾਨੂੰ ਇੱਕ ਹਮਦਰਦ ਹਵਾਲਦਾਰ ਨੇ ਦੱਸਿਆ ਕਿ ਇਹ ਡੀæਐਸ਼ਪੀæ ਨੂੰ ਉਡੀਕ ਰਿਹਾ ਹੈ ਤਾਂ ਕਿ ਉਸ ਦੀ ਸਲਾਹ ਨਾਲ ਤੁਹਾਡੇ ਉਤੇ ਕੇਸ ਪਾਇਆ ਜਾ ਸਕੇ।
ਅਸੀਂ ਥਾਣੇਦਾਰ ਨੂੰ ਆਪਣੇ ਉਤੇ ਬਣਦਾ ਕੇਸ ਪਾ ਕੇ ਅਦਾਲਤ ਵਿਚ ਪੇਸ਼ ਕਰਨ ਜਾਂ ਹੁਣੇ ਰਿਹਾਅ ਕਰਨ ਲਈ ਕਿਹਾ। ਉਸ ਨੇ ਹਵਾਲਦਾਰ ਵਾਲੀ ਗੱਲ ਦੀ ਪੁਸ਼ਟੀ ਕਰਦਿਆਂ ਸੱਚੀ ਗੱਲ ਦੱਸੀ, “ਉਪਰੋਂ ਹੁਕਮ ਆਇਆ ਹੈ ਕਿ ਤੁਹਾਨੂੰ ਫੜ ਲਿਆ ਜਾਵੇ। ਛੱਡਣਾ ਤਾਂ ਤੁਹਾਨੂੰ ਹੈ ਨਹੀਂ। ਤੁਸੀਂ ਅੰਦਰ ਅਹੁ ਮੰਜਿਆਂ ‘ਤੇ ਆਰਾਮ ਕਰੋ। ਡੀæਐਸ਼ਪੀæ ਸਾਹਿਬ ਆ ਲੈਣ ਦਿਓ। ਕਰਦੇ ਆਂ ਤੁਹਾਡਾ ਕੁਛ!”
ਅਸੀਂ ਮਾਨਸਿਕ ਤੌਰ ‘ਤੇ ਤਿਆਰ ਹੋ ਕੇ ਸਿਪਾਹੀਆਂ ਦੀ ਰਿਹਾਇਸ਼ ਵਾਲੇ ਕਮਰੇ ਵਿਚ ਮੰਜਿਆਂ ‘ਤੇ ਜਾ ਬੈਠੇ। ḔਨਕਸਲੀḔ ਹੋਣ ਕਰ ਕੇ ਅਤੇ ਉਂਜ ਵੀ ਇਲਾਕੇ ਵਿਚ ਸਰਗਰਮ ਰਹਿਣ ਕਰ ਕੇ ਸਾਡੀ ਥੋੜ੍ਹੀ ਬਹੁਤੀ ਪੈਂਠ ਬਣੀ ਹੋਈ ਸੀ। ਪੁਲਿਸ ਕਰਮਚਾਰੀ ਸਾਡੇ ਨਾਲ ਹਮਦਰਦੀ ਅਤੇ ਅਦਬ ਨਾਲ ਪੇਸ਼ ਆ ਰਹੇ ਸਨ। ਅਸੀਂ ਉਨ੍ਹਾਂ ਨਾਲ ਹਾਸੇ-ਠੱਠੇ ਵਿਚ ਰੁੱਝ ਗਏ। ਮੋਟੀ ਗੋਗੜ ਵਾਲਾ ਇਕ ਸਿਪਾਹੀ ਫਿਲਮੀ ਕਲਾਕਾਰ ḔਸੁੰਦਰḔ ਵਰਗਾ ਲੱਗਦਾ ਸੀ। ਅਸੀਂ ਉਸ ਦਾ ਨਾਮ ḔਸੁੰਦਰḔ ਰੱਖ ਲਿਆ ਅਤੇ ਉਹਨੂੰ ਗੁੱਝੀਆਂ ਮਸ਼ਕਰੀਆਂ ਕਰਦੇ।
ਜ਼ਾਹਿਰ ਸੀ ਕਿ ਹੁਣ ਸਾਨੂੰ ਅਗਲੇ ਦਿਨ ਹੀ ਅਦਾਲਤ ਵਿਚ ਪੇਸ਼ ਕੀਤਾ ਜਾ ਸਕਣਾ ਸੀ।