ਬਲਜੀਤ ਬਾਸੀ
ਬੋਲ਼ੇ ਦੀ ਵੀ ਕਾਹਦੀ ਜੂਨ ਹੈ, ਹੈਂ-ਹੈਂ ਕਰਦਾ, ਉਚੀ-ਉਚੀ ਬੋਲਦਾ, ਅੱਧਾ ਤਾਂ ਉਹ ਆਪ ਕਮਲ਼ਾ ਹੁੰਦਾ ਹੈ ਤੇ ਬਾਕੀ ਦਾ ਅੱਧਾ ਉਸ ਨੂੰ ਲੋਕ ਬਣਾ ਛੱਡਦੇ ਹਨ। ਹਰ ਕੋਈ ਉਸ ਨੂੰ ਬੁਲਾਉਂਦਾ ਵੀ ਬੋਲ਼ਾ-ਬੋਲ਼ਾ ਕਹਿ ਕੇ ਹੀ ਹੈ। ਅੰਨ੍ਹਿਆਂ ਨਾਲ ਲੋਕ ਬਥੇਰੀ ਹਮਦਰਦੀ ਕਰਦੇ ਦੇਖੇ ਗਏ ਹਨ, ਉਨ੍ਹਾਂ ਲਈ ਨੇਤਰਹੀਣ ਜਿਹੇ ਸੁਖਾਵੇਂ ਸ਼ਬਦ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਫੜ ਫੜ ਕੇ ਲੰਘਾਇਆ ਜਾਂਦਾ ਹੈ।
ਦੂਜੇ ਪਾਸੇ ਬੋਲ਼ਿਆਂ ਨਾਲ ਮਗ਼ਜ਼ ਖਪਾਈ ਕਰਨ ਤੋਂ ਹਰ ਕੋਈ ਕਤਰਾਉਂਦਾ ਹੈ, ਉਨ੍ਹਾਂ ਲਈ ਕੋਈ ਹਮਦਰਦੀ ਭਰਿਆ ਸ਼ੁਭ ਸ਼ੁਭ ਬੋਲ ਨਹੀਂ। ਹਾਂ, ‘ਚੁਬਾਰੇ ਚੜ੍ਹਿਆ’ ਦਾ ਲਕਬ ਦੇ ਕੇ ਸਿੰਘ ਬੋਲਿਆਂ ਨੇ ਜ਼ਰੂਰ ਉਨ੍ਹਾਂ ਨਾਲ ਕੁਝ ਇਨਸਾਫ ਕੀਤਾ ਹੈ। ਇਕ ਵੇਲੇ ਮੇਰੀ ਬੀਬੀ ਨੂੰ ਕਿਸੇ ਬੀਮਾਰੀ ਕਾਰਨ ਬਹੁਤ ਉਚਾ ਸੁਣਨ ਲੱਗ ਪਿਆ। ਬੱਸ ਉਸ ਦੀ ਸ਼ਾਮਤ ਆ ਗਈ। ਪੰਜਾਬੀ ਸੂਬੇ ਲਈ ਚੱਲੀ ਐਜੀਟੇਸ਼ਨ ਦੇ ਦਿਨ ਸਨ। ਇਕ ਦਿਨ ਸਾਡੀ ਚਾਚੀ ਨੇ ਬੀਬੀ ਨੂੰ ਦੱਸਿਆ, “ਤੁਹਾਡੀ ਰਸੋਈ ਵਿਚ ਕੁੱਤਾ ਵੜ ਗਿਆ ਹੈ।” ਉਤਸੁਕਤਾ ਸਹਿਤ ਬੀਬੀ ਨੇ ਝਟ ਦੇਣੀ ਪੁੱਛਿਆ, “ਕੀ? ਪੰਜਾਬੀ ਸੂਬਾ ਬਣ ਗਿਆ ਹੈ?” ਜਮਾਂਦਰੂ ਬੋਲ਼ੇ ਤਾਂ ਗੂੰਗੇ ਵੀ ਬਣ ਜਾਂਦੇ ਹਨ, ਜਦ ਸੁਣਦਾ ਕੁਝ ਨਹੀਂ ਤਾਂ ਬੋਲਣਾ ਕਿਵੇਂ ਸਿੱਖਣ? ਗ਼ੌਰਤਲਬ ਹੈ ਕਿ ਬੋਲ਼ਾ ਸ਼ਬਦ ਨੇ ਗੂੰਗਾ, ਚੁੱਪ ਜਾਂ ਸੰਨਾਟੇ ਭਰਿਆ ਦੇ ਅਰਥ ਵੀ ਗ੍ਰਹਿਣ ਕਰ ਲਏ ਹਨ। ਅੰਨ੍ਹੀਆਂ ਬੋਲ਼ੀਆਂ ਹਨੇਰੀਆਂ ਬਿਨਾਂ ਕਿਸੇ ਖੜਕੇ ਦੜਕੇ ਦੇ ਆਉਂਦੀਆਂ ਹਨ। ਬੋਲ਼ੀਆਂ ਰਾਤਾਂ ਸੰਨਾਟੇ ਭਰੀਆਂ ਹੁੰਦੀਆਂ ਹਨ। ਵੇਗ ਜਾਂ ਗਰਮੀ ਵਿਚ ਆਈ ਝੋਟੀ ਖੂਬ ਅੜਿੰਗਦੀ ਹੈ ਇਸ ਲਈ ਇਸ ਸਥਿਤੀ ਨੂੰ ਮੱਝ ਦਾ ਬੋਲਣਾ ਕਿਹਾ ਜਾਂਦਾ ਹੈ। ਦੁਆਬੇ ਵਿਚ ਮੱਝ ਦੇ ਵੇਗ ਵਿਚ ਰਹਿਣ ਦੇ ਸਮੇਂ ਨੂੰ ਥੇਗ ਕਿਹਾ ਜਾਂਦਾ ਹੈ। ਬਹੁਤੀਆਂ ਮੱਝਾਂ ਥੇਗ ਦੌਰਾਨ ਅੜਿੰਗਦੀਆਂ ਨਹੀਂ, ਉਨ੍ਹਾਂ ਲਈ ਦੁਆਬੇ ਵਿਚ ਪ੍ਰਚਲਤ ਮੁਹਾਵਰਾ ਹੈ, ਬੋਲ਼ਾ ਥੇਗ।
ਅਸੀਂ ਬੋਲ਼ੇ ਦੇ ਕਮਲੇ ਜਿਹੇ ਬੰਦੇ ਬਣ ਜਾਣ ਦੀ ਗੱਲ ਕੀਤੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇਸ਼ ਸ਼ਬਦ ਦਾ ਕਮਲੇ ਦੇ ਅਰਥਾਂ ਨਾਲ ਗੂੜ੍ਹਾ ਸਬੰਧ ਹੈ। ਤੁਸੀਂ ਬਾਵਰਾ ਸ਼ਬਦ ਤਾਂ ਸੁਣਿਆ ਹੀ ਹੋਵੇਗਾ। ਬਾਵਲਾ ਜਾਂ ਬਾਂਵਲਾ ਵੀ ਇਸ ਦੇ ਰੁਪਾਂਤਰ ਹਨ। ਇਹ ਸ਼ਬਦ ਕਮਲਾ, ਪਾਗਲ, ਦੀਵਾਨਾ ਦਾ ਸਮਾਨਅਰਥੀ ਹੈ। ਬਾਵਲਾ ਦੀ ਵ ਧੁਨੀ ਓ ਵਿਚ ਵੱਟ ਗਈ ਤਾਂ ਸ਼ਬਦ ਬਣ ਗਿਆ ਬੋਲ਼ਾ। ਇਹ ਧੁਨੀ ਪਰਿਵਰਤਨ ਇਕ ਆਮ ਗੱਲ ਹੈ: ਧਵਲਾ ਤੋਂ ਧੌਲਾ, ਕੰਵਲ ਤੌਂ ਕੌਲ, ਕਵਣ ਤੋਂ ਕੌਣ ਆਦਿ। ਅਸਲ ਵਿਚ ਡੌਰਾ-ਭੌਰਾ ਸ਼ਬਦ ਜੁੱਟ ਵਿਚ ਭੌਰਾ ਸ਼ਬਦ ਵੀ ਬਾਵਰਾ ਦਾ ਹੀ ਵਟਿਆ ਰੂਪ ਹੈ। ਕਬੀਰ ਸਾਹਿਬ ਦੀ ਇਹ ਤੁਕ ਬਾਵਰੇ, ਗੂੰਗੇ ਅਤੇ ਬੋਲ਼ੇ ਦੀ ਸ਼ਾਬਦਿਕ ਸਾਂਝ ਵੱਲ ਸੰਕੇਤ ਕਰਦੀ ਪ੍ਰਤੀਤ ਹੁੰਦੀ ਹੈ, ‘ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ।’
ਮਨ ਵਿਚ ਬਾਵਲਾ ਸ਼ਬਦ ਲਿਆਉਂਦਿਆਂ ਉਲਟੇ ਸਿਧੇ ਕਪੜੇ ਪਹਿਨੇ, ਲੰਬੇ ਖਿਲਰੇ ਵਾਲਾਂ ਵਾਲੇ ਬੰਦੇ ਦਾ ਚਿੱਤਰ ਸਾਹਮਣੇ ਆਉਂਦਾ ਹੈ। ਜਾਣੋਂ ਸੁਧ ਬੁਧ ਗੁਆਈ ਬੈਠੇ, ਕਿਸੇ ਧੁਨ ਵਿਚ ਖੁਭੇ, ਖਬਤੀ, ਜਨੂੰਨੀ ਬੰਦੇ ਦੀ ਮੂਰਤ ਹੋਵੇ। ਇਸ ਸ਼ਬਦ ਦਾ ਰੁਪਾਂਤਰ ਹੈ ਬਾਂਵਰਾ। ਇਹ ਕੁਝ ਕਾਵਿਕ ਜਿਹਾ ਸ਼ਬਦ ਹੈ ਤੇ ਇਸ ਦੀ ਵਰਤੋਂ ਗੀਤਾਂ ਵਿਚ ਆਮ ਹੀ ਹੁੰਦੀ ਹੈ, ‘ਮਨ ਮੋਰਾ ਬਾਂਵਰਾ’। ਪਰ ਇਸ ਸ਼ਬਦ ਦਾ ਪ੍ਰਚਲਤ ਬੋਲਚਾਲੀ ਰੂਪ ਹੈ ਬੌਲਾ, ਜਾਂ ਬਊਲਾ ਜੋ ਬਿਲਕੁਲ ਹੀ ਝੱਲੇ ਬੰਦੇ ਦਾ ਬੋਧਕ ਪ੍ਰਤੀਤ ਹੁੰਦਾ ਹੈ। ਭਾਸ਼ਾ ਦੀ ਖੂਬਸੂਰਤੀ ਹੈ ਕਿ ਇਕੋ ਸ਼ਬਦ ਦੇ ਥੋੜੇ-ਬਹੁਤੇ ਬਦਲਵੇਂ ਰੂਪ ਨਾਲ ਉਨ੍ਹਾਂ ਦੇ ਅਰਥਾਂ ਵਿਚ ਸੂਖਮ ਪਰਿਵਰਤਨ ਹੋ ਜਾਂਦਾ ਹੈ। ਏਥੇ ਸੁਚੇਤ ਕਰ ਦੇਵਾਂ ਕਿ ਘੁੰਗਰਾਲੇ ਵਾਲਾਂ ਦੀਆਂ ਲਿਟਾਂ ਲਈ ਵਰਤੇ ਜਾਂਦੇ ਸ਼ਬਦ ਬਾਂਵਰੀਆਂ ਦਾ ਚਰਚਿਤ ਬਾਂਵਰਾ ਨਾਲ ਕੋਈ ਸਬੰਧ ਨਹੀਂ, ਇਹ ਸੰਸਕ੍ਰਿਤ ‘ਬਰਬਰ’ ਤੋਂ ਬਣਿਆ ਹੈ।
ਇਕ ਹੋਰ ਪੱਖ ਵਿਚਾਰੀਏ। ਬਾਵਲਾ ਸ਼ਬਦ ਦਾ ਸਬੰਧ ਬਊਲ ਨਾਲ ਵੀ ਹੈ ਜੋ ਬੰਗਾਲ ਦੀ ਭਗਤੀਧਾਰਾ ਦੀ ਇਕ ਲੋਕ ਸੰਗੀਤ ਸ਼ੈਲੀ ਹੈ। ਮੁਢਲੇ ਤੌਰ ਤੇ ਬਊਲ ਬੰਗਾਲ ਦਾ ਇਕ ਸਮਧਰਮੀ ਧਾਰਮਿਕ ਸੰਪਰਦਾਏ ਹੈ, ਜਿਸ ਦੇ ਅਨੁਆਈ ਵੈਸ਼ਣਵ ਅਤੇ ਸੂਫੀ ਵਿਚਾਰਾਂ ਦੇ ਹੁੰਦੇ ਹਨ। ਉਨ੍ਹਾਂ ਦੇ ਵੈਰਾਗਮਈ ਗੀਤਾਂ ਨੂੰ ਬਊਲੀ-ਗਾਨ ਕਿਹਾ ਜਾਂਦਾ ਹੈ। ਇਸ ਦੇ ਫਿਰਤੂ ਗਵਈਆਂ ਦੇ ਟੋਲੇ ਸਿਵ ਭਗਤ ਜੰਗਮਾਂ ਦੀ ਤਰ੍ਹਾਂ ਪ੍ਰਭੂ-ਪ੍ਰੇਮ ਵਿਚ ਰੰਗੇ ਅਲਮਸਤ ਹੋ ਕੇ ਕਈ ਲੋਕ ਸਾਜ਼ਾਂ ਸਹਿਤ ਨਚਦੇ-ਗਾਉਂਦੇ ਫਿਰਦੇ ਹਨ। ਉਹ ਧੋਤੀ ਪਾਉਂਦੇ, ਲੰਬੇ ਵਾਲ ਰੱਖਦੇ ਤੇ ਸਿਰ ‘ਤੇ ਜੂੜਾ ਬਣਾਉਂਦੇ ਹਨ। ਗਲ ਵਿਚ ਤੁਲਸੀ ਦੀ ਮਾਲਾ ਵੀ ਪਹਿਨੀ ਹੁੰਦੀ ਹੈ। ਬਊਲ ਸ਼ਬਦ ਬਾਵਲਾ ਤੋਂ ਥੋੜੇ ਧੁਨੀ ਪਰਿਵਰਤਨ ਨਾਲ ਬਣਿਆ ਜੋ ਖੁਦ ਸੰਸਕ੍ਰਿਤ ‘ਵਤੁਲ’ ਤੋਂ ਵਿਉਤਪਤ ਹੋਇਆ ਹੈ। ਵਾਤੁਲ ਦਾ ਸੰਸਕ੍ਰਿਤ ਵਿਚ ਅਰਥ ਵਾਯੂ ਨਾਲ ਹੋਣ ਵਾਲੇ ਰੋਗ ਤੋਂ ਇਲਾਵਾ ਹਨੇਰੀ, ਵਾਵਰੋਲਾ ਆਦਿ ਵੀ ਹੈ। ਆਯੁਰਵੇਦ ਅਨੁਸਾਰ ਸਰੀਰ ਵਿਚ ਤ੍ਰਿਦੋਸ਼ ਅਰਥਾਤ ਕਫ, ਪਿਤ, ਵਾਤ ਦੇ ਅਸੰਤੁਲਨ ਨਾਲ ਰੋਗ ਉਤਪੰਨ ਹੁੰਦੇ ਹਨ। ਮਾਲੀਖੌਲੀਆ ਅਤੇ ਰੀਹ ਬਾਰੇ ਲਿਖੇ ਲੇਖਾਂ ਵਿਚ ਇਸ ਦੀ ਚਰਚਾ ਹੋ ਚੁੱਕੀ ਹੈ। ਪੰਜਾਬੀ ਵਿਚ ਵਾਤ ਨੂੰ ਵਾਇ ਜਾਂ ਵਾਦੀ ਕਿਹਾ ਜਾਂਦਾ ਹੈ। ਉਂਜ ਵਾਤੁਲ ਸ਼ਬਦ ਸਰੀਰ ਵਿਚ ਹਵਾ ਦੇ ਅਸੰਤੁਲਨ ਕਾਰਨ ਹੋਣ ਵਾਲੇ ਰੋਗਾਂ ਲਈ ਆਮ ਸ਼ਬਦ ਹੈ। ਇਹ ਰੋਗ ਹਨ: ਰੀਹ, ਜੋੜਾਂ ਦਾ ਦਰਦ ਤੇ ਪਾਗਲਪਣ, ਖ਼ਬਤ ਆਦਿ। ਸਾਡੇ ਕੰਮ ਦਾ ਅਰਥ ਹੈ ਪਾਗਲਪਣ। ਪਾਗਲਪਣ ਦੇ ਦੌਰੇ ਵਿਚ ਆਏ ਬੰਦੇ ਬਾਰੇ ਅਸੀਂ ਆਮ ਕਹਿ ਦਿੰਦੇ ਹਾਂ ਕਿ ਉਹ ਹਵਾ ਵਿਚ ਆ ਗਿਆ ਹੈ। ਉਸ ਦਾ ਸਿਆਣਿਆਂ ਤੋਂ ਝਾੜਾ ਕਰਾਇਆ ਜਾਂਦਾ ਹੈ।
ਬਾਵਲੇ ਲੋਕਾਂ ਦੇ ਦਿਮਾਗ ਵਿਚ ਵੀ ਇਕ ਧੁੰਨ ਸਵਾਰ ਹੋ ਜਾਂਦੀ ਹੈ। ਇਕ ਧੁੰਨ ਵਿਚ ਸਵਾਰ ਲੋਕਾਂ ਨੂੰ ਦੀਵਾਨਾ ਜਾਂ ਪਾਗਲ ਹੀ ਸਮਝਿਆ ਜਾਂਦਾ ਹੈ। ਉਂਜ ਵੀ ਅਜੇਹੇ ਬੰਦੇ ਹਵਾ ਭਰੇ ਹੁੰਦੇ ਹਨ। ਅੰਗਰੇਜ਼ੀ ੋਲ ਸ਼ਬਦ ਵਿਚ ਮੂਰਖ ਦੇ ਨਾਲ ਨਾਲ ਪਾਗਲ ਦੇ ਭਾਵ ਵੀ ਹਨ ਤੇ ਇਸ ਦੇ ਮੁਢਲੇ ਲਾਤੀਨੀ ਸ਼ਬਦ ਦਾ ਅਰਥ ਧੌਂਕਣੀ ਹੈ ਜਿਸ ਨਾਲ ਹਵਾ ਦਿੱਤੀ ਜਾਂਦੀ ਹੈ। ਕਈ ਕਵੀ ਆਪਣੇ ਨਾਂ ਪਿਛੇ ਪਾਗਲ, ਦੀਵਾਨਾ ਜਾਂ ਬਾਵਰਾ ਤਖੱਲਸ ਰੱਖ ਲੈਂਦੇ ਹਨ। ਸੋ ਬੰਗਾਲ ਦੇ ਬਊਲਾਂ ਨੂੰ ਵੀ ਅਜਿਹਾ ਹੀ ਸਮਝਿਆ ਗਿਆ ਹੈ। ਵਾਤ ਸ਼ਬਦ ਤੋਂ ਵਾਤਾਵਰਣ ਤੇ ਹੋਰ ਕਈ ਸ਼ਬਦ ਬਣੇ ਹਨ। ਖੁਦ ਵਾਤ ਸ਼ਬਦ ਪਿਛੇ ‘ਵਹ’ ਧਾਤੂ ਹੈ।
ਕੁਝ ਵਿਦਵਾਨਾਂ ਦੇ ਮਤ ਅਨੁਸਾਰ ਬਊਲ ਸ਼ਬਦ ‘ਫਾਰਸ ਦੀ ਸੂਫੀ ਪਰੰਪਰਾ ਬਾ’ਬਲ ਤੋਂ ਨਿਕਲਿਆ ਹੈ । ਇਹ ਪੰਥ ਬਾਹਰਵੀਂ ਸਦੀ ਵਿਚ ਯਮਨ ਦੇ ਪ੍ਰਸਿਧ ਸੂਫੀ ਸੰਤ ਅਲੀ ਬਾ ਅਲਾਵੀ ਅਲ ਹੁਸੈਨੀ ਦੇ ਨਾਂ ਤੋਂ ਸ਼ੁਰੂ ਹੁੰਦਾ ਹੈ। ਕੁਝ ਵੀ ਹੋਵੇ, ਮੇਰਾ ਵਿਚਾਰ ਹੈ ਕਿ ਬਾਹਰੋਂ ਆਏ ਸ਼ਬਦਾਂ ਜਾਂ ਵਿਚਾਰਾਂ ਵਾਸਤੇ ਨਵੀਂ ਭੂਮੀ ਵਿਚ ਜੜ੍ਹ ਫੜਨ ਲਈ ਇਥੇ ਪ੍ਰਚਲਤ ਰਲਦੇ-ਮਿਲਦੇ ਸ਼ਬਦਾਂ, ਸੰਕਲਪਾਂ ਦੀ ਪੁਸ਼ਟੀ ਚਾਹੀਦੀ ਹੁੰਦੀ ਹੈ। ਬਊਲ ਦੇ ਬਾਵਲਾ ਤੋਂ ਬਣੇ ਹੋਣ ਦੇ ਤਰਕ ਪੁਖਤਾ ਹਨ। ਗੁਰੂ ਗ੍ਰੰਥ ਸਾਹਿਬ ਵਿਚ ਬਾਵਲਾ ਤੇ ਇਸ ਦੇ ਹੋਰ ਰੁਪਾਂਤਰਾਂ ਦੀ ਦਰਜਨਾਂ ਵਾਰ ਵਰਤੋਂ ਹੋਈ ਮਿਲਦੀ ਹੈ। ਸਿੱਖ ਅਤੇ ਭਗਤੀ ਲਹਿਰ ਦੇ ਮੋਢੀ ਗੁਰੂਆਂ ਭਗਤਾਂ ਨੂੰ ਇਸ ਦਾ ਅਵੱਸ਼ ਗਿਆਨ ਹੋਵੇਗਾ। ਸੋ ਗੁਰਬਾਣੀ ਵਿਚ ਦਰਜ ਪਦਿਆਂ ਵਿਚ ਇਸ ਸ਼ਬਦ ਦਾ ਇਸ ਲਹਿਰ ਵੱਲ ਸੰਕੇਤ ਵੀ ਜ਼ਰੂਰ ਹੋਵੇਗਾ।
ਆਓ, ਜ਼ਰਾ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ਦੇ ਕੁਝ ਨਮੂਨੇ ਦੇਖੀਏ। ਨਾਮ ਦੀ ਸ਼ਕਤੀ ਤੇ ਜ਼ੋਰ ਦਿੰਦੇ ਗੁਰੂ ਭਗਤ ਕਿਸੇ ਪ੍ਰਕਾਰ ਦੀ ਮਾਨਸਿਕ ਭਟਕਣਾ ਜਾਂ ਧਾਰਮਿਕ ਆਵੇਗ ਵਿਚ ਵਹਿ ਜਾਣ ਦੀ ਨਿਖੇਧੀ ਕਰਦੇ ਹਨ। ਭਗਤ ਕਬੀਰ ਨੇ ਇਸ ਸ਼ਬਦ ਦੀ ਬੇਹੱਦ ਵਰਤੋਂ ਕੀਤੀ ਹੈ, ਆਮ ਤੌਰ ਤੇ ‘ਮਨ ਬਉਰਾ ਰੇ’ ਉਕਤੀ ਸਹਿਤ: ‘ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ’ (ਭਗਤ ਕਬੀਰ); ‘ਮਨ ਰੇ ਕਹਾ ਕਹਾ ਭਇਓ ਥੈ ਬਉਰਾ’ (ਗੁਰੂ ਤੇਗ ਬਹਾਦਰ); ਗਲ ਫਾਹੀ ਬਉਰਾ ਬਉਰਾਨਾ, (ਗੁਰੂ ਨਾਨਕ); ਬਿਨੁ ਨਾਵੈ ਸਭ ਫਿਰੈ ਬਉਰਾਣੀ’ (ਗੁਰੂ ਅਮਰ ਦਾਸ)। ਦਿਲਚਸਪ ਹੈ ਕਿ ਕਬੀਰ ਸਾਹਿਬ ਰਾਮ ਨਾਮ ਵਿਚ ਬਉਰਾ ਹੋਣ ਨੂੰ ਖੂਬ ਤਰਜੀਹ ਦਿੰਦੇ ਹਨ, ‘ਆਪ ਨਾ ਬਉਰਾ ਰਾਮ ਕੀਓ ਬਉਰਾ’।
ਵਾਰਿਸ ਸ਼ਾਹ ਨੇ ਬਾਵਰਾ ਸ਼ਬਦ ਦੀ ਵਰਤੋਂ ਕੀਤੀ ਹੈ। ਸਹਿਤੀ ਆਖਦੀ ਹੈ:
ਅਸਾਂ ਜਾਦੂੜੇ ਘੋਲ ਕੇ ਸਭ ਪੀਤੇ, ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ।
ਰਾਜੇ ਭੋਜ ਜਿਹੇ ਕੀਤੇ ਚਾ ਘੋੜੇ, ਨਹੀਂ ਜਾਣਦਾ ਸਾਡਿਆਂ ਚਾਲਿਆਂ ਨੂੰ।
ਰਾਜ ਨਾਥ ਮਿਸ਼ਰਾ ਨਾਂ ਦਾ ਇਕ ਧਰੁਪਦ ਸੰਗੀਤਕਾਰ ਹੋਇਆ ਹੈ ਜੋ ਬੈਜੂ ਬਾਵਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨਾਂ ਦਾ ਅਰਥ ਬਣਦਾ ਹੈ ‘ਬੈਜੂ ਜਨੂੰਨੀ’। ਇਸ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਘਟ ਹੀ ਮਿਲਦੀ ਹੈ। ਕੁਝ ਦੰਤ-ਕਥਾਵਾਂ ਅਨੁਸਾਰ ਉਹ ਗਵਾਲੀਅਰ ਦੇ ਰਾਜਾ ਮਾਨ ਸਿੰਘ ਦਾ ਦਰਬਾਰੀ ਗਾਇਕ ਸੀ ਜੋ ਅਕਬਰ ਦੇ ਦਰਬਾਰੀ ਗਾਇਕ ਤਾਨਸੈਨ ਦਾ ਸਮਕਾਲੀ ਸੀ। ਬੈਜੂ ਬਾਵਰਾ ਦਾ ਸਬੰਧ ਹੁਸ਼ਿਆਰਪੁਰ ਦੇ ਇਕ ਪਿੰਡ ਬਜਵਾੜਾ ਨਾਲ ਵੀ ਜੋੜਿਆ ਜਾਂਦਾ ਹੈ। ਇਸ ਬਾਰੇ ਇਕ ਦੰਦ ਕਥਾ ਅਨੁਸਾਰ ਬਜਵਾੜਾ ਪਿੰਡ ਦਾ ਨਾਂ ਬੈਜੂ ਬਾਵਰਾ ਦੇ ਨਾਂ ‘ਤੇ ਪਿਆ। ਬੈਜੂ ਬਾਵਰਾ ਸੰਗੀਤ ਵਿਚ ਬਾਵਰਾ (ਮਸਤ) ਹੋ ਜਾਂਦਾ ਸੀ। ਉਸ ਨੇ ਕਿਸੇ ਵੇਲੇ ਬਜਵਾੜਾ (ਉਸ ਵੇਲੇ ਕੋਈ ਹੋਰ ਨਾਂ) ਪਿੰਡ ਦੇ ਮਹਾਨ ਸੰਗੀਤਕਾਰ ਹਰੀ ਦਾਸ ਨੂੰ ਹੀ ਆਪਣਾ ਗੁਰੂ ਧਾਰਿਆ ਸੀ। ਹਰੀ ਦਾਸ ਨੇ ਆਪਣੇ ਸ਼ਿਸ਼ ਬੈਜੂ ਨੂੰ ਸੰਗੀਤ ਵਿਚ ਮਸਤ ਹੋ ਜਾਣ ਕਰਕੇ ਇਕ ਨਵਾਂ ਨਾਂ ਦਿੱਤਾ-ਬੈਜੂ ਬਾਵਰਾ। ਬੈਜੂ ਬਾਵਰਾ ਏਨਾ ਮਸ਼ਹੂਰ ਹੋਇਆ ਕਿ ਇਸ ਪਿੰਡ ਦਾ ਨਾਂ ਬਾਅਦ ਵਿਚ ਵਿਗੜ ਕੇ ਬਜਵਾੜਾ ਪੈ ਗਿਆ। ਆਇਨ-ਏ-ਅਕਬਰੀ ਦੇ ਮੁਤਾਬਿਕ ਇਸ ਨੂੰ ਇਕ ਪਰਗਨਾ ਕਿਹਾ ਜਾਂਦਾ ਸੀ। ਮਾਨਤਾ ਅਨੁਸਾਰ ਸ਼ੇਰ ਸ਼ਾਹ ਸੂਰੀ ਦਾ ਜਨਮ ਵੀ 1472 ਵਿਚ ਇਸੇ ਪਿੰਡ ਹੋਇਆ। ਬਜਵਾੜਾ ਕਿਸੇ ਵੇਲੇ ਘੋੜਿਆਂ ਦੀ ਮੰਡੀ ਹੁੰਦਾ ਸੀ। ਪਰ ਅਸੀਨ ਇਸ ਨੂੰ ਦੰਦ ਕਥਾ ਹੀ ਕਹਾਂਗੇ। ਧੁਨੀ ਸਮਾਨਤਾ ਕਾਰਨ ਕਈ ਥਾਂਵਾਂ ਦੇ ਨਾਂ ਮਸ਼ਹੂਰ ਹਸਤੀਆਂ ਦੇ ਨਾਂ ਨਾਲ ਜੋੜ ਲਏ ਜਾਂਦੇ ਹਨ। ਲਾਹੌਰ ਦਾ ਨਾਂ ਰਾਮ ਚੰਦਰ ਦੇ ਪੁੱਤਰ ਲਵ ਅਤੇ ਕਸੂਰ ਦਾ ਨਾਂ ਕੁਸ਼ ਨਾਲ ਜੋੜਿਆ ਜਾਂਦਾ ਹੈ। ਪਰ ਏਥੇ ਸੱਚਾਈ ਕੋਈ ਨਹੀਂ।