ਸੰਵਾਦ ਤੋਂ ਇਨਕਾਰ ਦਾ ਮਤਲਬ ਹੈ ਹਿੰਸਾ ਦਾ ਇਕਰਾਰ

ਗੁਰਬਚਨ ਸਿੰਘ ਭੁੱਲਰ
ਭਾਰਤੀ ਸਮਾਜ ਤੇ ਰਾਜਨੀਤੀ ਵਿਚ ਪਾੜ ਪਏ ਹੋਏ ਹਨ। ਇਹ ਪਾੜ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਪਹਿਲਾਂ ਕਦੀ ਵੀ ਏਨੇ ਚੌੜੇ ਤੇ ਡੂੰਘੇ ਨਹੀਂ ਸਨ ਹੋਏ ਜਿੰਨੇ ਅੱਜ ਹਨ। ਇਸ ਦਾ ਇਕ ਮੁੱਖ ਕਾਰਨ ਸੰਵਾਦ ਦਾ ਟੁੱਟਣਾ ਹੈ। ਸੰਵਾਦ ਟੁੱਟ ਕੇ ਪਿੱਛਲਖੁਰੀ ਤੁਰੀ ਗੱਲ ਜੇ ਵਾਦ-ਵਿਵਾਦ ਉਤੇ ਜਾ ਰੁਕਦੀ ਤਾਂ ਵੀ ਕੁਝ ਨਾ ਕੁਝ ਬਚਿਆ ਰਹਿ ਜਾਂਦਾ ਪਰ ਉਹ ਵਾਦ-ਵਿਵਾਦ ਨੂੰ ਵੀ ਪਿੱਛੇ ਛੱਡਦੀ ਪ੍ਰਵਚਨ ਤੱਕ ਜਾ ਤਿਲ੍ਹਕੀ!

ਜੇ ਅੱਜ ਵੱਖ-ਵੱਖ ਤਬਕਿਆਂ ਵਿਚਕਾਰ ਟਕਰਾਉ ਹੈ, ਧਰਮਾਂ ਵਿਚਕਾਰ ਹਿੰਸਾ ਹੈ, ਰਾਜਨੀਤਕ ਪਾਰਟੀਆਂ ਨੇ ਇਕ ਦੂਜੀ ਵਿਰੁੱਧ ਛੁਰੀਆਂ ਤਿੱਖੀਆਂ ਕੀਤੀਆਂ ਹੋਈਆਂ ਹਨ ਅਤੇ ਅਜੋਕੀ ਹਾਕਮ ਧਿਰ ਸੱਚ ਦਾ ਸ਼ੀਸ਼ਾ ਦਿਖਾਉਣ ਵਾਲੇ ਲੇਖਕਾਂ, ਬੁੱਧੀਮਾਨਾਂ, ਕਲਾਕਾਰਾਂ, ਸਮਾਜ ਸ਼ਾਸਤਰੀਆਂ ਤੇ ਵਿਗਿਆਨੀਆਂ ਨੂੰ ਦੇਸ-ਧਰੋਹੀ ਦੁਸ਼ਮਣ ਆਖ ਰਹੀ ਹੈ, ਇਸ ਦਾ ਕਾਰਨ ਸੰਵਾਦ ਦੀ ਸੰਭਾਵਨਾ ਦਾ ਅੰਤ ਹੈ।
ਪ੍ਰਵਚਨ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਉਸ ਸੰਸਕ੍ਰਿਤੀ ਦੀ ਦੇਣ ਹੈ ਜਿਸ ਨੂੰ ਸੁਰਜੀਤ ਕਰਨਾ ਨਾਗਪੁਰੀ ਆਦੇਸ਼ ਅਨੁਸਾਰ ਵਰਤਮਾਨ ਸਰਕਾਰ ਦਾ ਮੁੱਖ ਟੀਚਾ ਹੈ। ਪ੍ਰਵਚਨ ਦੇ ਨੇਮ ਅਨੁਸਾਰ ਕਿਸੇ ਜਨ-ਸਮੂਹ ਵਿਚ ਕੋਈ ਇਕੋ ਹੁੰਦਾ ਹੈ ਜੋ ਸਰਬਗਿਆਤਾ ਹੁੰਦਾ ਹੈ ਅਤੇ ਬਾਕੀ ਸਭ ਨੇ, ਕਿਸੇ ਵੀ ਸੋਝੀ ਤੇ ਸੇਧ ਤੋਂ ਵਿਰਵੇ ਹੋਣ ਕਰ ਕੇ, ਹਰ ਗੱਲ ਉਸੇ ਤੋਂ ਸਿੱਖਣੀ ਹੁੰਦੀ ਹੈ। ਇਸੇ ਫ਼ਰਕ ਸਦਕਾ ਪ੍ਰਵਚਨ-ਕਰਤਾ ਉਚੇ ਥੜ੍ਹੇ ਉਤੇ ਬਿਰਾਜਮਾਨ ਹੁੰਦਾ ਹੈ ਤੇ ਮੂਕ ਸਰੋਤੇ ਹੱਥ ਜੋੜ ਕੇ ਉਹਦੇ ਚਰਨਾਂ ਤੋਂ ਵੀ ਨੀਵੇਂ ਭੁੰਜੇ ਬੈਠਦੇ ਹਨ। ਪ੍ਰਵਚਨ ਸੱਤ-ਬਚਨੀ ਹੋਣ ਕਰ ਕੇ ਸਰੋਤੇ ਦੇ ਮਨ ਨੂੰ ਕਿਸੇ ਸ਼ੰਕੇ, ਕਿਸੇ ਕਿੰਤੂ-ਪ੍ਰੰਤੂ ਦੀ ਗੁੰਜਾਇਸ਼ ਨਹੀਂ ਦਿੰਦਾ ਜਿਸ ਕਰ ਕੇ ਵਿਚਾਰ-ਪਰਵਾਹ ਇਕ-ਮਾਰਗੀ ਹੁੰਦਾ ਹੈ। ਸਰੋਤਿਆਂ ਕੋਲ ਅਜਿਹਾ ਕੁਝ ਨਹੀਂ ਹੁੰਦਾ ਜੋ ਗਿਆਨੀ ਪ੍ਰਵਚਨੀਆਂ ਸੁਣ-ਜਾਣ ਸਕੇ। ਨਿਸ਼ਰਧਕ ਸ਼ੰਕੇਬਾਜ਼ ਉਹਦੇ ਸਰਾਪ ਤੇ ਕਹਿਰ ਦਾ ਭਾਗੀ ਬਣਦਾ ਹੈ। ਅੱਜ ਦੇ ਭਾਰਤ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪ੍ਰਵਚਨੀ ਵਰਤਾਰੇ ਦੀ ਉਜਾਗਰ ਮਿਸਾਲ ਹੈ। ਜੇ ਅੱਜ ਦੇ ਅਥਾਹ ਤਰੱਕੀ ਵਾਲੇ ਸਮੇਂ ਦੀ ਇਕ ਵਿਗਿਆਨਕ ਕਾਨਫ਼ਰੰਸ ਵਿਚ ਪ੍ਰਵਚਨੀਆਂ ਕਹੇ ਕਿ ਗਣੇਸ਼ ਨੂੰ ਹਜ਼ਾਰਾਂ ਸਾਲ ਪਹਿਲਾਂ ਦੇ ਭਾਰਤੀ ਰਿਸ਼ੀਆਂ ਨੇ ਪਲਾਸਟਿਕ ਸਰਜਰੀ ਰਾਹੀਂ ਬੰਦੇ ਦੇ ਧੜ ਉਤੇ ਹਾਥੀ ਦਾ ਸਿਰ ਜੋੜ ਕੇ ਸਿਰਜਿਆ ਸੀ, ਸੈਂਕੜੇ ਸਰੋਤਿਆਂ ਦਾ ਧਰਮ, ਪ੍ਰਮੁੱਖ ਡਾਕਟਰ ਤੇ ਸਰਜਨ ਹੋਣ ਦੇ ਬਾਵਜੂਦ, ਸੱਤ-ਵਚਨੀ ਵਾਹ-ਵਾਹ ਕਰਨਾ ਹੀ ਹੁੰਦਾ ਹੈ।
ਜਦੋਂ ਇਕੋ ਮੁੱਦੇ ਨੂੰ ਲੈ ਕੇ ਵੱਖ-ਵੱਖ ਵਿਚਾਰਾਂ ਦੇ ਧਾਰਨੀ ਦੋ ਪ੍ਰਵਚਨੀਆਂ ਦਾ ਸਾਹਮਣਾ ਹੁੰਦਾ ਹੈ, ਵਾਦ-ਵਿਵਾਦ ਦਾ ਮੁੱਢ ਬੱਝਦਾ ਹੈ। ਇਸ ਵਿਚ ਵੀ ਇਕ-ਦੂਜੇ ਦਾ ਮੱਤ ਜਾਣਨ ਦੀ, ਉਹਨੂੰ ਪਰਖਣ ਅਤੇ ਸੱਚ ਹੋਣ ਦੀ ਸੂਰਤ ਵਿਚ ਬੇਝਿਜਕ ਅਪਨਾਉਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਇਹ ਬੌਧਿਕ ਸਾਨ੍ਹਾਂ ਦਾ ਭੇੜ ਹੁੰਦਾ ਹੈ ਜਿਸ ਵਿਚ ਆਪਣੇ ਮੱਤ ਦੀ ਸ੍ਰੇਸ਼ਟਤਾ ਦਾ ਯਕੀਨ ਮੁੱਢਲੀ ਸ਼ਰਤ ਹੁੰਦਾ ਹੈ ਅਤੇ ਆਪਣੀ ਇਹ ਸ੍ਰੇਸ਼ਟਤਾ ਸਿੱਧ ਕਰ ਕੇ ਦੂਜੇ ਦੇ ਮੱਤ ਨੂੰ ਛੁਟਿਆਉਣਾ-ਹਰਾਉਣਾ ਮੁੱਖ ਉਦੇਸ਼ ਬਣ ਜਾਂਦਾ ਹੈ। ਇਹ ਵਰਤਾਰਾ ਬਹੁਤਿਆਂ ਟੀæਵੀæ ਚੈਨਲਾਂ ਵਲੋਂ ਆਪਣਾ ਕਾਰੋਬਾਰ ਵਧਾਉਣ ਲਈ ਹਰ ਛੋਟੇ-ਵੱਡੇ ਮੁੱਦੇ ਨੂੰ ਫੜ ਕੇ ਕਰਵਾਈਆਂ ਜਾਂਦੀਆਂ ਕਥਿਤ ਬਹਿਸਾਂ ਵਿਚ ਸਾਫ਼ ਦਿਸਦਾ ਹੈ। ਉਥੇ ਹਾਕਮ ਧਿਰ, ਭਾਵ ਆਰæਐਸ਼ਐਸ਼ ਤੇ ਭਾਜਪਾ ਦੇ ਨੁਮਾਇੰਦੇ, ਅਕਸਰ ਐਂਕਰਾਂ ਦੀ ਮਿਲੀਭੁਗਤ ਨਾਲ, ਆਪ ਨਿਰਵਿਘਨ ਬੋਲਣ ਅਤੇ ਵਿਰੋਧੀ ਨੂੰ ਲਗਾਤਾਰ ਟੋਕਦੇ ਰਹਿਣ ਦੀ ਨੀਤੀ ਅਪਣਾ ਕੇ ਸੰਵਾਦ ਨੂੰ ਵਿਵਾਦ ਵਿਚ ਪਲਟ ਦਿੰਦੇ ਹਨ।
ਵਿਚਾਰ ਤੇ ਗਿਆਨ ਦੇ ਖੇਤਰ ਵਿਚ ਸੰਵਾਦ ਨੂੰ ਉੱਤਮ ਹੋਣ ਦਾ ਮਾਣ ਹਾਸਲ ਹੈ। ਹਉਂਮੁਖੀ ਪ੍ਰਵਚਨ ਅਤੇ ਭੇੜਮੁਖੀ ਵਾਦ-ਵਿਵਾਦ ਦੇ ਉਲਟ ਸੰਵਾਦ ਦੀ ਬੁਨਿਆਦ ਮਾਨਵੀ ਸਹਿਣਸ਼ੀਲਤਾ ਹੈ। ਸੰਵਾਦ ਇਹ ਮੰਨ ਕੇ ਤੁਰਦਾ ਹੈ ਕਿ ਹਰ ਕਿਸੇ ਕੋਲ ਦੂਜੇ ਨੂੰ ਦੱਸਣ ਵਾਸਤੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ। ਇਸੇ ਕਰ ਕੇ ਮਾਨਵਮੁਖੀ ਭਗਤੀ ਲਹਿਰ ਨੇ ਆਦਿਕਾਲ ਤੋਂ ਤੁਰੀਆਂ ਆਈਆਂ ਪ੍ਰਵਚਨੀ ਤੇ ਵਾਦ-ਵਿਵਾਦੀ ਪਰੰਪਰਾਵਾਂ ਦੀ ਥਾਂ ਸੰਵਾਦ ਜਾਂ ਗੋਸ਼ਟ ਨੂੰ ਪ੍ਰਮੁੱਖਤਾ ਦਿੱਤੀ। ਭਗਤ ਕਬੀਰ ਆਖਦੇ ਹਨ, “ਸੰਤੁ ਮਿਲੈ ਕਿਛੁ ਸੁਨੀਐ ਕਹੀਐ”। ਬਾਬਾ ਨਾਨਕ ਕਹਿੰਦੇ ਹਨ, “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ”। ਸੰਵਾਦੀ ਵਿਚਾਰ-ਵਟਾਂਦਰੇ ਦਾ ਇਕ ਪੱਖ ਤਾਂ ਉਚੇਚਾ ਧਿਆਨ ਲੋੜਦਾ ਹੈ। ਉਹ ਹੈ ਆਪਣੀ ਗੱਲ ਕਹਿਣ ਨਾਲੋਂ ਦੂਜੇ ਦੀ ਗੱਲ ਸੁਣਨ ਨੂੰ ਵੱਧ ਮਹੱਤਵ ਦੇਣਾ। ਭਗਤ ਜੀ ਤੇ ਬਾਬਾ ਜੀ, ਦੋਵੇਂ ਸੁਣਨ ਨੂੰ ਪਹਿਲ ਦਿੰਦੇ ਹਨ ਤੇ ਕਹਿਣ ਨੂੰ ਦੂਜੀ ਥਾਂ ਉਤੇ ਰੱਖਦੇ ਹਨ।
ਬਹੁਭਾਂਤੀ ਸਮਾਜ ਵਿਚ ਮਤਭੇਦ ਸੁਭਾਵਿਕ ਹਨ। ਜੇ ਬਹੁਤਾ ਪਿੱਛੇ ਨਾ ਜਾਈਏ, ਆਜ਼ਾਦ ਭਾਰਤ ਦਾ ਸਾਰਾ ਇਤਿਹਾਸ ਇਹੋ ਦੱਸਦਾ ਹੈ, ਪਰ ਉਹ ਇਹ ਵੀ ਦੱਸਦਾ ਹੈ ਕਿ ਸਾਰੇ ਵਿਰੋਧਾਂ ਤੇ ਮਤਭੇਦਾਂ ਦੇ ਬਾਵਜੂਦ ਵੱਖ-ਵੱਖ ਧਿਰਾਂ ਵਿਚਕਾਰ, ਭਾਜਪਾ ਦੀ ਇਸ ਸਰਕਾਰ ਤੋਂ ਪਹਿਲਾਂ, ਸੰਵਾਦ ਕਦੀ ਵੀ ਪੂਰੀ ਤਰ੍ਹਾਂ ਨਹੀਂ ਸੀ ਟੁੱਟਿਆ। ਕਹਾਵਤ ਹੈ ਕਿ ਖ਼ੂਨੀ ਜੰਗਾਂ ਲੜਨ ਵਾਲੀਆਂ ਧਿਰਾਂ ਦਾ ਝਗੜਾ ਵੀ ਆਖ਼ਰ ਰਣ-ਖੇਤਰ ਵਿਚ ਸ਼ਸਤਰ ਨਾਲ ਨਹੀਂ, ਗੱਲਬਾਤ ਦੀ ਮੇਜ਼ ਉਤੇ ਸ਼ਾਸਤਰ ਨਾਲ ਹੀ ਨਿੱਬੜਦਾ ਹੈ!
ਵਰਤਮਾਨ ਤਾਣੇ-ਬਾਣੇ ਅਧੀਨ ਸੰਵਾਦ ਨੂੰ ਬੇਲੋੜਾ ਸਮਝਣ ਵਾਲੀ ਸੋਚ ਦੇਸ ਦੀਆਂ ਵੱਡੀਆਂ ਮੁਸ਼ਕਿਲਾਂ ਦਾ ਕਾਰਨ ਬਣੀ ਹੋਈ ਹੈ ਜੋ ਸੁਲਝਣ ਦੀ ਥਾਂ ਹੋਰ ਉਲਝਦੀਆਂ ਜਾਂਦੀਆਂ ਹਨ। ਬਾਕੀ ਗੱਲਾਂ ਛੱਡ ਕੇ ਇਸ ਸਮੇਂ ਭਖਿਆ ਹੋਇਆ ਸਾਹਿਤ ਤੇ ਕਲਾ ਸਬੰਧੀ ਅਸਹਿਣਸ਼ੀਲਤਾ ਦਾ ਮੁੱਦਾ ਹੀ ਲਵੋ। ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪੂਰੇ ਅੱਠ ਮਹੀਨੇ ਮਗਰੋਂ 15 ਜਨਵਰੀ 2015 ਨੂੰ ਇਕ ਘਟਨਾ ਵਾਪਰਦੀ ਹੈ। ਪ੍ਰਸਿੱਧ ਤਮਿਲ ਲੇਖਕ ਪਿਰੂਮਲ ਮੁਰੂਗਨ ਦੇ ਇਕ ਨਾਵਲ ਨੂੰ ਧਾਰਮਿਕ ਭਾਵਨਾਵਾਂ ਜ਼ਖ਼ਮੀ ਕਰਨ ਵਾਲਾ ਆਖ ਕੇ ਹਿੰਦੂਵਾਦੀ ਜਥੇਬੰਦੀਆਂ ਇਹਦੀ ਜ਼ਬਤੀ ਅਤੇ ਲੇਖਕ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੀਆਂ ਹਨ। ਧਮਕੀਆਂ, ਭੜਕਾਊ ਜਲੂਸਾਂ ਤੇ ਹਿੰਸਕ ਬੰਦਾਂ ਰਾਹੀਂ ਲੇਖਕ ਦਾ ਜਿਉਣਾ ਇਸ ਹੱਦ ਤੱਕ ਦੁੱਭਰ ਕਰ ਦਿੱਤਾ ਜਾਂਦਾ ਹੈ ਕਿ ਕੁਝ ਲੇਖਕਾਂ ਦੀ ਹਮਦਰਦੀ ਤੋਂ ਬਿਨਾਂ ਕੋਈ ਵੀ ਸਹਾਰਾ ਮਿਲਦਾ ਨਾ ਦੇਖ ਕੇ, ਖਾਸ ਕਰ ਕੇ ਸਰਕਾਰ ਦੀ ਚੁੱਪ ਦੇਖ ਕੇ ਆਖ਼ਰ ਉਹ ਇਹ ਬਿਆਨ ਜਾਰੀ ਕਰ ਦਿੰਦਾ ਹੈ: “ਲੇਖਕ ਪਿਰੂਮਲ ਮੁਰੂਗਨ ਮਰ ਗਿਆ ਹੈ। ਉਹ ਕੋਈ ਭਗਵਾਨ ਨਹੀਂ। ਇਸ ਲਈ ਉਹ ਦੁਬਾਰਾ ਅਵਤਾਰ ਨਹੀਂ ਧਾਰੇਗਾ। ਇਸ ਪਿੱਛੋਂ ਸਿਰਫ਼ ਨਿਮਾਣਾ ਅਧਿਆਪਕ ਪੀæ ਮੁਰੂਗਨ ਹੀ ਜੀਵਤ ਰਹੇਗਾ।”
ਜੇ ਸਰਕਾਰ ਦਾ ਸਰੂਪ ਸੱਚਮੁੱਚ ਜਮਹੂਰੀ ਤੇ ਸੰਵਾਦੀ ਹੁੰਦਾ ਤਾਂ ਲੇਖਕ ਦਾ ਆਪਣੀ ਮੌਤ ਦਾ ਐਲਾਨ ਪ੍ਰਧਾਨ ਮੰਤਰੀ ਨੂੰ ਬੇਚੈਨ ਕਰਨ ਲਈ ਕਾਫ਼ੀ ਹੋਣਾ ਸੀ, ਪਰ ਵਰਤਮਾਨ ਸਰਕਾਰ ਦੀਆਂ ਨਜ਼ਰਾਂ ਵਿਚ ਲੇਖਕ, ਬੁੱਧੀਮਾਨ ਤੇ ਕਲਾਕਾਰ, ਜਿਵੇਂ ਮਗਰੋਂ ਦੀਆਂ ਅਣਗਿਣਤ ਘਟਨਾਵਾਂ ਨੇ ਦਰਸਾਇਆ, ਬਹੁਤ ਹੀ ਤੁੱਛ ਹੈਸੀਅਤ ਵਾਲੇ, ਸਗੋਂ ਦੇਸ-ਧਰੋਹੀ ਹਨ ਜੋ ਕਿਸੇ ਵੀ ਧਿਆਨ ਤੇ ਸਤਿਕਾਰ ਦੇ ਹੱਕਦਾਰ ਨਹੀਂ। ਇਨ੍ਹਾਂ ਘਟਨਾਵਾਂ ਵਿਚ ਬੁੱਧੀਮਾਨਾਂ ਤੇ ਲੇਖਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਉਨ੍ਹਾਂ ਦੇ ਮੂੰਹ ਕਾਲੇ ਕਰਨਾ, ਗਾਲੀ-ਗਲੋਚ ਤੇ ਕਤਲ ਆਦਿ ਸ਼ਾਮਲ ਸਨ। ਕਿਸੇ ਨੇਤਾ ਜਾਂ ਕ੍ਰਿਕਟੀਏ ਨੂੰ ਖੰਘ ਆਈ ਤੋਂ ਵੀ ਟਵੀਟ ਕਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਦਾ ਇਸ ਸਭ ਕੁਝ ਦਾ ਪ੍ਰਤੀਕਰਮ ਮੁਕੰਮਲ ਚੁੱਪ ਰਿਹਾ ਹੈ। ਸਾਹਿਤ ਅਕਾਦਮੀ ਨੇ ਵੀ ਲੰਮੇ ਸਮੇਂ ਤੱਕ ਮੋਦੀਵਾਦੀ ਚੁੱਪ ਹੀ ਵੱਟ ਰੱਖੀ। ਇਸ ਦੁਪਾਸੀ ਚੁੱਪ ਤੋਂ ਪ੍ਰੇਸ਼ਾਨ ਹੋ ਕੇ ਲੇਖਕਾਂ ਨੇ ਆਪਣੇ ਰੋਸ ਨੂੰ ਨਿਕਾਸ ਦੇਣ ਲਈ ਸਾਹਿਤ ਅਕਾਦਮੀ ਤੋਂ ਪ੍ਰਾਪਤ ਹੋਏ ਪੁਰਸਕਾਰ ਉਸੇ ਨੂੰ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਸ ਚੁੱਪ ਦੇ ਸਮਾਨੰਤਰ ਸਰਕਾਰ ਤੇ ਹਾਕਮ ਪਾਰਟੀ ਦੇ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ, ਨੇਤਾਵਾਂ ਆਦਿ ਨੇ ਪੁਰਸਕਾਰ-ਵਾਪਸੀਏ ਲੇਖਕਾਂ ਵਿਰੁੱਧ ਦੋਸ਼ਾਂ, ਤੋਹਮਤਾਂ ਤੇ ਦੁਰਵਚਨਾਂ ਦੀ ਝੜੀ ਲਾ ਦਿੱਤੀ।
ਇਸ ਪ੍ਰਸੰਗ ਵਿਚ ਲੇਖਕਾਂ ਦੀ ਕਦਰ ਸਮਝਣ ਵਾਲੀਆਂ ਸਰਕਾਰਾਂ ਵਿਚੋਂ ਇਕ ਮਿਸਾਲ ਯਾਦ ਆਉਂਦੀ ਹੈ। ਫਰਾਂਸ ਦੇ ਪਿਛਲੀ ਸਦੀ ਦੇ ਸਰਕਾਰ ਵਿਰੋਧੀ ਜਨਤਕ ਅੰਦੋਲਨ ਸਮੇਂ ਲੇਖਕ ਯਾਂ ਪਾਲ ਸਾਰਤਰ ਜਿਸ ਨੇ ਕੁਝ ਸਮਾਂ ਪਹਿਲਾਂ ਨੋਬੇਲ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਨੂੰ ਵੀ ਗ੍ਰਿਫ਼ਤਾਰ ਕਰ ਕੇ ਸੀਖਾਂ ਪਿੱਛੇ ਸੁੱਟ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਰਾਸ਼ਟਰਪਤੀ ਡੀਗਾਲ ਨੇ ਉਹਨੂੰ ਆਜ਼ਾਦ ਕਰ ਦਿੱਤਾ। ਹੈਰਾਨ ਹੋਏ ਕੁਝ ਅਧਿਕਾਰੀਆਂ ਨੇ ਇਸ ਫ਼ੈਸਲੇ ਦਾ ਕਾਰਨ ਪੁੱਛਿਆ ਤਾਂ ਉਹਦਾ ਜਵਾਬ ਸੀ, “ਕਦੀ ਵਾਲਟੇਅਰ ਨੂੰ ਵੀ ਕੋਈ ਕੈਦ ਕਰਦਾ ਹੈ?” ਵਾਲਟੇਅਰ 18ਵੀਂ ਸਦੀ ਦੇ ਫਰਾਂਸ ਦਾ ਮਹਾਨ ਲੇਖਕ ਹੋਇਆ ਹੈ। ਡੀਗਾਲ ਦਾ ਇਹ ਜਵਾਬ ਇਉਂ ਸੀ ਜਿਵੇਂ ਕੋਈ ਪੰਜਾਬ ਵਿਚ ਕਹੇ, ਕਦੀ ਫ਼ਰੀਦ ਜਾਂ ਵਾਰਿਸ ਸ਼ਾਹ ਨੂੰ ਵੀ ਕੋਈ ਕੈਦ ਕਰਦਾ ਹੈ? ਪਰ ਅਜਿਹਾ ਜਵਾਬ ਦੇਣ ਲਈ ਸਰਕਾਰ ਨੂੰ ਸਾਹਿਤ ਤੇ ਕਲਾ ਦੀ ਸਮਝ ਤੇ ਕਦਰ ਹੋਣੀ ਜ਼ਰੂਰੀ ਹੈ ਜੋ ਇਸ ਸੂਰਤ ਵਿਚ ਹੈ ਨਹੀਂ।
ਜੇ ਸ਼ੁਰੂ ਵਿਚ ਹੀ ਸਰਕਾਰ ਪਹਿਲ ਕਰ ਕੇ ਕੁਝ ਪੁਰਸਕਾਰ-ਵਾਪਸੀਏ ਲੇਖਕਾਂ ਨੂੰ ਬੁਲਾਉਂਦੀ ਤੇ ਸੰਵਾਦੀ ਮਾਹੌਲ ਵਿਚ ਉਨ੍ਹਾਂ ਦਾ ਮੱਤ ਸੁਣ-ਸਮਝ ਕੇ ਹਾਲਾਤ ਨੂੰ ਸੁਧਾਰਨ ਦਾ ਇਕਰਾਰ ਕਰਦੀ, ਗੱਲ ਉਥੇ ਹੀ ਮੁੱਕ ਗਈ ਹੁੰਦੀ; ਪਰ ਸਰਕਾਰ ਦੀ ਅਜਿਹੀ ਕੋਈ ਮਨਸ਼ਾ ਹੈ ਹੀ ਨਹੀਂ ਸੀ। ਦੇਖਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਬਹੁਤ ਮਗਰੋਂ ਜਾ ਕੇ ਜੇ ਮਿਲਣ ਵਾਸਤੇ ਕਿਸੇ ਨੂੰ ਸੱਦਿਆ ਵੀ, ਉਹ ਇਕ ਸਿੱਧੇ ਟੀæਵੀæ ਪ੍ਰਸਾਰਨ ਸਮੇਂ ਪੁਰਸਕਾਰ ਮੋੜਨ ਕਾਰਨ ਉਚੇਚੀ ਚਰਚਾ ਵਿਚ ਆਇਆ ਉਰਦੂ ਸ਼ਾਇਰ ਮੁਨੱਵਰ ਰਾਣਾ ਸੀ। ਸੁਹਿਰਦਤਾ ਤੋਂ ਵਿਰਵੇ ਇਸ ਸੱਦੇ ਦਾ ਇਕੋ-ਇਕ ਮੰਤਵ ਇਕੱਲੇ ਰਾਣਾ ਨੂੰ ਚਾਹ ਦੀ ਪਿਆਲੀ ਪਿਆ ਕੇ ਇਕ ਪਾਸੇ ਅਣਹੋਏ ਸੰਵਾਦ ਦਾ ਅਤੇ ਦੂਜੇ ਪਾਸੇ ਰਾਣਾ ਦੀ ਮੁਸਲਮਾਨੀ ਪਛਾਣ ਤੋਂ ਲਾਹਾ ਲੈ ਕੇ ਅਖੌਤੀ ਧਾਰਮਿਕ ਸਦਭਾਵਨਾ ਦਾ ਮਿਰਗ-ਜਲੀ ਪ੍ਰਭਾਵ ਦੇਣਾ ਸੀ। ਲਗਦਾ ਹੈ, ਰਾਣਾ ਨੂੰ ਕਬੀਰ ਜੀ ਦੇ ਬੋਲ “ਬਾਤਨ ਹੀ ਅਸਮਾਨੁ ਗਿਰਾਵਹਿ ਐਸੇ ਲੋਗਨ ਸਿਉ ਕਿਆ ਕਹੀਐ” ਚੇਤੇ ਆ ਗਏ। ਉਹਨੇ ਇਸ ਫੰਧੇ ਵਿਚ ਫਸਣ ਦੀ ਥਾਂ ਸਿਆਣਪ ਤੋਂ ਕੰਮ ਲੈਂਦਿਆਂ ਕੁਝ ਹੋਰ ਲੇਖਕਾਂ ਨੂੰ ਵੀ ਬੁਲਾਏ ਜਾਣ ਦਾ ਸੁਝਾਅ ਭੇਜ ਦਿੱਤਾ ਤਾਂ ਜੋ ਸੱਚਮੁੱਚ ਦਾ ਸੰਵਾਦ ਹੋ ਸਕੇ, ਪਰ ਸੰਵਾਦ ਹੀ ਤਾਂ ਹੈ ਜੋ ਮੋਦੀ ਜੀ ਨੂੰ ਵਾਰਾ ਨਹੀਂ ਖਾਂਦਾ! ਇਸ ਕਰ ਕੇ ਬਿਚਾਰੇ ਮੁਨੱਵਰ ਰਾਣਾ ਦੀ ਚਾਹ ਦੀ ਪਿਆਲੀ ਵੀ ਅਣਪੀਤੀ ਹੀ ਰਹਿ ਗਈ!
ਜਿਥੇ ਸੰਵਾਦ ਦੀ ਸੰਭਾਵਨਾ ਦਾ ਅੰਤ ਹੁੰਦਾ ਹੈ, ਉਥੇ ਹਿੰਸਾ ਦਾ ਆਰੰਭ ਹੁੰਦਾ ਹੈ। ਹਿੰਸਾ ਦੋ ਕਿਸਮਾਂ ਦੀ ਹੁੰਦੀ ਹੈ, ਸ਼ਬਦੀ ਤੇ ਸਰੀਰਕ। ਭਾਰਤ ਦੇ ਵਿਹੜੇ ਹੁਣ ਦੋਵਾਂ ਕਿਸਮਾਂ ਦੀ ਹਿੰਸਾ ਤਾਂਡਵ ਨੱਚ ਰਹੀ ਹੈ। ਸ਼ਬਦੀ ਹਿੰਸਾ ਦੇਸ ਦਾ ਮਾਣ ਸਮਝੇ ਜਾਣ ਦੇ ਹੱਕਦਾਰ ਲੇਖਕਾਂ, ਬੁੱਧੀਮਾਨਾਂ ਤੇ ਕਲਾਕਾਰਾਂ ਨੂੰ ਗਾਲ਼ੀ-ਗਲੋਚ ਤੇ ਧਮਕੀਆਂ ਦਾ ਰੂਪ ਧਾਰ ਰਹੀ ਹੈ ਅਤੇ ਸਰੀਰਕ ਹਿੰਸਾ ਉਨ੍ਹਾਂ ਦੇ ਮੂੰਹ ਕਾਲ਼ੇ ਕਰਨ ਤੋਂ ਲੈ ਕੇ ਧੌਣਾਂ ਉੱਤੇ ਛੁਰੀਆਂ ਫੇਰ ਰਹੀ ਹੈ।