ਪੰਜਾਬੀ ਗਾਇਕੀ ਦੀ ਰੰਗਲੀ ਚਰਖੀ ਦੇ ਕੁਝ ਤੰਦ

ਐਸ ਅਸ਼ੋਕ ਭੌਰਾ
ਪੰਜਾਬੀ ਗਾਇਕੀ ਦੀਆਂ ਆਹ ਕੁਝ ਗੱਲਾਂ, ਜੋ ਮੈਂ ਕਰਨ ਲੱਗਾ ਹਾਂ, ਸਮੇਂ ਦੇ ਲਿਹਾਜ਼ ਨਾਲ ਭਾਵੇਂ ਇਨ੍ਹਾਂ ਨੂੰ ਕਿੰਨੇ ਵੀ ਨਵੇਂ ਅਰਥ ਕਿਉਂ ਨਾ ਦਿੱਤੇ ਜਾਣ ਪਰ ਇਹ Ḕਕਿੱਕਲੀ ਕਲੀਰ ਦੀ’ ਜਾਦੂ ਵਾਂਗ ਮੇਰੇ ਹੱਥਾਂ ਨਾਲ ਵੀ ਜੁੜੀ ਹੋਈ ਹੈ।

ਬਾਲੀਵੁੱਡ ਸੰਗੀਤ ਦੇ ਪ੍ਰੇਮੀਆਂ ਲਈ ਸੁਖਵਿੰਦਰ ਕੋਈ ਨਵਾਂ ਨਾਂ ਨਹੀਂ। ਆਮ ਲੋਕਾਂ ਨੂੰ ਇਹ ਮੁੰਡਾ ਉਦੋਂ ਯਾਦ ਆਇਆ ਜਦੋਂ ਉਹਨੇ ਗਾਇਆ ਸੀ Ḕਯੇਹ ਈਲੂ ਈਲੂ ਕਿਆ ਹੈ-ਆਈ ਲਵ ਯੂ’। ਪਰ ਮੈਂ ਇਸ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਉਹ ਅੰਮ੍ਰਿਤਸਰ ਸੰਘਰਸ਼ ਦੇ ਦੌਰ ਵਿਚੋਂ ਲੰਘ ਰਿਹਾ ਸੀ। ਫਿਰ ਮੈਂ ਉਹਨੂੰ ਉਦੋਂ ਵੀ ਜਾਣਿਆ ਜਦੋਂ ਚਰਨਜੀਤ ਅਹੂਜਾ ਨੇ ਮਿਊਜ਼ਿਕ ਬੈਂਕ ਕੰਪਨੀ ਜ਼ਰੀਏ ਉਹਨੂੰ ਰਿਕਾਰਡ ਕੀਤਾ ਸੀ। Ḕਕੁੜੀ ਲੱਭੇ ਮੁੰਡਾ, ਮੁੰਡਾ ਕੁੜੀ ਨੂੰ ਭਾਲਦਾ, ਹੋਇਆ ਕੀ ਜੇ ਕੁੜੀ ਏਂ ਤੂੰ ਲੁੱਦੇਹਾਣੇ ਦੀ ਨੀ ਮੁੰਡਾ ਸਾਊਥਾਲ ਦਾ’ ਜਾਂ ਫਿਰ ਉਦੋਂ ਜਦੋਂ ਜਲੰਧਰ ਦੂਰਦਰਸ਼ਨ ਨੇ ਨਵੇਂ ਵਰ੍ਹੇ ਦੇ ਪ੍ਰੋਗਰਾਮ Ḕਲਾਰਾ ਲੱਪਾ’ ‘ਚ ਸੁਖਵਿੰਦਰ ਤੋਂ ਟਾਈਟਲ ਗੀਤ Ḕਲਾਰਾ ਲੱਪਾ-ਲਾਰਾ ਲੱਪਾ ਲਾਈ ਰੱਖਦੀ’ ਗਵਾਇਆ ਸੀ।
ਜਲੰਧਰ ਦੇ ਫੁੱਟਬਾਲ ਚੌਂਕ ‘ਚ ਮਜ਼ਾਰ ਦੇ ਸਾਹਮਣੇ ਹਰਜੀਤ ਸਿੰਘ ਦਾ ਘਰ। ਇਥੇ ਗਾਇਕਾਂ, ਸਾਹਿਤਕਾਰਾਂ ਅਤੇ ਮੇਰੇ ਵਰਗਿਆਂ ਨੂੰ ਚਾਹ ਦਾ ਕੱਪ ਬੜੇ ਚਾਅ ਨਾਲ ਪਿਆਇਆ ਜਾਂਦਾ, ਪਰ ਬਹੁਤੀ ਮੁਹੱਬਤ ਦੇ ਫੁੱਲ ਤਾਂ ਕਿਰਦੇ ਸਨ ਕਿਉਂਕਿ ਹਰਜੀਤ ਜਲੰਧਰ ਦੂਰਦਰਸ਼ਨ ਲਈ ਬਹੁਤ ਸਮਾਂ ਰੀੜ੍ਹ ਦੀ ਹੱਡੀ ਹੀ ਰਿਹਾ। ਹਰਜੀਤ ਦੀ ਪਤਨੀ ਡਾæ ਤੇਜਿੰਦਰ ਕੌਰ ਨੇ ਨਿਮਰਤਾ ਤੇ ਸਾਦਗੀ ਦਿਖਾਈ ਇਹ ਦੱਸ ਕੇ ਕਿ ਵੱਧ ਪੜ੍ਹੇ ਲਿਖੇ ਹੋਣ ਦਾ ਅਰਥ ਝੁਕਣਾ ਹੀ ਹੁੰਦਾ ਹੈ। ਹਰਜੀਤ ਨੇ ਇਸੇ ਘਰ ਵਿਚ ਮੈਨੂੰ ਇਕ ਵਾਰ ਬੁਲਾਇਆ ਤਾਂ ਵਰਾਂਡੇ ‘ਚ ਇਕ ਸੁਨੱਖਾ ਮੁੰਡਾ ਕੁਰਸੀ ‘ਤੇ ਬੈਠਾ ਸੀ। ਹਰਜੀਤ ਨੇ ਕਿਹਾ, Ḕਅਸ਼ੋਕ ਇਹ ਮੁੰਡਾ ਅੰਮ੍ਰਿਤਸਰ ਤੋਂ ਹੈ ਸੁਖਵਿੰਦਰ, ਗਾਉਂਦੈ ਕਮਾਲ! ਇਹਦੇ ਬਾਰੇ ਚਾਰ ਲਾਈਨਾਂ ਲਿਖ ਦੇ। ਜਿਹਦੇ ਬਾਰੇ ਤੂੰ ਲਿਖ ਦਿੰਨੈ, ਉਹਦੀ ਤਾਂ ਗੱਲ ਬਣ ਹੀ ਜਾਂਦੀ ਹੈ।’ ਉਸ ਦਿਨ ਇਹ ਖਿਆਲ ਨਹੀਂ ਸੀ ਕਿ ਇਹ ਸੁਖਵਿੰਦਰ ਨਾ ਸਿਰਫ ਪੰਜਾਬੀ ਗਾਇਕੀ ‘ਚ ਟੀਸੀ ਦਾ ਬੇਰ ਤੋੜੇਗਾ, ਸਗੋਂ ਬਾਲੀਵੁੱਡ ਵਿਚ ਵੀ। Ḕਅਜੀਤ’ ਵਿਚ ਇਸ ਮੁੰਡੇ ਦੀ ਪਹਿਲੀ ਐਂਟਰੀ ਮਨਮੋਹਨ ਵਾਰਿਸ ਵਾਂਗ ਮੇਰੇ ਹੀ ਹੱਥੀਂ ਹੋਈ। ਤੇਜਪਾਲ ਕੌਰ ਜਦੋਂ ਸੁਖਵਿੰਦਰ ਦੇ ਗਲ ਮੁੰਬਈ ‘ਚ ਬੀਵੀ ਵਾਂਗ ਜਾ ਲੱਗੀ ਤੇ ਉਹ ਮੈਨੂੰ ਬੜੀ ਦੇਰ ਬਾਅਦ Ḕਅਜੀਤ’ ਦੇ ਦਫਤਰ ਵਿਚ ਮਿਲੀ, ਕਹਿਣ ਲੱਗੀ, “ਸੁਖਵਿੰਦਰ ਤੈਨੂੰ ਚੇਤੇ ਕਰਦਾ ਹੈ।” ਤੁਹਾਨੂੰ ਯਾਦ ਹੋਵੇਗਾ ਕਿ ਜੰਲਧਰ ਦੂਰਦਰਸ਼ਨ ‘ਤੇ ਨਵੇਂ ਵਰ੍ਹੇ ਦੇ ਪ੍ਰੋਗਰਾਮ ‘ਚ ਰੰਜਨਾਂ ਦੇ ਗਾਏ ਗੀਤ Ḕਪੱਤਾ ਖਾਧਾ ਪਾਨ ਦਾ ਵਾਹ ਬਈ ਵਾਹ’ ਤੇ ਅਦਾਵਾਂ ਦਿਖਾਉਣ ਵਾਲੀ ਤੇਜਪਾਲ ਦੀ ਜਦੋਂ ਮੌਤ ਹੋਈ ਤਾਂ ਮੈਂ ਸੁਖਵਿੰਦਰ ਨੂੰ ਵੀ ਭੁਲਾਉਣਾ ਮੁਨਾਸਿਬ ਹੀ ਸਮਝ ਲਿਆ ਸੀ। ਨਹੀਂ ਪਤਾ ਸੀਂ ਮੈਨੂੰ ਵੀ ਕਿ ਇਹ Ḕਬਬਲੂ’ ਨਾ ਨਾਲ ਪ੍ਰਸਿੱਧ ਹੋਇਆ ਗਵੱਈਆ ਤੇਜਪਾਲ ਨਾਲ ਜੁੜੇਗਾ ਤੇ ਟੁੱਟ ਜਾਵੇਗਾ। ਸੁਖਵਿੰਦਰ ਦੀ ਗੱਲ ਮੈਂ ਤਾਂ ਵੀ ਕੀਤੀ ਹੈ ਕਿ ਪੰਜਾਬੀ ਗਾਇਕੀ ਦਾ ਇਕ ਯੁੱਗ ਇਹ ਜਾਣਦਾ ਰਹੇਗਾ ਕਿ ਚਾਹੇ ਕੋਈ ਮੁੰਬਈ ਤੱਕ ਵੀ ਪੰਜਾਬ ਤੋਂ ਸਫਰ ਕਰਕੇ ਸੁਰਾਂ ਨੂੰ ਨਾਲ ਲੈ ਕੇ ਗਿਆ ਹੋਵੇ ਉਹਦਾ ਸਿੱਧਾ ਸਬੰਧ ਕਿਤੇ ਨਾ ਕਿਤੇ ਅਸ਼ੋਕ ਨਾਲ ਰਿਹਾ ਹੈ।
Ḕਰੋਮੀਓ ਬਣਾ ਕੇ ਮੁੰਡੇ ਰੱਖ’ਤੇ’ ਤੇ ਜਾਂ ਕੁੜੀਆਂ ਦੀ ਬੂਟਾਂ ਨਾਲ ਤੁਲਨਾ ਕਰਨ ਵਾਲਾ ਜੈਜ਼ੀ ਬੀ ਕੋਈ ਸ਼ੱਕ ਨਹੀਂ ਕਿ ਨੌਜਵਾਨ ਵਰਗ ਵਿਚ ਹਰਮਨ ਪਿਆਰਾ ਰਿਹਾ ਹੈ ਪਰ ਪਿੰਡ ਮਾਣਕ ਢੇਰੀ ਦਾ ਇੰਦਰਜੀਤ ਬੈਂਸ, ਜੋ ਕਨੇਡਾ ਵਿਚ ਰਹਿੰਦਾ ਹੈ, 1993 ਵਿਚ ਇਸ ਗਾਇਕ ਨੂੰ ਹਿੱਟ ਬਣਾਉਣ ਲਈ ਮੇਰੇ ਕੋਲ ਕਈ ਦਿਨ ਚੱਕਰ ਮਾਰਦਾ ਰਿਹਾ ਕਿ ਸ਼ੌਂਕੀ ਮੇਲੇ ਵਿਚ ਜੈਜ਼ੀ ਨੂੰ ਗਾਉਣ ਦਾ ਸਮਾਂ ਦੇ ਦਿੱਤਾ ਜਾਵੇ। ਉਦੋਂ ਤੱਕ ਮੈਨੂੰ ਇਸ Ḕਜੈਜ਼ੀ’ ਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇੰਦਰਜੀਤ ਨੇ ਮੈਨੂੰ ਇਕ ਫੋਟੋ ਦਿਖਾਈ ਤਾਂ ਮੈਂ ਬੜੀ ਹੈਰਾਨੀ ਨਾਲ ਪੁੱਛਿਆ ਕਿ Ḕਇਹ ਗਾਉਂਦੈ?’ ਕਾਰਨ ਇਹ ਸੀ ਕਿ ਪਹਿਰਾਵਾ ਤੇ ਵਾਲਾਂ ਦੀ ਬਣਤਰ ਦਾ ਅਜੀਬੋ ਗਰੀਬ ਢੰਗ ਮੈਂ ਪਹਿਲੀ ਵਾਰ ਵੇਖਿਆ ਸੀ। ਮੈਂ ਪੁੱਛਿਆ Ḕਇਹ ਸੌਂਦਾ ਲੇਟ ਕੇ ਹੀ ਆ?’ ਉਹਦੇ ਕਈ ਗੇੜਿਆਂ ਪਿਛੋਂ ਮੈਂ ਹਾਂ ਕਰ ਦਿੱਤੀ। 1994 ਦੇ ਸਿਖਰਲੇ ਮੇਲੇ ਵਿਚ ਜੈਜ਼ੀ ਨੂੰ ਆਖਰ ਵਿਚ ਪੇਸ਼ ਕਰਨ ਲਈ ਆਸ਼ਾ ਸ਼ਰਮਾ ਨੇ ਜਦੋਂ ਕਿਹਾ ਕਿ ਇਸ ਮੁੰਡੇ ਦੇ ਪਹਿਰਾਵੇ, ਵਾਲਾਂ ਵੱਲ ਨਾ ਵੇਖੋ ਇਹਦਾ ਕੰਮ ਵੇਖਿਓ ਤੇ Ḕਵਿਹੜੇ ਵਿਚ ਘੁੱਗੀਆਂ ਦਾ ਜੋੜਾ ਨੱਚਦਾ ਹੱਥਾਂ ਵਿਚ ਰੇਸ਼ਮੀ ਰੁਮਾਲ ਫੜ ਕੇ’ ਜਦੋਂ ਇਹਨੇ ਗਾਇਆ ਤਾਂ ਯਕੀਨਨ ਤੁਰੇ ਜਾਂਦੇ ਲੋਕ ਵੀ ਮੇਲੇ ਵੱਲ ਮੁੜੇ ਤੇ ਇਕ ਤਰ੍ਹਾਂ ਨਾਲ ਜੈਜ਼ੀ ਨੇ ਮੇਲੇ ਦੀ ਅਖੀਰ ਸਿਖਰ ਵਿਚ ਤਬਦੀਲ ਕਰ ਦਿੱਤੀ। ਅਗਲੇ ਦਿਨ ਅਸੀਂ ਮੰਢਾਲੀ ਵਾਲੇ ਸਾਈਂ ਭਜਨ ਸ਼ਾਹ ਕਾਦਰੀ ਦੇ ਪਿੰਡ ਇਕੱਠੇ ਹੋਏ। ਇੰਦਰਜੀਤ ਵੀ ਨਾਲ ਸੀ। ਮਕਾਨ ਦੀ ਛੱਤ ‘ਤੇ ਖੜ੍ਹਿਆਂ ਮੈਂ ਸਾਈਂ ਨੂੰ ਕਿਹਾ, ਜੈਜ਼ੀ ਬੈਂਸ ਦੇ ਵਾਲਾਂ ਤੋਂ ਕੱਲ੍ਹ ਹੈਰਾਨ ਸਾਂ ਪਰ ਸ਼ੌਂਕੀ ਮੇਲੇ ਵਿਚ ਜਿਹੜੀ ਸਿਖਰ ਹੋਈ ਹੈ, ਉਹ ਇਸ ਮੁੰਡੇ ਦੀ ਵੱਡੀ ਪ੍ਰਾਪਤੀ ਬਣੀ ਰਹੇਗੀ। ਇਤਫਾਕ ਇਹ ਕਿ ਮੈਂ ਗਾਇਕਾਂ ਦੇ ਬਹੁਤ ਨੇੜੇ ਰਿਹਾ, ਪਰ ਜੈਜ਼ੀ ਨਾਲ ਨੇੜਤਾ ਨਹੀਂ ਬਣੀ, ਹਾਲਾਂਕਿ ਉਹ ਮੇਰੇ ਮਿੱਤਰ ਕੁਲਦੀਪ ਮਾਣਕ ਦਾ ਸ਼ਾਗਿਰਦ ਹੋਣ ਦਾ ਮਾਹੌਲ ਵੀ ਬਣਾਉਂਦਾ ਰਿਹਾ ਹੈ।
ਆਪਣੇ ਜੀਵਨ ਦੀਆਂ ਸੰਗੀਤਕ ਖੇਤਰ ਨਾਲ ਜੁੜੀਆਂ ਕੁਝ ਬਾਰੀਕ ਪਰ ਖਾਸ ਘਟਨਾਵਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਂਦਾ ਹਾਂ। ਜਸਬੀਰ ਜੱਸੀ ਉਰਫ ਜੱਸੀ ਗੁਰਦਾਸਪੁਰੀਆ, ਜਿਹਨੂੰ ਤੁਸੀਂ Ḕਦਿਲ ਲੈ ਗਈ ਕੁੜੀ ਗੁਜਰਾਤ ਦੀ’ ਨਾਲ ਜਾਣਦੇ ਹੋ, ਮੈਂ ਉਹਨੂੰ ਉਦੋਂ ਜਾਣਦਾ ਸਾਂ ਜਦੋਂ ਉਹ ਚਰਨਜੀਤ ਅਹੂਜਾ ਦੇ ਸੱਜੇ ਖੱਬੇ, ਕਦੇ Ḕਸੋਨੋਟੋਨ ਸਟੂਡੀਓ’, ਕਦੇ ਦਿੱਲੀ ਦੇ ਯਮੁਨਾ ਪਾਰ ਉਹਦੇ ਘਰ ਤੇ ਫਿਰ ਕਦੇ ਜਾਗ੍ਰਿਤੀ ਇਨਕਲੇਵ ਵਿਚ ਜੱਸੀ ਹਾਜ਼ਰ ਹੁੰਦਾ ਵੇਖਿਆ। Ḕਚੰਨਾ ਵੇ ਤੇਰੀ ਚਾਨਣੀ ਜਾਹ ਅਸਾਂ ਨਹੀਓਂ ਮਾਨਣੀ’ ਨਾਲ ਚਰਨਜੀਤ ਦੀਆਂ ਲੱਤਾਂ ਘੁੱਟਣ ਕਰਕੇ ਜੱਸੀ ਨੂੰ ਇਕ ਵਧੀਆ ਤੋਹਫਾ ਸ਼ੁਰੂ ਦੇ ਦਿਨਾਂ ਵਿਚ ਹੀ ਮਿਲ ਗਿਆ ਸੀ, ਪਰ ਇਹ ਉਮੀਦ ਨਹੀਂ ਸੀ ਕਿ ਇਹ Ḕਕੁੜੀ ਗੁਜਰਾਤ ਦੀ’ ਵਾਲੇ ਇਕੋ ਗੀਤ ਨਾਲ ਸਫਲਤਾ ਦੇ ਸਾਰੇ ਦਿਸਹੱਦੇ ਸਰ ਕਰ ਲਵੇਗਾ। ਮੈਂ ਮੰਨਦਾ ਹਾਂ ਕਿ ਮੈਂ ਜੱਸੀ ਨੂੰ ਦਿੱਤਾ ਘੱਟ ਹੈ। ਹਾਲਾਂਕਿ ਮੇਰੇ ਜਾਣਕਾਰਾਂ ਨੂੰ ਪਤਾ ਹੈ ਕਿ ਜਦੋਂ ਮੈਂ ਕੋਟ ਫਤੂਹੀ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਸੀ ਤਾਂ ਉਹ ਕਈ ਵਾਰ ਸਾਰਾ ਸਾਰਾ ਦਿਨ ਮੇਰੇ ਕੋਲ ਗੁਜ਼ਾਰ ਜਾਂਦਾ। ਕੰਧ ‘ਤੇ ਬੈਠਾ ਰਹਿੰਦਾ ਤੇ ਮੈਂ ਜੱਸੀ ਨੂੰ ਕਲਾਵਾ ਇਸ ਕਰਕੇ ਵੀ ਘੁੱਟ ਕੇ ਭਰਦਾ ਕਿ ਜਿਸ ਦਿਨ ਗਾਇਕਾਂ ਨੇ ਮੈਨੂੰ ਮਾਰੂਤੀ ਕਾਰ ਸਨਮਾਨ ਵਿਚ ਦੇਣੀ ਸੀ, ਇਹੋ ਗਾਇਕ ਸੀ ਜੋ ਜਲੰਧਰੋਂ ਬੰਗਾ ਤੇ ਉਥੋਂ ਨੌਰੇ ਤੱਕ ਟੈਂਪੂ ‘ਤੇ ਆਇਆ, ਅਤੇ ਅਗੇ ਦੋ ਮੁੰਡੇ ਸਾਈਕਲ ‘ਤੇ ਜੱਸੀ ਨੂੰ ਭੌਰੇ ਲੈ ਕੇ ਆਏ। ਸਮਾਗਮ ਦੀ ਪਹਿਲੀ ਕਤਾਰ ਵਿਚ ਜੱਸੋਵਾਲ ਨਾਲ ਇਸ ਕਰਕੇ ਵੀ ਬੈਠਾ ਰਿਹਾ ਕਿ ਅੱਜ ਮੇਰੀ ਪਛਾਣ ਹੋਰ ਬਣੇਗੀ ਕਿਉਂਕਿ ਉਥੇ ਪਰਮਿੰਦਰ ਸੰਧੂ, ਹਰਭਜਨ ਮਾਨ, ਗੁਰਸੇਵਕ ਮਾਨ, ਸਰਦੂਲ ਸਕੰਦਰ ਹਾਜ਼ਰ ਸਨ। ਮੈਂ ਇਸ ਮੁੰਡੇ ਦੀ ਨਿਮਰਤਾ ਨੂੰ ਸਦਾ ਦਾਦ ਦਿੰਦਾ ਰਹਾਂਗਾ ਕਿ ਉਹਨੇ ਦੋ ਗੀਤ Ḕਚੰਨਾ ਵੇ ਤੇਰੀ ਚਾਨਣੀ’ ਅਤੇ ਅਮਰ ਸਿੰਘ ਸ਼ੌਂਕੀ ਦਾ Ḕਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ’ ਸ਼ੌਂਕੀ ਮੇਲਾ ਮੇਰੇ ਨਾਂ ਤਸਦੀਕ ਕਰਨ ਦੇ ਨਾਲ ਨਾਲ ਕਿਹਾ ਕਿ ਗਾਇਕਾਂ ਨੇ ਮਾਰੂਤੀ ਕਾਰ ਦੇ ਕੇ ਅਸ਼ੋਕ ਭੌਰੇ ਤੇ ਅਹਿਸਾਨ ਨਹੀਂ ਕੀਤਾ, ਪਿਆਰ ਦਾ ਮੁੱਲ ਮੋੜਿਆ ਹੈ। ਦਰਜ਼ਨਾਂ ਮੁਲਾਕਾਤਾਂ ਜੱਸੀ ਨਾਲ ਜੁੜੀਆਂ ਰਹੀਆਂ ਪਰ ਇਕ ਥਾਂ ਉਹ ਸਹੀ ਸੀ ਮੈਂ ਗਲਤ। ਦੌਰਾ ਵਿਦੇਸ਼ੀ ਸੀ। Ḕਕੋਕੇ ਵਾਲੀ ਸਰਬਜੀਤ’ ਨਾਲ ਸੀ ਪਰ ਬਲਿਹਾਰੇ ਇਸ ਗਾਇਕ ਦੇ ਕਿ ਮੇਰੇ ਨਾਲ ਨਾ ਕਿਤੇ ਤਿੜਕਿਆ ਨਾ ਥਿੜਕਿਆ, ਨਾ ਕਦੇ ਉਲਾਂਭਾ ਦਿੱਤਾ ਤੇ ਹੁਣ ਤੱਕ ਅਸੀਂ ਗੱਲਵੱਕੜੀ ਹੋਣ ‘ਚ ਉਤਾਵਲੇ ਹੀ ਰਹੇ ਹਾਂ।
ਕਹੀ ਤਾਂ ਸਾਰੇ ਜਾਨੇ ਆ ਕਿ ਦੁਨੀਆਂ ਵਿਚ ਸੁਰਾਂ ਸੰਗੀਤ ਦੀਆਂ ਸੱਤ ਹੀ ਨੇ, ਤੇ ਜੇ ਕੋਈ ਸਰਬਸਾਂਝੀਵਾਲਤਾ ਵਾਲੀ ਸੰਗੀਤਕ ਸ਼ੈਅ ਹੈ ਤਾਂ ਉਹ ਸੰਸਾਰ ਦੇ ਲੋਕਾਂ ਲਈ ਇਹ ਸੁਰਾਂ ਹੀ ਹਨ। ਪਰ ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਸੁਰਾਂ ਦੇ ਸ਼ੈਦਾਈਆਂ ਨੂੰ ਸਮਾਜ ਨੇ ਜਾਤਾਂ-ਪਾਤਾਂ ਤੇ ਧਰਮਾਂ, ਮਜ਼ਹਬਾਂ ਦੇ ਵਰਗੀਕਰਨ ਵਿਚ ਨਾ ਬੰਨ੍ਹਿਆ ਹੋਵੇ। ਗੀਤ ਸਾਰਿਆਂ ਨੇ ਸੁਣਿਆ ਹੈ, ਚੰਗਾ ਵੀ ਸਾਰਿਆਂ ਨੂੰ ਲੱਗਾ ਹੈ, Ḕਦੱਸ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ, ਜਿਨ੍ਹੇ ਕੁਲਫੀ ਖੁਆਈ ਤੇਰਾ ਕੀ ਲੱਗਦਾ’। ਇਹ ਰੋਮਾਂਟਿਕ ਗੀਤ ਜਿਸ ਗਾਇਕ ਜੋੜੀ ਨੇ ਗਾਇਆ, ਉਹ ਮਨਜੀਤ ਰਾਹੀ ਤੇ ਦਲਜੀਤ ਕੌਰ ਸੀ ਜੋ ਬਾਅਦ ਵਿਚ ਪਤੀ ਪਤਨੀ ਬਣ ਗਏ ਅਤੇ ਉਨ੍ਹਾਂ ਦਾ ਇਕ ਪੁੱਤਰ ਮਨੀ ਮਨਬੀਰ ਵੀ ਹੈ। ਇਹ ਜੋੜੀ ਖੰਨੇ ਤੋਂ ਹੈ। ਖੰਨੇ ਤੋਂ ਹੀ ਸਰਦੂਲ ਸਿਕੰਦਰ ਹੈ। ਸਰਦੂਲ ਨੇ ਜਦੋਂ ਵੀ ਸਾਡੇ ਘਰ ਆਉਣਾ ਤਾਂ ਹੁੱਭ ਕੇ ਕਹਿਣਾ, “ਤੁਹਾਨੁੰ ਇਕ ਜੋੜੀ ਮਿਲਾਉਣੀ ਹੈ ਪਰ ਕੁੜੀ ਖੂਬਸੂਰਤ ਬਹੁਤ ਹੈ।” ਸਾਡੇ ਘਰ ਸਰਦੂਲ ਨੂਰੀ, ਕਮਲਜੀਤ ਨੀਲੋਂ, ਮਨਜੀਤ ਰਾਹੀ ਤੇ ਦਲਜੀਤ ਕੌਰ, ਬੂਟਾ ਮੁਹੰਮਦ ਅਕਸਰ ਇਕੱਠੇ ਹੋ ਜਾਂਦੇ ਤੇ ਮੀਰ ਆਲਮਾਂ ਤੇ ਗਾਇਕੀ ਦੇ ਜਿਹੜੇ ਪਕੌੜੇ ਤਲੇ ਜਾਂਦੇ, ਉਸ ਦਾ ਅਹਿਸਾਸ ਮੈਂ ਕਦੇ ਵੀ ਨਹੀਂ ਭੁਲਾਇਆ। ਦਲਜੀਤ ਕੌਰ ਰੱਜ ਕੇ ਸੁਨੱਖੀ, ਫਿਲਮਾਂ ਵਾਲੀ ਦਲਜੀਤ ਤੋਂ ਵੀ ਸੋਹਣੀ, ਕੁੜੀ ਜੱਟਾਂ ਦੀ ਤੇ ਵਿਚਾਰਾ ਮਨਜੀਤ ਰਾਹੀ ਅੱਖਾਂ ਪੱਖੋਂ ਵੀ ਥੋੜਾ ਜਿਹਾ ਹੀਣਾ, ਨਾਈਆਂ ਦਾ ਮੁੰਡਾ ਵਿਆਹ ਕਰਾਉਣ ਵਿਚ ਕਿਵੇਂ ਸਫਲ ਹੋ ਗਿਆ! ਇਹ ਰਾਜ਼ ਜਾਂ ਮੈਨੂੰ ਪਤੈ ਜਾਂ ਸਰਦੂਲ ਸਿਕੰਦਰ ਨੂੰ ਤੇ ਜਾਂ ਮਨਜੀਤ ਰਾਹੀ ਨੂੰ। ਖੰਨੇ ਦੇ ਲਲਹੇੜੀ ਰੋਡ ‘ਤੇ ਫਾਟਕ ਦੇ ਨਾਲ ਨਿੱਕਾ ਜਿਹਾ ਇਕ ਕਮਰੇ ਵਾਲਾ ਕਿਰਾਏ ਦਾ ਘਰ, ਜਿਥੇ ਮਨਜੀਤ ਰਾਹੀ ਤੇ ਦਲਜੀਤ ਕੌਰ ਰਹਿੰਦੇ ਸਨ। ਕਿਉਂਕਿ ਦਲਜੀਤ ਦਾ ਚਾਹ ਬਣਾਉਣ ਵਿਚ ਕੋਈ ਜਵਾਬ ਨਹੀਂ ਸੀ, ਇਸ ਲਈ ਪਹਿਲਾਂ ਇਥੋਂ ਚਾਹ ਪੀ ਕੇ ਫਿਰ ਸਰਦੂਲ ਸਿਕੰਦਰ ਕੋਲ ਜਾਣਾ ਹੁੰਦਾ ਸੀ। ਇਸ ਜੋੜੀ ਨੇ ਇੰਨੀ ਤਰੱਕੀ ਕੀਤੀ ਕਿ ਰਾਹੀ ਦੇ ਦੱਸਣ ਅਨੁਸਾਰ ਕਈ ਵਾਰ ਪ੍ਰੋਗਰਾਮਾਂ ਦੇ ਪੈਸਿਆਂ ਦੀ ਗਿਣਤੀ ਛੇ-ਛੇ ਮਹੀਨੇ ਤੱਕ ਕਰਨ ਦੀ ਵਿਹਲ ਨਹੀਂ ਸੀ ਹੁੰਦੀ। ਇਕ ਕਮਰੇ ਵਿਚ ਰਹਿਣ ਵਾਲੀ ਇਸ ਜੋੜੀ ਨੇ ਜਦੋਂ ਫਿਰ ਖੰਨੇ ਵਿਚ ਮਹਿਲ ਪਾਇਆ ਤਦ ਲੋਕਾਂ ਨੂੰ ਪਤਾ ਲੱਗਾ, ਕਿਸੇ ਗਾਇਕ ਕੋਲ ਖੰਨੇ ਵਿਚ ਮੋਤੀ ਮਹਿਲ ਵੀ ਹੋ ਸਕਦਾ ਹੈ ਤੇ ਤੂੰਬੀ ਨਾਲ ਕਮਾਈਆਂ ਇੰਨੀਆਂ ਵੱਡੀਆਂ ਵੀ ਹੋ ਸਕਦੀਆਂ ਹਨ। ਰਾਹੀ ਦੀ Ḕ001’ ਗੱਡੀ ਮੇਰੇ ਹੇਠ ਬੱਕੀ ਵਾਂਗ ਰਹੀ। ਇਸੇ ਹੀ ਮਹਿਲ ਵਿਚ ਬੜੇ ਖਾਣੇ ਖਾਧੇ, ਦਾਰੂ ਪੀਤੀ ਅਤੇ ਫਿਰ ਇਸੇ ਘਰ ਵਿਚ ਨਫਰਤ ਤੇ ਤਲਾਕ ਦੀ ਕੰਧ ਉਸਰਦੀ ਦੇਖੀ। ਆਪਣਿਆਂ ਤੇ ਆਪ ਹੀ ਡਰਾਵੇ ਲਈ ਹਵਾਈ ਫਾਇਰ ਵੀ ਹੁੰਦੇ ਵੇਖੇ ਤੇ ਇਹ ਜੋੜੀ ਮਾਲਾ ਦੇ ਮਣਕਿਆਂ ਵਾਂਗ ਟੁੱਟ ਕੇ ਖਿਲਰਦੀ ਵੀ ਵੇਖੀ। ਦੁੱਖ ਇਸ ਗੱਲ ਦਾ ਹੈ ਕਿ ਜਿਨ੍ਹਾਂ ਦਰਮਿਆਨ ਕਦੇ ਖੂਬਸੂਰਤੀ ਦਾ ਕੋਈ ਮੁੱਲ ਨਹੀਂ ਸੀ ਹੁੰਦਾ, ਉਹ ਕਿਹੜਾ ਅੱਕ ਬੀਜਿਆ ਗਿਆ ਕਿ ਦੋਵੇਂ ਗਲ ਲੱਗਣੋਂ ਤਾਂ ਕੀ, ਮੱਥੇ ਲੱਗਣੋਂ ਵੀ ਗਏ। ਪਰ ਹਾਲੇ ਤੱਕ ਉਹ ਬੋਲਣ ਜਾਂ ਨਾ ਬੋਲਣ ਮੇਰੇ ਨਾਲ ਖੰਨਾ ਸ਼ਹਿਰ ਸਰਦੂਲ ਸਕੰਦਰ, ਅਮਰ ਨੂਰੀ, ਮਨਜੀਤ ਰਾਹੀ, ਦਲਜੀਤ ਕੌਰ ਤੇ ਦਵਿੰਦਰ ਖੰਨੇ ਵਾਲਾ ਉਵੇਂ ਹੀ ਗਲਵੱਕੜੀ ਹੋਏ ਰਹੇ ਹਨ। ਸਿਆਣੇ ਕਹਿੰਦੇ ਨੇ ਖਿੱਲਾਂ ਖਿਲਰ ਤਾਂ ਜਾਂਦੀਆਂ ਨੇ ਪਰ ਮੁੜ ਕੇ ਉਸੇ ਰੂਪ ਵਿਚ ‘ਕੱਠੀਆਂ ਨਹੀਂ ਹੁੰਦੀਆਂ। ਮਨਜੀਤ ਰਾਹੀ ਤੇ ਦਲਜੀਤ ਕੌਰ ਮੈਨੂੰ ਸਦਾ ਆਪਣਿਆਂ ਵਰਗੇ ਇਸ ਕਰਕੇ ਵੀ ਲੱਗਦੇ ਰਹਿਣਗੇ ਕਿ ਦੋਗਾਣਾ ਗਾਇਕੀ ਵਿਚ ਮੁਹੰਮਦ ਸਦੀਕ ਤੇ ਰਣਜੀਤ ਕੌਰ ਵਾਂਗ ਦੋ ਵਰ੍ਹੇ ਸ਼ੌਂਕੀ ਮੇਲਾ ਮਨਜੀਤ ਰਾਹੀ ਅਤੇ ਦਲਜੀਤ ਕੌਰ ਦੇ ਨਾਂ ਵੀ ਰਿਹਾ ਹੈ। ਇਕ ਸਾਲ ਸਰਦੂਲ ਸਿਕੰਦਰ ਨੇ ਵੀ ਸ਼ੌਂਕੀ ਮੇਲੇ ਵਿਚ ਦਲਜੀਤ ਕੌਰ ਨਾਲ ਦੋਗਾਣੇ ਗਾਏ ਸਨ।
ਜੰਡਿਆਲਾ ਮੰਜਕੀ ਤੋਂ ਅਤੇ ਫਿਰ ਅਮਰੀਕਾ ਵਿਚ ਅਜੀਤ ਦਾ ਪੱਤਰ ਪ੍ਰੇਰਕ ਬਣਨ ਵਾਲਾ, ਜਲੰਧਰ ਦੂਰਦਰਸ਼ਨ ਦਾ ਲਿਸ਼ਕਾਰਾ ਪ੍ਰੋਗਰਾਮ ਮੇਰੇ ਤੋਂ ਪਹਿਲਾਂ ਭਜਨੇ ਅਮਲੀ ਨਾਲ ਪੇਸ਼ ਕਰਨ ਵਾਲਾ, ‘ਪੰਜਾਬੀ ਰਾਈਟਰ’ ਵੀਕਲੀ ਦਾ ਸੰਪਾਦਕ, ਅੱਜਕਲ ਉਤਰੀ ਅਮਰੀਕਾ ਵਿਚ ਜਸ ਪੰਜਾਬੀ ਟੀ ਵੀ ਦੇ ਮੁੱਦਾ ਪ੍ਰੋਗਰਾਮ ਕਰਕੇ ਕਾਫੀ ਚਰਚਾ ਵਿਚ ਰਹਿਣ ਵਾਲਾæææਕੋਈ ਸ਼ੱਕ ਨਹੀਂ ਕਿ ਉਸਦੇ ਬੋਲਣ ਦੇ ਅੰਦਾਜ਼ ਵਿਚ ਜਿਹੜੀ ਰਿਦਮ ਤੇ ਸ਼ੈਲੀ, ਉਹ ਆਮ ਬੁਲਾਰਿਆਂ ਕੋਲ ਨਹੀਂ ਹੁੰਦੀ। 1991 ‘ਚ ਮਾਹਿਲਪੁਰ ਦੇ ਸਰਕਾਰੀ ਗੈਸਟ ਹਾਊਸ ਵਿਚ ਸ਼ੌਂਕੀ ਮੇਲੇ ਬਾਰੇ ਇਕ ਮੀਟਿੰਗ ਹੋ ਰਹੀ ਸੀ। ਜੱਸੋਵਾਲ ਨਾਲ ਇਕ ਮੁੰਡਾ ਵੀ ਪਹੁੰਚੇ ਹੋਏ ਸਨ। ਮੀਟਿੰਗ ਦੀ ਸਮਾਪਤੀ ਤੋਂ ਬਾਅਦ ਜੱਸੋਵਾਲ ਆਪਣੇ ਸੁਭਾਅ ਮੁਤਾਬਿਕ ਕਹਿਣ ਲੱਗਾ, Ḕਅਸ਼ੋਕ ਆਹ ਮੁੰਡੇ ਨੂੰ ਸੁਣ, ਇਹਨੂੰ ਆਪਾਂ ਸ਼ੌਂਕੀ ਮੇਲੇ ਦਾ ਮੰਚ ਸੰਚਾਲਨ ਦਿਆ ਕਰਨੈ’ ਤੇ ਨਾਲ ਹੀ ਮੁੰਡੇ ਨੂੰ ਇਹ ਕਹਿ ਕੇ ਖੜਾ ਕਰ ਦਿੱਤਾ ਕਿ Ḕਉੱਠ ਸਿੱਧਾ ਸ਼ੁਰੂ ਹੋ ਜਾ ਹੋਰ ਕੋਈ ਗੱਲ ਨਾ ਕਰੀਂ’। ਇਸ ਮੁੰਡੇ ਦਾ ਪਹਿਲਾ ਸ਼ੇਅਰ ਅਜੇ ਤੱਕ ਯਾਦ ਹੈ, “ਜਿੰਦਾ ਕੁੰਡਾ ਲਾ ਕੇ ਬੂਹਾ ਢੋਇਆ ਹੋਇਆ ਸੀ, ਉਤੇ ਜੀ ਆਇਆਂ ਫਿਰ ਵੀ ਲਿਖਿਆ ਹੋਇਆ ਸੀ।” ਸਟੇਜ ਦੀ ਪੇਸ਼ਕਾਰੀ ਵਾਂਗ ਜੋ ਰੰਗ ਇਸ ਮੁੰਡੇ ਨੇ ਵਿਖਾਇਆ ਉਹ ਝੱਟ ਦੇਣੀ ਤਾੜੀਆਂ ਵਿਚ ਬਦਲ ਗਿਆ ਤੇ ਇਸ ਪੈਰ੍ਹੇ ਦੇ ਸ਼ੁਰੂ ਤੋਂ ਅਖੀਰ ਤੱਕ ਜਿਸ ਮੁੰਡੇ ਦੀ ਮੈਂ ਗੱਲ ਕੀਤੀ ਹੈ, ਇਹ ਅੱਜ ਦਾ ਹਰਵਿੰਦਰ ਰਿਆੜ ਹੀ ਸੀ।
ਗੱਲ ਨਾ ਸਿਰਫ ਗਾਇਕੀ ਦੀ ਹੈ, ਨਾ ਆਪਣੇ ਗੁਣ ਗਾਉਣ ਦੀ, ਨਾ ਆਪਣੇ ਕੀਤੇ ਕੰਮਾ ਨੂੰ ਵਡਿਆਉਣ ਦੀ, ਗੱਲ ਜ਼ੁੰਮੇਵਾਰੀ ਦੀ ਹੈ ਤੇ ਜਿਹੜੀ ਜ਼ੁੰਮੇਵਾਰੀ ਮਜ਼ਬੂਤ ਮੋਢਿਆ ਨਾਲ ਨਿਭਾਈ ਜਾਂਦੀ ਹੈ ਉਹ ਸੁਆਦ ਵੀ ਦਿੰਦੀ ਹੈ, ਮਨੋਰੰਜਨ ਵੀ ਤੇ ਕਦੇ ਕਦੇ ਨਿਹੋਰਾ ਵੀ ਬਣ ਸਕਦੀ ਹੈ। ਮੈਂ ਪੰਜਾਬੀ ਗਾਇਕੀ ਨੂੰ ਜ਼ਿੰਦਾਬਾਦ ਆਖਿਆ ਹੈ ਤੇ ਆਖਰੀ ਸਾਹਾਂ ਤੱਕ ਆਖਦਾ ਹੀ ਰਹਾਂਗਾ।

ਕੈਪਸ਼ਨ:
ਸੁਖਵਿੰਦਰ ਬਾਬਤ 27 ਸਾਲ ਪਹਿਲਾਂ Ḕਅਜੀਤ’ ਵਿਚ ਛਪਿਆ ਐਸ ਅਸ਼ੋਕ ਭੌਰਾ ਦਾ ਲੇਖ
ਦਲਜੀਤ ਕੌਰ, ਐਸ ਅਸ਼ੋਕ ਭੌਰਾ ਤੇ ਮਨਜੀਤ ਰਾਹੀ
ਜੱਸੀ ਗੁਰਦਾਸਪੁਰੀਆ (ਜੱਸੋਵਾਲ ਦੇ ਸੱਜੇ ਪਾਸੇ) ਤੇ ਪਰਮਿੰਦਰ ਸੰਧੂ ਨਾਲ ਪਹਿਲੀ ਕਤਾਰ ‘ਚ। ਇਹ ਸਮਾਗਮ ਐਸ ਅਸ਼ੋਕ ਭੌਰਾ ਨੂੰ ਮਾਰੂਤੀ ਭੇਂਟ ਕਰਨ ਲਈ ਪਿੰਡ ਭੌਰਾ ਵਿਖੇ ਕਰਵਾਇਆ ਗਿਆ ਸੀ।
ਹਰਵਿੰਦਰ ਰਿਆੜ, ਐਸ ਅਸ਼ੋਕ ਭੌਰਾ ਤੇ ਜਗਦੇਵ ਸਿੰਘ ਜੱਸੋਵਾਲ ਮਾਹਲਪੁਰ ਦੇ ਸਰਕਾਰੀ ਰੈਸਟ ਹਾਊਸ ਵਿਚ 1991 ਦੀ ਮੀਟਿੰਗ ਵਿਚ।

ਗੱਲ ਬਣੀ ਕਿ ਨਹੀਂ
ਐਸ ਅਸ਼ੋਕ ਭੌਰਾ
ਤੀਂਗੜਦਾ ਢੱਟਾ
ਲੱਖ ਬਚਣ ਲਈ ਗਲਤੀ ਕਰਕੇ, ਬੰਦਾ ਕਰ ਲਏ ਹੀਲਾ,
ਪਰ ਲੋਕੀਂ ਤਾਂ ਮਾਂਜ ਦਿੰਦੇ ਨੇ ਕੜਛੀ ਸਣੇ ਪਤੀਲਾ।
ਸੱਚ ਜਾਣਿਓਂ ਢੱਟਾ ਭਾਵੇਂ, ਹੋਵੇ ਕਿੰਨਾ ਮਾੜਾ,
ਪਰ ਤੀਂਗੜਦਾ ਤੀਂਗੜਦਾ ਆਖਰ ਪੁੱਟ ਲੈਂਦਾ ਏ ਕੀਲਾ।
ਕਿੱਥੇ ਕਿੱਥੇ ਦਈਏ ਗੰਢਾਂ, ਟੁੱਟੀ ਪਈ ਏ ਤਾਣੀ,
ਜ਼ਿੰਦਗੀ ਕਰ’ਤੀ ਰਾਜਨੀਤੀ ਨੇ ਅੱਜ ਕਲ੍ਹ ਤੀਲ੍ਹਾ ਤੀਲ੍ਹਾ।
ਸੁਰਜਣ ਅਤੇ ਸੁਦਾਗਰ ਸਿਓਂ ਵਿਚ ਫਰਕ ਕੋਈ ਨਾ ਜਾਪੇ,
ਬੰਸੋ ਸੂਟ ਸੁਆ ਕੇ ਬਹਿ ਗਈ, ਸਾੜੀ ਪਾ ਕੇ ਸ਼ੀਲਾ।
ਘੁੱਗੀ ਕਾਂ ਨਾਲ ਪਿਆਰ ਨਹੀਂ ਕਰਦੀ, ਕਿੰਨੇ ਹਾੜ੍ਹੇ ਕੱਢੇ,
ਮੂਰਖ ਬੰਦਾ ਸੋਨਾ ਸਮਝੇ, ਹਰ ਬਰਤਨ ਚਮਕੀਲਾ।
ਜਿਥੇ ਦੇਖੋ ਨਾਅਰੇ ਲੱਗਦੇ, ਉਠਦੇ ਰੋਜ਼ ਜੈਕਾਰੇ,
ਨਵਾਂ ਇਨ੍ਹਾਂ ਵਿਚ ਕਿਹੜਾ ਦੱਸੋ, ਉਹੀ ਕੁੜਮ ਕਬੀਲਾ।
ਕੱਚਾ ਪਿੱਲਾ ਗਾਣਾ ਹੋਵੇ, ਸੁਰ ਚੰਗੀ ਲੱਭ ਜਾਏ,
ਜਾਨ ਫੇਰ ਵੀ ਪਾ ਜਾਂਦਾ ਏ ਹੋਵੇ ਗਾਇਕ ਸੁਰੀਲਾ।
ਮਾੜੇ ਵੱਲ ਲੈ ਲੈ ਕੇ ਆਉਂਦੇ, ਸਾਰੇ ਵੇਖੋ ਝਈਆਂ,
ਜਿਥੋਂ ਸ਼ੁਰੂ ਹੋਈ ਸੀ ਪਹਿਲਾਂ ਉਥੇ ਖੜੀ ਕਹਾਣੀ।
ਦੜ ਵੱਟ ਕੇ ਤੂੰ ਬਹਿ ਜਾ ‘ਭੌਰੇ’ ਚੰਦ ਨਵਾਂ ਨ੍ਹੀਂ ਚੜ੍ਹਨਾ,
ਅੰਨ੍ਹੇ ਤਾਈਂ ਅੱਖਾਂ ਮਾਰੇ, ਓਹਲੇ ਖੜ੍ਹ ਕੇ ਕਾਣੀ।