ਕਸ਼ਮੀਰਾ ਸਿੰਘ
‘ਸੋਰਠਿ ਕੀ ਵਾਰ ਮਹਲਾ ੪॥’ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 645 ਉਤੇ ਗੁਰੂ ਅਮਰਦਾਸ ਦਾ ਇੱਕ ਸ਼ਲੋਕ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਥਾਲ ਵਿਚ ਤਿੰਨ ਵਸਤੂਆਂ ਪਈਆਂ ਹਨ। ਗੁਰੂ ਸਾਹਿਬ ਨੇ ਇੱਥੇ ਕਿਸ ਥਾਲ਼ ਦੀ ਗੱਲ ਕੀਤੀ ਹੈ ਤੇ ਉਹ ਥਾਲ਼ ਕਿੱਥੇ ਹੈ? ਤਿੰਨ ਵਸਤੂਆਂ ਕਿਹੜੀਆਂ ਹਨ? ਇਸ ਪ੍ਰਸ਼ਨ ਦਾ ਉਤਰ ਲੱਭਣ ਦਾ ਯਤਨ ਕੀਤਾ ਗਿਆ ਹੈ।
ਗੁਰੂ ਅਰਜੁਨ ਦੇਵ ਦੀ ਇੱਕ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1429 ਉਪਰ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਸਬੰਧੀ ‘ਮੁੰਦਾਵਣੀ ਮਹਲਾ ੫॥’ ਦੇ ਸਿਰਲੇਖ ਹੇਠ ਦਰਜ ਹੈ ਜੋ ਅੰਗ 645 ਉਤੇ ਲਿਖੀ ਤੀਜੇ ਪਾਤਿਸ਼ਾਹ ਵਲੋਂ ਕੀਤੀ ਰਚਨਾ (ਥਾਲੈ ਵਿਚਿ ਤੈ ਵਸਤੂ ਪਈਓ) ਨਾਲ ਮਿਲਦੀ-ਜੁਲਦੀ ਹੈ, ਅਤੇ ਪਿੱਛੋਂ ਇੱਕ ਸ਼ਲੋਕ (ਤੇਰਾ ਕੀਤਾ ਜਾਤੋ ਨਾਹੀ॥) ਧੰਨਵਾਦ ਵਜੋਂ ਲਿਖਿਆ ਗਿਆ ਹੈ ਜਿਸ ਤੋਂ ਅੱਗੇ ਕੋਈ ਹੋਰ ਰਚਨਾ ਦਰਜ ਨਹੀਂ ਹੋ ਸਕਦੀ ਕਿਉਂਕਿ ਸੰਪੂਰਨਤਾ ਕਰ ਦਿੱਤੀ ਗਈ ਹੈ।
‘ਮੁੰਦਾਵਣੀ’ ਦੇ ਸਿਰਲੇਖ ਵਾਲੀ ਰਚਨਾ ਵਿਚ ਲਿਖੀ ‘ਥਾਲ ਵਿਚਿ ਤਿੰਨਿ ਵਸਤੂ ਪਈਓ’ ਵਾਲੀ ਪੰਕਤੀ ਦੇ ਅਰਥ ਕਰਦਿਆਂ ਇੱਕ ਵਿਦਵਾਨ ਸਿੱਖ ਪ੍ਰਚਾਰਕ ਨੇ ਟੀæਵੀæ ਉਤੇ ‘ਥਾਲ’ ਸ਼ਬਦ ਦੇ ਅਰਥ ‘ਗੁਰੂ ਗ੍ਰੰਥ ਸਾਹਿਬ’ ਨਾਲ ਸਬੰਧਤ ਕੀਤੇ ਸਨ। ਅਰਥ ਸੁਣ ਕੇ ਦਾਸ ਦੇ ਬੀæਐਸਸੀæ ਕੋਰਸ ਦੇ ਇੱਕ ਫਿਜ਼ਿਕਸ (ਭੌਤਿਕ ਵਿਗਿਆਨ) ਦੇ ਕੈਲੀਫ਼ੋਰਨੀਆ ਵਿਚ ਰਹਿੰਦੇ ਪ੍ਰੋਫੈਸਰ ਉਸਤਾਦ ਵਲੋਂ ਇਸ ਤਰ੍ਹਾਂ ਕੀਤੇ ਅਰਥ ਦੀ ਖੋਜ-ਵਿਚਾਰ ਲਈ ਟੈਲੀਫ਼ੋਨ ‘ਤੇ ਗੱਲਬਾਤ ਵੀ ਹੋਈ, ਕਿਉਂਕਿ ਉਸਤਾਦ ਜੀ ਵਿਗਿਆਨ ਦੇ ਪ੍ਰੋਫੈਸਰ ਹੋਣ ਦੇ ਨਾਲ-ਨਾਲ ਗੁਰਬਾਣੀ ਵਿਚ ਸੱਚ ਦੀ ਖੋਜ ਨਾਲ ਵੀ ਸੁਰਤੀ ਜੋੜੀ ਰੱਖਦੇ ਹਨ।
ਕੀ ‘ਥਾਲ’ ਸ਼ਬਦ ਪ੍ਰਾਣੀ ਦੇ ਅੰਦਰ ਦੀ ਅਵਸਥਾ ਲਈ ਹੈ ਜਾਂ ਗੁਰੂ ਗ੍ਰੰਥ ਸਾਹਿਬ ਲਈ? ਗੁਰੂ ਅਮਰਦਾਸ ਵਲੋਂ ਉਚਾਰਿਆ ਸ਼ਲੋਕ ਇਸ ਖੋਜ ਵਿਚ ਬਹੁਤ ਸਹਾਇਕ ਹੈ। ਇਥੇ ਪਾਠਕਾਂ ਦੀ ਜਾਣਕਾਰੀ ਲਈ ਦੋਹਾਂ ਰਚਨਾਵਾਂ ਵਿਚੋਂ ਜ਼ਰੂਰੀ ਪੰਕਤੀਆਂ ਹੇਠ ਲਿਖੇ ਅਨੁਸਾਰ ਹਨ:
ਸਲੋਕੁ ਮ:੩॥
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥æææ
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿਧਾਰਿ॥æææ
ਜਿਸੁ ਬੁਝਾਏ ਸੋ ਬੁਝਸੀæææ॥੧॥੮॥
ਮੁੰਦਾਵਣੀ ਮਹਲਾ ੫॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥æææ
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿਧਾਰੋ॥
ਤਮæææ ææææਪਸਾਰੋ॥੧॥
ਇਨ੍ਹਾਂ ਦੋਹਾਂ ਰਚਨਾਵਾਂ ਵਿਚ ਮਜ਼ਮੂਨ, ਖ਼ਿਆਲਾਂ ਅਤੇ ਲਫ਼ਜ਼ਾਂ ਦੀ ਅਦੁੱਤੀ ਸਾਂਝ ਹੈ। ਇਹ ਸਾਂਝ ਇਹ ਵੀ ਪ੍ਰਗਟ ਕਰਦੀ ਹੈ ਕਿ ਤੀਜੇ ਪਾਤਿਸ਼ਾਹ ਦੀ ਬਾਣੀ ਚੌਥੇ ਗੁਰੂ ਦੀ ਰਾਹੀਂ ਗੁਰ-ਗੱਦੀ ਸੌਂਪਣ ਸਮੇਂ ਪੰਜਵੇਂ ਗੁਰੂ ਪਾਤਿਸ਼ਾਹ ਦੀ ਸਪੁਰਦਗੀ ਵਿਚ ਆ ਗਈ ਸੀ ਤੇ ਉਨ੍ਹਾਂ ਨੂੰ ਦੂਰ-ਦੁਰਾਡੇ ਆਪਣੇ ਹੁਕਮ ਭੇਜ ਕੇ ਬਾਣੀ ਇਕੱਠੀ ਕਰਨ ਦੀ ਕੋਈ ਲੋੜ ਨਹੀਂ ਪਈ ਸੀ, ਭਾਵੇਂ ਕਵੀਆਂ ਨੇ ਅਯੋਗ ਹੀ ਅਜਿਹਾ ਲਿਖਿਆ ਹੋਇਆ ਹੈ। ਤੀਜੇ ਗੁਰੂ ਜੀ ਦੀ ਬਾਣੀ ਵਿਚੋਂ ‘ਮੁਦਾਵਣੀ’ ਵਾਲਾ ਸ਼ਲੋਕ ਪੜ੍ਹ ਕੇ ਪੰਜਵੇਂ ਗੁਰੂ ਜੀ ਨੇ ‘ਮੁੰਦਾਵਣੀ ਮਹਲਾ ਪੰਜਵਾਂ’ ਦੀ ਰਚਨਾ ਕੀਤੀ ਸੀ। ਅਨੇਕਾਂ ਹੋਰ ਪ੍ਰਮਾਣ ਹਨ ਜੋ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਪੰਜਵੇਂ ਗੁਰੂ ਜੀ ਕੋਲ ਗੁਰ-ਗੱਦੀ ਸਮੇਂ ਪਹਿਲਾਂ ਦੀ ਲਿਖੀ ਸਾਰੀ ਬਾਣੀ, ਭਗਤ-ਬਾਣੀ ਸਮੇਤ, ਮੌਜੂਦ ਸੀ ਜੋ ਪਹਿਲੇ ਗੁਰੂ ਜੀ ਤੋਂ ਅਗਾਂਹ ਸਿਲਸਿਲੇਵਾਰ ਬਾਕੀ ਗੁਰੂ ਪਾਤਿਸ਼ਾਹਾਂ ਕੋਲ਼ੋਂ ਹੁੰਦੀ ਹੋਈ ਪੰਜਵੇਂ ਪਾਤਿਸ਼ਾਹ ਕੋਲ਼ ਪਹੁੰਚੀ ਸੀ।
‘ਮੁਦਾਵਣੀ’ ਅਤੇ ‘ਮੁੰਦਾਵਣੀ’ ਦੋਹਾਂ ਸ਼ਬਦਾਂ ਦਾ ਅਰਥ ਸਮਾਨ ਹੈ; ਜਿਵੇਂ ‘ਗੋਬਿਦ’ ਤੇ ‘ਗੋਬਿੰਦ’ ਅਤੇ ‘ਅਨਦੁ’ ਤੇ ‘ਅਨੰਦੁ’ ਸ਼ਬਦਾਂ ਦਾ।
ਸੰਸਕ੍ਰਿਤ ਦੇ ਸ਼ਬਦ ‘ਮੋਦਯਤਿ’ ਦਾ ਅਰਥ ਹੈ- ਪ੍ਰਸੰਨਤਾ ਦੇਣੀ, ਜਿਸ ਤੋਂ ‘ਮੁਦਾਵਣੀ’ ਜਾਂ ‘ਮੁੰਦਾਵਣੀ’ ਸ਼ਬਦ ਬਣਿਆ ਹੈ। ਦੋਹਾਂ ਰਚਨਾਵਾਂ ਵਿਚ ਇਹ ਸ਼ਬਦ ਹਰੀ ਨਾਮ-ਵਸਤੂ ਲਈ ਵਰਤਿਆ ਗਿਆ ਹੈ ਜੋ ਆਤਮਕ ਪ੍ਰਸੰਨਤਾ ਦੇਣ ਵਾਲ਼ੀ ਵਸਤੂ ਜਾਂ ਵੱਥੁ ਹੈ। ਦੋਵੇਂ ਥਾਂਵਾਂ ‘ਤੇ ਇਹ ਸ਼ਬਦ ਇਸਤਰੀ-ਲਿੰਗ ਰੂਪ ਵਿਚ ਹੈ। ਤੀਜੇ ਪਾਤਿਸ਼ਾਹ ਜੀ ਨੇ ‘ਤੈ ਵਸਤੂ ਪਈਓ’ ਕੇਵਲ ਸੰਕੇਤ ਮਾਤ੍ਰ ਹੀ ਲਿਖਿਆ ਸੀ, ਪਰ ਨਾਲ ਹੀ ਇਹ ਵੀ ਲਿਖ ਦਿੱਤਾ ਸੀ, ‘ਨਾਨਕ ਜਿਸੁ ਬੁਝਾਏ ਸੋ ਬੁਝਸੀ’; ਭਾਵ, ਜਿਸ ਨੂੰ ਹਰੀ ਸੋਝੀ ਬਖ਼ਸ਼ੇਗਾ, ਉਹੀ ਬੁੱਝੇਗਾ।
ਪੰਚਮ ਪਾਤਿਸ਼ਾਹ ਨੇ ਕਿਰਪਾ ਕਰ ਕੇ ‘ਤੈ ਵਸਤੂ ਪਈਓ’ ਦੇ ਭਾਵ ਦਾ ‘ਮੁੰਦਾਵਣੀ ਮਹਲਾ ੫’ ਵਿਚ ਖ਼ੁਲਾਸਾ ਕਰ ਦਿੱਤਾ ਹੈ। ਇਹ ਤਿੰਨ ਵਸਤੂਆਂ (ਤੈ ਵਸਤੂ) ਹਨ- ਸਤੁ (ਉਚਾ ਸੁੱਚਾ ਜੀਵਨ), ਸੰਤੋਖੁ ਅਤੇ ਵੀਚਾਰ (ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਸ਼ਬਦਾਂ ਦੀ ਵਿਚਾਰ ਜਿਸ ਨਾਲ ਆਤਮਕ ਜੀਵਨ ਦੀ ਸੂਝ-ਬੂਝ ਮਿਲਦੀ ਹੈ)। ਸਬੰਧਤ ਤੁਕਾਂ ਇਹ ਹਨ:
ਸਲੋਕੁ ਮ: ੩॥
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥
ਅਰਥ- ਪ੍ਰਾਣੀ ਦੇ ਅੰਦਰ ਹਰੀ ਨਾਮ ਅੰਮ੍ਰਿਤ ਰੂਪੀ ਸਿਮਰਨ ਦਾ ਸ੍ਰੇਸ਼ਟ ਭੋਜਨ ਪਿਆ ਹੈ ਜੋ ਉਸ ਅੰਦਰ ਤਿੰਨ ਗੁਣ ਪੈਦਾ ਕਰਦਾ ਹੈ।
ਮੁੰਦਾਵਣੀ ਮਹਲਾ ੫॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਅਰਥ- ਉਸ ਪ੍ਰਾਣੀ ਦੇ ਅੰਦਰ ਤਿੰਨ ਗੁਣ- ਸਤੁ, ਸੰਤੋਖ ਅਤੇ ਸ਼ਬਦ ਵਿਚਾਰ, ਪ੍ਰਗਟ ਹੋ ਜਾਂਦੇ ਹਨ ਜਿਸ ਦੇ ਅੰਦਰ ਠਾਕੁਰ ਹਰੀ ਪ੍ਰਭੂ ਦੀ ਯਾਦ ਬਣੀ ਰਹਿੰਦੀ ਹੈ ਜੋ ਸਭ ਵਸਤੂਆਂ ਦਾ ਆਧਾਰ ਹੈ। ਇਨ੍ਹਾਂ ਵਸਤੂਆਂ ਦਾ ਆਧਾਰ ਹਰੀ ਪ੍ਰਭੂ ਦਾ ਸਿਮਰਨ ਹੈ ਜਿਸ ਦੇ ਪ੍ਰਾਣੀ ਦੇ ਯਾਦਾਂ ਵਿਚ ਵਸਣ ਨਾਲ ਇਹ ਤਿੰਨ ਵਸਤੂਆਂ ਗੁਣ ਰੂਪ ਵਿਚ ਅੰਦਰ ਆ ਵਸਦੀਆਂ ਹਨ। ਇਨ੍ਹਾਂ ਤਿੰਨਾਂ ਵਸਤੂਆਂ ਦਾ ਲਾਭ ਉਸ ਪ੍ਰਾਣੀ ਨੂੰ ਹੋਣਾ ਹੈ ਜਿਸ ਨੇ ਪ੍ਰਭੂ ਦੀ ਯਾਦ ਨੂੰ ਆਪਣੇ ਅੰਦਰ ਟਿਕਾਉਣਾ ਹੈ। ਇਹ ਤਿੰਨ ਵਸਤੂਆਂ ਵੀ ਉਸ ਪ੍ਰਾਣੀ ਅੰਦਰ ਪ੍ਰਗਟ ਹੋਣੀਆਂ ਹਨ ਜਿਸ ਨੇ ਪ੍ਰਭੂ ਦਾ ਸਿਮਰਨ ਕਰਨਾ ਹੈ। ਸਤੁ, ਸੰਤੋਖੁ ਅਤੇ ਵੀਚਾਰ ਵਾਲੇ ਗੁਣ ਕਿਉਂਕਿ ਸਿਮਰਨ ਕਰਨ ਵਾਲੇ ਦੇ ਅੰਦਰ ਪ੍ਰਗਟ ਹੋਣੇ ਹਨ, ਇਸ ਲਈ ਉਸ ਪ੍ਰਾਣੀ ਦਾ ਅੰਦਰ ਹੀ, ਭਾਵ ਮਨ ਹੀ ਇਨ੍ਹਾਂ ਵਸਤੂਆਂ ਵਾਸਤੇ ਥਾਲ ਬਣ ਜਾਣਾ ਹੈ। ਥਾਲ ਬਾਹਰ ਨਹੀਂ ਹੋ ਸਕਦਾ। ਵਸਤੂਆਂ ਦਾ ਲਾਭ ਪ੍ਰਾਣੀ ਦੇ ਅੰਦਰ ਪ੍ਰਗਟ ਹੋਣਾ ਹੈ ਤਾਂ ਵਸਤੂਆਂ ਨੂੰ ਸੰਭਾਲਣ ਲਈ ਥਾਲ਼ ਵੀ ਅੰਦਰ ਹੀ ਹੋਵੇਗਾ। ਦੋਹਾਂ ਰਚਨਾਵਾਂ ਵਿਚ ਇਸੇ ਖ਼ਿਆਲ ਦਾ ਪ੍ਰਗਟਾਅ ਹੈ। ਗੁਰੂ ਅਮਰਦਾਸ ‘ਸਲੋਕੁ ਮ:੩॥’ ਵਿਚ ਲਿਖਦੇ ਹਨ:
ਸਲੋਕੁ ਮ: ੩॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਅਰਿ ਧਾਰਿ॥
ਅਰਥ- ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ (ਮੁਦਾਵਣੀ/ਮੁੰਦਾਵਣੀ) ਨੂੰ ਆਪਣੇ ਅੰਦਰੋਂ, ਭਾਵ ਯਾਦਾਂ ਵਿਚੋਂ ਕਿਸ ਵਾਸਤੇ ਬਾਹਰ ਕੱਢੀਐ ਭਾਈ! ਇਸ ਨੂੰ ਤਾਂ ਸਦਾ ਹੀ ਆਪਣੇ ਅੰਦਰ (ਉਰਿ-ਹਿਰਦੇ ਵਿਚ, ਯਾਦਾਂ ਵਿਚ ਅਤੇ ਧਾਰਿ- ਟਿਕਾ ਕੇ) ਟਿਕਾ ਕੇ ਰੱਖਣਾ ਬਣਦਾ ਹੈ ਤਾਂ ਹੀ ਸਤੁ, ਸੰਤੋਖ ਅਤੇ ਸ਼ਬਦ ਵੀਚਾਰ ਦੇ ਗੁਣ ਅੰਦਰ ਪੈਦਾ ਹੋ ਸਕਣਗੇ। ‘ਉਰਿ ਧਾਰਿ’ ਲਫ਼ਜ਼ ਗੁਰੂ ਗ੍ਰੰਥ ਸਾਹਿਬ ਬਾਰੇ ਕਦਾਚਿੱਤ ਨਹੀਂ ਹੋ ਸਕਦੇ ਤੇ ਇਸੇ ਕਰ ਕੇ ਹੀ ਗੁਰੂ ਗ੍ਰੰਥ ਸਾਹਿਬ ਨੂੰ ‘ਥਾਲ’ ਨਹੀਂ ਕਿਹਾ ਜਾ ਸਕਦਾ, ਕਿਉਂਕਿ ‘ਥਾਲ’ ਦਾ ਸਬੰਧ ਸਿਮਰਨ ਕਰਨ ਵਾਲੇ ਪ੍ਰਾਣੀ ਨਾਲ ਹੈ। ਗੁਰੂ ਅਮਰਦਾਸ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਵੀ ਨਹੀਂ ਹੋਇਆ ਸੀ ਜਿਸ ਕਾਰਨ ਉਨ੍ਹਾਂ ‘ਥਾਲ’ ਸ਼ਬਦ ਸਿਮਰਨ ਕਰਨ ਵਾਲੇ ਪ੍ਰਾਣੀ ਲਈ ਹੀ ਵਰਤਿਆ ਹੈ।
ਗੁਰੂ ਅਰਜੁਨ ਦੇਵ ਇਹੋ ਖ਼ਿਆਲ ਪ੍ਰਗਟ ਕਰਦਿਆਂ ਲਿਖਦੇ ਹਨ:
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖਿ ਉਰਿ ਧਾਰੋ॥
ਅਰਥ- ਆਤਮਕ ਜੀਵਨ ਦੇਣ ਵਾਲ਼ੀ ਇਹ ਹਰੀ ਨਾਮ-ਰੂਪ ਵਸਤੂ (ਮੁਦਾਵਣੀ/ਮੁੰਦਾਵਣੀ) ਕਿਸੇ ਤਰ੍ਹਾਂ ਵੀ ਮਨ ਤੋਂ ਲਾਂਭੇ ਨਹੀਂ ਕੀਤੀ ਜਾ ਸਕਦੀ। ਹੇ ਭਾਈ! ਇਸ ਨੂੰ ਸਦਾ ਆਪਣੇ ਅੰਦਰ (ਉਰਿ ਧਾਰੋ) ਟਿਕਾ ਕੇ ਰੱਖੋ; ਤਾਂ ਹੀ ਸਤੁ, ਸੰਤੋਖੁ ਅਤੇ ਸ਼ਬਦ ਵੀਚਾਰ ਵਾਲੇ ਗੁਣ ਅੰਦਰ ਪ੍ਰਵੇਸ਼ ਕਰ ਸਕਣਗੇ। ਪੰਚਮ ਪਾਤਸ਼ਾਹ ਵੀ ‘ਮੁਦਾਵਣੀ’ ਜਾਂ ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ, ਹਰੀ ਨਾਮੁ, ਨੂੰ ‘ਆਦਿ ਬੀੜ’ ਵਿਚ ਟਿਕਾ ਕੇ ਰੱਖਣ ਲਈ ਨਹੀਂ ਕਹਿੰਦੇ ਸਗੋਂ ਆਪਣੇ ਅੰਦਰ ਟਿਕਾਉਣ ਲਈ ਕਹਿੰਦੇ ਹਨ।
‘ਉਰਿਧਾਰੋ’ ਦਾ ਅਰਥ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਹਰ ਥਾਂ ਰਮੇ ਹੋਏ ਹਰੀ ਨਾਮ ਨੂੰ ਅੰਦਰ ਟਿਕਾਉਣਾ ਹੈ ਤੇ ਤਿੰਨ ਵਸਤੂਆਂ ਦੀ ਸੰਭਾਲ ਲਈ ਮਨ ਨੇ ਹੀ ਥਾਲ ਬਣਨਾ ਹੈ।
ਸਪਸ਼ਟ ਹੈ ਕਿ ‘ਥਾਲੈ’ ਜਾਂ ‘ਥਾਲ਼’ ਸ਼ਬਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਨਹੀਂ ਹਨ, ਸਗੋਂ ਪ੍ਰਾਣੀ ਦੇ ਆਪਣੇ ਮਨ ਨਾਲ ਸਬੰਧਤ ਹਨ ਜਿੱਥੇ ਹਰੀ ਨਾਮ ਸਿਮਰਨ ਨਾਲ ਪੈਦਾ ਹੋਏ ਤਿੰਨ ਗੁਣਾਂ ਨੇ ਟਿਕਣਾ ਹੈ।