ਸੌ ਸਾਲਾ ਬੰਤਾ ਸਿੰਘ ਰਾਧਾ ਸੁਆਮੀ ਦੇ ਤੁਰ ਜਾਣ ‘ਤੇ

ਗੁਲਜ਼ਾਰ ਸਿੰਘ ਸੰਧੂ
ਦਸੰਬਰ ਮਹੀਨੇ ਦੇ ਸ਼ੁਰੂ ਵਿਚ ਬੰਤਾ ਸਿੰਘ ਰਾਧਾ ਸੁਆਮੀ ਦਾ ਤੁਰ ਜਾਣਾ ਇੱਕ ਤਰ੍ਹਾਂ ਨਾਲ ਵੀਹਵੀਂ ਸ਼ਤਾਬਦੀ ਦੇ ਮੂੰਹ ਜ਼ੁਬਾਨੀ ਇਤਿਹਾਸ ਦਾ ਸਦਾ ਲਈ ਗੁਆਚ ਜਾਣਾ ਹੈ। ਸੌ ਸਾਲਾਂ ਨੂੰ ਢੁੱਕੇ ਬੰਤਾ ਸਿੰਘ ਕੋਲ ਬਹਿਣਾ ਇਤਿਹਾਸ ਦੇ ਜੀਵੰਤ ਕਾਂਡ ਵਿਚ ਵਿਚਰਨਾ ਸੀ।

ਉਸ ਦੇ ਨਾਨੇ ਤੇ ਦਾਦੇ ਨੇ ਦਿਆਲ ਬਾਗ ਆਗਰਾ ਤੋਂ ਨਾਮ ਲੈ ਕੇ ਅਪਣਾ ਸਾਰਾ ਜੀਵਨ ਰਾਧਾ ਸੁਆਮੀ ਲਹਿਰ ਨੂੰ ਸਮਰਪਿਤ ਕਰ ਦਿੱਤਾ ਸੀ। ਉਹ ਦੋਵੇਂ ਬਾਬਾ ਜੈਮਲ ਸਿੰਘ ਦੇ ਸਮਕਾਲੀ ਸਨ, ਜਿਸ ਨੇ ਰਾਧਾ ਸੁਆਮੀਆਂ ਦੇ ਸੱਚੇ, ਸੁੱਚੇ ਤੇ ਸਾਦਾ ਜੀਵਨ ਦੀ ਥਾਹ ਪਾ ਕੇ 1893 ਵਿਚ ਦਿਆਲ ਬਾਗ ਨੂੰ ਅਲਵਿਦਾ ਕਹਿ ਕੇ ਅਪਣੇ ਵਡੇਰਿਆਂ ਦੀ ਧਰਤੀ ਵਿਚ ਬਿਆਸ ਨਦੀ ਦੇ ਕੰਢੇ ਖਾਲੀ ਪਈ ਭੋਂ ਵਿਚ ਪਾਣੀ ਲਈ ਖੂਹ ਪੁੱਟ ਕੇ ਡੇਰਾ ਲਾ ਲਿਆ। ਬੰਤਾ ਸਿੰਘ ਦੇ ਨਾਨਾ-ਦਾਦਾ ਵੀ ਉਹਦੇ ਪਿੱਛੇ ਪਿੱਛੇ ਬਿਆਸ ਆ ਵੱਸੇ।
ਨਸ਼ਾਹੀਣ ਜੀਵਨ ਦਾ ਨਾਮ ਲੈਣ ਤੋਂ ਪਿਛੋਂ ਘਸੇ ਪਿਟੇ ਰੀਤੀ-ਰਿਵਾਜਾਂ ਨੂੰ ਤਿਆਗ ਕੇ ਨਵਾਂ ਜੀਵਨ ਸ਼ੁਰੂ ਕਰਨਾ ਉਨ੍ਹਾਂ ਲਈ ਵਰਦਾਨ ਸੀ। ਬੰਤਾ ਸਿੰਘ ਨੇ ਵੀ 1974 ਵਿਚ ਸੈਨਿਕ ਇੰਜੀਨੀਅਰਿੰਗ ਸੇਵਾ ਵਿਚ ਸੁਪਰਡੈਂਟ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਕੇ ਬਿਆਸ ਆ ਕੇ ਡੇਰੇ ਦੀ ਸੇਵਾ ਸੰਭਾਲ ਲਈ। ਪੂਰੇ ਚਾਲੀ ਸਾਲ ਉਸ ਨੇ ਹਰ ਕੰਮ ਪੈਦਲ ਚਲ ਕੇ ਕੀਤਾ ਤੇ ਲਗਾਤਾਰ ਵਰਜਿਸ਼ ਕਰਕੇ ਅਪਣੇ ਜਿਸਮ ਦਾ ਭਾਰ ਘਟਣ ਵਧਣ ਨਹੀਂ ਦਿੱਤਾ। ਦੁੱਧ ਨਾਲ ਕਣਕ ਦਾ ਦਲੀਆ, ਦਾਲ, ਰੋਟੀ ਤੇ ਸਬਜ਼ੀ ਖਾ ਕੇ ਸਦਾ ਖੁਸ਼ ਰਹਿਣ ਵਾਲੀ ਇਸ ਹਸਤੀ ਨੇ ਇਸ ਮਹੀਨੇ ਦੇ ਅੰਤ ਉਤੇ ਸੌ ਸਾਲਾਂ ਦਾ ਹੋ ਜਾਣਾ ਸੀ। ਰੂਹਾਨੀ ਸ਼ਕਤੀ ਨੂੰ ਬੱਲ ਦੇਣ ਲਈ ਨਵੀਂ ਮਰਯਾਦਾ ਨੇ ਉਸ ਨੂੰ ਅਪਣੇ ਅੰਦਰੋਂ ਰੱਬ ਲੱਭਣ ਦਾ ਦਾਨ ਦਿੱਤਾ ਸੀ। ਰਈਆ ਨੇੜੇ ਬੁਲ੍ਹੇ ਨੰਗਲ ਪਿੰਡ ਦੇ ਜੰਮ ਪਲ ਬੰਤਾ ਸਿੰਘ ਦੀ ਗੁਰੂ ਤੇਗ ਬਹਾਦਰ ਵਿਚ ਅਥਾਹ ਸ਼ਰਧਾ ਸੀ, ਜਿਨ੍ਹਾਂ ਨੇ ਬਾਬਾ ਬਕਾਲਾ ਵਿਚ 26 ਸਾਲ ਨੌਂ ਮਹੀਨੇ ਤੇ 13 ਦਿਨ ਰਹਿ ਕੇ ਭਗਤੀ ਕੀਤੀ ਸੀ। ਜੇ ਗੁਰੂ ਜੀ ਦੀ ਯਾਦ ਵਿਚ ਬਾਬਾ ਬਕਾਲਾ ਵਿਚ ਹਾਈ ਸਕੂਲ ਨਾ ਬਣਦਾ ਤਾਂ, ਬੰਤਾ ਸਿਘ ਦੇ ਕਹਿਣ ਅਨੁਸਾਰ ਨਾ ਹੀ ਉਨ੍ਹਾਂ ਸੈਨਿਕ ਸੇਵਾ ਲਈ ਚੁਣਿਆ ਜਾਣਾ ਸੀ ਤੇ ਉਨ੍ਹਾਂ ਦੇ ਪੁੱਤਰ ਅਵਤਾਰ ਸਿੰਘ ਪੱਢਾ ਨੇ ਡਾਕਟਰੀ ਦੀ ਵਿਦਿਆ ਪ੍ਰਾਪਤ ਕਰਕੇ ਨੁਸ਼ਹਿਰਾ ਪੰਨੂੰਆਂ ਦੀ ਜੰਮੀ ਜਾਈ ਡੈਂਟਲ ਡਾਕਟਰ ਭੁਪਿੰਦਰ ਪੱਢਾ ਨਾਲ ਵਿਆਹ ਕਰਵਾ ਕੇ ਅਪਣੇ ਪੁੱਤਰ ਧੀਆਂ ਨੂੰ ਡਾਕਟਰੀ ਵਿਦਿਆ ਪ੍ਰਾਪਤ ਕਰਾਉਣੀ ਸੀ। ਤੇ ਨਾਂ ਹੀ ਏਸ ਪਰਿਵਾਰ ਦੇ ਸੱਤ ਜੀਵਾਂ ਨੇ ਕਰਨੈਲੀ ਪ੍ਰਾਪਤ ਕਰਨੀ ਸੀ। ਬੰਤਾ ਸਿੰਘ ਨੂੰ ਆਪਣੇ ਭਤੀਜੇ ਕੈਪਟਨ ਦਿਆਲ ਸਿੰਘ ‘ਤੇ ਵੀ ਮਾਣ ਸੀ ਜਿਸ ਨੇ 1954 ਵਿਚ 6 ਫੁੱਟ 4 ਇੰਚ ਉਚੀ ਛਾਲ ਮਾਰ ਕੇ ਸਮੁੱਚੇ ਭਾਰਤ ਦਾ ਰਿਕਾਰਡ ਤੋੜਿਆ ਤੇ 1962 ਦੀ ਭਾਰਤ-ਚੀਨ ਜੰਗ ਵਿਚ ਕੁਰਬਾਨੀ ਦੇ ਗਿਆ।
ਬੰਤਾ ਸਿੰਘ ਮੇਰਾ ਕੁੜਮ ਸੀ। ਮੈਂ ਪੂਰੇ ਚਾਰ ਦਹਾਕੇ ਸਮੇਂ-ਸਮੇਂ ਉਨ੍ਹਾਂ ਨੂੰ ਮਿਲਦਾ ਰਿਹਾ ਹਾਂ। ਉਹ ਸਦਾ ਮੁਸਕਰਾਉਂਦੇ ਰਹਿੰਦੇ ਸਨ। ਪੁਰਾਣੀਆਂ ਗੱਲਾਂ ਕਰਨ ਦੇ ਬੜੇ ਚਾਹਵਾਨ ਸਨ। ਉਹ ਇਹ ਦੱਸਣਾ ਕਦੀ ਨਹੀਂ ਸੀ ਭੁਲਦੇ ਕਿ ਉਨ੍ਹਾਂ ਨੇ ਪੇਸ਼ਾਵਰ-ਕੱਲਕਤਾ ਜਰਨੈਲੀ ਸੜਕ ਪੱਕੀ ਹੁੰਦੀ ਤੱਕੀ ਹੈ। ਇਸ ਨੂੰ ਇੱਟਾਂ ਨਾਲ ਪੱਕੀ ਕੀਤਾ ਗਿਆ ਸੀ ਤੇ ਜਦੋਂ ਕਦੀ ਕੋਈ ਮੋਟਰ ਸਾਈਕਲ ਸਵਾਰ ਮਿੱਟੀ ਵਿਚ ਲਥ ਪਥ ਇਹਦੇ ਉਤੋਂ ਲੰਘਦਾ ਸੀ ਤਾਂ ਨਾਲ ਦੇ ਪਿੰਡਾਂ ਦੇ ਲੋਕ ਉਸ ਦੀ ਫਿਟ-ਫਿੱਟ ਸੁਣਨ ਸੜਕ ਵਲ ਨੂੰ ਧਾਅ ਪੈਂਦੇ ਸਨ। ਇਹ ਵੀ ਕਿ ਜਦੋਂ 1949 ਵਿਚ ਉਸ ਨੇ ਅਪਣੇ ਪਿੰਡ ਵਾਲੇ ਘਰ ਨੂੰ ਪੱਕਾ ਕੀਤਾ ਤਾਂ ਉਸ ਵਿਚ ਲਾਏ ਨਲਕੇ ਅਤੇ ਟੋਕੇ ਵਾਲੀ ਮਸ਼ੀਨ ਨੂੰ ਨੇੜਲੇ ਪਿੰਡਾਂ ਦੇ ਲੋਕ ਵੇਖਣ ਆਉਂਦੇ ਸਨ।
ਬੰਤਾ ਸਿੰਘ ਇਹ ਵੀ ਦਸਦੇ ਕਿ 1935 ਵਾਲੇ ਕੋਟਾ (ਪਾਕਿਸਤਾਨ) ਦੇ ਭੂਚਾਲ ਸਮੇਂ ਉਹ ਅਪਣੇ ਤਿੰਨ ਭਰਾਵਾਂ ਸਮੇਤ ਕੋਟੇ ਵਿਚ ਹੀ ਵੱਖ-ਵੱਖ ਥਾਵਾਂ ਉਤੇ ਆਪੋ-ਆਪਣਾ ਕੰਮ ਕਰ ਰਹੇ ਸਨ ਪਰ ਸਾਰੇ ਹੀ ਬਚੇ ਰਹੇ। ਦੂਜੀ ਵੱਡੀ ਜੰਗ ਸਮੇਂ ਬਗਦਾਦ ਵਿਖੇ ਭਾਰਤੀ ਸੈਨਾ ਦਾ ਮੈਸ ਸਕੱਤਰ ਹੁੰਦਿਆਂ ਉਹ ਅਪਣੀ ਦਾਲ ਸਬਜ਼ੀ ਮੁਸਲਮਾਨਾਂ ਨੂੰ ਭੇਜ ਦਿੰਦੇ ਸਨ ਤੇ ਉਨ੍ਹਾਂ ਦੀ ਪੱਕੀ ਆਪ ਖਾ ਲੈਂਦੇ ਸਨ। ਦੋਨਾਂ ਧਿਰਾਂ ਦੀ ਰਸੋਈ ਵੱਖੋ ਵੱਖਰੀ ਸੀ। ਉਨ੍ਹਾਂ ਨੂੰ ਮੁਸਲਮਾਨ ਮਿੱਤਰਾਂ ‘ਤੇ ਮਾਣ ਸੀ।
ਬੰਤਾ ਸਿੰਘ ਨੇ ਉਰਦੂ ਅਖਰਾਂ ਵਿਚ ਗਿਆਨੀ ਪਾਸ ਕੀਤੀ ਹੋਈ ਸੀ ਤੇ ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਦੀ ਹੀਰ ਨੂੰ ਓਨੇ ਹੀ ਸ਼ੌਕ ਨਾਲ ਉਚਾਰਦੇ ਸਨ, ਜਿੰਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਦੇ ਸ਼ਲੋਕਾਂ ਨੂੰ। ਉਨ੍ਹਾਂ ਨੇ ਸੇਵਾ ਮੁਕਤੀ ਤੋਂ ਪਿੱਛੋਂ ਦਾ ਸਾਰਾ ਜੀਵਨ ਬਿਆਸ ਡੇਰੇ ਵਿਚ ਹੀ ਬਤੀਤ ਕੀਤਾ ਤੇ ਉਹ ਇਹ ਦੱਸਣਾ ਕਦੀ ਨਹੀਂ ਸਨ ਭੁਲੱਦੇ ਕਿ ਇਹੋ ਜਿਹੇ ਡੇਰੇ 90 ਬਾਹਰਲੇ ਦੇਸ਼ਾਂ ਵਿਚ ਹਨ ਤੇ ਅੱਜ ਦੇ ਦਿਨ ਇਨ੍ਹਾਂ ਡੇਰਿਆਂ ਦੇ ਰਾਧਾ ਸੁਆਮੀਆਂ ਦੀ ਗਿਣਤੀ ਸੈਂਕੜੇ-ਹਜ਼ਾਰਾਂ ਵਿਚ ਨਹੀਂ, ਲੱਖਾਂ ਵਿਚ ਹੈ।
ਰਾਧਾ ਸੁਆਮੀ ਡੇਰਾ ਬਿਆਸ ਵਾਲੇ ਤਿੰਨ ਸੌਂ ਬਿਸਤਰਿਆਂ ਦਾ ਹਸਪਤਾਲ ਵੀ ਚਲਾਉਂਦੇ ਹਨ, ਜਿਥੇ 25 ਕਿਲੋ ਮੀਟਰ ਤੱਕ ਦੇ ਮਰੀਜਾਂ ਦਾ ਮੁਫ਼ਤ ਇਲਾਜ ਹੁੰਦਾ ਹੈ। ਜਦੋਂ ਬੰਤਾ ਸਿੰਘ ਨੇ ਅਪਣੀ ਉਮਰ ਦਾ 95ਵਾਂ ਵਰ੍ਹਾ ਪਾਰ ਕਰ ਲਿਆ ਤਾਂ ਉਨ੍ਹਾਂ ਦਾ ਇਕ ਬੇਲੀ ਉਨ੍ਹਾਂ ਦੇ ਕੰਨੀ ਗਲ ਪਾ ਗਿਆ ਕਿ ਜਿਹੜਾ ਵਿਅਕਤੀ ਸੌ ਸਾਲ ਦੀ ਉਮਰ ਦਾ ਹੋ ਜਾਂਦਾ ਹੈ ਉਸ ਦੀ ਪੈਨਸ਼ਨ ਦੁੱਗਣੀ ਹੋ ਜਾਂਦੀ ਹੈ। ਭਾਵੇਂ ਉਨ੍ਹਾਂ ਦੀ ਪੈਨਸ਼ਨ ਪਹਿਲਾਂ ਹੀ ਉਨ੍ਹਾਂ ਦੀ ਅੰਤਲੀ ਤਨਖਾਹ ਤੋਂ ਤੇਰਾਂ ਗੁਣਾ ਹੋ ਚੁੱਕੀ ਸੀ, ਫਿਰ ਵੀ ਉਹ 100 ਸਾਲ ਦੇ ਹੋਣ ਵਾਲੀ ਮਿਤੀ ਨੂੰ ਉਡੀਕਦੇ ਰਹਿੰਦੇ ਸਨ। ਉਂਜ ਅੱਠ ਸਾਲ ਤੋਂ ਉਨ੍ਹਾਂ ਦੇ ਵਾਲ ਮੁੜ ਚਿੱਟੇ ਤੋਂ ਕਾਲੇ ਹੋਣ ਲੱਗ ਪਏ ਸਨ। ਉਨ੍ਹਾਂ ਦਾ ਪੈਨਸ਼ਨ ਦੁੱਗਣੀ ਹੋਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਉਹ ਇੱਕ ਮਹੀਨਾ ਪਹਿਲਾਂ ਹੀ ਚਲਾਣਾ ਕਰ ਗਏ
(ਅੰਤਿਕਾ): ਬਾਬਾ ਫਰੀਦ
ਫਰੀਦਾ ਖਾਕੁ ਨਾਂ ਨਿੰਦੀਏ ਖਾਕੁ ਜੇਡ ਨਾ ਕੋਇ॥
ਜੀਵਦਿਆਂ ਪੈਰਾਂ ਤਲੇ ਮੋਇਆਂ ਉਪਰ ਹੋਇ॥
ਕਾਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ॥
ਇਹ ਦੋਇ ਨੈਣਾਂ ਮੱਤ ਛੁਹਓ ਪਿਰ ਦੇਖਣ ਕੀ ਆਸ॥