ਭਾਰਤੀ ਹਾਕੀ ਦਾ ਅੱਗਾ ਤੇ ਪਿੱਛਾ

ਪ੍ਰਿੰæ ਸਰਵਣ ਸਿੰਘ
28 ਨਵੰਬਰ ਤੋਂ 6 ਦਸੰਬਰ ਤਕ ਖੇਡੀ ਗਈ ਵਰਲਡ ਹਾਕੀ ਲੀਗ ਵਿਚ ਭਾਰਤੀ ਟੀਮ ਨੇ ਤੀਜੇ ਸਥਾਨ ਉਤੇ ਆ ਕੇ ਉਲੰਪਿਕ ਖੇਡਾਂ ਵਿਚ ਜਿੱਤ ਮੰਚ ‘ਤੇ ਚੜ੍ਹਨ ਦੀ ਆਸ ਫਿਰ ਜਗਾ ਦਿੱਤੀ ਹੈ। ਪਰ ਇਹਦੇ ਲਈ ਉਚੇਚੇ ਯਤਨ ਲਗਾਤਾਰ ਜਾਰੀ ਰੱਖਣੇ ਪੈਣਗੇ।

1928 ਤੋਂ 56 ਤਕ ਭਾਰਤੀ ਹਾਕੀ ਟੀਮ ਵਿਸ਼ਵ ਦੀ ਸਿਰਮੌਰ ਟੀਮ ਸੀ। ਇਹ ਉਲੰਪਿਕ ਖੇਡਾਂ ਦੇ ਲਗਾਤਾਰ ਛੇ ਸੋਨ ਤਮਗ਼ੇ ਜਿੱਤੀ। ਉਦੋਂ ਭਾਰਤੀ ਟੀਮ ਨੇ ਇਕ ਮੈਚ ਵਿਚ ਅਮਰੀਕਾ ਦੀ ਟੀਮ ਸਿਰ 24 ਗੋਲ ਕਰ ਦਿੱਤੇ ਸਨ। ਪਰ ਪਿਛਲੇ 35 ਸਾਲਾਂ ਵਿਚ ਉਲੰਪਿਕ ਖੇਡਾਂ, ਚੈਂਪੀਅਨਜ਼ ਟਰਾਫੀ ਤੇ ਵਰਲਡ ਹਾਕੀ ਕੱਪ ‘ਚੋਂ ਕਾਂਸੀ ਦਾ ਮੈਡਲ ਵੀ ਭਾਰਤੀ ਟੀਮ ਨੇ ਨਹੀਂ ਜਿੱਤਿਆ। ਬੀਜਿੰਗ ਦੀਆਂ ਉਲੰਪਿਕ ਖੇਡਾਂ ਸਮੇਂ ਤਾਂ ਇਹ ਕੁਆਲੀਫਾਈ ਵੀ ਨਹੀਂ ਸੀ ਕਰ ਸਕੀ।
ਭਾਰਤ ਵਿਚ ਹਾਕੀ ਅੰਗਰੇਜ਼ ਲਿਆਏ ਸਨ। ਚਾਰ ਹਜ਼ਾਰ ਸਾਲ ਪਹਿਲਾਂ ਹਾਕੀ ਵਰਗੀ ਖੇਡ ਮਿਸਰ ਵਿਚ ਖੇਡੀ ਜਾਂਦੀ ਸੀ। ਉਥੋਂ ਇਹ ਇਰਾਨ ਆਈ, ਯੂਨਾਨ ਗਈ ਤੇ ਫਿਰ ਰੋਮਨਾਂ ਵਿਚ ਪ੍ਰਚਲਿਤ ਹੋਈ। ਰੋਮਨਾਂ ਨੇ ਇਹਦਾ ਨਾਂ ‘ਪਗਨੇਸ਼ੀਆ’ ਰੱਖਿਆ ਤੇ ਉਹ ਇਹਨੂੰ ਯੂਰਪ ਦੇ ਹੋਰਨਾਂ ਮੁਲਕਾਂ ਵਿਚ ਲੈ ਗਏ। ਆਇਰਲੈਂਡ ਵਾਲੇ ਇਸ ਨੂੰ ‘ਹਰਲੇ’ ਕਹਿਣ ਲੱਗੇ ਤੇ ਸਕਾਟਲੈਂਡ ਵਾਲੇ ‘ਸ਼ਿੰਟੀ’। ਫਰਾਂਸ ਵਿਚ ਇਸ ਨੂੰ ‘ਹੌਕਿਟ’ ਕਿਹਾ ਜਾਣ ਲੱਗਾ। ਇੰਗਲੈਂਡ ‘ਚ ਪਹਿਲਾਂ ਇਸ ਦਾ ਨਾਂ ‘ਕਾਮਕ’ ਰੱਖਿਆ ਗਿਆ ਤੇ ਪਿੱਛੋਂ ‘ਬੈਂਡੀ’। ‘ਹਾਕੀ’ ਨਾਂ ਪਹਿਲੀ ਵਾਰ 1838 ਵਿਚ ਵਰਤਿਆ ਗਿਆ।
ਉਨੀਵੀਂ ਸਦੀ ਦੇ ਅਖ਼ੀਰ ਵਿਚ ਬ੍ਰਿਟਿਸ਼ ਹਾਕੀ ਐਸੋਸੀਏਸ਼ਨ ਬਣੀ ਅਤੇ 1894 ਵਿਚ ਇੰਗਲੈਂਡ ਤੇ ਆਇਰਲੈਂਡ ਵਿਚਕਾਰ ਹਾਕੀ ਮੈਚ ਹੋਇਆ। 1900 ਵਿਚ ਅੰਤਰਰਾਸ਼ਟਰੀ ਹਾਕੀ ਬੋਰਡ ਦੀ ਸਥਾਪਨਾ ਹੋਈ ਜਿਸ ਦੇ ਦਸ ਦੇਸ਼ ਮੈਂਬਰ ਬਣੇ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ 1924 ‘ਚ ਬਣੀ ਜਿਸ ਦਾ ਛੋਟਾ ਨਾਂ ਐੱਫ਼ ਆਈæ ਐੱਚæ ਹੈ। ਹੁਣ ਇਸ ਦੇ 130 ਦੇਸ਼ ਮੈਂਬਰ ਹਨ। 1908 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ ‘ਚ ਹਾਕੀ ਪਹਿਲੀ ਵਾਰ ਖੇਡੀ ਗਈ ਤੇ ਗੋਲਡ ਮੈਡਲ ਇੰਗਲੈਂਡ ਦੀ ਟੀਮ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਉਲੰਪਿਕ ਖੇਡਾਂ ‘ਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਇੰਗਲੈਂਡ ਫਿਰ ਜੇਤੂ ਰਿਹਾ। ਤਦ ਤਕ ਅੰਗਰੇਜ਼ਾਂ ਨੇ ਹਾਕੀ ਭਾਰਤ ਵਿਚ ਵੀ ਪੁਚਾ ਦਿੱਤੀ ਸੀ। ਫੌਜੀ ਛਾਉਣੀਆਂ ਵਿਚ ਹਾਕੀ ਦੇ ਮੈਚ ਹੋਣ ਲੱਗ ਪਏ ਸਨ। ਇਥੇ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਛੇਤੀ ਹੀ ਭਾਰਤੀਆਂ ‘ਚ ਮਕਬੂਲ ਹੋ ਗਈ।
1928 ਦੀਆਂ 9ਵੀਆਂ ਉਲੰਪਿਕ ਖੇਡਾਂ ਐਮਸਟਰਡਮ ਵਿਚ ਹੋਈਆਂ ਤਾਂ ਹਾਕੀ ਪੱਕੇ ਤੌਰ ‘ਤੇ ਉਲੰਪਿਕ ਖੇਡਾਂ ਵਿਚ ਸ਼ਾਮਲ ਕਰ ਲਈ ਗਈ। ਉਥੇ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਉਲੰਪਿਕ ਖੇਡਾਂ ਵਿਚ ਭਾਗ ਲਿਆ ਤੇ ਸੋਨੇ ਦਾ ਤਮਗਾ ਜਿੱਤਿਆ। 1932 ਵਿਚ ਲਾਸ ਏਂਜਲਸ, 1936 ‘ਚ ਬਰਲਿਨ, 1948 ‘ਚ ਲੰਡਨ, 1952 ‘ਚ ਹੈੱਲਸਿੰਕੀ ਤੇ 1956 ਵਿਚ ਮੈੱਲਬੌਰਨ ਦੀਆਂ ਉਲੰਪਿਕ ਖੇਡਾਂ ‘ਚੋਂ ਭਾਰਤੀ ਹਾਕੀ ਟੀਮ ਲਗਾਤਾਰ ਸੋਨੇ ਦੇ ਤਮਗ਼ੇ ਜਿੱਤਦੀ ਰਹੀ। 1940 ਤੇ 44 ਦੀਆਂ ਉਲੰਪਿਕ ਖੇਡਾਂ ਦੂਜੀ ਵਿਸ਼ਵ ਜੰਗ ਕਾਰਨ ਨਹੀਂ ਸੀ ਹੋ ਸਕੀਆਂ। ਹੁੰਦੀਆਂ ਤਾਂ ਭਾਰਤੀ ਟੀਮ ਸੋਨੇ ਦੇ ਦੋ ਤਮਗ਼ੇ ਹੋਰ ਜਿੱਤਦੀ। ਮੈਲਬੌਰਨ ਵਿਚ ਭਾਰਤੀ ਟੀਮ ਨੇ 38 ਗੋਲ ਕੀਤੇ ਸਨ ਤੇ ਆਪਣੇ ਸਿਰ ਇਕ ਵੀ ਨਹੀਂ ਸੀ ਹੋਣ ਦਿੱਤਾ।
1960 ਦੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਟੀਮ ਪਾਕਿਸਤਾਨ ਦੀ ਟੀਮ ਤੋਂ 1-0 ਗੋਲ ‘ਤੇ ਹਾਰੀ ਤਾਂ ਭਾਰਤ ‘ਚ ਮਾਤਮ ਮਨਾਇਆ ਗਿਆ ਤੇ ਪਾਕਿਸਤਾਨ ਵਿਚ ਢੋਲ ਵੱਜੇ। ਭਾਰਤੀ ਤੇ ਪਾਕਿਸਤਾਨੀ ਲੋਕ ਹਾਕੀ ਨਾਲ ਜਜ਼ਬਾਤੀ ਤੌਰ ‘ਤੇ ਜੁੜੇ ਹੋਏ ਸਨ। ਮੈਨੂੰ ਯਾਦ ਹੈ ਉੱਦਣ ਸਾਡੇ ਸੰਘੋਂ ਰੋਟੀ ਨਹੀਂ ਸੀ ਲੰਘ ਰਹੀ। ਰੋਮ ਦੀ ਹਾਰ ਪਿੱਛੋਂ ਭਾਰਤੀ ਟੀਮ ਨੇ ਜ਼ੋਰਦਾਰ ਤਿਆਰੀ ਕੀਤੀ ਤੇ ਟੋਕੀਓ ਦੀਆਂ ਉਲੰਪਿਕ ਖੇਡਾਂ ‘ਚੋਂ ਫਿਰ ਸੋਨੇ ਦਾ ਤਮਗ਼ਾ ਜਿੱਤਿਆ। 1966 ਵਿਚ ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ ਵੀ ਜਿੱਤ ਲਿਆ। ਉਦੋਂ ਭਾਰਤ ਸੱਚਮੁੱਚ ਹਾਕੀ ਦਾ ਸਰਦਾਰ ਸੀ। ਜੂੜਿਆਂ ਵਾਲੇ ਦਸ ਸਰਦਾਰ ਬੈਂਕਾਕ ਦੇ ਮੈਦਾਨ ‘ਚ ਖੇਡੇ। 1975 ਵਿਚ ਭਾਰਤੀ ਟੀਮ ਨੇ ਵਿਸ਼ਵ ਹਾਕੀ ਕੱਪ ਜਿੱਤਿਆ ਤੇ 1980 ਵਿਚ ਮਾਸਕੋ ਦੀਆਂ ਉਲੰਪਿਕ ਖੇਡਾਂ ‘ਚੋਂ ਸੋਨੇ ਦਾ ਤਮਗਾ ਹਾਸਲ ਕੀਤਾ। ਇਹ ਤਮਗ਼ਾ ਆਸਟ੍ਰੇਲੀਆ, ਪਾਕਿਸਤਾਨ, ਹਾਲੈਂਡ, ਜਰਮਨੀ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਬਾਈਕਾਟ ਕਾਰਨ ਭਾਰਤ ਦੇ ਹੱਥ ਆਇਆ। ਪਿਛਲੇ ਪੈਂਤੀ ਸਾਲਾਂ ਤੋਂ ਭਾਰਤੀ ਟੀਮ ਉਲੰਪਿਕ, ਵਰਲਡ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ ਮੰਚ ‘ਤੇ ਇਕ ਵਾਰ ਵੀ ਨਹੀਂ ਚੜ੍ਹ ਸਕੀ।
ਸੁਆਲ ਪੈਦਾ ਹੁੰਦਾ ਹੈ ਕਿ ਸ਼ਾਨਦਾਰ ਪਿਛੋਕੜ ਰੱਖਦੀ ਭਾਰਤੀ ਹਾਕੀ ਨੂੰ ਹੋ ਕੀ ਗਿਐ? ਉਲੰਪਿਕ ਖੇਡਾਂ ਦੇ ਸੋਨ ਤਮਗੇ ਇਹਨੇ ਉਦੋਂ ਜਿੱਤਣੇ ਸ਼ੁਰੂ ਕੀਤੇ ਜਦੋਂ ਮੁਲਕ ਅੰਗਰੇਜ਼ਾਂ ਦਾ ਗ਼ੁਲਾਮ ਸੀ। ਭਾਰਤ ਆਜ਼ਾਦ ਹੋਇਆ ਤਾਂ ਇਸ ਦਾ ਹਾਕੀ ਖੇਡਣ ਵਾਲਾ ਕਾਫੀ ਇਲਾਕਾ ਪਾਕਿਸਤਾਨ ਵਿਚ ਚਲਾ ਗਿਆ ਪਰ ਭਾਰਤ ਫਿਰ ਵੀ ਜਿੱਤਦਾ ਰਿਹਾ। ਫਿਰ ਪਾਕਿਸਤਾਨ ਦੀ ਹਾਕੀ ਟੀਮ ਜਿੱਤਣ ਲੱਗੀ ਤਾਂ ਸੋਚਿਆ ਚਲੋ ਪਾਕਿਸਤਾਨ ਵੀ ਤਾਂ ਪਹਿਲਾਂ ਹਿੰਦੋਸਤਾਨ ਹੀ ਹੁੰਦਾ ਸੀ। ਪਰ ਹੁਣ ਨਾ ਪਾਕਿਸਤਾਨ ਜਿੱਤ ਰਿਹੈ ਤੇ ਨਾ ਭਾਰਤ ਸਗੋਂ ਉਹ ਮੁਲਕ ਜਿੱਤ ਰਹੇ ਨੇ ਜਿਹੜੇ ਕਦੇ ਹਾਕੀ ਵਿਚ ਬਹੁਤ ਪਿੱਛੇ ਸਨ।
ਬਰੀਕੀ ਨਾਲ ਘੋਖ ਕਰੀਏ ਤਾਂ ਭਾਰਤ ਦੀਆਂ ਹਾਕੀ ਟੀਮਾਂ ਉਦੋਂ ਸੋਨ ਤਮਗ਼ੇ ਜਿੱਤਦੀਆਂ ਰਹੀਆਂ ਜਦੋਂ ਘੱਟ ਮੁਲਕ ਹਾਕੀ ਖੇਡਦੇ ਸਨ ਜਾਂ ਭਾਰਤ ਵਾਂਗ ਸ਼ਿੱਦਤ ਨਾਲ ਹਾਕੀ ਨਹੀਂ ਸਨ ਖੇਡਦੇ। ਉਦੋਂ ਜਿੱਤ-ਮੰਚ ‘ਤੇ ਚੜ੍ਹਨਾ ਸੁਖਾਲਾ ਸੀ। 1932 ਵਿਚ ਲਾਸ ਏਂਜਲਸ ਦੀਆਂ ਉਲੰਪਿਕ ਖੇਡਾਂ ਸਮੇਂ ਟੀਮਾਂ ਹੀ ਸਿਰਫ ਤਿੰਨ ਸਨ। ਉਹ ਵੀ ਜਪਾਨ ਤੇ ਮੇਜ਼ਬਾਨ ਅਮਰੀਕਾ ਦੀਆਂ ਜਿਨ੍ਹਾਂ ਸਿਰ ਇੰਡੀਆ ਨੇ 11 ਤੇ 24 ਗੋਲ ਕੀਤੇ। ਹੁਣ ਕੋਈ ਟੀਮ ਏਨੀ ਮਾੜੀ ਨਹੀਂ ਹੁੰਦੀ ਕਿ 24 ਗੋਲ ਖਾਵੇ!
ਮੌਂਟਰੀਅਲ ਉਲੰਪਿਕ-1976 ਤੋਂ ਹਾਕੀ ਆਸਟ੍ਰੋ ਟਰਫ਼ ‘ਤੇ ਖੇਡੀ ਜਾਣ ਲੱਗੀ ਹੈ। ਹਾਕੀ ਦੇ ਨਿਯਮਾਂ ਵਿਚ ਵੀ ਬੜੀ ਤਬਦੀਲੀ ਆਈ ਹੈ। ਇਹ ਡਰਿਬਲਿੰਗ ਤੇ ਨਿੱਕੇ ਪਾਸਾਂ ਦੀ ਥਾਂ ਜ਼ੋਰਦਾਰ ਹਿੱਟ, ਤੇਜ਼ ਰਫ਼ਤਾਰੀ ਤੇ ਤਾਕਤ ਦੀ ਖੇਡ ਬਣ ਗਈ ਹੈ। ਇਹਦੇ ਲਈ ਸਰੀਰਕ ਤੌਰ ‘ਤੇ ਵਧ ਤਕੜੇ ਤੇ ਵਧੇਰੇ ਤੇਜ਼ ਦੌੜਨ ਵਾਲੇ ਖਿਡਾਰੀਆਂ ਦੀ ਲੋੜ ਹੈ। ਪੈਨਲਟੀ ਕਾਰਨਰ ਦੇ ਗੋਲ ਕਰਨ ਲਈ ਬਲਵਾਨ ਬਾਹਾਂ ਚਾਹੀਦੀਆਂ ਹਨ। ਸੱਠ ਮਿੰਟਾਂ ਦੀ ਖੇਡ ਲਈ ਸੌ ਮਿੰਟ ਖੇਡਣ ਦਾ ਦਮ ਚਾਹੀਦੈ। ਨਾਲ ਜੂਝ ਮਰੋਂ ਤੇ ਨਿਸਚੈ ਕਰ ਆਪਨੀ ਜੀਤ ਕਰੋਂ ਦਾ ਜਜ਼ਬਾ ਵੀ ਹੋਵੇ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਕੁਝ ਸਾਲ ਇਹ ਜਜ਼ਬਾ ਮਘਦਾ ਰਿਹਾ। ਹੁਣ ਇਹ ਜਜ਼ਬਾ ਵੀ ਭਾਰਤ ਦੇ ਸਿਆਸਤਦਾਨਾਂ ਵਰਗਾ ਈ ਮੀਸਣਾ ਹੋ ਗਿਐ!
ਇਸ ਵੇਲੇ ਜਰਮਨੀ ਚੈਂਪੀਅਨਜ਼ ਟਰਾਫੀ ਤੇ ਉਲੰਪਿਕ ਖੇਡਾਂ ਦਾ ਚੈਂਪੀਅਨ ਹੈ। ਆਸਟ੍ਰੇਲੀਆ ਵਰਲਡ ਕੱਪ, ਵਰਲਡ ਕਬੱਡੀ ਲੀਗ ਤੇ ਕਾਮਨਵੈੱਲਥ ਖੇਡਾਂ ਦਾ ਚੈਂਪੀਅਨ ਅਤੇ ਭਾਰਤ ਏਸ਼ਿਆਈ ਖੇਡਾਂ ਦਾ ਚੈਂਪੀਅਨ ਹੈ। ਹਾਲੈਂਡ, ਬੈਲਜੀਅਮ, ਇੰਗਲੈਂਡ, ਅਰਜਨਟੀਨਾ ਤੇ ਨਿਊਜ਼ੀਲੈਂਡ ਆਦਿ ਬੜੀਆਂ ਤਕੜੀਆਂ ਟੀਮਾਂ ਹਨ। ਭਾਰਤੀ ਖਿਡਾਰੀਆਂ ਦੀ ਖੇਡ ਘਾਹ ਵਾਲੇ ਮੈਦਾਨਾਂ ‘ਤੇ ਬਿਹਤਰ ਸੀ ਪਰ ਆਸਟ੍ਰੋ ਟਰਫ ਉਤੇ ਮਾੜੀ ਹੈ। ਕੌਮਾਂਤਰੀ ਹਾਕੀ ਮੈਚ ਕਿਉਂਕਿ ਆਸਟ੍ਰੋ ਟਰਫ ਉਤੇ ਹੀ ਖੇਡੇ ਜਾਂਦੇ ਹਨ ਇਸ ਲਈ ਲੋੜ ਹੈ ਭਾਰਤ ਵਿਚ ਆਸਟ੍ਰੋ ਟਰਫ ਮੈਦਾਨ ਵਧੇਰੇ ਹੋਣ। ਜੇਕਰ ਹੋਰਨਾਂ ਮੁਲਕਾਂ ‘ਤੇ ਨਜ਼ਰ ਮਾਰੀਏ ਤਾਂ ਇੰਗਲੈਂਡ ਵਿਚ 1000, ਹਾਲੈਂਡ ‘ਚ 625, ਆਸਟ੍ਰੇਲੀਆ ‘ਚ 410, ਜਰਮਨੀ ‘ਚ 350 ਤੇ ਨਿਊਜ਼ੀਲੈਂਡ ਵਿਚ 80 ਆਸਟ੍ਰੋ ਟਰਫ ਹਾਕੀ ਮੈਦਾਨ ਹਨ। ਵਿਸ਼ਾਲ ਦੇਸ਼ ਭਾਰਤ ਵਿਚ ਇਨ੍ਹਾਂ ਦੀ ਗਿਣਤੀ ਹਾਲਾਂ ਵੀ ਅੱਧਾ ਸੈਂਕੜਾ ਨਹੀਂ ਹੋਈ। ਦੱਖਣੀ ਅਫਰੀਕਾ ਹਾਲੇ ਕੱਲ੍ਹ ਹਾਕੀ ਖੇਡਣ ਲੱਗੈ ਤੇ ਉਥੇ 58 ਆਸਟ੍ਰੋ ਟਰਫ ਹਨ। ਕੋਰੀਆ ਦੀ ਹਾਕੀ ਵਿਚ ਪਛਾਣ 1986 ਤੋਂ ਬਣੀ ਤੇ ਉਸ ਨੇ ਭਾਰਤ ਤੋਂ ਵੱਧ ਆਸਟ੍ਰੋ ਟਰਫ ਵਿਛਾ ਲਏ ਹਨ।
‘ਕੱਲੇ ਆਸਟ੍ਰੋ ਟਰਫ ਵੀ ਕੁਝ ਨਹੀਂ ਕਰ ਸਕਦੇ ਜੇਕਰ ਇਨ੍ਹਾਂ ਦੀ ਸਦਵਰਤੋਂ ਨਾ ਕੀਤੀ ਜਾਵੇ। ਜੇ ਟਰਫ਼ਾਂ ਨੂੰ ਜਿੰਦੇ ਈ ਲੱਗੇ ਰਹਿਣ ਤਾਂ ਜਿਹੇ ਬਣਾਏ ਜਿਹੇ ਨਾ ਬਣਾਏ। ਹਰੇਕ ਆਸਟ੍ਰੋ ਟਰਫ ਨਾਲ ਬਚਪਨ ਤੋਂ ਹਾਕੀ ਖਿਡਾਰੀ ਜੋੜੇ ਜਾਣ। ਘੱਟੋਘੱਟ 100 ਆਸਟ੍ਰੋ ਟਰਫਾਂ ਉਤੇ 400 ਟੀਮਾਂ ਦੀ ਕੋਚਿੰਗ ਹੋਵੇ ਯਾਨੀ ਦੇਸ਼ ਭਰ ਚੋਂ 5000 ਹੋਣਹਾਰ ਖਿਡਾਰੀ ਚੁਣੇ ਜਾਣ। ਉਨ੍ਹਾਂ ਦੀ ਖੁਰਾਕ, ਰਹਾਇਸ਼ ਤੇ ਪੜ੍ਹਾਈ ਦਾ ਪ੍ਰਬੰਧ ਹੋਵੇ ਅਤੇ 100 ਖ਼ਾਸ ਕੋਚਾਂ ਤੇ ਬਾਕੀ ਆਮ ਕੋਚਾਂ ਰਾਹੀਂ ਕੋਚਿੰਗ ਦਿੱਤੀ ਜਾਵੇ। ਸੌ ਵਿਚੋਂ ਦਸ ਸੈਂਟਰ ਸਪੈਸ਼ਲ ਕੋਚਿੰਗ ਦੇ ਹੋਣ। ਇਹੋ ਜਿਹੇ ਕਾਰਜ ਸੂਝ ਸਿਆਣਪ ਦੇ ਨਾਲ ਕੌਮੀ ਜਜ਼ਬੇ ਅਧੀਨ ਕੀਤੇ ਜਾ ਸਕਦੇ ਹਨ। ਜਦੋ ਦੇਸ਼ ਵਾਸੀਆਂ ‘ਚ ਆਜ਼ਾਦੀ ਦਾ ਜਜ਼ਬਾ ਜਾਗਿਆ ਸੀ ਤਾਂ ਜਿੱਤਣ ਲਈ ਖੇਡ ਜਜ਼ਬਾ ਵੀ ਬੁਲੰਦ ਹੋਇਆ ਸੀ। ਹੁਣ ਵੀ ਜੇ ਭਾਰਤੀ ਹਾਕੀ ਨੂੰ ਪਹਿਲਾਂ ਵਾਲੀ ਬੁਲੰਦੀ ‘ਤੇ ਪੁਚਾਉਣਾ ਹੈ ਤਾਂ ਜਬ ਆਵ ਕੀ ਅਉਧ ਨਿਧਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋਂ ਵਾਲੇ ਨਿਸਚੈ ਦੀ ਲੋੜ ਹੈ। ਐਸੀ ਤੜਪ ਜਗਾਉਣ ਦੀ ਲੋੜ ਹੈ ਜਿਹੜੀ ਜਿੱਤ-ਮੰਚ ‘ਤੇ ਚੜ੍ਹੇ ਬਿਨਾਂ ਚੈਨ ਨਾ ਲੈਣ ਦੇਵੇ!