ਸੋਸ਼ਲ ਮੀਡੀਆ ‘ਤੇ ਬਾਦਲਾਂ ਨੂੰ ਭਾਜੜ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਸੋਸ਼ਲ ਮੀਡੀਆ ਅਕਾਲੀ ਸਰਕਾਰ ਲਈ ਹਊਆ ਬਣ ਗਿਆ ਹੈ। ਸੋਸ਼ਲ ਮੀਡੀਆ ‘ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਤੇ ਬਠਿੰਡੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਪਰਵਾਸੀ ਪੰਜਾਬੀ ਇਸ ਮੁਹਿੰਮ ਵਿਚ ਸਭ ਤੋਂ ਅੱਗੇ ਹਨ।

ਸਰਕਾਰ ਖਿਲਾਫ ਇਹ ਸਿਲਸਿਲਾ ਅਕਾਲੀ ਆਗੂਆਂ ਦੀ ਕੈਨੇਡਾ ਤੇ ਅਮਰੀਕਾ ਫੇਰੀ ਦੌਰਾਨ ਹੋਈ ਦੁਰਦਸ਼ਾ ਤੋਂ ਬਾਅਦ ਸ਼ੁਰੂ ਹੋਇਆ ਸੀ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੋਂ ਤਾਂ ਬਾਦਲ ਲਾਣਾ ਖੁੱਲ੍ਹ ਕੇ ਸੋਸ਼ਲ ਮੀਡੀਆ ਦੇ ਨਿਸ਼ਾਨੇ ਉਤੇ ਆ ਗਿਆ। ਅਕਾਲੀਆਂ ਦੀ ਬਠਿੰਡਾ ਰੈਲੀ ਤੋਂ ਦੋ ਦਿਨ ਪਹਿਲਾਂ ਇਕ ਬਜ਼ੁਰਗ ਜਰਨੈਲ ਸਿੰਘ ਵੱਲੋਂ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਥੱਪੜ ਮਾਰਨ ਅਤੇ ਇਸ ਪਿੱਛੋਂ ਮੰਤਰੀ ਦੀ ਬ੍ਰਿਗੇਡ ਵੱਲੋਂ ਬਜ਼ੁਰਗ ਦੀ ਕੁੱਟਮਾਰ ਦੀ ਘਟਨਾ ਨੂੰ ਮੀਡੀਆ ਵਿਚ ਜਾਣ ਤੋਂ ਰੋਕਣ ਲਈ ਪੁਲਿਸ ਨੇ ਟਿੱਲ ਲਾ ਲਿਆ ਸੀ, ਪਰ ਸੋਸ਼ਲ ਮੀਡੀਆ ਨੇ ਸਾਰੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਪੁਲਿਸ ਨੇ ਪੱਤਰਕਾਰਾਂ ਨੂੰ ਘੇਰ-ਘੇਰ ਕੇ ਇਸ ਘਟਨਾ ਦੀ ਵੀਡੀਓ ਡਿਲੀਟ ਕਰਵਾਈ ਅਤੇ ਖਬਰ ਨਾ ਛਾਪਣ ਲਈ ਰਾਜ਼ੀ ਵੀ ਕਰ ਲਿਆ ਸੀ, ਪਰ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਇਹ ਖਬਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਗਈ ਤੇ ਮਜਬੂਰੀ ਵਿਚ ਪ੍ਰਿੰਟ ਮੀਡੀਆ ਨੂੰ ਖਬਰ ਛਾਪਣੀ ਪਈ।
ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਸੂਬੇ ਵਿਚ ਪੰਜਾਬੀ ਇਲੈਕਟ੍ਰੋਨਿਕ ਮੀਡੀਆ ਉਤੇ ਸਰਕਾਰ ਦਾ ਪੂਰਾ ਦਬਦਬਾ ਹੈ ਤੇ ਅਕਾਲੀਆਂ ਖਿਲਾਫ ਬੋਲਣ ਵਾਲੇ ਪੰਜਾਬੀ ਨਿਊਜ਼ ਚੈਨਲ- ਪੰਜਾਬ ਟੂਡੇ, ਡੇ ਐਂਡ ਨਾਈਟ ਤੇ ਏæਬੀæਪੀæ-ਪੰਜਾਬੀ ਪਹਿਲਾਂ ਹੀ ਆਪਣਾ ਬਿਸਤਰਾ ਗੋਲ ਕਰ ਗਏ ਹਨ। ਇਸ ਖੇਤਰ ਵਿਚ ਬਾਦਲਾਂ ਦੀ ਬੋਲੀ ਬੋਲਣ ਵਾਲੇ ਪੀæਟੀæਸੀæ ਨਿਊਜ਼ ਅਤੇ ਫਾਸਟਵੇਅ ਦੇ ਕੁਝ ਖੇਤਰੀ ਚੈਨਲ ਹੀ ਛਾਏ ਹੋਏ ਹਨ। ਸਰਕਾਰ ਪ੍ਰਿੰਟ ਮੀਡੀਆ ਨੂੰ ਵੀ ਕੁਝ ਹੱਦ ਤੱਕ ਇਸ਼ਤਿਹਾਰਾਂ ਦਾ ‘ਚੋਗਾ’ ਪਾ ਕੇ ਰਾਹਤ ਲੈਣ ਵਿਚ ਸਫਲ ਰਹਿੰਦੀ ਹੈ, ਪਰ ਸੋਸ਼ਲ ਮੀਡੀਆ ਦਾ ਵਾਰ ਡੱਕਣਾ ਸਰਕਾਰ ਲਈ ਚੁਣੌਤੀ ਬਣ ਗਿਆ ਹੈ।
ਪਿਛਲੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ਦੀਆਂ ਮੀਟਿੰਗਾਂ ਵਿਚ ਵੀ ਸੋਸ਼ਲ ਮੀਡੀਆ ਨਾਲ ਦੋ-ਦੋ ਹੱਥ ਕਰਨ ਬਾਰੇ ਰਣਨੀਤੀ ਘੜੀ ਗਈ ਸੀ ਤੇ ਪੁਲਿਸ ਨੂੰ ਹਦਾਇਤ ਕੀਤੀ ਗਈ ਸੀ ਕਿ ਸਰਕਾਰ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ। ਇਸ ਪਿੱਛੋਂ ਪੁਲਿਸ ਨੇ ਅਜਿਹੇ ਲੋਕਾਂ ਨੂੰ ਕਾਬੂ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਵਿੱਢੀ ਹੋਈ ਹੈ। ਇਸੇ ਸਿਲਸਿਲੇ ਵਿਚ ਅੰਮ੍ਰਿਤਸਰ ਦੇ ਮੀਰਾਂਕੋਟ ਵਾਸੀ ਬਿਕਰਮ ਸਿੰਘ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਿਕਰਮ ਉਤੇ ਇਲਜ਼ਾਮ ਹੈ ਕਿ ਉਸ ਨੇ ਸੁਖਬੀਰ ਬਾਦਲ ਬਾਰੇ ਫੇਸਬੁੱਕ ਉਤੇ ਗਲਤ ਟਿੱਪਣੀ ਕੀਤੀ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਤੇ ਸਰਗਰਮ ਪਰਵਾਸੀ ਪੰਜਾਬੀਆਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੂੰ ਵੀ ਘੇਰਾ ਪਾਇਆ ਜਾ ਰਿਹਾ ਹੈ। ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਪ੍ਰੀਤਮ ਸਿੰਘ ਭਰੋਵਾਲ ਤੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼ ਭਰੋਵਾਲ ਦਾ ਕੈਨੇਡਾ ਰਹਿੰਦਾ ਲੜਕਾ ਰਘਵੀਰ ਸਿੰਘ ਭਰੋਵਾਲ ਸੋਸ਼ਲ ਮੀਡੀਆ ‘ਤੇ ਪੰਜਾਬ ਸਰਕਾਰ ਖਿਲਾਫ ਪ੍ਰਚਾਰ ਕਰ ਰਿਹਾ ਸੀ। ਰਘਵੀਰ ਸਿੰਘ ਨੇ ਬਠਿੰਡਾ ਦੀ ਸਦਭਾਵਨਾ ਰੈਲੀ ਰੱਦ ਹੋਣ ਬਾਰੇ ਅਫਵਾਹ ਫੇਸਬੁੱਕ ਉਤੇ ਪਾ ਦਿੱਤੀ ਸੀ। ਉਸੇ ਦਿਨ ਤੋਂ ਹੀ ਪੁਲਿਸ ਵੱਲੋਂ ਉਸ ਦੇ ਪਿਤਾ ਨੂੰ ਤੰਗ ਕੀਤਾ ਜਾ ਰਿਹਾ ਸੀ ਤੇ ਬਾਅਦ ਵਿਚ ਜਥੇਦਾਰ ਭਰੋਵਾਲ ਤੇ ਰਘਵੀਰ ਭਰੋਵਾਲ ਦੇ ਸਾਲੇ ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਹੁਣ ਕੈਨੇਡੀਅਨ ਪੱਤਰਕਾਰ ਬਲਤੇਜ ਸਿੰਘ ਪੰਨੂ ਦੀ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰੀ ਨੂੰ ਵੀ ਇਸੇ ਕਾਰਵਾਈ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਦੋ ਦਹਾਕੇ ਤੋਂ ਬਰੈਂਪਟਨ ਵਿਚ ਰਹਿੰਦੇ ਰਹੇ ਪੰਨੂ ਨੇ ‘ਨਗਾਰਾ’ ਅਖਬਾਰ ਤੇ ਰੇਡੀਓ ਵੀ ਚਲਾਇਆ। ਕੁਝ ਸਾਲਾਂ ਤੋਂ ਪੰਜਾਬ ਰਹਿੰਦਿਆਂ ਉਹ ਵਿਦੇਸ਼ੀ ਰੇਡੀਓ ਸ਼ੋਆਂ ‘ਤੇ ਬੋਲਦਾ ਰਿਹਾ ਤੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਹਾਲਾਤ ਅਤੇ ਡਰੱਗਜ਼ ਬਾਰੇ ਟਿੱਪਣੀਆਂ ਕਾਰਨ ਚਰਚਾ ਵਿਚ ਰਿਹਾ। ਮੰਨਿਆ ਜਾ ਰਿਹਾ ਹੈ ਕਿ ਫੇਸਬੁੱਕ ਉਤੇ ਪੰਨੂ ਦੀਆਂ ਖਰੀਆਂ ਟਿੱਪਣੀਆਂ ਤੋਂ ਹਕੂਮਤ ਔਖੀ ਸੀ।