-ਜਤਿੰਦਰ ਪਨੂੰ
ਇੱਕ ਘਟਨਾ ਵਾਪਰ ਗਈ, ਅੰਤਾਂ ਦੀ ਮਾੜੀ ਘਟਨਾ, ਜਿਸ ਨੇ ਸਮੁੱਚੇ ਭਾਰਤ ਨੂੰ ਇੰਨਾ ਸ਼ਰਮਿੰਦਾ ਕੀਤਾ ਕਿ ਪਹਿਲੀ ਵਾਰੀ ਕੇਂਦਰ ਦੀ ਸਰਕਾਰ ਵੀ ਨਵੇਂ ਸਾਲ ਦੀ ਵਧਾਈ ਦੇਣ ਜੋਗੀ ਨਾ ਰਹੀ ਤੇ ਕਈ ਰਾਜਾਂ ਦੀਆਂ ਸਰਕਾਰਾਂ ਨੇ ਵੀ ਇਸ ਤੋਂ ਮੂੰਹ ਮੋੜ ਲਿਆ। ਜਿਸ ਕੁੜੀ ਨਾਲ ਇਹ ਘਟਨਾ ਵਾਪਰੀ, ਉਸ ਨੂੰ ਇਲਾਜ ਲਈ ਸਿੰਘਾਪੁਰ ਤੱਕ ਵੀ ਭੇਜਿਆ ਗਿਆ ਪਰ ਉਹ ਬਚਾਈ ਨਹੀਂ ਜਾ ਸਕੀ। ਇਸ ਦੇ ਬਾਅਦ ਬਿਆਨਬਾਜ਼ੀ ਦਾ ਦੌਰ ਚੱਲ ਪਿਆ। ਵਿਰੋਧੀ ਧਿਰ ਦੇ ਆਗੂ ਉਸ ਕੁੜੀ ਨਾਲ ਵਾਪਰੇ ਕਹਿਰ ਦੀ ਨਿੰਦਾ ਕਰਦਿਆਂ ਹਰ ਗੱਲ ਨੂੰ ਵਲਾਵਾਂ ਪਾ ਕੇ ਕੇਂਦਰ ਸਰਕਾਰ ਨੂੰ ਕੋਸਣ ਦਾ ਕੰਮ ਕਰਨ ਲੱਗ ਪਏ, ਜਿਸ ਦੇ ਕੰਟਰੋਲ ਹੇਠ ਦਿੱਲੀ ਦੀ ਪੁਲਿਸ ਹੈ। ਹਾਕਮ ਧਿਰ ਦੇ ਬਹੁਤੇ ਆਗੂਆਂ ਨੇ ਵਲਾਵਾਂ ਪਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦਾ ਕਸੂਰ ਜ਼ਿਆਦਾ ਨਹੀਂ, ਇਹ ਤਾਂ ਹਰ ਰਾਜ ਵਿਚ ਤੇ ਖਾਸ ਕਰ ਕੇ ਭਾਜਪਾ ਦੇ ਕੰਟਰੋਲ ਵਾਲੇ ਰਾਜਾਂ ਵਿਚ ਵੀ ਵਾਪਰਦਾ ਰਹਿੰਦਾ ਹੈ। ਬਿਆਨਬਾਜ਼ੀ ਦੇ ਦੌਰ ਵਿਚ ਸੁਣਨ ਨੂੰ ਜੋ ਕੁਝ ਮਿਲਿਆ, ਉਸ ਵਿਚੋਂ ਵੱਡਾ ਹਿੱਸਾ ਇਹੋ ਸੀ ਕਿ ਹੁਣ ਔਰਤਾਂ ਦੀ ਸੁਰੱਖਿਆ ਵਿਚ ਕਸਰ ਨਹੀਂ ਛੱਡੀ ਜਾਵੇਗੀ। ਇਸ ਸਬੰਧੀ ਚੁੱਕੇ ਜਾਣ ਵਾਲੇ ਕਦਮ ਵੀ ਅਹਿਸਾਨ ਕਰਨ ਵਾਂਗ ਦੱਸੇ ਤੇ ਗਿਣਾਏ ਜਾਂਦੇ ਰਹੇ।
ਇੱਕ ਕਦਮ ਦਿੱਲੀ ਸ਼ਹਿਰ ਦੇ ਸਬੰਧ ਵਿਚ ਕੇਂਦਰ ਸਰਕਾਰ ਨੇ ਇਹ ਚੁੱਕਿਆ ਕਿ ਹੁਣ ਮਹਿਲਾ ਥਾਣੇ ਵਧਾਏ ਜਾਣਗੇ ਤੇ ਥਾਣੇ ਦੇ ਸਿਪਾਹੀਆਂ ਤੇ ਛੋਟੇ ਅਫਸਰਾਂ ਵਿਚ ਔਰਤਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਇਹ ਸਵਾਗਤਯੋਗ ਕਦਮ ਹੈ, ਪਰ ਇਹ ਸਮਝਣਾ ਗਲਤ ਹੈ ਕਿ ਇਸ ਨਾਲ ਔਰਤਾਂ ਵਿਰੁਧ ਜ਼ੁਲਮ ਘਟ ਜਾਣਗੇ। ਜਿਸ ਘਟਨਾ ਕਾਰਨ ਪੂਰਾ ਦੇਸ਼ ਰੋਹ ਵਿਚ ਹੈ, ਉਹ ਕਿਸੇ ਥਾਣੇ ਵਿਚ ਨਹੀਂ ਸੀ ਵਾਪਰੀ, ਸਾਰਾ ਕਾਂਡ ਸੜਕ ਉਤੇ ਦੌੜਦੀ ਬੱਸ ਵਿਚ ਹੋਇਆ ਸੀ। ਕਿਸੇ ਥਾਣੇ ਵਿਚ ਔਰਤ ਪੁਲਿਸ ਕਰਮਚਾਰੀ ਤਿੰਨ ਹੋਣ ਜਾਂ ਤੇਰਾਂ, ਉਨ੍ਹਾਂ ਨੇ ਸੜਕ ਉਤੇ ਜਾਂਦੀ ਬੱਸ ਵਿਚ ਹੁੰਦਾ ਪਾਪ ਨਹੀਂ ਰੋਕ ਦੇਣਾ। ਇਹ ਕੰਮ ਪੁਲਿਸ ਕੰਟਰੋਲ ਰੂਮ ਦੀਆਂ ਗਸ਼ਤ ਕਰਦੀਆਂ ਟੀਮਾਂ ਦਾ ਹੁੰਦਾ ਹੈ ਤੇ ਉਨ੍ਹਾਂ ਦਾ ਤਜਰਬਾ ਬੜਾ ਮਾੜਾ ਹੈ।
ਜ਼ੁਲਮ ਦਾ ਸ਼ਿਕਾਰ ਹੋ ਕੇ ਸੰਸਾਰ ਤੋਂ ਤੁਰ ਗਈ ਉਸ ਕੁੜੀ ਦੇ ਨਾਲ ਜਿਹੜਾ ਮੁੰਡਾ ਉਸ ਵੇਲੇ ਕੁੱਟਿਆ ਗਿਆ ਅਤੇ ਜਿਸ ਦੀ ਲੱਤ ਦੀ ਹੱਡੀ ਟੁੱਟੀ ਹੋਈ ਹੈ, ਉਹ ਕਹਿੰਦਾ ਹੈ ਕਿ ਪੁਲਿਸ ਕੰਟਰੋਲ ਰੂਮ ਦੀਆਂ ਤਿੰਨ ਗੱਡੀਆਂ ਆ ਕੇ ਉਨ੍ਹਾਂ ਨੂੰ ਡਿੱਗੇ ਪਏ ਵੇਖ ਕੇ ਨਿਕਲ ਗਈਆਂ, ਪਰ ਚੁੱਕਿਆ ਨਹੀਂ ਸੀ। ਜਦੋਂ ਕੁੜੀ ਓਥੇ ਪਈ ਤੜਫ ਰਹੀ ਸੀ, ਖੁਦ ਜ਼ਖਮੀ ਹੋਇਆ ਮੁੰਡਾ ਉਸ ਕੁੜੀ ਨੂੰ ਹਸਪਤਾਲ ਲਿਜਾਣ ਦੇ ਤਰਲੇ ਕਰ ਰਿਹਾ ਸੀ, ਪੁਲਿਸ ਕੰਟਰੋਲ ਰੂਮ ਦੀਆਂ ਗੱਡੀਆਂ ਵਾਲੇ ਇਸ ਗੱਲ ਲਈ ਆਪੋ ਵਿਚ ਝਗੜ ਰਹੇ ਸਨ ਕਿ ਇਹ ਕੇਸ ਫਲਾਣੇ ਥਾਣੇ ਦਾ ਹੈ ਤੇ ਫਲਾਣੇ ਦਾ ਨਹੀਂ। ਜਦੋਂ ਚੁੱਕਿਆ ਤਾਂ ਨੇੜਲੇ ਹਸਪਤਾਲ ਪੁਚਾਉਣ ਦੀ ਥਾਂ ਦੂਰ ਪੈਂਦੇ ਵੱਡੇ ਹਸਪਤਾਲ ਲੈ ਗਏ ਤੇ ਕੁੜੀ ਨੂੰ ਦਾਖਲ ਕਰਵਾ ਕੇ ਮੁੰਡੇ ਨੂੰ ਮੁੱਢਲੀ ਸਹਾਇਤਾ ਦਿੱਤੇ ਬਿਨਾਂ ਉਸ ਦਾ ਬਿਆਨ ਲਿਖਣ ਲਈ ਥਾਣੇ ਲਿਜਾ ਸੁੱਟਿਆ। ਸਖਤ ਠੰਢ ਦੇ ਬਾਵਜੂਦ ਉਸ ਨੂੰ ਕੰਬਲ ਤੱਕ ਨਹੀਂ ਦਿੱਤਾ ਗਿਆ। ਅੱਗੋਂ ਵਾਸਤੇ ਮਹਿਲਾ ਥਾਣੇ ਵਧਾ ਦੇਣ ਜਾਂ ਥਾਣਿਆਂ ਵਿਚ ਮਹਿਲਾ ਸਟਾਫ ਵਧਾਉਣ ਤੋਂ ਵੱਧ ਜ਼ਰੂਰੀ ਕੰਮ ਇਨ੍ਹਾਂ ਕੋਤਾਹੀਆਂ ਨੂੰ ਦੂਰ ਕਰਨ ਦਾ ਹੈ, ਜਿਹੜੀਆਂ ਇਸ ਕੇਸ ਵਿਚ ਪੁਲਿਸ ਦੀ ਸੰਵੇਦਨਹੀਣਤਾ ਨੂੰ ਜ਼ਾਹਰ ਕਰਦੀਆਂ ਹਨ।
ਸਾਡਾ ਪੱਤਰਕਾਰੀ ਦਾ ਤਜਰਬਾ ਕਈ ਇਹੋ ਜਿਹੇ ਕੇਸ ਯਾਦ ਕਰਵਾ ਰਿਹਾ ਹੈ, ਜਿੱਥੇ ਪੁਲਿਸ ਦੇ ਇਸ ਤਰ੍ਹਾਂ ਦੇ ਵਿਹਾਰ ਦੀ ਨਿੰਦਾ ਹੋਈ ਸੀ। ਪੰਜਾਬ ਦੀ ਇੱਕ ਘਟਨਾ ਕਈ ਸਾਲ ਪਹਿਲਾਂ ਦੀ ਹੈ। ਅੰਮ੍ਰਿਤਸਰ ਵਿਚ ਇੱਕ ਕੁੜੀ ਦੀ ਲਾਸ਼ ਮਿਲੀ ਤਾਂ ਝਗੜਾ ਪੈ ਗਿਆ ਕਿ ਮੁਕੱਦਮਾ ਕਿਸ ਥਾਣੇ ਦੀ ਪੁਲਿਸ ਵੱਲੋਂ ਦਰਜ ਕੀਤਾ ਜਾਵੇ? ਉਸ ਥਾਂ ਤੋਂ ਰੇਲਵੇ ਲਾਈਨ ਗੁਜ਼ਰਦੀ ਸੀ ਤੇ ਕੁੜੀ ਦੀ ਲਾਸ਼ ਵਾਲੀ ਜਗ੍ਹਾ ਦਾ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਰੇਲਵੇ ਦੀ ਹੈ ਜਾਂ ਉਸ ਤੋਂ ਬਾਹਰ ਦੀ। ਮੌਕੇ ਉਤੇ ਪਟਵਾਰੀ ਸੱਦਿਆ ਤਾਂ ਉਸ ਦੀ ਮਿਣਤੀ ਵਿਚ ਲਾਸ਼ ਅੱਧੀ-ਅੱਧੀ ਦੋਵੇਂ ਪਾਸੇ ਪਈ ਨਿਕਲ ਆਈ। ਫਿਰ ਇਹ ਨੁਕਤਾ ਆ ਗਿਆ ਕਿ ਵਾਰਦਾਤ ਦਾ ਆਖਰੀ ਸਿਰਾ ਬਣਦੀ ਸੱਟ ਜਿਸ ਪਾਸੇ ਹੋਵੇ, ਪਰਚਾ ਉਸ ਪਾਸੇ ਦੇ ਥਾਣੇ ਵਿਚ ਦਰਜ ਹੋਵੇਗਾ। ਲਾਸ਼ ਦੇ ਸਿਰ ਵਿਚ ਸੱਟ ਸੀ, ਪਰ ਉਸ ਦੀ ਹਾਲਤ ਦੱਸਦੀ ਸੀ ਕਿ ਬੀਬੀ ਦੇ ਨਾਲ ਬਲਾਤਕਾਰ ਵੀ ਹੋਇਆ ਸੀ। ਇਹ ਨਵਾਂ ਨੁਕਤਾ ਆ ਗਿਆ ਕਿ ਮਾਰਨ ਲਈ ਮਾਰੀ ਗਈ ਸਿਰ ਦੀ ਸੱਟ ਨੂੰ ਆਖਰੀ ਮੰਨਿਆ ਜਾਵੇ ਕਿ ਬਲਾਤਕਾਰ ਵਾਲੀ ਘਟਨਾ ਨੂੰ? ਨਤੀਜੇ ਵਜੋਂ ਉਹ ਲਾਸ਼ ਦੋ ਦਿਨ ਰੁਲਦੀ ਰਹੀ। ਜਿਨ੍ਹਾਂ ਦੇ ਪਰਿਵਾਰ ਦੀ ਉਹ ਔਰਤ ਸੀ, ਉਨ੍ਹਾਂ ਦਾ ਮਾਨਸਿਕ ਦਰਦ ਪੁਲਿਸ ਅਧਿਕਾਰੀ ਨਹੀਂ ਸੀ ਸਮਝ ਰਹੇ।
ਕੇਸ ਜਾਂ ਘਟਨਾ ਦੀ ਚਰਚਾ ਤੋਂ ਬਾਅਦ ਦੀ ਗੱਲ ਇਹ ਹੈ ਕਿ ਹੁਣ ਹਰ ਕੋਈ ਅੱਗੋਂ ਲਈ ਇਹੋ ਜਿਹੀ ਕਿਸੇ ਘਟਨਾ ਨੂੰ ਰੋਕਣ ਦੀ ਗੱਲ ਕਰ ਕੇ ਔਰਤਾਂ ਦਾ ਹੇਜਲਾ ਬਣ ਰਿਹਾ ਹੈ। ਪੰਜਾਬ ਸਰਕਾਰ ਨੇ ਵੀ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਇੱਕ ਕਮੇਟੀ ਬਣਾ ਦਿੱਤੀ ਹੈ, ਜਿਸ ਦੇ ਮੁਖੀ ਕੇਰਲਾ ਦੀ ਹਾਈ ਕੋਰਟ ਦੇ ਇੱਕ ਰਿਟਾਇਰਡ ਮੁੱਖ ਜੱਜ ਹੋਣਗੇ। ਇਸ ਕਦਮ ਦਾ ਸਵਾਗਤ ਕਰਨ ਵਿਚ ਹਰਜ ਨਹੀਂ, ਪਰ ਮੁੱਖ ਮੰਤਰੀ ਇਹ ਵੀ ਦੱਸ ਦੇਣ ਕਿ ਔਰਤਾਂ ਦੇ ਦੁੱਖ-ਦਰਦ ਸੁਣਨ ਲਈ ਪੰਜਾਬ ਦਾ ਜਿਹੜਾ ਮਹਿਲਾ ਕਮਿਸ਼ਨ ਹੈ, ਉਸ ਦੀ ਚੇਅਰਪਰਸਨ ਅਤੇ ਮੈਂਬਰਾਂ ਦੀਆਂ ਕੁਰਸੀਆਂ ਪਿਛਲੇ ਤੇਰਾਂ ਮਹੀਨਿਆਂ ਤੋਂ ਕਿਉਂ ਖਾਲੀ ਸਨ ਤੇ ਇਨ੍ਹਾਂ ਨੂੰ ਭਰਨ ਦਾ ਚੇਤਾ ਉਦੋਂ ਕਿਉਂ ਆਇਆ, ਜਦੋਂ ਦਿੱਲੀ ਕਾਂਡ ਪਿੱਛੋਂ ਅਖਬਾਰਾਂ ਵਿਚ ਇਨ੍ਹਾਂ ਖਾਲੀ ਕੁਰਸੀਆਂ ਦੀ ਖਬਰ ਛਪ ਗਈ? ਸਭ ਨੂੰ ਪਤਾ ਹੈ ਕਿ ਇਸ ਸਵਾਲ ਦਾ ਜਵਾਬ ਕਦੇ ਨਹੀਂ ਆਵੇਗਾ। ਕਾਰਨ ਇਹ ਹੈ ਕਿ ਸਰਕਾਰ ਜਦੋਂ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣ ਲੱਗੀ ਤਾਂ ਕੋਈ ਫਰੀਦਕੋਟ ਦੀ ਸ਼ਰੁਤੀ ਜਾਂ ਮਹਿਲ ਕਲਾਂ ਦੀ ਕਿਰਨਜੀਤ ਕੌਰ ਦਾ ਮੁੱਦਾ ਚੁੱਕਣ ਤੁਰ ਸਕਦਾ ਹੈ, ਜੋ ਇਹ ਸਰਕਾਰ ਭੁਲਾ ਦੇਣਾ ਚਾਹੁੰਦੀ ਹੈ।
ਪੰਜਾਬ ਨੂੰ ਪਾਸੇ ਰੱਖ ਕੇ ਅਸੀਂ ਫਿਰ ਦਿੱਲੀ ਵੱਲ ਧਿਆਨ ਕਰੀਏ, ਜਿੱਥੇ ਇਹ ਸਵਾਲ ਜ਼ੋਰ ਨਾਲ ਚੁੱਕਿਆ ਜਾ ਰਿਹਾ ਹੈ ਕਿ ਫਾਂਸੀ ਦੀ ਸਜ਼ਾ ਜਾਂ ਕੈਦ ਵੀ ਵਾਹਵਾ ਸਖਤ ਮਿਥੀ ਜਾਵੇ ਤਾਂ ਅੱਗੇ ਤੋਂ ਇਹ ਘਟਨਾਵਾਂ ਵਾਪਰਨ ਤੋਂ ਰੁਕ ਸਕਦੀਆਂ ਹਨ। ਇਹ ਸਵਾਲ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ। ਜੇ ਬਲਾਤਕਾਰ ਦੇ ਦੋਸ਼ੀ ਵਾਸਤੇ ਫਾਂਸੀ ਦੀ ਸਜ਼ਾ ਮਿਥੀ ਜਾਵੇ ਤਾਂ ਅਸੀਂ ਇਸ ਦੇ ਵਿਰੁਧ ਨਹੀਂ, ਪਰ ਇਸ ਨਾਲ ਬਲਾਤਕਾਰ ਨਹੀਂ ਘਟ ਜਾਣੇ। ਕਾਰਨ ਸਮਝਣਾ ਹੋਵੇ ਤਾਂ ਸੰਸਾਰ ਪੱਧਰ ਦੇ ਅੰਕੜੇ ਵੇਖਣੇ ਚਾਹੀਦੇ ਹਨ। ਅਮਰੀਕਾ ਵਿਚ ਬਲਾਤਕਾਰੀ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾ ਹੁੰਦੀ ਹੈ, ਪਰ ਉਥੇ ਬਲਾਤਕਾਰ ਬਹੁਤ ਵੱਧ, ਭਾਰਤ ਤੋਂ ਵੀ ਬਹੁਤ ਵੱਧ, ਹੁੰਦੇ ਹਨ। ਰੂਸ ਵਿਚ ਸਜ਼ਾ ਮਸਾਂ ਚਾਰ ਕੁ ਸਾਲ ਦੇ ਕਰੀਬ ਹੁੰਦੀ ਹੋਣ ਦੇ ਬਾਵਜੂਦ ਉਥੇ ਬਲਾਤਕਾਰ ਘੱਟ ਹੁੰਦੇ ਹਨ। ਕਾਰਨ ਇਸ ਪਿੱਛੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਮਾਨਸਿਕ ਵਿਗਾੜ ਦੇ ਵੱਧ ਜਾਂ ਘੱਟ ਹੋਣ ਦਾ ਹੈ। ਇਸ ਬਾਰੇ ਕਿਸੇ ਵੱਲੋਂ ਸੋਚਿਆ ਹੀ ਨਹੀਂ ਜਾਂਦਾ। ਮਾਨਸਿਕਤਾ ਦਾ ਇਹ ਵਿਗਾੜ ਸਾਡੇ ਸਮਾਜ ਵਿਚ ਸਾਡੇ ਰਾਜਨੀਤਕ ਢਾਂਚੇ ਅਤੇ ਬੇਲਗਾਮ ਮੀਡੀਏ ਦੀ ਦੇਣ ਹੈ ਅਤੇ ਕਾਰਪੋਰੇਟ ਪੂੰਜੀ ਇਸ ਨੂੰ ਉਤਸ਼ਾਹਤ ਕਰ ਰਹੀ ਹੈ।
ਹੁਣ ਇਸ ਬਹਿਸ ਵਿਚ ਇੱਕ ਨਵਾਂ ਮੋੜ ਆ ਗਿਆ ਹੈ। ਕੁਝ ਲੋਕਾਂ ਨੇ ਬਲਾਤਕਾਰ ਦੀਆਂ ਘਟਨਾਵਾਂ ਦੀ ਗੱਲ ਕਰਦਿਆਂ ਅਸਲੋਂ ਬੇਹੂਦਾ ਗੱਲਾਂ ਕਹਿ ਦਿੱਤੀਆਂ ਹਨ। ਪਹਿਲ ਕੀਤੀ ਰਾਜਸਥਾਨ ਤੋਂ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਨੇ, ਜਿਸ ਨੇ ਇਹ ਕਹਿ ਦਿੱਤਾ ਕਿ ਲੜਕੀਆਂ ਨੂੰ ਜੀਨ ਅਤੇ ਸਕਰਟ ਪਹਿਨਣ ਤੋਂ ਰੋਕ ਦਿੱਤਾ ਜਾਵੇ ਤਾਂ ਬਲਾਤਕਾਰ ਰੁਕ ਜਾਣਗੇ। ਉਸ ਨੂੰ ਰੱਜਵੀਂ ਨਿੰਦਾ ਦਾ ਸਾਹਮਣਾ ਕਰਨਾ ਪਿਆ। ਹਾਲੇ ਉਸ ਦੀ ਨਿੰਦਾ ਦਾ ਦੌਰ ਚੱਲ ਹੀ ਰਿਹਾ ਸੀ ਕਿ ਪੱਛਮੀ ਬੰਗਾਲ ਤੋਂ ਪਾਰਲੀਮੈਂਟ ਦੇ ਕਾਂਗਰਸ ਮੈਂਬਰ ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਨੇ ਇਹ ਭੱਦੀ ਟਿਪਣੀ ਕਰ ਦਿੱਤੀ ਕਿ ਬਲਾਤਕਾਰ ਦੀ ਘਟਨਾ ਵਿਰੁਧ ਕੁਝ ਔਰਤਾਂ ਦਿਨੇ ਮੋਮਬੱਤੀਆਂ ਬਾਲ ਕੇ ਰੋਸ ਮਾਰਚ ਕਰਦੀਆਂ ਹਨ ਤੇ ਰਾਤ ਨੂੰ ਡਿਸਕੋ ਡਾਂਸ ਕਰਨ ਜਾਂਦੀਆਂ ਹਨ। ਅਸਲੋਂ ਨੀਵੇਂ ਪੱਧਰ ਦੇ ਇਸ ਬਿਆਨ ਦੀ ਨਿੰਦਾ ਸਭ ਤੋਂ ਪਹਿਲਾਂ ਕਰਨ ਵਾਲਿਆਂ ਵਿਚ ਉਸ ਦੀ ਆਪਣੀ ਸਕੀ ਭੈਣ ਵੀ ਸ਼ਾਮਲ ਹੋ ਗਈ ਤਾਂ ਉਸ ਨੂੰ ਮੁਆਫੀ ਮੰਗਣੀ ਪਈ। ਫਿਰ ਮੱਧ ਪ੍ਰਦੇਸ਼ ਤੋਂ ਭਾਜਪਾ ਦਾ ਮੰਤਰੀ ਕੈਲਾਸ਼ ਵਿਜੇਵਰਗੀਜ਼ ਬੋਲ ਪਿਆ ਕਿ ਔਰਤਾਂ ਨੂੰ ਲਛਮਣ ਰੇਖਾ ਦੇ ਅੰਦਰ ਰਹਿਣਾ ਚਾਹੀਦਾ ਹੈ, ਸੀਤਾ ਮਾਤਾ ਜਦੋਂ ਲਛਮਣ ਰੇਖਾ ਤੋਂ ਬਾਹਰ ਨਿਕਲੀ ਤਾਂ ਰਾਵਣ ਚੁੱਕ ਕੇ ਲੈ ਗਿਆ ਸੀ, ਹੁਣ ਵੀ ਲਛਮਣ ਰੇਖਾ ਦੇ ਬਾਹਰ ਨਿਕਲਣ ਵਾਲੀਆਂ ਨੂੰ ਰਾਵਣ ਮਿਲ ਸਕਦਾ ਹੈ। ਇਹ ਬਿਆਨ ਉਸ ਮੰਤਰੀ ਦੀ ਆਪਣੀ ਪਾਰਟੀ ਭਾਜਪਾ ਨੂੰ ਵੀ ਹਜ਼ਮ ਨਹੀਂ ਹੋ ਸਕਿਆ।
ਇਨ੍ਹਾਂ ਤੋਂ ਬਾਅਦ ਇੱਕ ਹੋਰ ‘ਵੱਡਾ ਬੰਦਾ’ ਇਸ ਮਾਮਲੇ ਵਿਚ ਮੂੰਹ ਪਾੜ ਕੇ ਬੋਲਿਆ ਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਉਸ ਬੰਦੇ ਦਾ ਨਾਂ ਮੋਹਣ ਭਾਗਵਤ ਹੈ। ਉਹ ਇਹ ਕਹਿਣ ਲੱਗ ਪਿਆ ਕਿ ‘ਇੰਡੀਆ’ ਵਿਚ ਬਲਾਤਕਾਰ ਹੁੰਦੇ ਹਨ, ‘ਭਾਰਤ’ ਵਿਚ ਇਹ ਕੁਝ ਨਹੀਂ ਹੁੰਦਾ। ਕਹਿਣ ਤੋਂ ਭਾਵ ਇਹ ਕਿ ਜਿਹੜੇ ਲੋਕ ਪੱਛਮ ਦੀ ਸੱਭਿਅਤਾ ਦੇ ਪ੍ਰਭਾਵ ਹੇਠ ਹਨ, ਉਹੋ ਇਸ ਕੁਕਰਮ ਦੀ ਮਾਨਸਿਕਤਾ ਤੋਂ ਪ੍ਰਭਾਵਤ ਹਨ, ਪੱਛਮ ਦੇ ਪ੍ਰਭਾਵ ਤੋਂ ਹਾਲੇ ਤੱਕ ਬਚੇ ਹੋਏ ਲੋਕ ਇਸ ਮਾਰੂ ਮਾਨਸਿਕਤਾ ਤੋਂ ਵੀ ਬਚੇ ਹੋਏ ਹਨ। ਮੋਹਣ ਭਾਗਵਤ ਦੀ ਟਿਪਣੀ ਸੁਣ ਕੇ ਸਮਾਗਮ ਵਿਚ ਹਾਜ਼ਰ ਉਸ ਦੇ ਲਾਈਲੱਗ ਜਿਹੇ ਪੈਰੋਕਾਰਾਂ ਦਾ ਹਾਸਾ ਵੀ ਨਾਲ ਸੁਣਾਈ ਦਿੰਦਾ ਹੈ, ਜਿਵੇਂ ਉਹ ਚਟਕਾਰੇ ਲੈ ਰਹੇ ਹੋਣ, ਪਰ ਹਕੀਕਤਾਂ ਉਨ੍ਹਾਂ ਦੀ ਮਾਨਸਿਕਤਾ ਦਾ ਵੀ ਜਲੂਸ ਕੱਢ ਦਿੰਦੀਆਂ ਹਨ।
ਅਸੀਂ ਮਹਾਂਭਾਰਤ ਵਿਚ ਦਰੋਪਦੀ ਦੇ ਚੀਰ-ਹਰਨ ਵਾਲੀ ਉਹ ਕਹਾਣੀ ਨਹੀਂ ਪਾਉਣੀ ਚਾਹੁੰਦੇ, ਜਿਹੜਾ ਉਦੋਂ ਵਾਪਰਿਆ ਸੀ, ਜਦੋਂ ਭਾਰਤ ਵਿਚ ‘ਇੰਡੀਆ’ ਸ਼ਬਦ ਹਾਲੇ ਨਹੀਂ ਸੀ ਆਇਆ ਤੇ ਲੋਕ ਸਿਰਫ ‘ਭਾਰਤੀ’ ਸੱਭਿਅਤਾ ਦੇ ਧਾਰਨੀ ਸਨ। ਹਾਲ ਦੀ ਘੜੀ ਅਸੀਂ ਇਹ ਕਿੱਸਾ ਵੀ ਨਹੀਂ ਛੇੜ ਰਹੇ ਕਿ ਕੁਝ ਦੇਵਤਿਆਂ ਦੇ ਨਾਂ ਨਾਲ ਵੀ ਜ਼ੋਰ-ਜਬਰਦਸਤੀ ਦੇ ਕਿੱਸੇ ਜੁੜੇ ਹੋਏ ਹਨ ਤੇ ਉਹ ਵੀ ‘ਇੰਡੀਆ’ ਦੇ ਨਹੀਂ, ‘ਭਾਰਤੀ’ ਸੱਭਿਅਤਾ ਦੇ ਪ੍ਰਤੀਕ ਮੰਨੇ ਜਾਂਦੇ ਹਨ। ਇਸ ਦੀ ਥਾਂ ਅਸੀਂ ਇਹ ਦੱਸਣ ਦੀ ਗੁਸਤਾਖੀ ਕਰਾਂਗੇ ਕਿ ਭੰਵਰੀ ਦੇਵੀ ਨਾਲ ਸਮੂਹਕ ਬਲਾਤਕਾਰ ਦਾ ਕਾਂਡ ਉਸ ਰਾਜਸਥਾਨ ਵਿਚ ਹੋਇਆ ਸੀ, ਜਿਹੜਾ ਭਾਰਤੀ ਸੱਭਿਅਤਾ ਦੇ ਪ੍ਰਤੀਕ ਰਾਜਪੂਤਾਂ ਦੀ ਧਰਤੀ ਹੈ। ਫੂਲਾਂ ਦੇਵੀ ਵੀ ਡਾਕੂ ਤਦੇ ਬਣੀ ਸੀ, ਜੇ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਇਹ ਉਸ ਉਤਰ ਪ੍ਰਦੇਸ਼ ਵਿਚ ਹੋਇਆ ਸੀ, ਜਿੱਥੇ ਰਾਮ ਜੀ ਦੇ ਜਨਮ ਵਾਲੀ ਅਯੁੱਧਿਆ ਨਗਰੀ ਹੈ ਤੇ ਬਹੁਤ ਸਾਰੇ ਹੋਰ ਤੀਰਥ ਅਸਥਾਨ ਵੀ ਹਨ। ਜਿਨ੍ਹਾਂ ਲੋਕਾਂ ਨੇ ਫੂਲਾਂ ਦੇਵੀ ਨਾਲ ਬਲਾਤਕਾਰ ਕੀਤਾ, ਉਹ ਪੱਛਮੀ ਸੱਭਿਅਤਾ ਵਾਲੇ ਨਹੀਂ, ਭਾਰਤ ਦੀ ਮਨੂੰਵਾਦੀ ਜਾਤ ਆਧਾਰਤ ਸੱਭਿਅਤਾ ਵਾਲੇ ਸਨ, ਜਿਹੜੇ ਕਿਸੇ ਵੀ ਗਰੀਬੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਣਾ ਆਪਣਾ ਹੱਕ ਮੰਨਦੇ ਸਨ। ਮੱਧ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਤੀਸਰੀ ਵਾਰੀ ਸਰਕਾਰ ਚਲਾ ਰਹੀ ਹੈ ਤੇ ਇਹ ਪਾਰਟੀ ਭਾਰਤੀ ਸੰਸਕ੍ਰਿਤੀ ਦੇ ਸਵਾਲ ਉਤੇ ਆਪਣੇ ਨੇੜੇ-ਤੇੜੇ ਵੀ ਕਿਸੇ ਨੂੰ ਨਹੀਂ ਮੰਨਦੀ। ਭਾਰਤ ਦੇ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਮੁਤਾਬਕ ਸਾਲ 2011 ਦੌਰਾਨ ਮੱਧ ਪ੍ਰਦੇਸ਼ ਵਿਚ ਬਲਾਤਕਾਰ ਦੇ 3406 ਕੇਸ ਵਾਪਰੇ ਸਨ। ਇਹ ਨਾ ਸਿਰਫ ਭਾਰਤ ਵਿਚ ਕਿਸੇ ਵੀ ਹੋਰ ਰਾਜ ਤੋਂ ਵੱਡੀ ਗਿਣਤੀ ਸੀ, ਸਗੋਂ ਸਾਰੇ ਦੇਸ਼ ਦੇ ਇਹੋ ਜਿਹੇ ਕੁੱਲ ਕੇਸਾਂ ਦਾ ਚੌਦਾਂ ਫੀਸਦੀ ਤੋਂ ਵੱਧ ਉਸ ਇਕੱਲੇ ਰਾਜ ਵਿਚ ਬਣਦਾ ਸੀ। ‘ਇੰਡੀਆ’ ਦੀ ਬਜਾਏ ‘ਭਾਰਤ’ ਦਾ ਪ੍ਰਚਾਰ ਕਰਨ ਵਾਲੇ ਆਰ ਐਸ ਐਸ ਵਾਲਿਆਂ ਨੇ ਆਪਣੇ ਮੁੱਖ ਮੰਤਰੀ ਦੀ ਅਗਵਾਈ ਹੇਠ ਇਹ ਗੁਨਾਹ ਹੋਣ ਤੋਂ ਰੋਕੇ ਕਾਹਤੋਂ ਨਹੀਂ ਸਨ?
ਮੁਖਤਾਰਾਂ ਮਾਈ ਨਾਲ ਜਦੋਂ ਪਾਕਿਸਤਾਨ ਵਿਚ ਸਮੂਹਿਕ ਬਲਾਤਕਾਰ ਕਾਂਡ ਹੋਇਆ ਤੇ ਉਸ ਦਾ ਦੁੱਖ ਸੰਸਾਰ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਤਾਂ ਉਥੋਂ ਦਾ ਫੌਜੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਕਹਿੰਦਾ ਸੀ ਕਿ ਉਸ ਦੇ ਦੇਸ਼ ਦੀਆਂ ਕੁਝ ਔਰਤਾਂ ਜਾਣ-ਬੁੱਝ ਕੇ ਬਲਾਤਕਾਰ ਕਰਵਾਉਂਦੀਆਂ ਹਨ ਤਾਂ ਕਿ ਪੱਛਮੀ ਮੁਲਕਾਂ ਵਿਚ ਇਸ ਦਾ ਪ੍ਰਚਾਰ ਕਰ ਕੇ ਪੈਸੇ ਉਗਰਾਹ ਸਕਣ। ਪਾਕਿਸਤਾਨ ਵਿਚ ਉਸ ਦੀ ਇਸ ਬਦਤਮੀਜ਼ ਟਿਪਣੀ ਤੋਂ ਏਦਾਂ ਦਾ ਬਖੇੜਾ ਖੜਾ ਹੋਇਆ ਕਿ ਉਸ ਨੂੰ ਸਫਾਈ ਦੇਣੀ ਔਖੀ ਹੋ ਗਈ ਸੀ। ਸਾਨੂੰ ਲੱਗਦਾ ਹੈ ਕਿ ਮੁਸ਼ੱਰਫ ਦੀ ਮਾਸੀ ਦੇ ਕੁਝ ਪੁੱਤਰ ਭਾਰਤ ਵਿਚ ਵੀ ਹਨ, ਜਿਹੜੇ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਲਾਂਭੇ ਹਟਾਉਣ ਜਾਂ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਭੱਜਣ ਲਈ ਕਿਸੇ ਵੀ ਤਰ੍ਹਾਂ ਦੀ ਬੇਥੱਵ੍ਹੀ ਟਿਪਣੀ ਕਰਨ ਤੱਕ ਜਾ ਸਕਦੇ ਹਨ। ਜਦੋਂ ਆਪਣੇ ਆਪ ਨੂੰ ਆਗੂ ਅਖਵਾਉਣ ਵਾਲਿਆਂ ਦੀ ਮਾਨਸਿਕਤਾ ਹੀ ਨਹੀਂ ਬਦਲ ਰਹੀ ਤਾਂ ਇਸ ਸਮਾਜ ਦੀ ਕਿਵੇਂ ਬਦਲ ਜਾਵੇਗੀ?
Leave a Reply