ਚੇਨਈ: ਭਾਰੀ ਬਾਰਸ਼ ਕਾਰਨ ਆਏ ਹੜ੍ਹਾਂ ਨੇ ਤਾਮਿਲਨਾਡੂ ਵਿਚ ਜ਼ਿੰਦਗੀ ਲੀਹ ਤੋਂ ਲਾਹ ਦਿੱਤੀ ਹੈ। ਅਜੇ ਵੀ ਰੁਕ ਰੁਕ ਹੋ ਰਹੀ ਬਾਰਸ਼ ਤੇ ਬਿਜਲੀ ਸੰਕਟ ਨਾਲ ਪਾਣੀ ਦੀ ਕਮੀ ਲੋਕਾਂ ਲਈ ਮੁਸੀਬਤ ਖੜ੍ਹੀ ਕਰ ਰਹੀ ਹੈ। ਇਕ ਅਕਤੂਬਰ ਤੋਂ ਮੋਹਲੇਧਾਰ ਬਾਰਸ਼ ਕਾਰਨ ਘੱਟ ਤੋਂ ਘੱਟ 345 ਲੋਕਾਂ ਦੀ ਮੌਤ ਹੋ ਗਈ। ਕੋਟੂਪੁਰਮ, ਮੁਦੀਚੁਰ ਤੇ ਪੱਲੀਕਕਰਨਈ ਵਰਗੇ ਕਈ ਇਲਾਕਿਆਂ ਵਿਚ ਅਜੇ ਵੀ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ।
ਸ਼ਹਿਰ ਦੇ ਕੁਝ ਏæਟੀæਐਮæ ਤੇ ਪੈਟਰੋਲ ਪੰਪ ਚੱਲ ਰਹੇ ਹਨ, ਉਥੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਹਨ। ਫੌਜ ਹੁਣ ਤੱਕ 6500 ਤੋਂ ਵੱਧ ਲੋਕਾਂ ਨੂੰ ਬਚਾ ਚੁੱਕੀ ਹੈ। ਐਨæਡੀæਆਰæ ਐਫ਼ ਨੇ 16000 ਤੋਂ ਵੱਧ ਲੋਕਾਂ ਨੂੰ ਬਚਾਇਆ। ਐਨæਡੀæਆਰæ ਐਫ਼ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਰਾਹਤ ਮੁਹਿੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੇਨਈ ਵਿਚ ਹੜ੍ਹ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇਕ ਅੰਦਾਜ਼ੇ ਮੁਤਾਬਕ ਪਿਛਲੇ 100 ਸਾਲ ਵਿਚ ਕਦੇ ਵੀ ਇਸ ਰੁੱਤ ਵਿਚ ਏਨੀ ਬਾਰਸ਼ ਨਹੀਂ ਹੋਈ। ਪਿਛਲੇ ਸਮੇਂ ਸ੍ਰੀਨਗਰ ਸਮੇਤ ਕਸ਼ਮੀਰ ਵਾਦੀ ਦੇ ਕੁਝ ਇਲਾਕੇ ਲਗਾਤਾਰ ਪਈ ਭਾਰੀ ਬਾਰਸ਼ ਕਾਰਨ ਨੁਕਸਾਨੇ ਗਏ ਸਨ। ਇਸੇ ਤਰ੍ਹਾਂ ਉਤਰਾਖੰਡ ਵਿਚ ਤਾਂ ਅਕਸਰ ਹੀ ਬਰਸਾਤਾਂ ਦੇ ਮੌਸਮ ਵਿਚ ਪਿੰਡਾਂ, ਸ਼ਹਿਰਾਂ ਵਿਚ ਹੜ੍ਹ ਆ ਜਾਂਦੇ ਹਨ, ਪਰ ਦੱਖਣੀ ਭਾਰਤ ਦੇ ਤਾਮਿਲਨਾਡੂ ਵਰਗੇ ਪ੍ਰਾਂਤਾਂ ਵਿਚ ਅਜਿਹਾ ਵਰਤਾਰਾ ਇਸ ਲਈ ਹੋਰ ਵੀ ਅਜੀਬ ਲਗਦਾ ਹੈ ਕਿਉਂਕਿ ਇਥੇ ਅਕਸਰ ਪਾਣੀ ਦੀ ਕਿੱਲਤ ਬਣੀ ਰਹਿੰਦੀ ਹੈ। ਜ਼ਿੰਦਗੀ ਨੂੰ ਥਾਂ ਸਿਰ ਲਿਆਉਣ ਦੀਆਂ ਚੁਣੌਤੀਆਂ ਬਹੁਤ ਵਧੀਆਂ ਨਜ਼ਰ ਆ ਰਹੀਆਂ ਹਨ।
ਕੇਂਦਰ ਸਰਕਾਰ ਨੇ ਇਸ ਤਬਾਹੀ ਨੂੰ ਦੇਖਦਿਆਂ ਜਿਥੇ ਵੱਡੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ, ਉਥੇ ਗੈਰ-ਸਰਕਾਰੀ ਸੰਸਥਾਵਾਂ ਵੀ ਹਰ ਪੱਖੋਂ ਹੋਏ ਨੁਕਸਾਨ ਨੂੰ ਘਟਾਉਣ ਵਿਚ ਲੱਗੀਆਂ ਹੋਈਆਂ ਹਨ। ਚੇਨਈ ਵਿਚ ਬਿਜਲੀ ਬੰਦ ਹੋਣ ਕਾਰਨ ਇਕ ਹਸਪਤਾਲ ਵਿਚ ਦਾਖਲ 18 ਹੜ੍ਹ ਪੀੜਤਾਂ ਦੀ ਮੌਤ ਹੋ ਗਈ।
ਇਨ੍ਹਾਂ ਸਾਰਿਆਂ ਨੂੰ ਵੈਂਟੀਲੈਟਰ ‘ਤੇ ਰੱਖਿਆ ਹੋਇਆ ਸੀ। ਇਥੇ 575 ਹੜ੍ਹ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 75 ਵੈਂਟੀਲੈਟਰ ਉਤੇ ਸਨ। 18 ਮਰੀਜ਼ਾਂ ਦੀ ਮੌਤ ਹੋ ਜਾਣ ਪਿੱਛੋਂ ਬਾਕੀ 57 ਪੀੜਤਾਂ ਨੂੰ ਤੁਰੰਤ ਦੂਸਰੇ ਹਸਪਤਾਲ ਤਬਦੀਲ ਕਰਨਾ ਪਿਆ।
___________________________________
ਅਮਰੀਕਾ ਵੱਲੋਂ ਮਦਦ ਦੀ ਪੇਸ਼ਕਸ਼
ਵਾਸ਼ਿੰਗਟਨ: ਅਮਰੀਕਾ ਨੇ ਚੇਨਈ ਵਿਚ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਮਾਰਕ ਟੋਨਰ ਨੇ ਚੇਨਈ ਦੀ ਸਥਿਤੀ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਉਹ ਇਸ ਔਖੀ ਘੜੀ ਵਿਚ ਚੇਨਈ ਦੇ ਲੋਕਾਂ ਤੇ ਭਾਰਤ ਸਰਕਾਰ ਦੀ ਮਦਦ ਲਈ ਤਿਆਰ ਹੈ। ਫਰਾਂਸ ਨੇ ਵੀ ਚੇਨਈ ਵਿਚ ਆਏ ਹੜ੍ਹ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
___________________________________
ਅਗਾਊਂ ਪ੍ਰਬੰਧਾਂ ਬਾਰੇ ਸਰਕਾਰ ਦੀ ਘੇਸਲ ‘ਤੇ ਸਵਾਲ
ਨਵੀਂ ਦਿੱਲੀ: ਚੇਨਈ ਵਿਚ ਮੀਂਹ ਦੇ ਕਹਿਰ ਨੇ ਵਾਤਾਵਰਨ ਮਾਹਿਰਾਂ ਦੇ ਨਾਲ ਨਾਲ ਸਰਕਾਰ ਦੇ ਕੰਨ ਵੀ ਖੜ੍ਹੇ ਕਰ ਦਿੱਤੇ ਹਨ। ਦਿੱਲੀ, ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਸ਼ਹਿਰਾਂ ਦੇ ਯੋਜਨਾਕਾਰਾਂ ਲਈ ਇਹ ਇਮਤਿਹਾਨ ਦੀ ਘੜੀ ਹੈ। ਦੇਸ਼ ਵਿਚ ਵਧ ਮੀਂਹ ਪੈਣ ਦੇ ਖਦਸ਼ੇ ਜਤਾਏ ਜਾਣ ਦੇ ਨਾਲ ਹੀ ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਚੇਨਈ, ਸ੍ਰੀਨਗਰ (2014), ਉੱਤਰਾਖੰਡ (2013) ਤੇ ਮੁੰਬਈ (2005) ਵਿਚ ਵਾਪਰੀ ਤਬਾਹੀ ਕੁਦਰਤੀ ਨਹੀਂ ਸੀ ਸਗੋਂ ਮਨੁੱਖ ਨੇ ਖੁਦ ਸਹੇੜੀ ਸੀ। ਜਲੰਧਰ, ਲੁਧਿਆਣਾ, ਪਟਿਆਲਾ, ਅੰਬਾਲਾ ਤੇ ਚੰਡੀਗੜ੍ਹ ਸਮੇਤ ਹੋਰ ਵੱਡੇ ਸ਼ਹਿਰਾਂ ਵਿਚ ਵੀ ਚੇਨਈ ਵਰਗੇ ਹਾਲਾਤ ਬਣ ਸਕਦੇ ਹਨ ਕਿਉਂਕਿ ਯੋਜਨਾਕਾਰ ਪਿਛਲੀਆਂ ਘਟਨਾਵਾਂ ਤੋਂ ਸਬਕ ਨਹੀਂ ਲੈ ਰਹੇ।