ਦਹਿਸ਼ਤਗਰਦੀ ਕਾਰਾ ਸੀ ਕੈਲੀਫੋਰਨੀਆ ਵਾਲਾ ਗੋਲੀ ਕਾਂਡ

ਵਾਸ਼ਿੰਗਟਨ: ਕੈਲੀਫੋਰਨੀਆ ਵਿਚ ਹੋਏ ਕਤਲੇਆਮ ਦੀ ਐਫ਼ਬੀæਆਈæ ਵੱਲੋਂ ਦਹਿਸ਼ਤੀ ਘਟਨਾ ਵਜੋਂ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਹਮਲਾਵਰ ਪਾਕਿਸਤਾਨੀ ਮਹਿਲਾ ਦੇ ਇਸਲਾਮਿਕ ਸਟੇਟ ਨਾਲ ਸਬੰਧ ਸਨ ਤੇ ਉਹ ਜਥੇਬੰਦੀ ਦੇ ਮੁਖੀ ਅਬੂ ਬਕਰ ਅਲ-ਬਗਦਾਦੀ ਨਾਲ ਫੇਸਬੁੱਕ ਉਤੇ ਜੁੜੀ ਹੋਈ ਸੀ।

ਹਮਲਾਵਰ ਜੋੜੇ ਸਈਦ ਰਿਜ਼ਵਾਨ ਫਾਰੂਕ (28) ਤੇ ਉਸ ਦੀ ਪਤਨੀ ਤਾਸ਼ਫੀਨ ਮਲਿਕ (27) ਦੀ ਰਿਹਾਇਸ਼ ਤੋਂ ਹਥਿਆਰਾਂ ਦੇ ਜਖੀਰੇ ਤੋਂ ਇਲਾਵਾ ਇਲੈਕਟ੍ਰਾਨਿਕ ਸਾਮਾਨ ਵੀ ਬਰਾਮਦ ਹੋਇਆ ਜਿਸ ਨੂੰ ਉਨ੍ਹਾਂ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਧਰ ਇਸਲਾਮਿਕ ਸਟੇਟ ਪੱਖੀ ਅਰਬੀ ਭਾਸ਼ਾ ਦੀ ਖਬਰ ਏਜੰਸੀ ਨੇ ਮਲਿਕ ਤੇ ਫਾਰੂਕ ਦੇ ਇਸਲਾਮਿਕ ਸਟੇਟ ਦੇ ਹਮਦਰਦ ਹੋਣ ਦਾ ਪ੍ਰਗਟਾਵਾ ਕੀਤਾ ਹੈ, ਪਰ ਉਸ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਦੱਸਣਯੋਗ ਹੈ ਕਿ ਪਿਛਲੇ ਹਫਤੇ ਕੈਲੀਫੋਰਨੀਆ ਦੇ ਅਪਾਹਜ ਕੇਂਦਰ ਵਿਚ ਕ੍ਰਿਸਮਸ ਦੀ ਪਾਰਟੀ ਦੌਰਾਨ ਪਾਕਿਸਤਾਨੀ ਮੂਲ ਦੇ ਜੋੜੇ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਦੌਰਾਨ 14 ਵਿਅਕਤੀਆਂ ਦੀ ਮੌਤ ਤੇ 17 ਹੋਰ ਜਖ਼ਮੀ ਹੋ ਗਏ ਸਨ। ਅਮਰੀਕਾ ਵਿਚ ਇਸ ਸਾਲ ਗੋਲੀਬਾਰੀ ਦੀਆਂ 300 ਤੋਂ ਵੱਧ ਘਟਨਾਵਾਂ ਹੋਈਆਂ ਹਨ। ਮੁਲਕ ਵਿਚ 2012 ਤੋਂ ਬਾਅਦ ਇਹ ਸਭ ਤੋਂ ਭਿਆਨਕ ਕਾਰਾ ਹੈ। ਜੋੜੇ ਨੇ ਹਮਲਾਵਰਾਂ ਵਰਗੇ ਕੱਪੜੇ ਪਹਿਨੇ ਹੋਏ ਸਨ ਤੇ ਉਨ੍ਹਾਂ ਸਾਨ ਬਰਨਾਰਡਿਨੋ ਵਿਚ ਇਨਲੈਂਡ ਰੀਜਨਲ ਕੇਂਦਰ ਵਿਚ ਹੋ ਰਹੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਸੀ। ਹਮਲਾਵਰ ਗੋਲੀਬਾਰੀ ਤੋਂ ਬਾਅਦ ਕਾਲੇ ਰੰਗ ਦੀ ਐਸ਼ਯੂæਵੀæ ਵਿਚ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਨੂੰ ਉਨ੍ਹਾਂ ਦਾ ਕਾਫੀ ਦੇਰ ਤੱਕ ਪਿੱਛਾ ਕਰਨਾ ਪਿਆ ਜਿਸ ਮਗਰੋਂ ਕਈ ਘੰਟਿਆਂ ਬਾਅਦ ਪੁਲਿਸ ਨੇ ਮੁਕਾਬਲੇ ਵਿਚ ਉਨ੍ਹਾਂ ਨੂੰ ਮਾਰ ਸੁੱਟਿਆ।
ਪਾਕਿਸਤਾਨੀ ਮੂਲ ਦਾ ਇਹ ਜੋੜਾ ਵੱਖਵਾਦੀਆਂ ਦੇ ਸੰਪਰਕ ਵਿਚ ਸੀ। ਉਨ੍ਹਾਂ ਦੇ ਘਰ ਤੋਂ ਬਰਾਮਦ ਹਥਿਆਰਾਂ ਦੇ ਜ਼ਖ਼ੀਰੇ ਤੋਂ ਸੰਕੇਤ ਮਿਲਦਾ ਹੈ ਕਿ ਉਹ ਹੋਰ ਹਮਲਾ ਕਰਨ ਦੀ ਯੋਜਨਾ ਉਲੀਕ ਰਹੇ ਸਨ। ਕੈਲੀਫੋਰਨੀਆ ਵਿਚ ਪਾਕਿਸਤਾਨੀ ਮੂਲ ਦੇ ਆਪਣੇ ਅਮਰੀਕੀ ਪਤੀ ਨਾਲ ਗੋਲੀਬਾਰੀ ਕਰਨ ਵਾਲੀ ਪਾਕਿਸਤਾਨੀ ਮਹਿਲਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸਲਾਮਿਕ ਸਟੇਟ ਦੇ ਆਗੂ ਅਬੁ ਬਕਰ ਅਲ ਬਗਦਾਦੀ ਪ੍ਰਤੀ ਆਪਣੀ ਵਫਾਦਾਰੀ ਪ੍ਰਗਟਾਈ ਸੀ ਅਤੇ ਇਸ ਹਮਲੇ ਤੋਂ ਪਹਿਲਾਂ ਆਪਣੇ ਪਤੀ ਨੂੰ ਕੱਟੜਵਾਦ ਦਾ ਪਾਠ ਪੜ੍ਹਾਇਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਆਈæਐਸ਼ ਵੱਲੋਂ ਲਈ ਗਈ ਹੈ। ਆਪਣੇ ਆਨਲਾਈਨ ਬੁਲੇਟਿਨ ਵਿਚ ਆਈæਐਸ਼ ਨੇ ਹਮਲਾਵਰਾਂ ਨੂੰ ਆਪਣਾ ਸਮਰਥਕ ਦੱਸਿਆ ਹੈ।
________________________________________________________________
ਸਿੱਖਾਂ ਵੱਲੋਂ ਗੋਲੀਕਾਂਡ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ
ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਵਿਚ ਹੋਏ ਗੋਲੀਕਾਂਡ ਵਿਚ ਮਾਰੇ ਗਏ ਲੋਕਾਂ ਨੂੰ ਇਥੋਂ ਦੇ ਸਿੱਖ ਭਾਈਚਾਰੇ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਕੈਲੇਫੋਰਨੀਆ ਦੇ ਜ਼ਿਆਦਾਤਰ ਗੁਰਦੁਆਰਾ ਸਾਹਿਬ ਵਿਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਅਰਦਾਸ ਸਮਾਗਮ ਕਰਵਾਇਆ ਗਿਆ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਰਹਿੰਦਾ ਹੈ।ਇਸ ਕਰ ਕੇ ਸਿੱਖ ਭਾਈਚਾਰੇ ਵੱਲੋਂ ਇਸ ਗੋਲੀਕਾਂਡ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਜਾ ਰਹੀ ਹੈ।
______________________________
ਓਬਾਮਾ ਨੇ ਆਈæਐਸ਼ ਨੂੰ ਵੰਗਾਰਿਆ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਹੈ ਕਿ ਕੈਲੀਫੋਰਨੀਆ ਗੋਲੀਕਾਂਡ ਵਰਗੀਆਂ ਘਟਨਾਵਾਂ ਰਾਹੀਂ ਅਮਰੀਕੀਆਂ ਨੂੰ ਡਰਾਇਆ ਨਹੀਂ ਜਾ ਸਕਦਾ। ਰੇਡੀਓ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਆਖਿਆ ਕਿ ਜਿਸ ਜੋੜੇ ਨੇ ਸੈਨ ਬਨਾਰਡਿਨੋ ਗੋਲੀਕਾਂਡ ਨੂੰ ਅੰਜਾਮ ਦਿੱਤਾ ਸੀ, ਉਹ ਕੱਟੜਪੰਥੀ ਸਨ। ਓਬਾਮਾ ਨੇ ਆਖਿਆ ਹੈ ਕਿ ਸਾਨੂੰ ਪਤਾ ਹੈ ਕਿ ਆਈæਐਸ਼ ਤੇ ਦੂਜੇ ਕੱਟੜਪੰਥੀ ਸੰਗਠਨ ਦੁਨੀਆਂ ਭਰ ਵਿਚ ਹਿੰਸਕ ਘਟਨਾਵਾਂ ਲਈ ਨੌਜਵਾਨਾਂ ਨੂੰ ਉਕਸਾ ਰਹੇ ਹਨ। ਉਨ੍ਹਾਂ ਆਈæਐਸ਼ ਅਤਿਵਾਦੀ ਸੰਗਠਨ ਦੇ ਖਾਤਮੇ ਦਾ ਪ੍ਰਣ ਲੈਂਦੇ ਹੋਏ ਕਿਹਾ ਕਿ ਹੁਣ ਹੋਰ ਬਰਦਾਸ਼ਤ ਕਰਨਾ ਮੁਸ਼ਕਿਲ ਹੈ।