ਪੌਣੇ ਚਾਰ ਕਰੋੜ ਦਾ ਤੇਲ ਡੀਕ ਗਈਆਂ ਵਿਧਾਇਕਾਂ ਦੀਆਂ ਗੱਡੀਆਂ

ਬਠਿੰਡਾ: ਪੰਜਾਬ ਦੇ ਵਿਧਾਇਕਾਂ ਦਾ ਤੇਲ ਖਰਚ ਵੀ ਖਜ਼ਾਨੇ ਦਾ ਤੇਲ ਕੱਢ ਰਿਹਾ ਹੈ। ਭਾਵੇਂ ਬਹੁਤੇ ਕਾਂਗਰਸੀ ਵਿਧਾਇਕ ਆਪਣੇ ਹਲਕੇ ਵਿਚੋਂ ਗਾਇਬ ਰਹੇ ਹਨ, ਪਰ ਤੇਲ ਖਰਚ ਦੇ ਮਾਮਲੇ ਵਿਚ ਉਨ੍ਹਾਂ ਨੇ ਵੀ ਢਿੱਲ ਨਹੀਂ ਦਿਖਾਈ। ਪੰਜਾਬ ਦੇ 66 ਵਿਧਾਇਕਾਂ ਦੀਆਂ ਗੱਡੀਆਂ ਬੀਤੇ ਦੋ ਸਾਲਾਂ ਵਿਚ ਤਕਰੀਬਨ ਪੌਣੇ ਚਾਰ ਕਰੋੜ ਦਾ ਤੇਲ ਪੀ ਗਈਆਂ। ਕਈ ਵਿਧਾਇਕਾਂ ਨੇ ਗੱਡੀਆਂ ਭਜਾਉਣ ਵਿਚ ਵੀ ਝੰਡੀ ਲੈ ਲਈ ਹੈ।

ਪੰਜਾਬ ਸਰਕਾਰ ਨੇ ਆਖਰੀ ਵਾਰ ਵਿਧਾਇਕਾਂ ਨੂੰ ਸਾਲ 2009 ਵਿਚ ਇਨੋਵਾ ਗੱਡੀਆਂ ਦਿੱਤੀਆਂ ਸਨ, ਜਿਨ੍ਹਾਂ ਦੀ ਹਾਲਤ ਹੁਣ ਬਹੁਤੀ ਚੰਗੀ ਨਹੀਂ ਹੈ। ਪੰਜਾਬ ਸਰਕਾਰ ਨੇ ਉਦੋਂ ਵਿਧਾਇਕਾਂ ਦੀਆਂ ਗੱਡੀਆਂ ਦੀ ਖਰੀਦ ‘ਤੇ 3æ47 ਕਰੋੜ ਰੁਪਏ ਖਰਚੇ ਸਨ।
ਸਟੇਟ ਟਰਾਂਸਪੋਰਟ ਕਮਿਸ਼ਨਰ ਤੋਂ ਆਰæਟੀæਆਈæ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਵਿਧਾਇਕਾਂ ਨੇ ਸਾਲ 2013-14 ਵਿਚ 1æ95 ਕਰੋੜ ਰੁਪਏ ਤੇ ਸਾਲ 2014-15 ਵਿਚ 1æ77 ਕਰੋੜ ਰੁਪਏ ਤੇਲ ‘ਤੇ ਖਰਚੇ। ਮੋਟੇ ਅੰਦਾਜ਼ੇ ਅਨੁਸਾਰ ਸਾਰੇ ਵਿਧਾਇਕਾਂ ਦੀਆਂ ਗੱਡੀਆਂ ਦੇ ਤੇਲ ‘ਤੇ ਲੰਘੇ ਸੱਤ ਵਰ੍ਹਿਆਂ ਵਿਚ ਤਕਰੀਬਨ 12 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਦੋ ਸਾਲ ਦੌਰਾਨ ਔਸਤਨ ਹਰ ਵਿਧਾਇਕ ਦਾ ਤੇਲ ਖਰਚਾ 2æ81 ਲੱਖ ਰੁਪਏ ਸਾਲਾਨਾ ਰਿਹਾ ਹੈ। ਵਿਧਾਇਕਾਂ ਕੋਲ ਇਨੋਵਾ ਗੱਡੀਆਂ ਹਨ, ਜਿਨ੍ਹਾਂ ਦੀ ਖਰੀਦ ‘ਤੇ ਪ੍ਰਤੀ ਗੱਡੀ 8æ47 ਲੱਖ ਰੁਪਏ ਸਰਕਾਰ ਨੇ ਖਰਚੇ ਸਨ। ਕਾਂਗਰਸੀ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਉਨ੍ਹਾਂ ਕੋਲ ਅੱਠ ਸਾਲ ਪੁਰਾਣੀਆਂ ਗੱਡੀਆਂ ਹਨ, ਜੋ ਖਟਾਰਾ ਹੋ ਚੁੱਕੀਆਂ ਹਨ।
ਉਨ੍ਹਾਂ ਆਖਿਆ ਕਿ ਪੁਰਾਣੇ ਮਾਡਲ ਹੋਣ ਕਰ ਕੇ ਗੱਡੀਆਂ ਦੀ ਤੇਲ ਖਪਤ ਵੀ ਵਧ ਗਈ ਹੈ। ਹਲਕਾ ਮਲੋਟ ਤੋਂ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਦੀ ਗੱਡੀ ਦੀ ਤੇਲ ਖਪਤ ਸਾਲ 2014-15 ਦੌਰਾਨ ਸਭ ਤੋਂ ਜ਼ਿਆਦਾ ਰਹੀ। ਉਨ੍ਹਾਂ ਨੇ ਇਕ ਸਾਲ ਵਿਚ 6æ07 ਲੱਖ ਰੁਪਏ ਤੇਲ ‘ਤੇ ਖਰਚੇ। ਉਨ੍ਹਾਂ ਦਾ ਤੇਲ ਖਰਚ ਔਸਤਨ 50,620 ਰੁਪਏ ਪ੍ਰਤੀ ਮਹੀਨਾ ਰਿਹਾ ਹੈ। ਇਸ ਹਿਸਾਬ ਨਾਲ ਉਹ ਔਸਤਨ ਰੋਜ਼ਾਨਾ 350 ਕਿਲੋਮੀਟਰ ਸਫਰ ਕਰਦੇ ਰਹੇ ਹਨ।
ਇਸ ਵਿਧਾਇਕ ਦੀ ਗੱਡੀ ਦਾ ਸਾਲ 2013-14 ਵਿਚ ਤੇਲ ਖਰਚ 1æ14 ਲੱਖ ਰੁਪਏ ਸੀ। ਸਾਲ 2014-15 ਵਿਚ ਦੂਜਾ ਨੰਬਰ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ ਦਾ ਹੈ, ਜਿਨ੍ਹਾਂ ਦੀ ਗੱਡੀ ਇਕੋ ਵਰ੍ਹੇ ਵਿਚ 5æ94 ਲੱਖ ਰੁਪਏ ਦਾ ਤੇਲ ਪੀ ਗਈ। ਵਿਧਾਇਕ ਰਾਜ ਕੁਮਾਰ ਵੇਰਕਾ ਦੀ ਗੱਡੀ ਲਈ ਇਸੇ ਵਰ੍ਹੇ 4æ30 ਲੱਖ ਰੁਪਏ ਦਾ ਤੇਲ ਖਰਚਿਆ ਗਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦੋ ਵਰ੍ਹਿਆਂ ਦਾ ਤੇਲ ਖਰਚ 6æ02 ਲੱਖ ਰੁਪਏ ਰਿਹਾ ਜਦਕਿ ਰਜਿੰਦਰ ਕੌਰ ਭੱਠਲ ਦਾ ਤੇਲ ਖਰਚ ਦੋ ਵਰ੍ਹਿਆਂ ਦੌਰਾਨ ਪੰਜ ਲੱਖ ਰੁਪਏ ਰਿਹਾ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਜਗੀਰ ਕੌਰ ਦਾ ਦੋ ਵਰ੍ਹਿਆਂ ਦਾ ਤੇਲ ਖਰਚ 3æ41 ਲੱਖ ਰੁਪਏ ਰਿਹਾ। ਸੂਤਰ ਦੱਸਦੇ ਹਨ ਕਿ ਬਹੁਤੇ ਵਿਧਾਇਕ ਤਾਂ ਆਪਣੀਆਂ ਪ੍ਰਾਈਵੇਟ ਗੱਡੀਆਂ ਹੀ ਵਰਤ ਰਹੇ ਹਨ। ਕਈ ਵਿਧਾਇਕ ਤਾਂ ਵਾਰ-ਵਾਰ ਸਰਕਾਰ ਤੋਂ ਨਵੀਆਂ ਗੱਡੀਆਂ ਦੀ ਵੀ ਮੰਗ ਕਰ ਚੁੱਕੇ ਹਨ। ਵਿਧਾਇਕਾਂ ਦਾ ਤਰਕ ਹੈ ਕਿ ਜ਼ਿਆਦਾ ਸਮਾਂ ਹਲਕੇ ਵਿਚ ਰਹਿਣ ਕਰ ਕੇ ਤੇ ਖਟਾਰਾ ਗੱਡੀਆਂ ਦੀ ਤੇਲ ਖਪਤ ਜ਼ਿਆਦਾ ਹੋਣ ਕਰ ਕੇ ਤੇਲ ਖਰਚ ਵਧਿਆ ਹੈ।
_________________________________________________
ਮਨਪ੍ਰੀਤ ਇਆਲੀ ਸਭ ਤੋਂ ਮਹਿੰਗੇ ਵਿਧਾਇਕ
ਚੰਡੀਗੜ੍ਹ: ਸਾਲ 2013-14 ਦੌਰਾਨ ਸਭ ਤੋਂ ਵੱਧ ਤੇਲ ਖਰਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ (4,11,210 ਰੁਪਏ) ਰਿਹਾ ਜਦਕਿ ਵਿਧਾਇਕ ਸੁਖਜਿੰਦਰ ਸਿੰਘ ਦਾ ਤੇਲ ਖਰਚ 4,11,096 ਰੁਪਏ ਰਿਹਾ। ਤੀਜੇ ਨੰਬਰ ‘ਤੇ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਹਨ, ਜਿਨ੍ਹਾਂ ਦੀ ਗੱਡੀ ਇਕ ਸਾਲ ਵਿਚ 4æ10 ਲੱਖ ਰੁਪਏ ਦਾ ਤੇਲ ਛਕ ਗਈ। ਭਾਜਪਾ ਵਿਧਾਇਕ ਮਨੋਰੰਜਨ ਕਾਲੀਆ ਦੀ ਗੱਡੀ ਦਾ ਦੋ ਸਾਲ ਦਾ ਤੇਲ ਖਰਚ 5æ11 ਲੱਖ ਰੁਪਏ ਰਿਹਾ।

ਇਕ ਵਾਰ ਫਿਰ ਭਖਿਆ ਬਾਬਰੀ ਮਸਜਿਦ ਦਾ ਵਿਵਾਦ
ਲਖਨਊ: ਬਾਬਰੀ ਕਾਂਡ ਦੀ 23ਵੀਂ ਬਰਸੀ ਮੌਕੇ ਇਹ ਮਸਲਾ ਮੁੜ ਭਖ ਗਿਆ ਹੈ। ਬਰਸੀ ਮੌਕੇ ਆਰæਐਸ਼ਐਸ ਨੇ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਦਾ ਮੁੜ ਸੰਕਲਪ ਲਿਆ ਹੈ। ਉਧਰ, ਲਖਨਊ ਦੇ ਲਕਸ਼ਮਣ ਮੇਲਾ ਮੈਦਾਨ ਵਿਚ ਮੁਸਲਿਮ ਭਾਈਚਾਰੇ ਦਾ ਪ੍ਰਤੀਨਿਧ ਕਰਨ ਵਾਲੀਆਂ ਕਈ ਖੇਤਰੀ ਪਾਰਟੀਆਂ ਤੇ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ ਤੇ ਬਾਬਰੀ ਮਸਜਿਦ ਨੂੰ ਉਸੇ ਵਿਵਾਦਤ ਜ਼ਮੀਨ ‘ਤੇ ਮੁੜ ਬਣਾਉਣ ਤੇ ਮਸਜਿਦ ਨੂੰ ਢਾਹੁਣ ਵਾਲੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ। ਸਾਂਝੇ ਪ੍ਰੋਗਰਾਮ ਤਹਿਤ ਨਵੇਂ ਮੰਚ ਦਾ ਐਲਾਨ ਵੀ ਕੀਤਾ ਗਿਆ।
ਦੂਜੇ ਪਾਸੇ ਸ਼ਿਵ ਸੈਨਾ ਨੇ ਆਰæਐਸ਼ਐਸ ਨੂੰ ਥਾਪੜਾ ਦਿੰਦੇ ਹੋਏ ਕਿਹਾ ਹੈ ਕਿ ਮੰਦਰ ਬਣਾਉਣ ਦੀ ਤਾਰੀਕ ਐਲਾਨ ਦਿੱਤੀ ਜਾਵੇ। ਇਹ ਮਾਮਲਾ ਉਸ ਵੇਲੇ ਭਖ ਗਿਆ ਸੀ ਜਦੋਂ ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਰਾਮ ਮੰਦਰ ਬਣਾਉਣਾ ਟੀਚਾ ਹੈ। ਇਸ ਲਈ ਜੀਵਨ ਵੀ ਕੁਰਬਾਨ ਕਰਨਾ ਪਏ ਤਾਂ ਤਿਆਰ ਰਹਿਣਾ ਚਾਹੀਦਾ ਹੈ।
ਇਸ ਬਿਆਨ ਤੋਂ ਬਾਅਦ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਨਿਸ਼ਾਨਾ ਸਾਧ ਕੇ ਪੁੱਛਿਆ ਜਾ ਰਿਹਾ ਹੈ ਕਿ ਮੰਦਰ ਬਣੇਗਾ, ਇਹ ਕਿਉਂ ਨਹੀਂ ਦੱਸਿਆ ਜਾ ਰਿਹਾ। ਰਾਮ ਮੰਦਰ ਮੁੱਦੇ ‘ਤੇ ਭਾਗਵਤ ਦੇ ਬਿਆਨ ‘ਤੇ ਚੁਟਕੀ ਲੈਂਦਿਆਂ ਨਿਤਿਸ਼ ਕੁਮਾਰ ਨੇ ਕਿਹਾ ਸੀ ਕਿ ਮੰਦਰ ਕਦ ਬਣੇਗਾ, ਤਾਰੀਕ ਤਾਂ ਦੱਸਣ। ਇਸੇ ਤੋਂ ਬਆਦ ਹੁਣ ਆਰæਐਸ਼ਐਸ਼ ਨੇ ਸਥਿਤੀ ਸਾਫ ਕੀਤੀ ਹੈ।
ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀæਐਚæਪੀæ) ਦੇ ਕਾਰਕੁੰਨਾਂ ਵੱਲੋਂ ਰਾਮ ਮੰਦਿਰ ਦਾ ਜਲਦ ਨਿਰਮਾਣ ਕਰਨ ਦਾ ਪ੍ਰਣ ਲਿਆ ਗਿਆ ਤੇ ਬਾਬਰੀ ਕਾਂਡ ਦੀ 23ਵੀਂ ਬਰਸੀ ਨੂੰ ‘ਸ਼ੌਰਿਆ ਦਿਵਸ’ ਵਜੋਂ ਮਨਾਇਆ।
ਵਿਸ਼ਵ ਹਿੰਦੂ ਪ੍ਰੀਸ਼ਦ ਦਿੱਲੀ ਦੇ ਪ੍ਰਧਾਨ ਰਾਮਪਾਲ ਸਿੰਘ ਨੇ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਸੋਮਨਾਥ ਦੇ ਮੰਦਰ ਵਾਂਗ ਸੰਸਦ ਵਿਚ ਕੋਈ ਐਕਟ ਲਿਆ ਕੇ ਉਸ ਰਾਹੀਂ ਕਰਨਾ ਚਾਹੀਦਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਅਯੁੱਧਿਆ ਦੀ ਜਨਮ ਭੂਮੀ ‘ਤੇ ਤੁਰੰਤ ਮੰਦਰ ਦਾ ਨਿਰਮਾਣ ਕਰਨ ਦੀ ਮੰਗ ਕੀਤੀ।
________________________________________
ਮੰਦਰ ਬਣਾਉਣ ਦੀ ਤਾਰੀਕ ਐਲਾਨੇ ਭਾਗਵਤ: ਸ਼ਿਵ ਸੈਨਾ
ਮੁੰਬਈ: ਆਰæਐਸ਼ਐਸ ਮੁਖੀ ਮੋਹਨ ਭਾਗਵਤ ਦੇ ਰਾਮ ਮੰਦਰ ਬਣਾਉਣ ਵਾਲੇ ਬਿਆਨ ਦਾ ਸਵਾਗਤ ਕਰਦਿਆਂ ਸ਼ਿਵ ਸੈਨਾ ਨੇ ਨਿਰਮਾਣ ਦੀ ਤਾਰੀਕ ਐਲਾਨਣ ਦੀ ਗੱਲ ਕਹੀ ਹੈ। ਸ਼ਿਵ ਸੈਨਾ ਨੇ ਆਪਣੇ ਰਸਾਲੇ ‘ਸਾਮਨਾ’ ਵਿਚ ਕਿਹਾ ਹੈ ਕਿ”ਇਸ ਮੁੱਦੇ ‘ਤੇ ਮੋਹਨ ਭਾਗਵਤ ਦੇ ਰੁਖ ਦਾ ਅਸੀਂ ਸਵਾਗਤ ਕਰਦੇ ਹਾਂ। ਹੁਣ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਦੀ ਤਾਰੀਕ ਐਲਾਨਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਸ ਬਾਬਤ ਆਰæਐਸ਼ਐਸ ਪਹਿਲਾਂ ਹੀ ਆਪਣਾ ਪੱਖ ਰੱਖ ਚੁੱਕੀ ਹੈ।
__________________________________
ਅਯੁੱਧਿਆ ਵਿਚ ਮੰਦਰ ਨਹੀਂ, ਬਾਬਰੀ ਮਸਜਿਦ ਬਣੇਗੀ: ਓਵੈਸੀ
ਨਵੀਂ ਦਿੱਲੀ: ਅਯੁੱਧਿਆ ਵਿਵਾਦ ਉਤੇ ਐਮæਆਈæਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਕਿ ਮੋਹਨ ਭਾਗਵਤ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ। ਅਯੁੱਧਿਆ ਵਿਚ ਰਾਮ ਮੰਦਰ ਬਿਲਕੁੱਲ ਨਹੀਂ ਬਣੇਗਾ। ਛੇ ਦਸੰਬਰ 1992 ਨੂੰ ਅਯੁੱਧਿਆ ਦਾ ਵਿਵਾਦਤ ਢਾਂਚਾ ਗਿਰਾਇਆ ਗਿਆ ਸੀ। ਓਵੈਸੀ ਨੇ ਕਿਹਾ ਕਿ ਮਸਜਿਦ ਦੀ ਹਰ ਇੱਟ ਕਹਿ ਰਹੀ ਹੈ ਕਿ ਬਾਬਰੀ ਮਸਜਿਦ ਜ਼ਰੂਰ ਬਣੇਗੀ। ਹਿੰਦੂਸਤਾਨ ਦੇ ਸੰਵਿਧਾਨ ਤੇ ਸੁਪਰੀਮ ਕੋਰਟ ਉਤੇ ਸਾਨੂੰ ਪੂਰਾ ਭਰੋਸਾ ਹੈ ਤੇ ਅਯੁੱਧਿਆ ਵਿਚ ਬਾਬਰੀ ਮਸਜਿਦ ਜ਼ਰੂਰ ਬਣੇਗੀ”। ਮੋਹਨ ਭਾਗਵਤ ਨੇ ਜੋ ਸੁਪਨੇ ਦੇਖੇ ਹਨ, ਉਹ ਕਦੇ ਵੀ ਪੂਰਾ ਨਹੀਂ ਹੋਵੇਗਾ।