ਨਵੀਂ ਦਿੱਲੀ: ਦਿੱਲੀ ਵਿਚ ਹੋਏ ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ਵਿਚ ਕੜਕੜਡੂਮਾ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਦਿੱਤੀ ਕਲੀਨ ਚਿੱਟ ਰੱਦ ਕਰਦੇ ਹੋਏ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਦੋ ਫਰਵਰੀ ਨੂੰ ਹੋਵੇਗੀ।
ਅਦਾਲਤ ਨੇ ਇਹ ਹੁਕਮ ਸੀæਬੀæਆਈæ ਵੱਲੋਂ ਕਤਲੇਆਮ ਨਾਲ ਸਬੰਧਤ ਇਕ ਮਾਮਲੇ ਵਿਚ ਟਾਈਟਲਰ ਦੀ ਭੂਮਿਕਾ ਦੀ ਮੁੜ ਤੋਂ ਜਾਂਚ ਕਰਨ ਦੀ ਇੱਛਾ ਪ੍ਰਗਟਾਉਣ ਦੇ ਮੱਦੇਨਜ਼ਰ ਦਿੱਤਾ ਹੈ।
ਸੀæਬੀæਆਈæ ਨੇ ਪੀੜਤਾਂ ਦੀ ਅਰਜ਼ੀ ਮਿਲਣ ਉਪਰੰਤ ਮੁੜ ਜਾਂਚ ਦੀ ਇੱਛਾ ਅਦਾਲਤ ਵਿਚ ਪ੍ਰਗਟਾਈ ਸੀ। ਇਥੇ ਵਰਣਨਯੋਗ ਹੈ ਕਿ ਸੀæਬੀæਆਈæ ਵੱਲੋਂ ਕਲੀਨ ਚਿੱਟ ਦੇਣ ਤੋਂ ਬਾਅਦ ਮਾਮਲਾ ਬੰਦ ਕਰਨ ਦੀ ਰਿਪੋਰਟ ‘ਤੇ ਅਦਾਲਤ ਨੇ 17 ਨਵੰਬਰ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ, ਪਰ ਜੱਜ ਛੁੱਟੀ ‘ਤੇ ਹੋਣ ਕਾਰਨ ਇਹ ਫੈਸਲਾ ਚਾਰ ਦਸੰਬਰ ਤੱਕ ਟਾਲ ਦਿੱਤਾ ਗਿਆ ਸੀ। ਪੀੜਤ ਲਖਵਿੰਦਰ ਕੌਰ ਦੇ ਵਕੀਲਾਂ ਨੇ ਤਕਰੀਬਨ ਡੇਢ ਕੁ ਹਫਤੇ ਪਹਿਲਾਂ ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਸੀæਬੀæਆਈæ ਖਿਲਾਫ ਪਟੀਸ਼ਨ ਦਾਖਲ ਕਰ ਦਿੱਤੀ ਸੀ। ਪਟੀਸ਼ਨ ‘ਤੇ ਸੀæ ਬੀæ ਆਈæ ਨੇ ਅਦਾਲਤ ਵਿਚ ਜਵਾਬ ਦਾਖਲ ਕਰਦੇ ਹੋਏ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਲਈ ਤਿਆਰ ਹੈ। ਇਹ ਮਾਮਲਾ ਦਿੱਲੀ ਦੇ ਪੁਲ ਬੰਗਸ਼ ਇਲਾਕੇ ਦਾ ਹੈ, ਜਿਥੇ ਪਹਿਲੀ ਨਵੰਬਰ 1984 ਨੂੰ ਇਥੋਂ ਦੇ ਗੁਰਦੁਆਰੇ ਵਿਚ ਬਾਦਲ ਸਿੰਘ, ਠਾਕੁਰ ਸਿੰਘ ਤੇ ਗੁਰਚਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਮਾਮਲੇ ‘ਚ ਟਾਈਟਲਰ ਨੂੰ ਦੋਸ਼ੀ ਮੰਨਿਆ ਗਿਆ ਸੀ।
______________________
ਟਾਈਟਲਰ ‘ਤੇ ਸਿੱਖ ਨੌਜਵਾਨ ਵੱਲੋਂ ਹਮਲਾ
ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਚਤਰਪੁਰਾ ਇਲਾਕੇ ਵਿਚ ਇਕ ਵਿਆਹ ਸਮਾਗਮ ਵਿਚ ਕਾਂਗਰਸ ਦੇ ਸੀਨੀਅਰ ਆਗੂ ਤੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਮੁਲਜ਼ਮ ਜਗਦੀਸ਼ ਟਾਈਟਲਰ ‘ਤੇ ਇਕ ਸਿੱਖ ਨੌਜਵਾਨ ਨੇ ਹਮਲਾ ਕਰ ਦਿੱਤਾ। ਟਾਈਟਲਰ ਨੂੰ ਹਮਲੇ ਵਿਚ ਕੋਈ ਨੁਕਸਾਨ ਨਹੀਂ ਪੁੱਜਾ ਜਦਕਿ ਹਮਲਾ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਮਹਿਰੋਲੀ ਵਿਚ ਇਕ ਫਾਰਮ ਹਾਊਸ ਵਿਖੇ ਸਮਾਗਮ ਦੌਰਾਨ 23 ਸਾਲ ਨੌਜਵਾਨ ਸਹਿਜ ਉਮੰਗ ਸਿੰਘ ਭਾਟੀਆ ਨੇ ਟਾਈਟਲਰ ਵੱਲ ਕੱਚ ਦਾ ਟੁਕੜਾ ਵਗਾ ਮਾਰਿਆ ਤੇ ਬੁਰਾ ਭਲਾ ਕਿਹਾ। ਪੁਲਿਸ ਮੁਤਾਬਕ ਜਦੋਂ ਟਾਈਟਲਰ ਵਿਆਹ ਵਿਚ ਸ਼ਾਮਲ ਹੋਇਆ ਤਾਂ ਸਹਿਜ ਉਮੰਗ ਨੇ ਉਸ ਵੱਲ ਕੱਚ ਦਾ ਟੁਕੜਾ ਸੁੱਟਿਆ ਅਤੇ ਗਾਲ੍ਹਾਂ ਕੱਢੀਆਂ। ਕੱਚ ਦਾ ਟੁਕੜਾ ਟਾਈਟਲਰ ਨੂੰ ਨਾ ਲੱਗਾ ਤੇ ਉਸ ਨੂੰ ਸੁਰੱਖਿਅਤ ਉਸ ਦੀ ਕਾਰ ਕੋਲ ਲਿਜਾਇਆ ਗਿਆ।