ਪੰਜਾਬ ਨੂੰ ਪਰਵਾਸ ਦੇ ਚਿੱਬ

ਪੰਜਾਬੀਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ ਪਰ ਇਸ ਦੇ ਨਾਲ ਹੀ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 65 ਫੀਸਦੀ ਪੰਜਾਬੀ ਇਕ ਜਾਂ ਡੇਢ ਸਾਲ ਵਿਦੇਸ਼ ਰਹਿ ਕੇ ਪੰਜਾਬ ਪਰਤ ਆਉਂਦੇ ਹਨ। ਵਿਦੇਸ਼ ਵਿਚ ਕੰਮ ਲਈ ਸਖਤ ਸ਼ਰਤਾਂ, ਵਰਕ ਪਰਮਿਟ ਦੀ ਮਿਆਦ ਖਤਮ ਹੋਣ, ਕੰਮ ਨਾ ਮਿਲਣ, ਰਹਿਣ ਸਹਿਣ ਦੀਆਂ ਸਖਤ ਸ਼ਰਤਾਂ, ਸਿਹਤ ਖਰਾਬ ਹੋਣ ਜਾਂ ਬੱਚਤ ਨਾ ਹੋਣ ਕਾਰਨ ਸੱਤ ਫੀਸਦੀ ਪਰਵਾਸੀਆਂ ਨੂੰ ਵਾਪਸ ਪਰਤਣਾ ਪੈਂਦਾ ਹੈ।

ਇਹ ਖੁਲਾਸਾ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ (ਕਰਿੱਡ), ਚੰਡੀਗੜ੍ਹ ਅਤੇ ਇੰਸਟੀਚਿਊਟ ਆਫ ਨੈਸ਼ਨਲਾਇਜ਼ਡ ਟਿਊਡਸ ਡੈਮੋਗ੍ਰਾਫਿਕਿਊ, ਪੈਰਿਸ (ਆਈæਐਨæਈæਡੀæ) ਵੱਲੋਂ ਕਰਵਾਏ ‘ਡਾਇਨਾਮਿਕਸ ਆਫ ਇੰਟਰਨੈਸ਼ਨਲ ਆਊਟ-ਮਾਈਗ੍ਰੇਸ਼ਨ ਆਫ ਪੰਜਾਬ’ ਅਧਿਐਨ ਵਿਚ ਹੋਇਆ ਹੈ।
___________________________
ਪੰਜਾਬੀਆਂ ਨੂੰ ਮਹਿੰਗਾ ਪੈ ਰਿਹਾ ਹੈ ਵਿਦੇਸ਼ ਜਾਣ ਦਾ ਸ਼ੁਦਾ
ਚੰਡੀਗੜ੍ਹ: ਪਰਵਾਸ ਬਾਰੇ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ (ਕਰਿੱਡ), ਚੰਡੀਗੜ੍ਹ ਅਤੇ ਇੰਸਟੀਚਿਊਟ ਆਫ ਨੈਸ਼ਨਲਾਇਜ਼ਡ ਟਿਊਡਸ ਡੈਮੋਗ੍ਰਾਫਿਕਿਊ, ਪੈਰਿਸ (ਆਈæਐਨæਈæਡੀæ) ਵੱਲੋਂ ਕਰਵਾਏ ‘ਡਾਇਨਾਮਿਕਸ ਆਫ ਇੰਟਰਨੈਸ਼ਨਲ ਆਊਟ-ਮਾਈਗ੍ਰੇਸ਼ਨ ਆਫ ਪੰਜਾਬ’ ਦੇ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਪੇਂਡੂ ਖੇਤਰ ਵਿਚ ਪਰਤੇ ਅਜਿਹੇ 34 ਫੀਸਦੀ ਪੰਜਾਬੀਆਂ ਦਾ ਕਿੱਤਾ ਖੇਤੀਬਾੜੀ ਹੈ। ਵਾਪਸ ਪਰਤੇ ਸਿੱਖ ਪਰਵਾਸੀਆਂ ਵਿਚੋਂ 12 ਫੀਸਦੀ ਕੰਸਟ੍ਰਕਸ਼ਨ ਦੇ ਕੰਮ, 11 ਫੀਸਦੀ ਦੂਜੀਆਂ ਸੇਵਾਵਾਂ ਅਤੇ 36 ਫੀਸਦੀ ਖੇਤੀਬਾੜੀ ਨਾਲ ਸਬੰਧਤ ਹਨ ਜਦ ਕਿ ਹਿੰਦੂ ਪਰਵਾਸੀਆਂ ਵਿਚ 13 ਫੀਸਦੀ ਵਪਾਰ, 12 ਫੀਸਦੀ ਦਸਤਕਾਰੀ, ਉਦਯੋਗ ਤੇ ਮੁਰੰਮਤ ਦੇ ਕੰਮ ਅਤੇ 12 ਫੀਸਦੀ ਹੋਰ ਸੇਵਾਵਾਂ ਨਾਲ ਸਬੰਧਤ ਹਨ। ਹਾਲਾਂਕਿ ਅਜਿਹੇ ਪਰਵਾਸੀਆਂ ਦੀਆਂ ਘਰਵਾਲੀਆਂ ਨੇ ਉਨ੍ਹਾਂ ਦੀ ਵਾਪਸੀ ਨੂੰ ਤਰਜੀਹ ਦਿੱਤੀ ਹੈ ਅਤੇ 44 ਫੀਸਦੀ ਔਰਤਾਂ ਇਸ ਗੱਲ ਨਾਲ ਸਹਿਮਤ ਹਨ ਕਿ ਵਾਪਸੀ ਨਾਲ ਘਰ ਦਾ ਭਾਰ ਵੰਡਿਆ ਗਿਆ ਹੈ। ਇਸ ਤੋਂ ਇਲਾਵਾ 24 ਫੀਸਦੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਮਜ਼ਬੂਤ ਹੋਏ ਹਨ। ਵਿਦੇਸ਼ ਜਾਣ ਵਾਲਿਆਂ ਵਿਚੋਂ ਦੋ ਤਿਹਾਈ ਲੋਕਾਂ ਦੀ ਉਮਰ 20 ਸਾਲ ਦੇ ਨੇੜੇ ਤੇੜੇ ਹੈ। 18 ਫੀਸਦੀ 30 ਤੋਂ 39 ਸਾਲ ਅਤੇ ਛੇ ਫੀਸਦੀ 40 ਤੋਂ 49 ਤੇ ਤਿੰਨ ਫੀਸਦੀ 50 ਤੋਂ 59 ਸਾਲ ਦੀ ਉਮਰ ਦੇ ਹਨ। ਉਮਰ ਵਧਣ ਦੇ ਨਾਲ-ਨਾਲ ਬਾਹਰ ਜਾਣ ਦੀ ਰੁਚੀ ਵੀ ਘਟਦੀ ਜਾਂਦੀ ਹੈ।
ਕੇਰਲ, ਗੁਜਰਾਤ, ਆਂਧਰਾ ਪ੍ਰਦੇਸ਼ ਤੇ ਪੰਜਾਬ ਵਿਚੋਂ ਬਾਹਰ ਜਾਣ ਵਾਲੇ ਨੌਜਵਾਨ ਆਮ ਕਰਕੇ ਪੇਂਡੂ ਖੇਤਰ ਨਾਲ ਸਬੰਧਤ ਹਨ ਤੇ ਜ਼ਿਆਦਾਤਰ ਉਥੇ ਖੇਤਾਂ ਵਿਚ ਮਜ਼ਦੂਰੀ ਜਾਂ ਡਰਾਈਵਰੀ ਕਰਨ ਜਾਂਦੇ ਹਨ ਤੇ ਇਹ ਕਿਸੇ ਵੀ ਕੰਮ ਵਿਚ ਨਿਪੁੰਨ ਨਹੀਂ ਹੁੰਦੇ। ਪਰਵਾਸ ਅਤੇ ਸ਼ਹਿਰੀ ਅਧਿਐਨ ਵਿਭਾਗ ਤੇ ਇੰਟਰਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸਜ਼, ਮੁੰਬਈ ਦੇ ਮੁੱਖੀ ਆਰæਬੀæ ਭਗਤ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਧੋਖੇਬਾਜ਼ ਏਜੰਟਾਂ ਖਿਲਾਫ ਸਖਤ ਕਾਰਵਾਈ ਕਰੇ। ਖਾੜੀ ਦੇਸ਼ਾਂ ਵਿਚ ਪਰਵਾਸੀਆਂ ਨੂੰ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਰਕ ਪਰਮਿਟ ‘ਤੇ ਇਥੇ ਪੁੱਜੇ ਪੰਜਾਬੀਆਂ ਦੇ ਸਬੰਧਤ ਕੰਪਨੀ ਵੱਲੋਂ ਪਾਸਪੋਰਟ ਜ਼ਬਤ ਕਰ ਲਏ ਜਾਂਦੇ ਹਨ। ਇਥੋਂ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਸ਼ੁਰੂਆਤ ਹੁੰਦੀ ਹੈ।
______________________________________
ਵਿਦੇਸ਼ ਜਾਣ ਲਈ ਕਰਜ਼ਾ ਚੁੱਕਣ ਦਾ ਰੁਝਾਨ ਵਧਿਆ
ਚੰਡੀਗੜ੍ਹ: ਆਰਥਿਕ ਪੱਖੋਂ ਟੁੱਟੇ ਪੰਜਾਬੀਆਂ ਦਾ ਵਿਦੇਸ਼ ਜਾਣ ਦਾ ਸੁਪਨਾ ਕਾਫੀ ਮਹਿੰਗਾ ਸਾਬਤ ਹੋ ਰਿਹਾ। ਇਸ ਲਈ ਉਹ ਸ਼ਾਹੂਕਾਰਾਂ ਤੋਂ ਵੱਧ ਵਿਆਜ ਦਰਾਂ ‘ਤੇ ਕਰਜ਼ਾ ਲੈਣ ਤੋਂ ਵੀ ਨਹੀਂ ਝਕਦੇ ਹਨ।
ਕਰਿੱਡ ਦੇ ਅਧਿਐਨ ਨਾਲ ਹੀ ਸਬੰਧਤ 2010 ਦੀ ਰਿਪੋਰਟ ਮੁਤਾਬਕ ਅੱਧ ਤੋਂ ਵੱਧ ਪਰਵਾਸੀ ਬਾਹਰ ਜਾਣ ਲਈ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਅਤੇ ਤਕਰੀਬਨ 15 ਫੀਸਦੀ ਪਰਿਵਾਰ ਸ਼ਾਹੂਕਾਰਾਂ ਤੋਂ ਉਧਾਰ ਚੁੱਕਦੇ ਹਨ। ਪੰਜਾਬ ਵਿਚ ਕਰਜ਼ੇ ਦੀਆਂ ਵਿਆਜ ਦਰਾਂ ਜ਼ਿਆਦਾ ਤੇ ਕਰਜ ਵਾਪਸੀ ਦੀਆਂ ਸ਼ਰਤਾਂ ਵੀ ਸਖਤ ਹਨ, ਪਰ ਫਿਰ ਵੀ ਬਾਹਰ ਜਾਣ ਦਾ ਇੰਨਾ ਸ਼ੁਦਾ ਹੈ ਕਿ ਲੋਕ ਕਰਜ ਚੁੱਕਣ ਤੋਂ ਰਤਾ ਵੀ ਨਹੀਂ ਝਕਦੇ। ਕਰਿੱਡ ਦੀ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪੈਸਾ ਚੁੱਕਣ ਦੀ ਪ੍ਰਕਿਰਿਆ ਕਰਜ਼ਦਾਰ ਦੀ ਸਮਾਜਿਕ/ਆਰਥਿਕ ਹਾਲਤ ‘ਤੇ ਨਿਰਭਰ ਹੈ। ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਛੋਟੀਆਂ ਜਾਤਾਂ ਦੇ ਲੋਕਾਂ ਲੋਕ ਸੰਪਤੀ ਨਾ ਹੋਣ ਕਾਰਨ ਉਨ੍ਹਾਂ ਨੂੰ ਬੈਂਕਾਂ ਤੋਂ ਕਰਜਾ ਨਹੀਂ ਮਿਲਦਾ ਤੇ ਉਨ੍ਹਾਂ ਨੂੰ ਸ਼ਾਹੂਕਾਰਾਂ ਜਾਂ ਰਿਸ਼ਤੇਦਾਰਾਂ ‘ਤੇ ਨਿਰਭਰ ਹੋਣਾ ਪੈਂਦਾ ਹੈ। ਸ਼ਾਹੂਕਾਰਾਂ ਕੋਲੋਂ ਕਰਜ ਲੈਣ ਵਾਲਿਆਂ ਵਿਚ ਗਰੀਬ ਤੇ ਐਸ਼ਸੀæ ਪਰਿਵਾਰ ਸਭ ਤੋਂ ਅੱਗੇ ਹਨ ਜਿਨ੍ਹਾਂ ਵਿਚ ਕ੍ਰਮਵਾਰ 35 ਅਤੇ 7 ਫੀਸਦੀ ਲੋਕ ਹਨ।
ਆਰਥਿਕ ਸਮੱਸਿਆ ਤੋਂ ਇਲਾਵਾ ਕਰਜ਼ਦਾਰਾਂ ਨੂੰ ਸਮਾਜਿਕ ਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘੱਟ ਆਮਦਨ ਹੋਣ ਕਾਰਨ ਉਨ੍ਹਾਂ ਨੂੰ ਕਰਜ ਉਤਾਰਨ ਵਿਚ ਬਹੁਤ ਸਾਲ ਲੱਗ ਜਾਂਦੇ ਹਨ ਜਾਂ ਕਈ ਵਾਰ ਉਹ ਕਰਜ ਉਤਾਰ ਹੀ ਨਹੀਂ ਸਕਦੇ। ਰਿਪੋਰਟ ਮੁਤਾਬਕ ਛੋਟੇ ਅਤੇ ਵੱਡੇ ਜ਼ਮੀਨ ਮਾਲਕਾਂ ਅਤੇ ਔਰਤ ਮੁਖੀ ਵਾਲੇ ਪਰਿਵਾਰ ਵੱਲੋਂ ਪੈਸੇ ਜੋੜਨ ਦਾ ਮੁੱਖ ਮਕਸਦ ਕਿਸੇ ਜੀਅ ਨੂੰ ਬਾਹਰ ਭੇਜਣਾ ਹੁੰਦਾ ਹਨ। ਇਸ ਲਈ ਉਹ ਆਪਣੀ ਜ਼ਮੀਨ ਵੇਚਣ ਲਈ ਵੀ ਤਿਆਰ ਹੋ ਜਾਂਦੇ ਹਨ। ਇਰਾਕ ਅਤੇ ਸੀਰੀਆ ਵਰਗੇ ਦੇਸ਼ਾਂ ਵਿਚ ਸੁਰੱਖਿਅਤ ਹਾਲਾਤ ਨਾ ਹੋਣ ਕਰਕੇ ਪਰਵਾਸ ਘੱਟ ਹੈ। ਇਸੇ ਤਰ੍ਹਾਂ ਸਖਤ ਕਾਨੂੰਨ ਕਾਰਨ ਸਾਊਦੀ ਅਰਬ ਵਿਚ ਵੀ ਪਰਵਾਸੀਆਂ ਦੀ ਗਿਣਤੀ ਘੱਟ ਹੈ।
_________________________________________
ਟਰੈਵਲ ਏਜੰਟਾਂ ਦੀ ਹੋਈ ਚਾਂਦੀ ਹੀ ਚਾਂਦੀ
ਚੰਡੀਗੜ੍ਹ: ਕਰਿੱਡ ਵੱਲੋਂ ਕਰਵਾਏ ਗਏ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਵਿਦੇਸ਼ ਜਾਣ ਲਈ ਟਰੈਵਲ ਏਜੰਟਾਂ ਦੀ ਮਦਦ ਲੈਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਪੰਜਾਬ ਵਿਚ ਵਿਦੇਸ਼ ਜਾਣ ਦੇ ਚਾਹਵਾਨ 62 ਫੀਸਦੀ ਲੋਕ ਏਜੰਟਾਂ ਦੀ ਮਦਦ ਲੈਂਦੇ ਹਨ ਜਦ ਕਿ 29 ਫੀਸਦੀ ਪਰਿਵਾਰ ਜਾਂ ਮਿੱਤਰਾਂ ਦੀ ਮਦਦ ਨਾਲ ਵਿਦੇਸ਼ ਪੁੱਜਦੇ ਹਨ। ਸਿੱਟੇ ਵਜੋਂ ਵੱਡੀ ਗਿਣਤੀ ਵਿਚ ਲੋਕ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
ਕੈਨੇਡਾ ਵਿਚ ਵਰਕ ਪਰਮਿਟ ਵੀਜ਼ੇ ਤਹਿਤ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਦੋ ਕੰਪਨੀਆਂ ਵੱਲੋਂ 600 ਤੋਂ ਵੱਧ ਵਿਅਕਤੀਆਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਤਕਰੀਬਨ 69 ਮਾਮਲੇ ਸਿਰਫ ਮੁਹਾਲੀ ਪੁਲਿਸ ਸਟੇਸ਼ਨ ਵਿਚ ਦਰਜ ਹੋਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਵੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਜਾਅਲੀ ਟਰੈਵਲ ਏਜੰਟਾਂ ਵੱਲੋਂ ਲੁੱਟੇ ਜਾਣ ਦੀਆਂ ਖਬਰਾਂ ਹਨ ਜਦੋਂਕਿ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਟਰੈਵਲ ਏਜੰਟਾਂ ਤੇ ਫਰਜੀ ਕੰਪਨੀਆਂ ਵੱਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਝੂਠੇ ਲਾਰਿਆਂ ਤਹਿਤ ਠੱਗਣ ਦੇ ਹਜ਼ਾਰਾਂ ਕੇਸ ਦਰਜ ਹੋ ਚੁੱਕੇ ਹਨ। ਠੱਗੀ ਦਾ ਸ਼ਿਕਾਰ ਹੋਏ ਲੋਕ ਪੁਲਿਸ ਸਟੇਸ਼ਨਾਂ ਦੀ ਖਾਕ ਛਾਣਦੇ ਫਿਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ। ਬਹੁਤੇ ਮਾਮਲਿਆਂ ਦੀਆਂ ਤਾਂ ਐਫ਼ਆਈæਆਰæ ਵੀ ਨਹੀਂ ਲਿਖੀਆਂ ਜਾ ਰਹੀਆਂ ਜਦੋਂਕਿ ਦਰਜ ਹੋਏ ਕੇਸਾਂ ਉੱਤੇ ਵੀ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਟਰੈਵਲ ਏਜੰਟਾਂ ਦੀ ਇਸ ਲੁੱਟ-ਖਸੁੱਟ ਨੂੰ ਰੋਕਣ ਲਈ ਲੰਬੇ ਸਮੇਂ ਤੋਂ ਆਵਾਜ਼ਾਂ ਉੱਠਦੀਆਂ ਆ ਰਹੀਆਂ ਹਨ ਪਰ ਸਰਕਾਰਾਂ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ। ਅਜਿਹਾ ਨਹੀਂ ਕਿ ਇਸ ਗੈਰ-ਕਾਨੂੰਨੀ ਧੰਦੇ ਨੂੰ ਰੋਕਣ ਲਈ ਕਾਨੂੰਨ ਨਹੀਂ ਸਗੋਂ ਅਸਲੀਅਤ ਇਹ ਹੈ ਕਿ ਇਹ ਸਭ ਕੁਝ ਰਸੂਖਵਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। 2006 ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਟਰੈਵਲ ਏਜੰਟਾਂ ਦੀ ਧੋਖਾਧੜੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਨੂੰ ਠੋਸ ਨੀਤੀ ਤੈਅ ਕਰਨ ਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਟਰੈਵਲ ਏਜੰਟਾਂ ਦੀ ਰਜਿਸਟਰੇਸ਼ਨ ਬਾਰੇ ਰਿਕਾਰਡ ਤਲਬ ਕੀਤਾ ਸੀ। ਸਰਕਾਰ ਵੱਲੋਂ ਅਦਾਲਤ ਵਿਚ ਪੇਸ਼ ਕੀਤੇ ਗਏ ਰਿਕਾਰਡ ਮੁਤਾਬਕ ਸੂਬੇ ਵਿਚ ਸਿਰਫ 215 ਰਜਿਸਟਰਡ ਟਰੈਵਲ ਏਜੰਟ/ਫਰਮਾਂ ਹੀ ਹਨ ਜਦੋਂਕਿ ਅਸਲੀਅਤ ਇਹ ਹੈ ਕਿ ਇੰਨੇ ਏਜੰਟ ਤਾਂ ਇਕ ਜ਼ਿਲ੍ਹੇ ਵਿਚ ਹੀ ਮੌਜੂਦ ਹਨ। ਰਿਕਾਰਡ ਮੁਤਾਬਕ ਮੁਹਾਲੀ ਜ਼ਿਲ੍ਹੇ ਵਿਚ ਸਿਰਫ 13 ਹੀ ਅਜਿਹੇ ਏਜੰਟ ਰਜਿਸਟਰਡ ਹਨ ਜਦੋਂਕਿ ਇਥੇ ਸੈਂਕੜੇ ਟਰੈਵਲ ਏਜੰਟ ਇਹ ਗੋਰਖਧੰਦਾ ਕਰ ਰਹੇ ਹਨ। ਆਈਲੈਟਸ ਕਰਾਉਣ ਵਾਲੇ ਦਰਜਨਾਂ ਕੇਂਦਰ ਤੇ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਵੇਚਣ ਵਾਲੇ ਸੈਂਕੜੇ ਏਜੰਟ ਹਨ ਪਰ ਸਰਕਾਰੀ ਰਿਕਾਰਡ ਅਨੁਸਾਰ ਇਥੇ ਇਕ ਵੀ ਅਜਿਹਾ ਕੇਂਦਰ ਅਤੇ ਏਜੰਟ ਨਹੀਂ ਹੈ। ਇਸ ਤੋਂ ਜਾਪਦਾ ਹੈ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਭ ਕੁਝ ਜਾਣਦਿਆਂ ਹੋਇਆਂ ਵੀ ਅੱਖਾਂ ਮੀਚੀਂ ਬੈਠੇ ਹਨ। ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 ਤਹਿਤ ਕੋਈ ਵੀ ਵਿਅਕਤੀ ਜਾਂ ਫਰਮ ਬਿਨਾਂ ਰਜਿਸਟਰੇਸ਼ਨ ਅਜਿਹਾ ਕਾਰੋਬਾਰ ਨਹੀਂ ਕਰ ਸਕਦੀ ਪਰ ਇਸ ਦੇ ਬਾਵਜੂਦ ਹਰ ਸ਼ਹਿਰ ਵਿਚ ਇਹ ਵਰਤਾਰਾ ਚੱਲ ਰਿਹਾ ਹੈ।