ਕਲਿ ਆਈ ਕੁਤੇ ਮੁਹੀ ਖਾਜੁ ਮੁਰਦਾਰ ਗੁਸਾਈ

ਡਾæ ਗੁਰਨਾਮ ਕੌਰ, ਕੈਨੇਡਾ
ਵੈਦਿਕ ਹਿੰਦੂ ਮਿਥਿਹਾਸ ਪਰੰਪਰਾ ਅਨੁਸਾਰ ਸਮੇਂ ਦੀ ਵੰਡ ਚਾਰ ਜੁਗਾਂ ਵਿਚ ਕੀਤੀ ਗਈ ਹੈ-ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਿਜੁਗ। ਇਸ ਧਾਰਨਾ ਅਨੁਸਾਰ ਸਤਿਜੁਗ ਵਿਚ ਧਰਮ ਆਪਣੇ ਚਾਰ ਪੈਰਾਂ ‘ਤੇ ਕਾਇਮ ਸੀ ਅਤੇ ਸੱਚ ਦਾ ਬੋਲਬਾਲਾ ਸੀ। ਸਤਿਜੁਗ ਤੋਂ ਬਾਅਦ ਤ੍ਰੇਤਾ ਆਇਆ ਜਿਸ ਵਿਚ ਧਰਮ ਦਾ ਇੱਕ ਪੈਰ ਖਿਸਕ ਗਿਆ ਅਤੇ ਧਰਮ ਆਪਣੇ ਤਿੰਨ ਪੈਰਾਂ ‘ਤੇ ਰਹਿ ਗਿਆ। ਤ੍ਰੇਤੇ ਤੋਂ ਬਾਅਦ ਦੁਆਪਰ ਆਇਆ ਤਾਂ ਧਰਮ ਦੇ ਦੋ ਪੈਰ ਖਿਸਕ ਗਏ ਭਾਵ ਧਰਮ ਅੱਧਾ ਹਿੱਸਾ ਹੀ ਰਹਿ ਗਿਆ। ਕਲਿਜੁਗ ਵਿਚ ਧਰਮ ਦੇ ਤਿੰਨ ਪੈਰ ਖਿਸਕ ਗਏ ਅਤੇ ਧਰਮ ਦਾ ਸਿਰਫ ਚੌਥਾ ਹਿੱਸਾ ਬਚਿਆ ਰਹਿ ਗਿਆ।
ਭਾਈ ਗੁਰਦਾਸ ਨੇ ਇਸ ਦੀ ਵਿਆਖਿਆ ਕਰਦਿਆ ਲਿਖਿਆ ਹੈ ਕਿ ਇਸ ਪਰੰਪਰਾ ਅਨੁਸਾਰ ਨਾ ਸਿਰਫ ਚਾਰ ਜੁਗ ਹੀ ਥਾਪੇ ਗਏ ਬਲਕਿ ਚਾਰ ਜੁਗਾਂ ਵਿਚ ਚਾਰ ਵਰਣ-ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਚਾਰ ਜੁਗਾਂ ਦੇ ਚਾਰ ਰਾਜੇ ਵੀ ਥਾਪੇ ਗਏ ਅਤੇ ਹਰ ਜੁਗ ਵਿਚ ਉਸ ਜੁਗ ਦੀ ਬਿਰਤੀ ਅਨੁਸਾਰ ਕਿਸ ਵਰਣ ਦੀ ਪ੍ਰਧਾਨਤਾ ਹੋਣੀ ਹੈ, ਇਹ ਧਾਰਨਾ ਵੀ ਸਥਾਪਤ ਕਰ ਲਈ ਗਈ। ਸਤਿਜੁਗ ਦਾ ‘ਹੰਸੁ’ (ਹੰਸ ਦਾ ਸਬੰਧ ਗਿਆਨ ਨਾਲ ਮੰਨਿਆ ਜਾਂਦਾ ਹੈ) ਅਵਤਾਰ ਹੋਇਆ ਅਤੇ ‘ਸੋਹਮ ਬ੍ਰਹਮ’ ਭਾਵ ‘ਮੈਂ ਹੀ ਬ੍ਰਹਮ ਹਾਂ’ ਦਾ ਵਿਚਾਰ ਦ੍ਰਿੜ ਕਰਵਾਇਆ ਗਿਆ, ਸਭ ਬ੍ਰਹਮ ਹੀ ਬ੍ਰਹਮ ਹੈ, ਦਾ ਸਿਧਾਂਤ ਸਥਾਪਤ ਸੀ, ‘ਬ੍ਰਹਮ’ ਤੋਂ ਬਿਨਾ ਹੋਰ ਕਿਸੇ ਹਸਤੀ ਨੂੰ ਮੰਨਣ ਦਾ ਪਖੰਡ ਨਹੀਂ ਸੀ। ਲੋਕ ਮੋਹ-ਮਾਇਆ ਤੋਂ ਨਿਰਲੇਪ ਇੱਕ ਬ੍ਰਹਮ ਦੇ ਧਿਆਨ ਵਿਚ ਹੀ ਮਗਨ ਸਨ। ਉਹ ਜੰਗਲ ਵਿਚ ਜਾ ਕੇ ਕਠਿਨ ਤਪੱਸਿਆ ਕਰਦੇ ਸਨ ਅਤੇ ਕੰਦ ਮੂਲ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਸਨ। ਕਹਿਣ ਤੋਂ ਭਾਵ ਸਤਿਜੁਗ ਰਿਸ਼ੀਆਂ-ਮੁਨੀਆਂ ਦਾ ਸਮਾਂ ਸੀ ਜਿਸ ਵਿਚ ਮਨੁੱਖ ਦਾ ਜੀਵਨ ਬੜਾ ਸਿੱਧਾ-ਸਾਦਾ ਸੀ, ਕੋਈ ਮਾਇਆਵੀ ਇਛਾਵਾਂ ਨਹੀਂ ਸਨ, ਇੱਕ ਬ੍ਰਹਮ ਦੇ ਧਿਆਨ ਵਿਚ ਲੋਕ ਮਗਨ ਸਨ। ਧਰਮ ਦਾ ਬੋਲ-ਬਾਲਾ ਸੀ। ਸਤਿਜੁਗ ਵਿਚ ਲੋਕਾਂ ਦੀ ਉਮਰ ਬਹੁਤ ਲੰਬੀ ਅਰਥਾਤ ਲੱਖ ਸਾਲ ਦੀ ਮੰਨੀ ਗਈ ਹੈ। ਏਨੀ ਲੰਬੀ ਉਮਰ ਵਿਚ ਵੀ ਵੱਡੇ ਵੱਡੇ ਮਹਿਲ, ਮਾੜੀਆਂ ਜਾਂ ਮੰਦਰ ਉਸਾਰਨ ਵੱਲ ਕਿਸੇ ਦਾ ਧਿਆਨ ਨਹੀਂ ਸੀ।
ਸਤਿਜੁਗ ਬੀਤ ਜਾਣ ‘ਤੇ ਤ੍ਰੇਤਾ ਜੁਗ ਆਇਆ ਜਿਸ ਵਿਚ ਸੂਰਜਬੰਸੀ ਖੱਤਰੀ ਅਵਤਾਰ ਹੋਇਆ, ਇਸ ਤੋਂ ਭਾਵ ਰਾਮਚੰਦਰ ਦੇ ਅਵਤਾਰ ਧਾਰਨ ਤੋਂ ਹੈ। ਇਸ ਵਿਚ ਮਨੁੱਖ ਦੀ ਉਮਰ ਨੌਂ ਹਿੱਸੇ ਘਟ ਗਈ। ਮਾਇਆ, ਮੋਹ ਅਤੇ ਹਉਮੈ ਆਦਿ ਮਾਰੂ ਬਿਰਤੀਆਂ ਦੀ ਪ੍ਰਧਾਨਤਾ ਹੋ ਗਈ। ਦੁਆਪਰ ਜੁਗ ਵਿਚ ਯਾਦਵ ਵੰਸ ਦਾ ਅਵਤਾਰ ਕ੍ਰਿਸ਼ਨ ਹੋਇਆ ਅਤੇ ਹਰ ਜੁਗ ਵਿਚ ਮਨੁੱਖ ਦੀ ਉਮਰ ਅਤੇ ਆਚਾਰ ਦੋਵੇਂ ਘਟਦੇ ਗਏ। ਰਿਗ ਵੇਦ ਵਿਚ ਹੋਮ, ਯੱਗ ਆਦਿ ਦਾ ਵਿਧੀ-ਵਿਧਾਨ ਦੱਸਿਆ ਗਿਆ ਹੈ, ਇਸ ਲਈ ਇਹ ਸ਼ੁਭ ਕਰਮ ਤੇ ਵਿਚਾਰ-ਚਰਚਾ ਹੈ ਅਤੇ ਪੂਰਬ ਵੱਲ ਮੁੱਖ ਹੈ। ਖੱਤਰੀਆਂ ਨੇ ਯਜੁਰ ਵੇਦ ਦੀ ਸਥਾਪਨਾ ਕੀਤੀ, ਦੱਖਣ ਵੱਲ ਮੁੱਖ ਕਰ ਕੇ ਦਾਨ ਦੇਣ ‘ਤੇ ਜ਼ੋਰ ਦਿੱਤਾ। ਵੈਸ਼ ਵਰਣ ਨੇ ਸਿਆਮ ਵੇਦ ਥਾਪਿਆ ਅਤੇ ਪੱਛਮ ਵੱਲ ਮੁੱਖ ਕਰਕੇ ਸੀਸ ਨਿਵਾਇਆ। ਤਿੰਨਾਂ ਵੇਦਾਂ ਨਾਲ ਤਿੰਨ ਰੰਗ ਸਬੰਧਤ ਹਨ: ਰਿਗ ਵੇਦ ਦਾ ਰੰਗ ਨੀਲਾ ਹੈ ਭਾਵ ਨੀਲੇ ਵਸਤਰ ਪਹਿਨਣੇ, ਯਜੁਰ ਵੇਦ ਦਾ ਰੰਗ ਪੀਲਾ ਦੱਸਿਆ ਗਿਆ ਹੈ ਅਤੇ ਸਿਆਮ ਵੇਦ ਦਾ ਰੰਗ ਚਿੱਟਾ ਹੈ। ਇਸ ਤਰ੍ਹਾਂ ਤਿੰਨਾਂ ਵੇਦਾਂ ਵਿਚ ਤਿੰਨਾਂ ਯੁਗਾਂ ਦਾ ਧਰਮ ਦੱਸਿਆ ਗਿਆ ਹੈ।
ਹਿੰਦੂ ਵੈਦਿਕ ਪਰੰਪਰਾ ਦੇ ਇਸ ਜੁਗ-ਵੰਡ ਦੇ ਵਿਚਾਰ ਦੀ ਚਰਚਾ ਨੁੰ ਅੱਗੇ ਤੋਰਦੇ ਹੋਏ ਭਾਈ ਗੁਰਦਾਸ ਦੱਸਦੇ ਹਨ ਕਿ ਚੌਥਾ ਜੁਗ ਕਲਿਜੁਗ ਥਾਪਿਆ ਜਿਸ ਵਿਚ ਇਸੇ ਵਿਚਾਰ ਅਨੁਸਾਰ ਸ਼ੂਦਰ-ਬਿਰਤੀ ਸਾਰੇ ਸੰਸਾਰ ‘ਤੇ ਵਰਤਣ ਲੱਗ ਪਈ। ਧਰਮ ਦਾ ਇੱਕ ਪੈਰ ਰਹਿ ਜਾਣ ਕਰਕੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਮਾੜੀਆਂ ਬਿਰਤੀਆਂ ਦਾ ਬੋਲ-ਬਾਲਾ ਹੋ ਗਿਆ, ਸੱਚ ਪਿੱਛੇ ਰਹਿ ਗਿਆ। ਮਾਇਆ-ਮੋਹ ਨੇ ਸਾਰੇ ਸੰਸਾਰ ਨੁੰ ਆਪਣੇ ਵਿਚ ਭਰਮ-ਜਾਲ ਵਿਚ ਫਸਾ ਲਿਆ। ਦੁਨੀਆਂ ਹਉਮੈ ਵਿਚ ਸੜਨ ਲੱਗ ਪਈ ਅਤੇ ਇੱਕ ਦੂਸਰੇ ਨਾਲ ਬੇਹੱਦ ਨਫ਼ਰਤ ਪੈਦਾ ਹੋ ਗਈ। ਧਰਮ-ਕਰਮ ਨਾਲ ਕਿਸੇ ਦਾ ਕੋਈ ਸਬੰਧ ਨਹੀਂ ਰਿਹਾ, ਨਾ ਕੋਈ ਕਿਸੇ ਦੀ ਪੂਜਾ ਕਰਦਾ ਹੈ, ਨਾ ਉਚੇ ਜਾਂ ਨੀਂਵੇਂ ਦਾ ਕੋਈ ਖਿਆਲ ਹੈ। ਰਾਜੇ ਦਾ ਨਿਆਂ ਨਾਲ ਸਬੰਧ ਮੰਨਿਆ ਜਾਂਦਾ ਹੈ, ਪਰਜਾ ਨੂੰ ਇਨਸਾਫ਼ ਦੇਣਾ ਰਾਜ-ਕਰਤਾ ਦਾ ਪਹਿਲਾ ਫਰਜ਼ ਹੈ ਪਰ ਕਲਿਜੁਗ ਵਿਚ ਰਾਜੇ ਅਨਿਆਂਈਂ ਹੋ ਗਏ, ਇਨਸਾਫ਼ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਰਿਹਾ, ਕਲਿਜੁਗ ਨੁੰ ਕੈਂਚੀ ਵਰਗਾ ਕਿਹਾ ਗਿਆ ਹੈ ਜਿਸ ਵਿਚ ਅਮੀਰ, ਅਫ਼ਸਰ ਜਾਂ ਮੁਸਾਹਿਬ ਕਸਾਈਆਂ ਵਾਂਗ ਲੋਕਾਂ ਦਾ ਇੱਕ ਤਰ੍ਹਾਂ ਨਾਲ ਕਤਲ ਕਰਦੇ ਹਨ। ਪਹਿਲੇ ਤਿੰਨੇ ਜੁਗ ਇਨਸਾਫਪਸੰਦ ਸਨ ਜਦ ਕਿ ਚੌਥਾ ਕਲਿਜੁਗ ਅਜਿਹਾ ਸਮਾਂ ਹੈ ਕਿ ਜੇ ਕੋਈ ਕੁੱਝ ਦਿੰਦਾ ਹੈ (ਅਰਥਾਤ ਰਿਸ਼ਵਤ ਆਦਿ) ਤਾਂ ਉਹ ਕੁੱਝ ਪਾ ਲੈਂਦਾ ਹੈ। ਇਸ ਤਰ੍ਹਾਂ ਕਲਿਜੁਗ ਵਿਚ ਸਾਰਾ ਸੰਸਾਰ ਕਰਮ ਭ੍ਰਿਸ਼ਟ ਹੋ ਗਿਆ ਹੈ।
ਗੁਰੂ ਨਾਨਕ ਆਗਮਨ ਤੋਂ ਪਹਿਲਾਂ ਉਸ ਵੇਲੇ ਦੇ ਹਾਲਾਤ ਦਾ ਬਿਆਨ ਕਰਦਿਆਂ ਭਾਈ ਗੁਰਦਾਸ ਉਸ ਸਮੇਂ ਨੂੰ ਵੀ ਕਲਿਜੁਗ ਦਾ ਸਮਾਂ ਕਹਿੰਦੇ ਹਨ, ਕਿਉਂ? ਕਿਉਂਕਿ ਉਹ ਸਮਾਂ ਵੀ ਸੰਸਾਰ ਤੇ ਖਾਸ ਕਰਕੇ ਹਿੰਦੁਸਤਾਨ ਦੇ ਸੰਦਰਭ ਵਿਚ ਨਫ਼ਰਤ ਵਾਲਾ ਸਮਾਂ ਸੀ। ਸਮੁੱਚੇ ਵਿਸ਼ਵ ਦੇ ਨਜ਼ਰੀਏ ਤੋਂ ਵੀ ਮੱਧ-ਕਾਲ ਨੁੰ ਇਤਿਹਾਸਕ ਤੌਰ ‘ਤੇ ‘ਹਨੇਰਾ ਜੁਗ’ ਕਿਹਾ ਜਾਂਦਾ ਹੈ। ਇਸ ਸਮੇਂ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਨੇ ਇਸ ਨੁੰ ਸੰਸਾਰ ਵਿਚ ਨਫ਼ਰਤ ਦਾ ਫੈਲਣਾ ਕਿਹਾ ਹੈ। ਸਭ ਤੋਂ ਪਹਿਲਾ ਕਾਰਨ ਧਾਰਮਿਕ ਫਿਰਕਿਆਂ ਦਾ ਵਖਰੇਵਾਂ ਅਤੇ ਆਪਸੀ ਨਫ਼ਰਤ ਹੈ। ਵੇਦ-ਸ਼ਾਸਤਰਾਂ ਅਨੁਸਾਰ ਧਰਮ ਵਰਣ-ਆਸ਼ਰਮ ਧਰਮ ਦੇ ਸਿਧਾਂਤ ‘ਤੇ ਆਧਾਰਤ ਹੋਣ ਕਰਕੇ ਸਾਰੇ ਵਰਣਾਂ ਲਈ ਅਲੱਗ ਅਲੱਗ ਕਿਸਮ ਦਾ ਮੰਨਿਆ ਗਿਆ ਹੈ, ਫਿਰ ਮਨੁੱਖ ਦੇ ਜੀਵਨ ਦੇ ਹਰ ਆਸ਼ਰਮ ਭਾਵ ਪੜਾ ਦਾ ਵੱਖਰਾ ਵੱਖਰਾ ਧਰਮ ਮੰਨਿਆ ਹੈ। ਅੱਗਂੋ ਸੰਨਿਆਸੀਆਂ, ਜੋਗੀਆਂ, ਜੰਗਮਾਂ, ਜੈਨੀਆਂ/ਦਿਗੰਬਰਾਂ ਦੇ ਵੱਖਰੇ ਵੱਖਰੇ ਫਿਰਕੇ ਹਨ ਜਿਨ੍ਹਾਂ ਵਿਚ ਤਰ੍ਹਾਂ ਤਰ੍ਹਾਂ ਦਾ ਵਿਵਾਦ ਅਤੇ ਸਿਧਾਂਤਕ ਝਗੜਾ ਹੁੰਦਾ ਰਹਿੰਦਾ ਹੈ। ਵੱਖਰੇ ਵੱਖਰੇ ਸ਼ਾਸਤਰਾਂ, ਵੇਦਾਂ ਅਤੇ ਪੁਰਾਣਾਂ ਕਾਰਨ ਬ੍ਰਾਹਮਣਾਂ ਦਾ ਆਪਸੀ ਵਿਵਾਦ, ਅਤੇ ਨਾਲ ਹੀ ਇਨ੍ਹਾਂ ਵਿਚ ਕੋਈ ਧਾਰਮਿਕ ਅਗਵਾਈ ਦੇਣ ਦੀ ਥਾਂ ਤੇ ਛੱਤੀ ਕਿਸਮ ਦਾ ਪਖੰਡ ਸ਼ਾਮਲ ਹੈ। ਤੰਤਰ-ਮੰਤਰ, ਜਾਦੂ-ਟੂਣੇ ਸਭ ਚੱਲ ਰਹੇ ਹਨ ਜਿਸ ਨੂੰ ਭਾਈ ਸਾਹਿਬ ਨੇ ‘ਕਾਲਖਿ ਲਪਟਾਏ’ ਕਿਹਾ ਹੈ। ਇਹ ਸਭ ਧਾਰਮਿਕ ਜਾਲ ਮਨੁੱਖ ਲਈ ਕੋਈ ਰਾਹ ਦਰਸਾਵਾ ਹੋਣ ਦੀ ਥਾਂ ਭਰਮ ਅਤੇ ਭੁਲੇਖੇ ਵਿਚ ਪਾਉਣ ਦਾ ਕਾਰਨ ਬਣ ਗਿਆ ਹੈ, ਜਿਸ ਨੂੰ ਭਾਈ ਸਾਹਿਬ ਨੇ ‘ਕਲਿਜੁਗ ਅੰਦਰਿ ਭਰਮਿ ਭੁਲਾਏ’ ਕਿਹਾ ਹੈ।
ਗੁਰਮਤਿ ਅਨੁਸਾਰ ਕਲਿਜੁਗ ਕਿਸੇ ਖਾਸ ਸਮੇਂ ਨਹੀਂ ਆਉਂਦਾ। ਜਦੋਂ ਸੰਸਾਰ ਦਾ ਵਰਤਾਰਾ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਆਦਿ ਮਾੜੀਆਂ ਬਿਰਤੀਆਂ ਦੇ ਅਧੀਨ ਹੋ ਜਾਂਦਾ ਹੈ, ਉਹ ਸਮਾਂ ਕਲਿਜੁਗ ਦਾ ਸਮਾਂ ਹੁੰਦਾ ਹੈ ਅਤੇ ਇਹ ਕਿਸੇ ਵੇਲੇ ਵਿਚ ਵੀ, ਕਿਸੇ ਵੀ ਸਥਾਨ ਜਾਂ ਮੁਲਕ ਵਿਚ ਵਾਪਰ ਸਕਦਾ ਹੈ। ਗੁਰੂ ਨਾਨਕ ਆਗਮਨ ਤੋਂ ਪਹਿਲਾਂ ਦੇ ਹਾਲਾਤ ਨੂੰ ਕਲਿਜੁਗ ਦਾ ਸਮਾਂ ਦੱਸਦੇ ਹੋਏ, ਇਸ ਸਮੇਂ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਨੇ ਅੱਗੇ ਦੱਸਿਆ ਹੈ ਕਿ ਕਲਿਜੁਗ ਆ ਗਿਆ ਹੈ ਜਿਸ ਦਾ ਮੂੰਹ ਕੁੱਤੇ ਦੀ ਨਿਆਂਈਂ ਹੈ, ਜਿਨ੍ਹਾਂ ਦੀ ਖ਼ੁਰਾਕ ਮਰੇ ਹੋਏ ਜੀਵਾਂ ਨੂੰ ਖਾਣਾ ਹੈ। ਵਾੜ ਦਾ ਕੰਮ ਖੇਤ ਦੀ ਰਾਖੀ ਕਰਨਾ ਹੁੰਦਾ ਹੈ, ਫਸਲ ਨੂੰ ਅਵਾਰਾ ਪਸ਼ੂਆਂ ਅਤੇ ਹੋਰ ਉਜਾੜੇ ਤੋਂ ਬਚਾਉਣਾ ਹੁੰਦਾ ਹੈ, ਇਸੇ ਮਕਸਦ ਲਈ ਵਾੜ ਖੇਤ ਦੇ ਦੁਆਲੇ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਰਾਜੇ ਦਾ ਕੰਮ ਪਰਜਾ ਨੂੰ ਇਨਸਾਫ ਦੇਣਾ ਹੁੰਦਾ ਹੈ ਪਰ ਕਲਿਜੁਗ ਦੀ ਇਹ ਨਿਸ਼ਾਨੀ ਹੈ ਕਿ ਸਾਰਾ ਕੁੱਝ ਉਲਟ ਹੋ ਜਾਂਦਾ ਹੈ। ਜਦੋਂ ਰਾਜਾ ਇਨਸਾਫ ਦੇਣ ਦੀ ਥਾਂ ਆਪ ਹੀ ਪਾਪ ਜਾਂ ਅਨਿਆਂ ਕਰਨ ਲੱਗ ਪਵੇ ਤਾਂ ਇਹ ਵਾੜ ਦੇ ਖੇਤ ਨੂੰ ਖਾਣ ਵਰਗੀ ਗੱਲ ਹੋ ਜਾਂਦੀ ਹੈ ਜੋ ਬਚਾਅ ਕਰਨ ਦੀ ਥਾਂ ਉਜਾੜੇ ਦਾ ਕਾਰਨ ਬਣਦੀ ਹੈ। ਇਹੀ ਨਹੀਂ ਕਿ ਰਾਜੇ ਪਾਪੀ ਅਤੇ ਅਨਿਆਈ ਹਨ, ਪਰਜਾ ਵੀ ਅਗਿਆਨੀ ਹੈ ਅਤੇ ਅਕਲ ਦੀ ਅੰਨ੍ਹੀ ਹੈ ਜਿਸ ਨੂੰ ਸਹੀ ਅਤੇ ਗਲਤ, ਜਾਂ ਭਲੇ ਅਤੇ ਬੁਰੇ ਦੀ ਪਹਿਚਾਣ ਨਹੀਂ ਹੈ। ਇਸੇ ਲਈ ਸੱਚ ਪਛਾਨਣ ਜਾਂ ਸੱਚ ਬੋਲਣ ਦੀ ਥਾਂ ਮੂੰਹ ਤੋਂ ਝੂਠ ਅਤੇ ਪਾਪ ਹੀ ਬੋਲਦੀ ਹੈ। ਕਲਿਜੁਗ ਦੀ ਚਾਲ ਹੀ ਉਲਟੀ ਹੈ। ਬਜਾਇ ਇਸ ਦੇ ਕਿ ਗੁਰੂ ਚੇਲਿਆਂ ਨੂੰ ਪਿੱਛੇ ਲਾਉਣ, ਇਸ ਦੀ ਥਾਂ ਚੇਲੇ ਸਾਜ ਵਜਾ ਰਹੇ ਹਨ ਅਤੇ ਗੁਰੁ ਉਨ੍ਹਾਂ ਦੇ ਸਾਜ ਦੀ ਤਾਲ ‘ਤੇ ਨੱਚ ਰਹੇ ਹਨ। ਸਹੀ ਰੀਤ ਇਹ ਹੈ ਕਿ ਗੁਰੂ ਆਪਣੇ ਟਿਕਾਣੇ ‘ਤੇ ਬੈਠੇ ਅਤੇ ਚੇਲੇ ਉਸ ਦੇ ਸਥਾਨ ‘ਤੇ ਉਸ ਕੋਲ ਚੱਲ ਕੇ ਜਾਣ ਪਰ ਕਲਿਜੁਗ ਦੀ ਉਲਟੀ ਚਾਲ ਹੈ ਕਿ ਚੇਲੇ ਆਪਣੇ ਘਰਾਂ ਵਿਚ ਬੈਠਦੇ ਹਨ ਅਤੇ ਗੁਰੂ ਉਨ੍ਹਾਂ ਕੋਲ ਚੱਲ ਕੇ ਜਾਂਦੇ ਹਨ। ਧਾਰਮਿਕ ਆਗੂ (ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ) ਦਾ ਫ਼ਰਜ਼ ਹੈ, ਹਕੁ ਜਾਂ ਇਨਸਾਫ ਦੇਣਾ/ਦੁਆਉਣਾ ਪਰ ਇਸ ਸਮੇਂ ਕਾਜ਼ੀ (ਧਾਰਮਿਕ ਆਗੂ) ਰਿਸ਼ਵਤਖੋਰ ਹੋ ਗਏ ਹਨ, ਵੱਢੀ ਲੈਣ ਕਰਕੇ ਸਹੀ ਗੱਲ ਨਹੀਂ ਕਰਦੇ। ਲੋਕੀਂ ਏਨੇ ਲਾਲਚੀ ਹੋ ਗਏ ਹਨ ਕਿ ਕੁਥਾਂ (ਭਾਵ ਮਾੜੀ ਥਾਂ) ਜਾਣ ਤੇ ਵੀ ਇਸਤਰੀ ਜਾਂ ਪੁਰਸ਼ ਇੱਕ-ਦੂਸਰੇ ਨੂੰ ਟੋਕਦੇ ਨਹੀਂ। ਇਸ ਤਰ੍ਹਾਂ ਸਾਰੇ ਸੰਸਾਰ ਤੇ ਪਾਪ ਦਾ ਬੋਲ-ਬਾਲਾ ਹੈ।
ਗੁਰੂ ਨਾਨਕ ਦੇਵ ਉਸ ਸਮੇਂ ਦੀ ਕਲਿਜੁਗ ਦੇ ਰੂਪ ਵਿਚ ਵਿਆਖਿਆ ਕਰਦੇ ਹੋਏ ‘ਮਾਝ ਕੀ ਵਾਰ’ ਵਿਚ ਫੁਰਮਾਉਂਦੇ ਹਨ ਕਿ ਇਹ ਘੋਰ ਕਲਿਜੁਗੀ ਸਮਾਂ ਅਜਿਹਾ ਹੈ ਜਿਸ ਦਾ ਸੁਭਾ ਛੁਰੀ ਵਾਂਗ ਹੈ, ਜਿਸ ਕਰਕੇ ਰਾਜੇ ਜ਼ਾਲਮ ਹੋ ਗਏ ਹਨ ਅਤੇ ਲੋਕਾਂ ਨੂੰ ਕਸਾਈਆਂ ਵਾਂਗ ਕੋਹ ਰਹੇ ਹਨ। ਇਸੇ ਕਰਕੇ ਧਰਮ ਦਾ ਪਤਾ ਹੀ ਨਹੀਂ ਲਗਦਾ ਕਿ ਉਹ ਖੰਭ ਲਾ ਕੇ ਕਿਥੇ ਉਡ ਗਿਆ ਹੈ। ਕੂੜ ਮੱਸਿਆ ਦੇ ਅੰਧੇਰੇ ਦੀ ਤਰ੍ਹਾਂ ਫੈਲਿਆ ਹੋਇਆ ਹੈ ਜਿਸ ਕਰਕੇ ਸੱਚ-ਰੂਪੀ ਚੰਦਰਮਾ ਕਿਧਰੇ ਨਜ਼ਰ ਨਹੀਂ ਆਉਂਦਾ (ਝੂਠ ਅਤੇ ਅਗਿਆਨ ਨੂੰ ਮੱਸਿਆ ਦੀ ਰਾਤ ਨਾਲ ਤੁਲਨਾ ਦਿੱਤੀ ਜਾਂਦੀ ਹੈ ਜਿਸ ਵਿਚ ਸਹੀ ਅਤੇ ਗਲਤ ਦੀ ਪਛਾਣ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ। ਜਿਸ ਤਰ੍ਹਾਂ ਮੱਸਿਆ ਦੀ ਰਾਤ ਨੁੰ ਕਿਉਂਕਿ ਚੰਦਰਮਾ ਅਲੋਪ ਹੋ ਜਾਂਦਾ ਹੈ ਅਤੇ ਹਨੇਰਾ ਸੰਘਣਾ ਹੋਣ ਕਰਕੇ ਕੁੱਝ ਵੀ ਨਜ਼ਰ ਨਹੀਂ ਆਉਂਦਾ, ਇਸੇ ਤਰ੍ਹਾਂ ਝੂਠ ਅਤੇ ਅਗਿਆਨ ਮਨੁੱਖ ਨੂੰ ਮਾਨਸਿਕ ਅਤੇ ਚੇਤੰਨਤਾ ਦੇ ਤੌਰ ‘ਤੇ ਅੰਨ੍ਹਾ ਕਰ ਦਿੰਦਾ ਹੈ ਅਤੇ ਮਨੁੱਖ ਸਹੀ ਅਤੇ ਗਲਤ ਦੀ ਪਛਾਣ ਗੁਆ ਬੈਠਦਾ ਹੈ)। ਗੁਰੂ ਨਾਨਕ ਇੱਕ ਜਗਿਆਸੂ ਦੇ ਤੌਰ ‘ਤੇ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ (ਬਾਣੀ ਵਿਚ ਇੱਕ ਅਕਾਲ ਪੁਰਖ ਨੂੰ ਪੁਰਸ਼ ਅਤੇ ਜੀਵਾਂ ਨੂੰ ਇਸਤਰੀ ਮੰਨਿਆ ਗਿਆ ਹੈ, ਇਸੇ ਲਈ ਗੁਰੂ ਸਾਹਿਬਾਨ ਆਪਣੇ ਆਪ ਨੂੰ ਇੱਕ ਇਸਤਰੀ ਦੇ ਰੂਪ ਵਿਚ ਸੰਬੋਧਨ ਕਰਦੇ ਹਨ) ਕਿ ਮੈਂ ਸੱਚ ਰੂਪ ਚੰਦਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ ਪਰ ਮੈਨੂੰ ਉਹ ਕਿਧਰੇ ਵੀ ਨਜ਼ਰ ਨਹੀਂ ਪੈਂਦਾ, ਇਸ ਕਲਿਜੁਗੀ ਹਨੇਰੇ ਵਿਚ ਕੋਈ ਰਾਸਤਾ ਨਜ਼ਰ ਨਹੀਂ ਆਉਂਦਾ। ਇਸ ਝੂਠ-ਰੂਪੀ ਹਨੇਰੇ ਵਿਚ ਸ੍ਰਿਸ਼ਟੀ ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਗੁਰੂ ਅਮਰ ਦਾਸ ਮਨੁੱਖ ਦੇ ਸੁਭਾ ਵਿਚ ਚੰਡਾਲ-ਬਿਰਤੀ ਦੇ ਘਰ ਕਰ ਲੈਣ ਨੁੰ ਕਲਿਜੁਗ ਕਹਿੰਦੇ ਹਨ। ਉਨ੍ਹਾਂ ਅਨੁਸਾਰ ਇੱਕ ਕੁਕਰਮੀ ਮਨੁੱਖ ਦੇ ਸੁਭਾ ਵਿਚ ਸਮਝੋ ਕਲਿਜੁਗ ਆ ਜਾਂਦਾ ਹੈ ਅਤੇ ਇਸ ਕੁਕਰਮ ਦਸ਼ਾ ਵਿਚ ਸਾਰੇ ਕਰਮ-ਧਰਮ ਗੁਆਚ ਜਾਂਦੇ ਹਨ। ਅਜਿਹੇ ਕੁਕਰਮੀ ਸੁਭਾ ਤੋਂ ਮਨੁੱਖ ਨੁੰ ਸਿਰਫ਼ ਇੱਕ ਪਰਮਾਤਮਾ ਦਾ ਨਾਮ ਹੀ ਛੁਡਾ ਸਕਦਾ ਹੈ।
ਹੁਣ ਤੱਕ ਦੀ ਵਿਚਾਰ ਚਰਚਾ ਤੋਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਕਲਿਜੁਗ ਉਦੋਂ ਵਾਪਰਦਾ ਹੈ ਜਦੋਂ ਮਨੁੱਖ ਅੰਦਰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਬਿਰਤੀਆਂ ਭਾਰੂ ਹੋ ਜਾਂਦੀਆਂ ਹਨ, ਮਨੁੱਖ ਸਦ-ਗੁਣਾਂ ‘ਤੇ ਚੱਲਣ ਦੀ ਥਾਂ ਇਨ੍ਹਾਂ ਦੇ ਅਧੀਨ ਹੋ ਕੇ ਸਹੀ-ਗਲਤ ਦੀ ਪਛਾਣ ਭੁੱਲ ਜਾਂਦਾ ਹੈ ਅਤੇ ਇਨ੍ਹਾਂ ਅਨੁਸਾਰ ਕਰਮ ਕਰਦਾ ਹੈ। ਜਦੋਂ ਇਹ ਬਿਰਤੀਆਂ ਵਿਆਪਕ ਰੂਪ ਵਿਚ ਮਨੁੱਖੀ ਸੁਭਾ ਉਤੇ ਭਾਰੂ ਹੋ ਜਾਂਦੀਆਂ ਹਨ ਤਾਂ ਉਸ ਸਮੇਂ ਨੂੰ ਕਲਿਜੁਗ ਦਾ ਨਾਮ ਦੇ ਦਿੱਤਾ ਜਾਂਦਾ ਹੈ। ਹੁਣ ਦੇ ਸਮੇਂ ਨੂੰ ਹਿੰਦੁਸਤਾਨ ਦੇ ਸੰਦਰਭ ਵਿਚ ਆਮ ਅਤੇ ਪੰਜਾਬ ਦੇ ਸੰਦਰਭ ਵਿਚ ਖਾਸ ਕਰਕੇ ਦੇਖਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਧਰਮ ਦਾ ਅਸਲੀ ਰੂਪ ਨਜ਼ਰ ਨਹੀਂ ਆਉਂਦਾ। ਧਰਮ ਵਿਚ ਪਖੰਡ ਅਤੇ ਦਿਖਾਵੇ ਦਾ ਜ਼ੋਰ ਵਧ ਗਿਆ ਹੈ (ਇਹ ਗੱਲ ਤਕਰੀਬਨ ਹਰ ਧਾਰਮਿਕ ਪਰੰਪਰਾ ਵਿਚ ਮਹਿਸੂਸ ਕੀਤੀ ਅਤੇ ਦੇਖੀ ਜਾ ਸਕਦੀ ਹੈ)। ਹਰ ਧਰਮ ਵਿਚ ਸਿਆਸਤ ਭਾਰੂ ਹੋ ਗਈ ਹੈ ਅਤੇ ਸਿਆਸਤਦਾਨਾਂ ਦਾ ਜ਼ੋਰ ਵੱਧ ਗਿਆ ਹੈ, ਇਸ ਲਈ ਧਾਰਮਿਕ ਆਗੂ ਨਿਆਂ ਦੇਣ ਦੀ ਥਾਂ ਸਿਆਸਤਦਾਨਾਂ ਦੇ ਹਿਤਾਂ ਦੀ ਹੀ ਪਾਲਣਾ ਕਰ ਰਹੇ ਹਨ। ਰਾਜਨੀਤੀ ਵਿਚ ਨੇਤਾ ਕਿਸੇ ਆਦਰਸ਼, ਲੋਕ-ਭਲਾਈ ਜਾਂ ਇਨਸਾਫ ਦੇਣ ਲਈ ਪ੍ਰਵੇਸ਼ ਨਹੀਂ ਕਰਦੇ (ਭਾਵੇਂ ਲੋਕਾਂ ਨੂੰ ਝੂਠ ਏਹੀ ਬੋਲਿਆ ਜਾਂਦਾ ਹੈ ਕਿ ਉਹ ਰਾਜ ਕਰਨ ਲਈ ਨਹੀਂ, ਸੇਵਾ ਕਰਨ ਲਈ ਵੋਟਾਂ ਚਾਹੁੰਦੇ ਹਨ ਅਤੇ ਇਸ ਝੂਠ ਦੇ ਆਸਰੇ ਤਾਕਤ ਵਿਚ ਆਉਂਦੇ ਹਨ)।
ਪਿਛਲੇ ਸਮੇਂ ਵਿਚ ਜਿਸ ਕਿਸਮ ਦੀਆਂ ਘਟਨਾਵਾਂ ਪੰਜਾਬ ਵਿਚ ਵਾਪਰੀਆਂ ਹਨ ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਨਿਆਂ ਅਤੇ ਸੱਚ ਖੰਭ ਲਾ ਕੇ ਉਡ ਗਏ ਹਨ। ਕਾਮ, ਕ੍ਰੋਧ ਅਤੇ ਅਹੰਕਾਰ ਆਦਿ ਮਾੜੀਆਂ ਬਿਰਤੀਆਂ ਦਾ ਬੋਲ-ਬਾਲਾ ਹੀ ਤਾਂ ਹੈ ਕਿ ਹਰ ਤਰ੍ਹਾਂ ਦੇ ਅਪਰਾਧ ਸਰਕਾਰੀ ਸਰਪ੍ਰਸਤੀ ਹੇਠ ਹੋ ਰਹੇ ਹਨ ਜਿਵੇਂ ਨਸ਼ਿਆਂ ਦੀ ਤਸਕਰੀ, ਬਲਾਤਕਾਰ, ਚੋਰੀਆਂ, ਲੁੱਟਾਂ-ਖੋਹਾਂ, ਦੂਸਰਿਆਂ ਦੀਆਂ ਜਾਇਦਾਦਾਂ ਹਥਿਆਉਣਾ ਅਤੇ ਹੋਰ ਹਰ ਕਿਸਮ ਦਾ ਧੱਕਾ ਆਦਿ। ਚੇਤੰਨਤਾ ਰੱਖਣ ਵਾਲਾ ਹਰ ਸ਼ਹਿਰੀ ਹੈਰਾਨ ਅਤੇ ਪ੍ਰੇਸ਼ਾਨ ਹੈ ਕਿ ਆਮ ਮਨੁੱਖ ਦਾ ਕੀ ਬਣੇਗਾ? ਆਮ ਆਦਮੀ ਦਾ ਜੀਵਨ ਮਹਿਫੂਜ਼ ਨਹੀਂ ਰਿਹਾ। ਇਹ ਸਭ ਮਨੁੱਖ ਅੰਦਰ ਲੋਭ-ਲਾਲਚ, ਕਾਮ, ਕ੍ਰੋਧ ਆਦਿ ਮਾੜੀਆਂ ਰੁਚੀਆਂ ਦੇ ਵਧ ਜਾਣ ਕਾਰਨ ਹੀ ਹੋ ਰਿਹਾ ਹੈ। ਅੱਜ ਦਾ ਮਨੁੱਖ ਏਨਾ ਬੇਵੱਸ ਹੋ ਗਿਆ ਹੈ ਕਿ ਆਪਣੇ ਬੱਚਿਆਂ ਦੀ ਹਿਫ਼ਾਜ਼ਤ ਵੀ ਆਪ ਨਹੀਂ ਕਰ ਸਕਦਾ (ਜਿਵੇਂ ਏæ ਐਸ਼ ਆਈæ ਆਪਣੀ ਕੁੜੀ ਦੀ ਰੱਖਿਆ ਕਰਦਾ ਮਾਰਿਆ ਗਿਆ, ਸ਼ਰੁਤੀ ਦੇ ਮਾਂ-ਬਾਪ ਆਪਣੇ ਘਰ ਦੇ ਅੰਦਰ ਆਪਣੀ ਕੁੜੀ ਦੀ ਹਿਫ਼ਾਜ਼ਤ ਨਹੀਂ ਕਰ ਸਕੇ)। ਇਸ ਕਿਸਮ ਦੇ ਵਰਤਾਰੇ ਨੂੰ ਹੀ ਗੁਰਬਾਣੀ ਵਿਚ ਕਲਿਜੁਗ ਦਾ ਨਾਮ ਦਿੱਤਾ ਗਿਆ ਹੈ।

Be the first to comment

Leave a Reply

Your email address will not be published.