ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਦ੍ਰਿਸ਼ ਕਿਹੋ ਜਿਹਾ ਹੋਏਗਾ, ਇਸ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੋਇਆ ਪਰ ਸੱਤਾ ਧਿਰ ਅਕਾਲੀ ਦਲ-ਭਾਜਪਾ ਨੂੰ ਸਭ ਤੋਂ ਵੱਡੀ ਵੰਗਾਰ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਰਹੇ ਹਨ। ਦੋਵਾਂ ਭਾਈਵਾਲਾਂ ਵੱਲੋਂ ‘ਸਰਬੱਤ ਖਾਲਸਾ’ ਵਿਚ ਕਾਂਗਰਸੀਆਂ ਦੀ ਸ਼ਮੂਲੀਅਤ ਤੇ ਉਸ ਮਗਰੋਂ ਸਵਿਸ ਬੈਂਕ ਵਿਚ ਖਾਤਿਆਂ ਦੇ ਮਾਮਲੇ ‘ਤੇ ਕੈਪਟਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹੁਣ ਭਾਜਪਾ ਕੈਪਟਨ ਖਿਲਾਫ ਤਕੜੀ ਰਣਨੀਤੀ ਬਣਾ ਕੇ ਮੈਦਾਨ ਵਿਚ ਆਉਣ ਦੇ ਰੌਂਅ ਵਿਚ ਦਿਖਾਈ ਦੇ ਰਹੀ ਹੈ। ਸੂਤਰਾਂ ਅਨੁਸਾਰ ਮੌਜੂਦਾ ਪ੍ਰਧਾਨ ਕਮਲ ਸ਼ਰਮਾ ਨੂੰ ਬਦਲਣ ਜਾਂ ਨਾ ਬਦਲਣ ਬਾਰੇ ਵੀ ਪਾਰਟੀ ਵਿਚ ਵਿਚਾਰਾਂ ਹੋ ਰਹੀਆਂ ਹਨ ਜਦਕਿ ਕੁਝ ਨੇਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਕਮਲ ਸ਼ਰਮਾ ਦੀ ਪ੍ਰਧਾਨਗੀ ਵਿਚ ਪਾਰਟੀ ਦਾ ਕੰਮ ਠੀਕ ਚੱਲ ਰਿਹਾ ਹੈ ਤੇ ਨਵਾਂ ਪ੍ਰਧਾਨ ਲਾਉਣ ਨਾਲ ਪਾਰਟੀ ਪਛੜ ਸਕਦੀ ਹੈ। ਕੁਝ ਨੇਤਾਵਾਂ ਤੇ ਹੇਠਲੇ ਪੱਧਰ ਦੇ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਕਮਲ ਸ਼ਰਮਾ ਖਿਲਾਫ ਬਾਗ਼ੀ ਸੁਰ ਵੀ ਅਲਾਪੇ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਵਿਗਾੜ ਦਿੱਤੀਆਂ ਸਨ ਜਦੋਂ ਉਨ੍ਹਾਂ ਅਰੁਣ ਜੇਤਲੀ ਖਿਲਾਫ ਚੋਣ ਲੜਨ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਫਿਰ ਅੰਮ੍ਰਿਤਸਰ ਤੋਂ ਸ੍ਰੀ ਜੇਤਲੀ ਨੂੰ ਹਰਾ ਵੀ ਦਿੱਤਾ। ਸੂਤਰਾਂ ਅਨੁਸਾਰ ਭਾਜਪਾ ਹਾਈਕਮਾਨ ਇਸ ਗੱਲ ਤੋਂ ਵੀ ਚਿੰਤਤ ਹੈ ਕਿ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਪਾਰਟੀ ਨੂੰ ਲੋਕਾਂ ਵਿਚ ਹੋਰ ਮਕਬੂਲ ਨਹੀਂ ਕਰ ਸਕੀ ਤੇ ਅਕਾਲੀਆਂ ਦੀ ਜੂਨੀਅਰ ਭਾਈਵਾਲ ਵਜੋਂ ਵਿਚਰਦੀ ਰਹੀ।ਅਕਾਲੀ ਦਲ ਦਾ ਇਹ ਹਮਲਾਵਰ ਰੁਖ ਕਈ ਸਵਾਲ ਖੜ੍ਹੇ ਕਰਦਾ ਹੈ।
ਦਰਅਸਲ, ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਸੱਤਾ ਧਿਰ ਨੂੰ ਕਿਸੇ ਵੀ ਮਸਲੇ ‘ਤੇ ਚੁਣੌਤੀ ਨਹੀਂ ਦੇ ਸਕੀ। ਇਸ ਲਈ ਪੰਜਾਬ ਦੀ ਜਨਤਾ ਸੱਤਾ ਧਿਰ ਦੇ ਨਾਲ-ਨਾਲ ਕਾਂਗਰਸ ਤੋਂ ਵੀ ਖਫ਼ਾ ਹੈ।
ਇਸ ਦਾ ਸਿੱਧਾ ਲਾਹਾ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ। ਇਸ ਗੱਲ ਨੂੰ ਭਾਂਪਦਿਆਂ ਕਾਂਗਰਸ ਹਾਈਕਮਾਨ ਨੇ ਕੈਪਟਨ ਨੂੰ ਪੰਜਾਬ ਦੀ ਕਮਾਂਡ ਸੌਂਪੀ ਹੈ। ਸੱਤਾ ਧਿਰ ਇਸ ਗੱਲ ਤੋਂ ਭਲੀਭਾਂਤ ਜਾਣੂ ਹੈ ਕਿ ਰੁੱਸੀ ਹੋਈ ਪੰਥਕ ਵੋਟ ਕੈਪਟਨ ਅਮਰਿੰਦਰ ਖਿੱਚਣ ਦੀ ਸਮਰਥਾ ਰੱਖਦੇ ਹਨ। ਪੰਥਕ ਮੁੱਦਿਆਂ ਉਤੇ ਉਹ ਅਕਾਲੀ ਦਲ ਨੂੰ ਘੇਰਨ ਦੀ ਤਾਕਤ ਵੀ ਰੱਖਦੇ ਹਨ। ਉਨ੍ਹਾਂ ਦੀ ਆਮਦ ਨਾਲ ਖਿੱਲਰੀ ਹੋਈ ਕਾਂਗਰਸ ਵੀ ਇਕਮੁੱਠ ਹੋ ਸਕਦੀ ਹੈ। ਸੱਤਾ ਧਿਰ ਨੂੰ ਕਾਂਗਰਸ ਤੋਂ ਵੱਡੀ ਵੰਗਾਰ ਮਿਲ ਸਕਦੀ ਹੈ। ਇਸ ਲਈ ਅਕਾਲੀ ਦਲ ਵੱਲੋਂ ਸਭ ਤੋਂ ਜ਼ਿਆਦਾ ਨਿਸ਼ਾਨਾ ਕੈਪਟਨ ‘ਤੇ ਹੀ ਸਾਧਿਆ ਜਾ ਰਿਹਾ ਹੈ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਕੈਪਟਨ ਦੇ ਪਰਿਵਾਰ ਦੇ ਵਿਦੇਸ਼ਾਂ ਵਿਚ ਖਾਤਿਆਂ ਦਾ ਮਾਮਲਾ ਉਸ ਵੇਲੇ ਹੀ ਉੱਠਦਾ ਹੈ ਜਦੋਂ ਉਹ ਮੈਦਾਨ ਵਿਚ ਸਰਗਰਮ ਹੁੰਦੇ ਹਨ। ਮੀਡੀਆ ਵਿਚ ਉਨ੍ਹਾਂ ਨੂੰ ਪ੍ਰਧਾਨਗੀ ਦੀ ਕੁਰਸੀ ਦੇਣ ਤੇ ਸਵਿਸ ਬੈਂਕ ਵਿਚ ਖਾਤਿਆਂ ਦੀ ਖਬਰ ਇਕੋ ਸਮੇਂ ਆਈ।
ਕੈਪਟਨ ਨੇ ਵਿੱਤ ਮੰਤਰੀ ਅਰੁਣ ਜੇਤਲੀ ‘ਤੇ ਸਵਾਲ ਉਠਾਏ ਹਨ, ਕਿਉਂਕਿ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਵੱਡੀ ਹਾਰ ਮਿਲੀ ਸੀ। ਇਤਫ਼ਾਕਨ ਵਿਦੇਸ਼ੀ ਬੈਂਕਾਂ ਵਿਚ ਖਾਤਿਆਂ ਦੀ ਜਾਂਚ ਵੀ ਜੇਤਲੀ ਦਾ ਮਹਿਕਮਾ ਹੀ ਕਰ ਰਿਹਾ ਹੈ।
_______________________________
ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਇਤਿਹਾਸ
ਪਟਿਆਲਾ: 11 ਮਾਰਚ, 1942 ਨੂੰ ਪਟਿਆਲਾ ਦੇ ਸ਼ਾਹੀ ਪਰਿਵਾਰ ਵਿਚ ਜੰਮੇ ਕੈਪਟਨ ਅਮਰਿੰਦਰ ਸਿੰਘ ਨੂੰ ਤੀਜੀ ਵਾਰੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ 1999 ਤੋਂ 2002 ਤੇ 2010 ਤੋਂ 2013 ਤੱਕ ਕਾਂਗਰਸ ਦੇ ਸੂਬਾਈ ਪ੍ਰਧਾਨ ਰਹੇ। ਇਹੋ ਨਹੀਂ, 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਦੱਸਣਯੋਗ ਹੈ ਕਿ ਫੌਜ ਵਿਚ ਸੇਵਾ ਕਰਨ ਪਿੱਛੋਂ ਉਹ ਰਾਜੀਵ ਗਾਂਧੀ ਦੀ ਸਲਾਹ ਉਤੇ ਕਾਂਗਰਸ ਵਿਚ ਸ਼ਾਮਲ ਹੋਏ ਤੇ 1980 ਵਿਚ ਉਨ੍ਹਾਂ ਪਟਿਆਲਾ ਤੋਂ ਲੋਕ ਸਭਾ ਦੀ ਸੀਟ ਜਿੱਤੀ। ਸਾਕਾ ਨੀਲਾ ਤਾਰਾ ਦੇ ਰੋਸ ਵਜੋਂ 1984 ਵਿਚ ਕੈਪਟਨ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਤੇ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੀ ਟਿਕਟ ‘ਤੇ ਵਿਧਾਨ ਸਭਾ ਵਿਚ ਪਹੁੰਚੇ। 1992 ਵਿਚ ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਦਲ (ਪੰਥਕ) ਬਣਾਇਆ, ਪਰ 1998 ਵਿਚ ਮੁੜ ਕਾਂਗਰਸ ਵਿਚ ਸ਼ਾਮਲ ਹੋਏ। 1998 ਵਿਚ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਲੋਕ ਸਭਾ ਦੀ ਚੋਣ ਹਾਰੇ ਅਤੇ ਹੁਣ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਹਰਾ ਕੇ ਉਹ ਅੰਮ੍ਰਿਤਸਰ ਤੋਂ ਚੋਣ ਜਿੱਤ ਕੇ ਲੋਕ ਸਭਾ ਵਿਚ ਕਾਂਗਰਸ ਦੇ ਉਪ ਆਗੂ ਬਣੇ।
________________________________
ਪੰਜਾਬ ਕਾਂਗਰਸ ਦੇ ਨਵੇਂ ਜਰਨੈਲ
ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ
ਲਾਲ ਸਿੰਘ ਸੀਨੀਅਰ ਮੀਤ ਪ੍ਰਧਾਨ
ਸਾਧੂ ਸਿੰਘ ਮੀਤ ਚੇਅਰਮੈਨ
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਕਨਵੀਨਰ
ਅੰਬਿਕਾ ਸੋਨੀ ਚੋਣ ਪ੍ਰਚਾਰ ਕਮੇਟੀ ਦੀ ਚੇਅਰਪਰਸਨ