ਭਗਵੰਤ ਮਾਨ ਦੀ ਡੋਪ ਟੈਸਟ ਚੁਣੌਤੀ ਬਾਰੇ ਸੁਖਬੀਰ ਚੁੱਪ

ਸੰਗਰੂਰ: ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਨਸ਼ਿਆਂ ਬਾਰੇ ਲਗਾਏ ਜਾ ਰਹੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਉਨ੍ਹਾਂ ਨੂੰ ਮੰਤਰੀਆਂ ਸਮੇਤ ਡੋਪ ਟੈਸਟ ਕਰਾਉਣ ਦੀ ਚੁਣੌਤੀ ਦਿੱਤੀ ਹੈ।

ਆਸਟਰੇਲੀਆ ਦੌਰੇ ਉਤੇ ਗਏ ਭਗਵੰਤ ਮਾਨ ਨੇ ਆਪਣਾ ਬਿਆਨ ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ ਰਾਹੀਂ ਜਾਰੀ ਕੀਤਾ ਹੈ। ਦੂਜੇ ਪਾਸੇ, ਸੁਖਬੀਰ ਬਾਦਲ ਨੇ ਇਸ ਚੁਣੌਤੀ ਬਾਰੇ ਚੁੱਪ ਧਾਰੀ ਹੋਈ ਹੈ। ਹਾਲਾਂਕਿ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਭਗਵੰਤ ਮਾਨ ਦੀ ਚੁਣੌਤੀ ਸਵੀਕਾਰ ਕਰਦਿਆਂ ਡੋਪ ਟੈਸਟ ਕਰਾਉਣ ਲਈ ਸ਼ਰਤਾਂ ਸਮੇਤ ਹਾਮੀ ਭਰੀ ਹੈ। ਸ਼ ਮਾਨ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ, ਆਮ ਆਦਮੀ ਪਾਰਟੀ ਤੇ ਉਨ੍ਹਾਂ ਉਪਰ ਨਿੱਜੀ ਦੋਸ਼ ਲਗਾ ਰਹੇ ਹਨ ਜਦੋਂ ਕਿ ਬਾਦਲ ਕੋਲ ਕੋਈ ਸਬੂਤ ਨਹੀਂ ਹੈ, ਕੋਈ ਮੈਡੀਕਲ ਰਿਪੋਰਟ ਨਹੀਂ ਹੈ। ਇਹ ਦੋਸ਼ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਹੈ ਕਿ ਜੇ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਦੋਸ਼ ਸਹੀ ਹਨ ਤਾਂ ਉਹ ਆਪਣੇ ਮੰਤਰੀਆਂ ਸਮੇਤ ਆ ਕੇ ਡੋਪ ਟੈਸਟ ਕਰਵਾਉਣ।
ਕਾਂਗਰਸ ਨੂੰ ਵੀ ਡੋਪ ਟੈਸਟ ਲਈ ਬੁਲਾਇਆ ਜਾਵੇ ਕਿਉਂਕਿ ਡੋਪ ਟੈਸਟ ਵਿਚ ਸਾਲ-ਸਾਲ ਪਹਿਲਾਂ ਕੀਤੇ ਗਏ ਨਸ਼ੇ ਦਾ ਖੁਲਾਸਾ ਵੀ ਹੋ ਜਾਂਦਾ ਹੈ। ਸ਼ ਮਾਨ ਨੇ ਕਿਹਾ ਕਿ ਡੋਪ ਟੈਸਟ ਲਈ ਸਭ ਤੋਂ ਪਹਿਲਾਂ ਉਹ ਆਪਣਾ ਖੂਨ ਦੇਣਗੇ। ਰਿਪੋਰਟ ਨੂੰ ਜਨਤਕ ਕੀਤਾ ਜਾਵੇਗਾ। ਇਸ ਨਾਲ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ। ਉਨ੍ਹਾਂ ਕਿਹਾ ਕਿ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਅਣਪਛਾਤੇ ਪੁਲਿਸ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਕਿ ਕੀ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ।
_____________________________________
ਭਗਵੰਤ ਦੇ ਸਮਰਥਨ ਵਿਚ ਨਵਜੋਤ ਸਿੱਧੂ
ਅੰਮ੍ਰਿਤਸਰ: ਭਗਵੰਤ ਮਾਨ ਵੱਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਹੋਰ ਲੀਡਰਾਂ ਦਾ ਖੁਦ ਸਮੇਤ ਡੋਪ ਟੈੱਸਟ ਕਰਵਾਉਣ ਦੇ ਦਿੱਤੇ ਚੈਲੰਜ ਦਾ ਸਮਰਥਨ ਭਾਜਪਾ ਵਿਧਾਇਕ ਤੇ ਸੀæਪੀæਐਸ਼ ਨਵਜੋਤ ਕੌਰ ਸਿੱਧੂ ਨੇ ਵੀ ਕੀਤਾ ਹੈ। ਸਿੱਧੂ ਦਾ ਕਹਿਣਾ ਹੈ ਕਿ ਸਿਰਫ ਪੰਜਾਬ ਦੇ ਲੀਡਰਾਂ ਦਾ ਹੀ ਨਹੀਂ ਸਗੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਵੀ ਡੋਪ ਟੈੱਸਟ ਹੋਣਾ ਚਾਹੀਦਾ ਹੈ।ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਸਾਫ ਕੀਤਾ ਕਿ ਸ਼ ਮਾਨ ਦੇ ਬਿਆਨ ਦਾ ਸਮਰਥਨ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਆਮ ਆਦਮੀ ਪਾਰਟੀ ਵਿਚ ਜਾ ਰਹੇ ਹਨ।