‘ਆਪ’ ਨੇ ਪੰਜਾਬ ਵਿਚ ਵਧਾਈਆਂ ਸਿਆਸੀ ਸਰਗਰਮੀਆਂ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੀ ਜਿੱਤ ਵਾਲਾ ਇਤਿਹਾਸ ਦੁਹਰਾਉਣ ਦਾ ਦਾਅਵਾ ਕੀਤਾ ਹੈ। ‘ਆਪ’ ਦੀ ਲੀਡਰਸ਼ਿਪ ਨੇ ਖੁਲਾਸਾ ਕੀਤਾ ਕਿ ਪੰਜਾਬ ਚੋਣਾਂ ਲਈ ਹੁਣ ਤੋਂ ਹੀ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਅਗਲੇ ਵਰ੍ਹੇ ਜੂਨ ਤੱਕ 117 ਉਮੀਦਵਾਰਾਂ ਦੀ ਚੋਣ ਕਰਕੇ ਪ੍ਰਚਾਰ ਵਿੱਢ ਦਿੱਤਾ ਜਾਵੇਗਾ।

ਨੈਸ਼ਨਲ ਆਰਗੇਨਾਈਜੇਸ਼ਨ ਬਿਲਡਿੰਗ ਦੇ ਮੁਖੀ ਦੁਰਗੇਸ਼ ਪਾਠਕ ਨੇ ਕਿਹਾ ਕਿ ‘ਆਪ’ ਭ੍ਰਿਸ਼ਟਾਚਾਰ ਮੁਕਤ ਤੇ ਲੋਕ ਪੱਖੀ ਸਿਸਟਮ ਮੁਹੱਈਆ ਕਰਾਉਣ ਲਈ ਰਾਜਸੀ ਰਾਹ ‘ਤੇ ਪਈ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ ਦੌਰਾਨ ਅੱਜ ਪੰਜਾਬ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ।
‘ਆਪ’ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਪੰਜਾਬ ਦੀ ਪੀੜ੍ਹਾ ਸਮਝਣ ਵਾਲੀਆਂ 117 ਸ਼ਖ਼ਸੀਅਤਾਂ ਦੀ ਲੋੜ ਹੈ ਕਿਉਂਕਿ ਅਕਾਲੀ ਦਲ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਾਸੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੰਦੂਕਾਂ ਦੀ ਛਾਂ ਹੇਠ ਸੰਗਤ ਦਰਸ਼ਨ ਕਰਕੇ ਹਕੀਕਤ ਤੋਂ ਅੱਖਾਂ ਮੀਚ ਰਹੇ ਹਨ।
ਪੰਜਾਬ ਦੀਆਂ ਨਹਿਰਾਂ ਵਿਚ ਬੱਸਾਂ ਚਲਾਉਣ, ਕਰੋੜਾਂ ਰੁਪਏ ਦੇ ਨਿਵੇਸ਼ ਹੋਣ ਆਦਿ ਸਮੇਤ ਵਿਕਾਸ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਦੂਜੇ ਪਾਸੇ ਸੂਬਾ ਸਰਕਾਰ ਵਿਸ਼ੇਸ਼ ਪੈਕੇਜ ਲਈ ਕੇਂਦਰ ਦੀਆਂ ਲੇਲੜੀਆਂ ਕੱਢ ਰਹੀ ਹੈ। ਪਿਛਲੇ ਇਕ ਸਾਲ ਦੌਰਾਨ ਇਕ ਲੱਖ ਕਿਸਾਨ ਖੇਤੀ ਛੱਡ ਗਏ ਹਨ ਅਤੇ ਸਰਕਾਰ ਕੋਲ ਅੱਜ ਵੀ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਦੀ ਕੋਈ ਨੀਤੀ ਨਹੀਂ ਹੈ। ਆਈæਟੀæ ਇਨਕਲਾਬ ਪੰਜਾਬ ਨੂੰ ਬਾਈਪਾਸ ਕਰ ਗਿਆ ਹੈ। ਇਸ ਕਾਰਨ ਬੇਰੁਜ਼ਗਾਰੀ ਦੂਰ ਹੋਣ ਦੇ ਕੋਈ ਅਸਾਰ ਨਹੀਂ ਜਾਪਦੇ।
_________________________________
ਅਰਵਿੰਦ ਕੇਜਰੀਵਾਲ ਸੰਭਾਲਣਗੇ ਮੋਰਚਾ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਸੱਤਾ ਸੰਭਾਲਣ ਲਈ ਜ਼ੋਰਦਾਰ ਰਣਨੀਤੀ ਘੜੀ ਜਾ ਰਹੀ ਹੈ ਤੇ ਇਸ ਤਹਿਤ ਪਾਰਟੀ ਵੱਡਾ ਦਾਅ ਖੇਡਣ ਦੇ ਵੀ ਖਿਲਾਫ ਨਹੀਂ ਹੈ- ਜਿਸ ਤਹਿਤ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਸਰਗਰਮੀਆਂ ਦਾ ਧੁਰਾ ਪੰਜਾਬ ਨੂੰ ਬਣਾਉਣਾ ਵੀ ਸ਼ਾਮਲ ਹੈ। ਗੌਰਤਲਬ ਹੈ ਕਿ ਪਾਰਟੀ ਪਿਛਲੇ ਮਹੀਨਿਆਂ ਦੌਰਾਨ ਸੂਬੇ ਵਿਚ ਮਿਲ ਰਹੇ ਲੋਕਾਂ ਦੇ ਭਾਰੀ ਹੁੰਗਾਰੇ ਤੋਂ ਕਾਫੀ ਉਤਸ਼ਾਹਿਤ ਹੈ। ਇਸ ਕਾਰਨ ਪਾਰਟੀ ਵੱਲੋਂ ਸਾਲ 2017 ਦੇ ਸ਼ੁਰੂ ਵਿਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਸ੍ਰੀ ਕੇਜਰੀਵਾਲ ਨੂੰ ਪੰਜਾਬ ਵਿਚ ਲਿਆਉਣ ਲਈ ਵਿਚਾਰ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੂੰ ਸੂਬੇ ਦੇ ਸਾਰੇ 117 ਹਲਕਿਆਂ ਉਤੇ ਪਾਰਟੀ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਨੂੰ ਪੰਜਾਬ ਵਿਚ ਉਸ ਥਾਂ ਦੀ ਚੋਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ, ਜਿਥੇ ਸ੍ਰੀ ਕੇਜਰੀਵਾਲ ਆਪਣੀ ਰਿਹਾਇਸ਼ ਬਣਾਉਣਗੇ। ਹਾਲਾਂਕਿ ਆਪ ਆਗੂ ਸੰਜੇ ਸਿੰਘ ਨੇ ਅਜਿਹੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ।