ਬਾਦਲ ਦੇ ‘ਦਰਸ਼ਨਾਂ’ ਲਈ ਮੱਠਾ ਰਿਹਾ ਸੰਗਤ ਦਾ ਉਤਸ਼ਾਹ

ਚੰਡੀਗੜ੍ਹ: ਖਡੂਰ ਸਾਹਿਬ ਹਲਕੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਰਸ਼ਨ ਦੇਣ ਲਈ ਸੰਗਤ ਦਾ ਉਤਸ਼ਾਹ ਕਾਫੀ ਮੱਠਾ ਹੈ। ਕਈ-ਕਈ ਪਿੰਡਾਂ ਦੇ ਇਕੱਠੇ ਸੰਗਤ ਦਰਸ਼ਨ ਕਰਵਾਏ ਜਾ ਰਹੇ ਹਨ, ਪਰ ਆਸ ਮੁਤਾਬਕ ਲੋਕ ਨਹੀਂ ਪਹੁੰਚ ਰਹੇ। ਇਹ ਗੱਲ ਮੁੱਖ ਮੰਤਰੀ ਨੂੰ ਪਰੇਸ਼ਾਨ ਵੀ ਕਰ ਰਹੀ ਹੈ। ਸੂਤਰਾਂ ਮੁਤਾਬਕ ਪਿਛਲੇ ਦਿਨੀਂ ਕਰਵਾਏ ਸੰਗਤ ਦਰਸ਼ਨਾਂ ਦੌਰਾਨ ਕਾਫੀ ਕੁਰਸੀਆਂ ਖਾਲੀ ਰਹੀਆਂ। ਪ੍ਰਸ਼ਾਸਨ ਨੇ ਸੰਗਤ ਦਰਸ਼ਨ ਕਾਮਯਾਬ ਕਰਨ ਲਈ ਪੂਰੀ ਵਾਹ ਲਾਈ, ਪਰ ਲੋਕਾਂ ਨੇ ਕੋਈ ਖਾਸ ਉਤਸ਼ਾਹ ਨਹੀਂ ਵਿਖਾਇਆ।

ਸਖਤ ਸੁਰੱਖਿਆ ਪ੍ਰਬੰਧਾਂ ਤੇ ਵਾਰ-ਵਾਰ ਤਲਾਸ਼ੀ ਲੈਣ ਕਰਕੇ ਲੋਕ ਇਨ੍ਹਾਂ ਪ੍ਰੋਗਰਾਮਾਂ ਵਿਚ ਜਾਣ ਤੋਂ ਹੀ ਗੁਰੇਜ਼ ਕਰ ਰਹੇ ਹਨ। ਦੂਜੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਵਿਚ ਸਰਕਾਰ ਪ੍ਰਤੀ ਸਖਤ ਨਾਰਾਜ਼ਗੀ ਹੈ। ਉਹ ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਨੂੰ ਚੋਣ ਸਟੰਟ ਵਜੋਂ ਵੇਖਦੇ ਹਨ। ਇਸ ਲਈ ਲੋਕਾਂ ਨੇ ਬਾਦਲ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਹੈ। ਉਂਜ, ਇਹ ਵੀ ਦਿਲਚਸਪ ਗੱਲ ਹੈ ਕਿ ਮੁੱਖ ਮੰਤਰੀ ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰਤ ਹੱਲ ਲਈ ਸੰਗਤ ਦਰਸ਼ਨ ਕਰ ਰਹੇ ਹਨ, ਪਰ ਕੁਝ ਦੂਰੀ ‘ਤੇ ਹੀ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹੁੰਦੇ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਮੁੱਖ ਮੰਤਰੀ ਅਕਸਰ ਆਪਣੇ ਹਲਕੇ ਵਿਚ ਸੰਗਤ ਦਰਸ਼ਨ ਕਰਦੇ ਹਨ, ਪਰ ਜਦੋਂ ਕਿਸੇ ਹਲਕੇ ਵਿਚ ਜ਼ਿਮਨੀ ਚੋਣ ਹੋਣੀ ਹੁੰਦੀ ਹੈ ਤਾਂ ਬਾਦਲ ਉਥੇ ਡੇਰੇ ਲਾ ਲੈਂਦੇ ਹਨ। ਉਨ੍ਹਾਂ ਸਵਾਲ ਉਠਾਇਆ ਹੈ ਕਿ ਪਿਛਲੇ ਚਾਰ ਸਾਲ ਬਾਦਲ ਨੂੰ ਖਡੂਰ ਸਾਹਿਬ ਹਲਕਾ ਕਿਉਂ ਨਹੀਂ ਯਾਦ ਆਇਆ।
ਦੱਸਣਯੋਗ ਹੈ ਕਿ ਤਰਨਤਾਰਨ ਜ਼ਿਲ੍ਹੇ ਵਿਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਜ਼ਿਮਨੀ ਚੋਣ ਨੂੰ ਦੇਖਦਿਆਂ ਮੁੱਖ ਮੰਤਰੀ ਸੰਗਤ ਦਰਸ਼ਨ ਪ੍ਰੋਗਰਾਮਾਂ ਰੱਖੇ ਸਨ।
ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਭਾਵੇਂ ਕਰੋੜਾਂ ਦੇ ਚੈੱਕ ਦਿੱਤੇ ਗਏ ਹਨ, ਪਰ ਸਮਾਗਮਾਂ ਵਿਚ ਚੈੱਕ ਲੈਣ ਵਾਲੀਆਂ ਪੰਚਾਇਤਾਂ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਦੀ ਹਾਜ਼ਰੀ ਨਾਮਾਤਰ ਹੀ ਨਜ਼ਰ ਆਈ। ਹਲਕੇ ਦੇ ਕਈ ਪਿੰਡਾਂ ਵਿਚ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਨਾਲ ਮੁੱਖ ਮੰਤਰੀ ਦਾ ਵਿਰੋਧ ਕੀਤਾ ਗਿਆ, ਜਿਸ ਕਾਰਨ ਪੁਲਿਸ ਨੂੰ ਵੀ ਹਫੜਾ-ਦਫੜੀ ਮੱਚੀ ਰਹੀ। ਪੁਲਿਸ ਵੱਲੋਂ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਸਨ। ਹਲਕੇ ਦੇ ਕਿਸੇ ਵੀ ਅਕਾਲੀ ਆਗੂ ਨੂੰ ਮੁੱਖ ਮੰਤਰੀ ਦੇ ਨੇੜੇ ਬੈਠਣ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਨੂੰ ਮਿਲਣ ਲਈ ਪਹਿਲਾਂ ਤੋਂ ਹੀ ਪੰਚਾਇਤਾਂ ਦੀ ਚੋਣ ਕੀਤੀ ਗਈ ਸੀ। ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਵੀ ਮੁੱਖ ਮੰਤਰੀ ਤੋਂ ਦੂਰ ਹੀ ਰੱਖਿਆ ਗਿਆ।
_______________________________
ਪੰਥਕ ਧਿਰਾਂ ਵੱਲੋਂ ਬਾਦਲ ਸਰਕਾਰ ਭੰਗ ਕਰਨ ਦੀ ਮੰਗ
ਚੰਡੀਗੜ੍ਹ: ਸਰਬੱਤ ਖਾਲਸਾ ਨਾਲ ਜੁੜੀਆਂ ਧਿਰਾਂ ਦੇ ਵਫਦ ਨੇ ਪੰਜਾਬ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਮਿਲ ਕੇ ਬਾਦਲ ਸਰਕਾਰ ਨੂੰ ਭੰਗ ਕਰ ਕੇ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਵਫਦ ਨੇ ਰਾਜਪਾਲ ਨੂੰ ਮੈਮੋਰੰਡਮ ਦੇ ਕੇ ਦੋਸ਼ ਲਾਇਆ ਕਿ ਬਾਦਲਾਂ ਵੱਲੋਂ ਸਿੱਖਾਂ ਦੀ ਸਰਬਉੱਚ ਸੰਸਥਾ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਬਜ਼ਾ ਕਰ ਕੇ ਰਾਜਨੀਤੀ ਕੀਤੀ ਜਾ ਰਹੀ ਹੈ। ਵਫਦ ਨੇ ਕਿਹਾ ਕਿ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਸਾਜ਼ਿਸ਼ ਨੂੰ ਬੇਨਕਾਬ ਕਰਨ ਵਿਚ ਬਾਦਲ ਸਰਕਾਰ ਫੇਲ੍ਹ ਰਹੀ ਹੈ। ਸ਼੍ਰੋਮਣੀ ਕਮੇਟੀ ਕਾਨੂੰਨੀ ਅੜਿੱਕੇ ਕਾਰਨ ਪਿਛਲੇ ਚਾਰ ਸਾਲ ਤੋਂ ਕੰਮ ਕਰਨ ਦੇ ਸਮਰੱਥ ਨਹੀਂ ਹੈ ਤੇ ਪੁਰਾਣੀ ਕਮੇਟੀ ਮੁੱਖ ਮੰਤਰੀ ਸ੍ਰੀ ਬਾਦਲ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਹੈ।