‘ਪੰਥਕ ਸਰਕਾਰ’ ਦੇ ਸਿਰ ਉਤੇ ਨਸ਼ਾ ਕਾਰੋਬਾਰੀਆਂ ਦਾ ਹੱਥ

ਬਠਿੰਡਾ: ਪੰਜਾਬ ਦੀ ਇਕ ਤੰਬਾਕੂ ਕੰਪਨੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜ ਲੱਖ ਰੁਪਏ ਦਾਨ ਵਜੋਂ ਦਿੱਤੇ ਹਨ, ਜਿਸ ਕਰ ਕੇ ‘ਪੰਥਕ’ ਪਾਰਟੀ ਉਤੇ ਉਂਗਲ ਉੱਠਣ ਲੱਗੀ ਹੈ। ਪਹਿਲਾਂ ਤਾਂ ਗਿੱਦੜਬਾਹਾ ਦੇ ਨਸਵਾਰ ਦੇ ਕਾਰੋਬਾਰੀ ਵੀ ਅਕਾਲੀ ਦਲ ਨੂੰ ਚੰਦਾ ਦਿੰਦੇ ਰਹੇ ਹਨ। ਇਸ ਤੋਂ ਇਲਾਵਾ ਸ਼ਰਾਬ ਲਾਬੀ ਵੀ ਵਿਸ਼ਵ ਕਬੱਡੀ ਕੱਪ ਲਈ ਹਰ ਵਰ੍ਹੇ ‘ਵਿੱਤੀ ਸਹਾਇਤਾ’ ਦਿੰਦੀ ਰਹੀ ਹੈ।

ਪ੍ਰਾਈਵੇਟ ਫਰਮਾਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨੇ ਭਰਪੂਰ ਕਰ ਕੇ ਰੱਖੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2014-15 ਦੌਰਾਨ 3æ01 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ, ਜਿਸ ਵਿਚੋਂ 2æ75 ਕਰੋੜ ਰੁਪਏ ਪ੍ਰਾਈਵੇਟ ਫਰਮਾਂ ਨੇ ਦਿੱਤੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਜੋ ਤਾਜ਼ਾ ਰਿਟਰਨ ਭਰੀ ਗਈ ਹੈ, ਉਸ ਮੁਤਾਬਕ ਪਾਰਟੀ ਨੂੰ ਸਾਲ 2014-15 ਦੌਰਾਨ ਮੌੜ ਮੰਡੀ ਦੀ ਜਰਦਾ ਬਣਾਉਣ ਵਾਲੀ ਫਰਮ ਨੇ 12 ਮਈ 2014 ਨੂੰ ਚੈੱਕ ਨੰਬਰ 054465 ਰਾਹੀਂ ਪੰਜ ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਲੋਕ ਸਭਾ ਚੋਣਾਂ 2009 ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਦਫਤਰ ਵੀ ਇਸੇ ਕੰਪਨੀ ਦੇ ਮਾਲਕਾਂ ਦੀ ਕੋਠੀ ਵਿਚ ਹੀ ਸੀ। ਇਸ ਫਰਮ ਦਾ ਹਰਿਆਣਾ ਤੇ ਦਿੱਲੀ ਵਿਚ ਵੀ ਕਾਰੋਬਾਰ ਹੈ। ਇਸ ਫਰਮ ਨੇ ਸਾਲ 2014-15 ਦੌਰਾਨ ਤੰਬਾਕੂ ਦੀ ਆਮਦਨ ‘ਤੇ 22æ87 ਲੱਖ ਰੁਪਏ ਦਾ ਵੈਟ ਵੀ ਸਰਕਾਰ ਨੂੰ ਜਮ੍ਹਾਂ ਕਰਵਾਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਫਰਮ ਨੇ ਜਨਵਰੀ-2015 ਤੋਂ ਪੰਜਾਬ ਵਿਚੋਂ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ।
ਵੇਰਵਿਆਂ ਮੁਤਾਬਕ ਬਰਨਾਲਾ ਦੀ ਟਰਾਈਡੈਂਟ ਕੰਪਨੀ ਜਿਸ ਦਾ ਮਾਲਕ ਰਾਜਿੰਦਰ ਗੁਪਤਾ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਤੇ ਯੋਜਨਾ ਬੋਰਡ ਪੰਜਾਬ ਦਾ ਵਾਈਸ ਚੇਅਰਮੈਨ ਵੀ ਹੈ, ਦੇ ਇਕ ਦਰਜਨ ਸਾਬਕਾ ਤੇ ਮੌਜੂਦਾ ਮੁਲਾਜ਼ਮਾਂ ਨੇ ਬੀਤੇ ਮਾਲੀ ਵਰ੍ਹੇ ਦੌਰਾਨ 37æ50 ਲੱਖ ਰੁਪਏ ਚੰਦੇ ਵਜੋਂ ਅਕਾਲੀ ਦਲ ਨੂੰ ਦਿੱਤੇ ਹਨ।
ਇਸੇ ਤਰ੍ਹਾਂ ਬਠਿੰਡਾ ਦੇ ਰੀਅਲ ਅਸਟੇਟ ਕਾਰੋਬਾਰੀ ਘਨ੍ਹੱਈਆ ਧਾਲੀਵਾਲ ਡਿਵੈਲਪਰਜ਼ (ਗਰੀਨ ਸਿਟੀ) ਨੇ ਅਕਾਲੀ ਦਲ ਨੂੰ 10 ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਹੋਮਲੈਂਡ ਐਨਕਲੇਵ ਦੇ ਮਾਲਕਾਂ ਦੀਪਕ ਗੋਇਲ ਨੇ 26 ਮਾਰਚ 2014 ਨੂੰ ਅਕਾਲੀ ਦਲ ਨੂੰ ਪੰਜ ਲੱਖ ਰੁਪਏ ਤੇ ਸੁਖਦੇਵ ਸਿੰਘ ਮਾਹਣੀਖੇੜਾ (ਪ੍ਰਾਪਰਟੀ ਕਾਰੋਬਾਰੀ) ਨੇ ਅਕਾਲੀ ਦਲ ਨੂੰ 23 ਅਪਰੈਲ 2014 ਨੂੰ ਪੰਜ ਲੱਖ ਰੁਪਏ ਦਿੱਤੇ ਹਨ। ਲੁਧਿਆਣਾ ਦੇ ਕਈ ਰੀਅਲ ਅਸਟੇਟ ਕਾਰੋਬਾਰੀ ਵੀ ਇਸ ਸੂਚੀ ਵਿਚ ਸ਼ਾਮਲ ਹਨ।
ਲੁਧਿਆਣਾ ਦੀਆਂ ਦੋ ਸਾਈਕਲ ਫਰਮਾਂ ਨੇ ਅਕਾਲੀ ਦਲ ਨੂੰ 15 ਲੱਖ ਰੁਪਏ ਤੇ ਦਿੱਲੀ ਦੇ ਇਕ ਪਰਿਵਾਰ ਨੇ ਵੀ ਪੰਜ ਲੱਖ ਰੁਪਏ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਤੰਬਾਕੂ ਫਰਮ ਤੋਂ ਚੰਦਾ ਲੈਣ ਤੋਂ ਅਕਾਲੀ ਦਲ ਦੇ ਅਖੌਤੀ ਪੰਥਕ ਪਾਰਟੀ ਹੋਣ ਦੀ ਪ੍ਰੋੜ੍ਹਤਾ ਹੋ ਗਈ ਹੈ ਤੇ ਇਹ ਨਾਮੁਆਫੀ ਯੋਗ ਕੁਤਾਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐਨæਕੇæ ਸ਼ਰਮਾ ਨੇ ਕਿਹਾ ਕਿ ਤੰਬਾਕੂ ਫਰਮ ਤੋਂ ਚੰਦਾ ਪ੍ਰਾਪਤ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ, ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਟੈਕਸ ਤੰਬਾਕੂ ਉਤਪਾਦਾਂ ‘ਤੇ ਹੈ।
_________________________________
ਬਾਹਰਲੇ ਸੂਬਿਆਂ ਤੋਂ ਵੀ ਮਿਲੇ ਦਾਨ ਦੇ ਗੱਫੇ
ਚੰਡੀਗੜ੍ਹ: ਅਕਾਲੀ ਦਲ ਨੂੰ ਮੱਧ ਪ੍ਰਦੇਸ਼, ਹਰਿਆਣਾ, ਬਿਹਾਰ, ਪੱਛਮੀ ਬੰਗਾਲ, ਦਿੱਲੀ ਤੇ ਯੂæਪੀæ ਦੀਆਂ ਪ੍ਰਾਈਵੇਟ ਫਰਮਾਂ ਤੋਂ ਵੀ ਤਕਰੀਬਨ 30 ਲੱਖ ਰੁਪਏ ਦਾ ਚੰਦਾ ਮਿਲਿਆ ਹੈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਖੁਦ ਪਾਰਟੀ ਨੂੰ 1æ86 ਲੱਖ ਦਾ ਚੰਦਾ ਦਿੱਤਾ। ਇਸੇ ਤਰ੍ਹਾਂ ਅੱਠ ਵਜ਼ੀਰਾਂ ਨੇ 7æ44 ਲੱਖ, 15 ਮੁੱਖ ਸੰਸਦੀ ਸਕੱਤਰਾਂ ਨੇ 9æ45 ਲੱਖ ਤੇ 10 ਵਿਧਾਇਕਾਂ ਨੇ 3æ30 ਲੱਖ ਰੁਪਏ ਚੰਦਾ ਦਿੱਤਾ ਹੈ। ਹੋਰ ਸਿਆਸੀ ਆਗੂਆਂ ਨੇ 25æ40 ਲੱਖ ਰੁਪਏ ਪਾਰਟੀ ਨੂੰ ਦਿੱਤੇ ਹਨ। ਜੇ ਖਰਚੇ ‘ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਨੇ ਲੰਘੇ ਮਾਲੀ ਵਰ੍ਹੇ ਦੌਰਾਨ ਤਕਰੀਬਨ 12 ਕਰੋੜ ਰੁਪਏ ਇਸ਼ਤਿਹਾਰਬਾਜ਼ੀ ‘ਤੇ ਖਰਚੇ ਹਨ, ਜਿਨ੍ਹਾਂ ਵਿਚ 77æ97 ਲੱਖ ਰੁਪਏ ਸੋਸ਼ਲ ਮੀਡੀਆ ਦਾ ਖਰਚ ਵੀ ਸ਼ਾਮਲ ਹੈ। ਅਕਾਲੀ ਦਲ ਦੇ ‘ਅਚੱਲ ਅਸਾਸੇ’ ਵਿਚ ਇਕ ਸਾਈਕਲ ਤੇ ਰਿਕਸ਼ਾ ਵੀ ਸ਼ਾਮਲ ਹੈ, ਜਿਸ ਦੀ ਕੀਮਤ 8986 ਰੁਪਏ ਹੈ।