ਕੀ ਇਸਲਾਮਾਬਾਦ ‘ਚ ਵੀ ਤਹਿਰੀਰ ਚੌਕ ਬਣੇਗਾ?

ਪਾਕਿਸਤਾਨ ਵਿਚ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਉਥਲ-ਪੁਥਲ ਚੱਲ ਰਹੀ ਹੈ। ਹੁਣ ਚੋਣਾਂ ਸਿਰ ਉਤੇ ਹਨ ਅਤੇ ਇਸ ਉਥਲ-ਪੁਥਲ ਵਿਚ ਨਵਾਂ ਇਜ਼ਾਫਾ ਡਾæ ਮੁਹੰਮਦ ਤਾਹਿਰ-ਉਲ-ਕਾਦਰੀ ਦਾ ਹੈ। ਉਨ੍ਹਾਂ ਲਾਹੌਰ ਅਤੇ ਦੇਸ਼ ਵਿਚ ਹੋਰ ਥਾਈਂ ਲਾਮਿਸਾਲ ਇਕੱਠ ਕਰ ਕੇ ਅਗਲੀਆਂ ਚੋਣਾਂ ਲਈ ਪਿੜ ਬੰਨ੍ਹ ਦਿੱਤਾ ਹੈ। ਪਿੱਛੇ ਜਿਹੇ ਪਾਕਿਸਤਾਨ ਦੀਆ ਤਿੰਨ ਅਹਿਮ ਖੱਬੇ ਪੱਖੀ ਪਾਰਟੀਆਂ ਨੇ ਵੀ ਰਲ ਕੇ ਆਵਾਮੀ ਵਰਕਰਜ਼ ਪਾਰਟੀ ਬਣਾ ਲਈ ਸੀ। ਇਸ ਨਾਲ ਪਾਕਿਸਤਾਨ ਦਾ ਸਿਆਸੀ ਮੂੰਹ-ਮੁਹਾਂਦਰਾ ਰਤਾ ਕੁ ਬਦਲਣ ਲੱਗਿਆ ਹੈ। ਇਸ ਲੇਖ ਵਿਚ ਪ੍ਰੋæ ਕੁਲਵੰਤ ਸਿੰਘ ਰੋਮਾਣਾ ਨੇ ਪਾਕਿਸਤਾਨ ਦੇ ਸਿਆਸੀ, ਆਰਥਿਕ ਅਤੇ ਸਮਾਜਕ ਹਾਲਾਤ ਬਾਰੇ ਤਬਸਰਾ ਕਰਦਿਆਂ ਡਾæ ਮੁਹੰਮਦ ਤਾਹਿਰ-ਉਲ-ਕਾਦਰੀ ਦੀ ਪਹਿਲਕਦਮੀ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਹਨ। -ਸੰਪਾਦਕ

ਪ੍ਰੋæ ਕੁਲਵੰਤ ਸਿੰਘ ਰੋਮਾਣਾ
ਦਸੰਬਰ 2012 ਦੇ ਦੂਜੇ ਹਫ਼ਤੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਸ਼ਹਿਰੀ ਡਾæ ਮੁਹੰਮਦ ਤਾਹਿਰ-ਉਲ-ਕਾਦਰੀ ਨੇ ਐਲਾਨ ਕੀਤਾ ਕਿ ਉਹ 23 ਦਸੰਬਰ 2012 ਨੂੰ ਪਾਕਿਸਤਾਨ ਦੇ ਸ਼ਹਿਰ ਲਾਹੌਰ ਪਹੁੰਚ ਰਿਹਾ ਹੈ। ਉਸ ਨੇ ਇਹ ਵੀ ਐਲਾਨ ਕੀਤਾ ਕਿ ਉਹ ਪਾਕਿਸਤਾਨੀ ਆਵਾਮ ਦੇ ਦੁੱਖਾਂ ਦਾ ਦਾਰੂ ਕਰਨ ਦਾ ਪ੍ਰੋਗਰਾਮ ਲੈ ਕੇ ਜਾ ਰਿਹਾ ਹੈ। ਪਾਕਿਸਤਾਨ ਦੀ ਜਮਹੂਰੀਅਤ ਨੂੰ ਮੁੱਠੀ ਭਰ ਜਗੀਰਦਾਰਾਂ ਅਤੇ ਸਰਮਾਏਦਾਰਾਂ ਨੇ ਆਪਣੀ ਬਾਂਦੀ ਬਣਾ ਰੱਖਿਆ ਹੈ, ਇਨ੍ਹਾਂ ਨੇ ਜਮਹੂਰੀਅਤ ਨੂੰ ਤਮਾਸ਼ਾ ਬਣਾ ਦਿੱਤਾ ਹੈ ਤੇ ਉਹ ਹੁਣ ਮੁਲਕ ਵਿਚ ਹਕੀਕੀ ਜਮਹੂਰੀਅਤ ਕਾਇਮ ਕਰਨ ਜਾ ਰਿਹਾ ਹੈ। ਉਸ ਨੇ ਕਿਹਾ ਕਿ ਇਸ ਜਮਹੂਰੀਅਤ ਨੂੰ ਨਾਗਵਲ ਪਾਈ ਬੈਠੇ ਕੁਰੱਪਟ, ਡਾਕੂ ਤੇ ਲੁਟੇਰਿਆਂ ਦਾ ਫਸਤਾ ਵੱਢਣ ਲਈ ਉਹ ਲਾਹੌਰ ਦੇ ਮਿਨਾਰ-ਏ-ਪਾਕਿਸਤਾਨ ‘ਤੇ 23 ਦਸੰਬਰ ਦੇ ਦਿਨ ਵਿਸ਼ਾਲ ਰੈਲੀ ਕਰੇਗਾ ਜਿਸ ਵਿਚ ਘਟੋ-ਘੱਟ ਚਾਰ ਲੱਖ ਲੋਕ ਸ਼ਾਮਲ ਹੋਣਗੇ। ਆਪਣੇ ਇਸ ਮਿਸ਼ਨ ਨੂੰ ਮੰਜ਼ਲੇ-ਏ-ਮਕਸੂਦ ਤੱਕ ਪਹੁੰਚਾਉਣ ਲਈ ਅਗਲਾ ਪ੍ਰੋਗਰਾਮ ਉਹ ਉਸ ਰੈਲੀ ‘ਚ ਹੀ ਐਲਾਨੇਗਾ। ਇਹ ਐਲਾਨ ਹੋਣ ਦੀ ਦੇਰ ਸੀ ਕਿ ਉਸ ਦੇ ਪੈਰੋਕਾਰਾਂ ਨੇ ਪਾਕਿਸਤਾਨ ਦਾ ਹਰ ਸ਼ਹਿਰ ਅਤੇ ਪਿੰਡ ਤਾਹਿਰ ਕਾਦਰੀ ਦੀਆਂ ਤਸਵੀਰਾਂ ਵਾਲੇ ਪੋਸਟਰਾਂ, ਬੋਰਡਾਂ ਤੇ ਬੈਨਰਾਂ ਨਾਲ ਸਜਾ ਦਿੱਤਾ। ਮੁਲਕ ਦੇ ਸਾਰੇ ਟੀæਵੀæ ਚੈਨਲਾਂ ‘ਤੇ ਮਿਨਾਰ-ਏ-ਪਾਕਿਸਤਾਨ ਵਿਖੇ ਹੋਣ ਵਾਲੀ ਰੈਲੀ ਦੀਆਂ ਮਸ਼ਹੂਰੀਆਂ ਆਉਣ ਲੱਗੀਆਂ; ਟਾਕ ਸ਼ੋਆਂ ‘ਚ ਸੈਟੇਲਾਈਟ ਰਾਹੀਂ ਉਸ ਦੀਆਂ ਮੁਲਾਕਾਤਾਂ ਨਸ਼ਰ ਹੋਣ ਲੱਗੀਆਂ, ਪਰ ਇਹ ਜਾਣਨ ਤੋਂ ਪਹਿਲਾਂ ਕਿ ਇਹ ਡਾæ ਮੁਹੰਮਦ ਤਾਹਿਰ-ਉਲ-ਕਾਦਰੀ ਕੌਣ ਹੈ, ਉਸ ਦੀ ਹਕੀਕੀ ਜਮਹੂਰੀਅਤ ਕੀ ਹੈ ਜਾਂ ਉਹ ਇਸ ਨੂੰ ਕਿਵੇਂ ਬਹਾਲ ਕਰੇਗਾ, ਸਾਨੂੰ ਪਾਕਿਸਤਾਨ ਦੀ ਮੌਜੂਦਾ ਸਿਆਸੀ, ਸਮਾਜਕ ਤੇ ਆਰਥਿਕ ਹਾਲਤ ਦੀ ਸੰਖੇਪ ਜਾਣਕਾਰੀ ਜ਼ਰੂਰ ਹਾਸਲ ਕਰ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਾਦਰੀ ਸਾਹਿਬ ਦੇ ਮਿਸ਼ਨ ਅਤੇ ਉਸ ਦੀ ਕਾਮਯਾਬੀ ਜਾਂ ਨਾਕਾਮਯਾਬੀ ਬਾਰੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕੇਗਾ।
ਮਾਰਚ 2013 ਵਿਚ ਪਾਕਿਸਤਾਨ ਦੀ ਮੌਜੂਦਾ ਜਮਹੂਰੀ ਹਕੂਮਤ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ। ਪਾਕਿਸਤਾਨ ਬਣਨ ਤੋਂ ਲੈ ਕੇ ਹੁਣ ਤੱਕ ਇਹ ਪਹਿਲੀ ਜਮਹੂਰੀ ਹਕੂਮਤ ਹੈ ਜੋ ਆਪਣੇ ਪੰਜ ਸਾਲ ਪੂਰੇ ਕਰ ਰਹੀ ਹੈ। ਇਸ ਤੋਂ ਪਹਿਲਾਂ ਭੁੱਟੋਆਂ ਅਤੇ ਨਵਾਜ਼ ਸਰੀਫ ਦੀਆਂ ਹਕੂਮਤਾਂ ਨੂੰ ਫੌਜ ਨੇ ਕਦੇ ਵੀ ਦੋ ਜਾਂ ਤਿੰਨ ਸਾਲ ਤੋਂ ਵੱਧ ਨਹੀਂ ਚੱਲਣ ਦਿੱਤਾ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਜੇ ਜ਼ਰਦਾਰੀ ਦੀ ਸਰਕਾਰ ਪੰਜ ਸਾਲ ਪੂਰੇ ਕਰ ਰਹੀ ਹੈ ਤਾਂ ਉਹ ਕੋਈ ਬਿਹਤਰ ਹਕੂਮਤ ਹੈ। ਭ੍ਰਿਸ਼ਟਾਚਾਰ ਤੇ ਨਾਅਹਿਲੀਅਤ ਨੇ ਆਰਥਿਕਤਾ ਦਾ ਭੱਠਾ ਬਹਾ ਦਿੱਤਾ ਹੈ। ਕੌਮਾਂਤਰੀ ਮੁਦਰਾ ਫੰਡ (ਆਈæਐਮæਐਫ਼) ਨੇ ਕਰਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਿਜਲੀ ਨਾ ਮਿਲਣ ਕਾਰਨ ਕਾਰਖ਼ਾਨੇ ਬੰਦ ਹੋ ਗਏ ਹਨ ਤੇ ਬਰਾਮਦ 80 ਫੀਸਦੀ ਘੱਟ ਗਈ ਹੈ। ਸਿੱਧਾ ਵਿਦੇਸ਼ੀ ਨਿਵੇਸ਼ ਛੇ ਬਿਲੀਅਨ ਡਾਲਰ ਤੋਂ ਘਟ ਕੇ ਇਕ ਬਿਲੀਅਨ ਡਾਲਰ ‘ਤੇ ਆ ਗਿਆ ਹੈ। ਅਮਰੀਕੀ ਡਾਲਰ ਜੋ 2008 ਵਿਚ 68 ਰੁਪਏ ਦਾ ਸੀ, 100 ਰੁਪਏ ਦਾ ਹੋ ਗਿਆ ਹੈ। ਬੇਰੁਜ਼ਗਾਰੀ ਤੇ ਮਹਿੰਗਾਈ ਇੰਨੀ ਵਧ ਗਈ ਹੈ ਕਿ ਬੱਚੇ ਵੇਚਣ ਤੇ ਖੁਦਕੁਸ਼ੀਆਂ ਦਾ ਰੁਝਾਨ ਵਧ ਰਿਹਾ ਹੈ। ਬਿਜਲੀ ਦਿਨ ‘ਚ ਚਾਰ ਘੰਟੇ ਆ ਜਾਏ ਤਾਂ ਵਾਹ-ਵਾਹ ਹੋ ਜਾਂਦੀ ਹੈ। ਵਿੱਦਿਆ ਤੇ ਸਿਹਤ ਦਾ ਬੁਰਾ ਹਾਲ ਹੈ। ਹਸਪਤਾਲਾਂ ‘ਚ ਟੈਸਟ ਮਸ਼ੀਨਾਂ ਬੇਕਾਰ ਪਈਆਂ ਹਨ। ਉਨ੍ਹਾਂ ਦੀ ਮੁਰੰਮਤ ਕਰਨ ਦੀ ਬਜਾਏ ਮਰੀਜ਼ਾਂ ਨੂੰ ਪਰਚੀ ਦੇ ਕੇ ਪ੍ਰਾਈਵੇਟ ਕਲੀਨਿਕਾਂ ‘ਚ ਭੇਜ ਦਿੱਤਾ ਜਾਂਦਾ ਹੈ। ਚੁੱਲ੍ਹਾ ਗੈਸ ਅਤੇ ਪੈਟਰੋਲ ਲੈਣ ਲਈ ਗੈਸ ਪੰਪਾਂ ‘ਤੇ ਦੋ-ਦੋ ਮੀਲ ਲੰਬੀਆਂ ਲਾਈਨਾਂ ਟੀæਵੀæ ਚੈਨਲਾਂ ‘ਤੇ ਆਮ ਹੀ ਵੇਖੀਆਂ ਜਾ ਸਕਦੀਆਂ ਹਨ।
ਦੂਜੇ ਪਾਸੇ ਭ੍ਰਿਸ਼ਟਾਚਾਰ ਦਾ ਰਿਕਾਰਡ ਇਹ ਹੈ ਕਿ ਦੇਸ਼ ਦੇ ਕੌਮੀ ਜਵਾਬਦੇਹੀ ਬਿਊਰੋ (ਐਨæਏæਬੀæ) ਦੇ ਮੁਖੀ ਨੇ ਕਿਹਾ ਹੈ ਕਿ ਮੁਲਕ ਵਿਚ ਹਰ ਰੋਜ਼ 8 ਅਰਬ ਰੁਪਏ ਦੀ ਕੁਰੱਪਸ਼ਨ ਹੁੰਦੀ ਹੈ। ਬਿਊਰੋ ਚੇਅਰਮੈਨ ਸਰਕਾਰ ਦਾ ਆਪਣਾ ਬੰਦਾ ਹੁੰਦਾ ਹੈ। ਤੇਲ ਅਤੇ ਗੈਸ ਬੋਰਡਾਂ ਦਾ ਮੁਖੀ ਪਿਛਲੇ ਦਿਨੀਂ 82 ਅਰਬ ਡਾਲਰ ਦਾ ਘਪਲਾ ਕਰ ਕੇ ਪਰਿਵਾਰ ਸਮੇਤ ਨੇਪਾਲ ਰਾਹੀਂ ਕਿਸੇ ਬਾਹਰਲੇ ਦੇਸ਼ ਦੌੜ ਗਿਆ। ਹੱਜ ਮੰਤਰੀ ਹਾਜੀਆਂ ਦੇ ਕਰੋੜਾਂ ਰੁਪਏ ਖਾ ਗਿਆ। ਦੋ ਸਾਲ ਜੇਲ੍ਹ ‘ਚ ਰਹਿ ਕੇ ਹੁਣ ਜ਼ਮਾਨਤ ‘ਤੇ ਬਾਹਰ ਹੈ। ਸਾਬਕਾ ਬਿਜਲੀ ਮੰਤਰੀ ਰਾਜਾ ਪ੍ਰਵੇਜ਼ ਉਤੇ ਅਰਬਾਂ ਰੁਪਏ ਦੀ ਹੇਰਾਫੇਰੀ ਦਾ ਦੋਸ਼ ਸੀ ਪਰ ਹੁਣ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਦੇਸ਼ ਦੇ ਮੁੱਖ ਸਰਕਾਰੀ ਅਦਾਰੇ ਪਾਕਿਸਤਾਨ ਏਅਰਲਾਈਨਜ਼, ਪਾਕਿਸਤਾਨ ਰੇਲਵੇ ਅਤੇ ਪਾਕਿਸਤਾਨ ਸਟੀਲ ਮਿਲ 2008 ਤੱਕ ਅਰਬਾਂ ਰੁਪਏ ਦੀ ਕਮਾਈ ਕਰ ਕੇ ਮੁਲਕ ਨੂੰ ਦਿੰਦੇ ਸਨ। ਹੁਣ ਇਹ ਤਿੰਨੇ ਅਦਾਰੇ ਅਰਬਾਂ ਰੁਪਏ ਦੇ ਕਸਾਰੇ ‘ਚ ਜਾ ਰਹੇ ਹਨ। ਇਨ੍ਹਾਂ ਅਦਾਰਿਆਂ ਦੇ ਚੇਅਰਮੈਨ ਜ਼ਰਦਾਰੀ ਜਾਂ ਗਿਲਾਨੀ ਦੇ ਚਹੇਤੇ ਰਹੇ ਹਨ। ਇਸ ਕੁਰੱਪਸ਼ਨ ਨੇ ਜਿਥੇ ਜ਼ਿੰਦਗੀ ਲਈ ਜ਼ਰੂਰੀ ਸਹੂਲਤਾਂ ਤੇ ਵਸਤੂਆਂ ਦੀ ਹਦੋਂ ਵੱਧ ਕਮੀ ਕਰ ਦਿੱਤੀ ਹੈ, ਉਥੇ ਲੁੱਟ-ਖੋਹ ਤੇ ਕਤਲੋਗਾਰਤ ਦੀਆਂ ਵਾਰਦਾਤਾਂ ਵਿਚ ਅਥਾਹ ਵਾਧਾ ਕਰ ਦਿੱਤਾ ਹੈ।
ਇਕ ਪਾਸੇ ਆਵਾਮ ਦੀ ਹਾਲਤ ਹਰ ਲਿਹਾਜ਼ ਨਾਲ ਬਦਤਰ ਹੋ ਗਈ ਹੈ, ਦੂਜੇ ਪਾਸੇ ਆਉਣ ਵਾਲੇ ਅਪਰੈਲ-ਮਈ ਮਹੀਨਿਆਂ ‘ਚ ਹੋਣ ਵਾਲੀਆਂ ਆਮ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੀਪਲਜ਼ ਪਾਰਟੀ ਨੂੰ ਦੁਬਾਰਾ ਸੱਤਾ ਵਿਚ ਆਉਣ ਦੀ ਉਮੀਦ ਹੈ। ਚੋਣ ਸਰਵੇਖਣ ਨਵਾਜ਼ ਸ਼ਰੀਫ਼ ਨੂੰ ਨੰਬਰ ਇਕ ‘ਤੇ ਦੱਸਦੇ ਹਨ। ਮੀਡੀਆ ਕਹਿ ਰਿਹਾ ਹੈ ਕਿ ਇਸ ਵਾਰ ਲੋਕ ਇਮਰਾਨ ਖਾਨ ਨੂੰ ਸੱਤਾ ਸੌਂਪਣ ਦੇ ਹੱਕ ‘ਚ ਹਨ। ਵੈਸੇ ਤਾਂ ਸਾਰੀਆਂ ਪਾਰਟੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਪਰ ਉਪਰੋਕਤ ਤਿੰਨਾਂ ਪਾਰਟੀਆਂ ਨੂੰ ਸਿੰਘਾਸਨ ਜ਼ਿਆਦਾ ਨੇੜੇ ਦਿਸਦਾ ਹੈ। ਸੋ, ਇਹ ਜ਼ਿਆਦਾ ਪੱਬਾਂ ਭਾਰ ਹੋਈਆਂ ਪਈਆਂ ਹਨ। ਇਕ ਗੱਲ ਹੋਰ ਕਿ ਕਾਨੂੰਨ ਅਨੁਸਾਰ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ‘ਚ ਨਿਗਰਾਨ ਸਰਕਾਰ ਦਾ ਕਾਇਮ ਹੋਣਾ ਜ਼ਰੂਰੀ ਹੈ ਤਾਂ ਕਿ ਸੱਤਾ ‘ਚ ਬੈਠੀ ਪਾਰਟੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਕੇ ਜਾਂ ਹੋਰ ਧਾਂਦਲੀਆਂ ਕਰ ਕੇ ਚੋਣਾਂ ਨਾ ਜਿੱਤ ਸਕੇ। ਇਹ ਨਿਗਰਾਨ ਸਰਕਾਰ ਸਾਰੀਆਂ ਸਿਆਸੀ ਪਾਰਟੀਆਂ ਦੀ ਰਾਏ ਨਾਲ ਨਾਮਜ਼ਦ ਕੀਤੀ ਜਾਣੀ ਹੈ। ਵੈਸੇ ਤਾਂ ਨਿਗਰਾਨ ਸਰਕਾਰ ‘ਚ ਦੇਸ਼ ਦੇ ਜਾਣੇ-ਪਛਾਣੇ ਇਮਾਨਦਾਰ ਤੇ ਤਜਰਬੇਕਾਰ ਦਾਨਸ਼ਵਰਾਂ ਨੂੰ ਸ਼ਾਮਲ ਕਰਨ ਦੀ ਵਿਵਸਥਾ ਹੈ ਪਰ ਹਰ ਪਾਰਟੀ ਆਪਣੀ ਪਸੰਦ ਦੇ ਬੰਦਿਆਂ ਦੀ ਸ਼ਮੂਲੀਅਤ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। 2008 ‘ਚ ਹੋਈਆਂ ਆਮ ਚੋਣਾਂ ਵਿਚ ਕੁਲ 8 ਕਰੋੜ ਵੋਟਰਾਂ ਵਿਚੋਂ 3 ਕਰੋੜ 70 ਲੱਖ ਜਾਅਲੀ ਵੋਟਰ ਸਨ ਜਿਨ੍ਹਾਂ ਦੇ ਸਿਰ ‘ਤੇ ਪੀਪਲਜ਼ ਪਾਰਟੀ ਸੱਤਾ ‘ਚ ਆਈ ਸੀ।
ਇਸ ਕਿਸਮ ਦੇ ਸਮਾਜਕ, ਆਰਥਿਕ ਤੇ ਸਿਆਸੀ ਮਾਹੌਲ ‘ਚ ਡਾæ ਕਾਦਰੀ ਨੇ 23 ਦਸੰਬਰ ਨੂੰ ਉਥੇ ਜਾ ਕੇ ਪਾਸਾ ਪਲਟਣ ਦਾ ਐਲਾਨ ਕਰ ਦਿੱਤਾ। ਸਿਆਸੀ ਪਾਰਟੀਆਂ ਨੂੰ ਫਿਕਰ ਪੈ ਗਿਆ ਤੇ ਉਨ੍ਹਾਂ ਦੀ ਚਿੰਤਾ ਠੀਕ ਵੀ ਸਿੱਧ ਹੋਈ। ਕਾਦਰੀ ਸਾਹਿਬ ਗਏ ਅਤੇ ਮਿਨਾਰ-ਏ-ਪਾਕਿਸਤਾਨ ਵਿਖੇ ਰੈਲੀ ਵੀ ਕੀਤੀ ਜਿਸ ਵਿਚ ਐਨਾ ਕੁ ਇਕੱਠ ਹੋਇਆ ਕਿ ਅੱਜ ਤੱਕ ਪਾਕਿਸਤਾਨ ‘ਚ ਇੰਨਾ ਵੱਡਾ ਇਕੱਠ ਕਦੇ ਨਹੀਂ ਸੀ ਹੋਇਆ; ਭੁੱਟੋ ਦੇ ਸਮੇਂ ਵੀ ਨਹੀਂ। ਚਿੱਟੀ ਟੋਪੀ ਤੇ ਕਰੀਮ ਰੰਗੀ ਅਚਕਨ ਵਾਲਾ ਮਧਰੇ ਕੱਦ ਅਤੇ ਇਕਹਿਰੇ ਸਰੀਰ ਦਾ ਬੰਦਾ ਮਾਈਕ ਸਾਹਮਣੇ ਆਇਆ ਤੇ ਉਸ ਨੇ ਸਭ ਤੋਂ ਪਹਿਲਾਂ ਦਹਿਸ਼ਤਪਸੰਦਾਂ ਹੱਥੋਂ ਮਾਰੇ ਗਏ ਸਭ ਲੋਕਾਂ ਨੂੰ ਸ਼ਹੀਦ ਕਿਹਾ ਤੇ ਉਨ੍ਹਾਂ ਨੂੰ ਆਪਣੀ ਅਕੀਦਤ ਪੇਸ਼ ਕੀਤੀ। ਫਿਰ ਉਸ ਨੇ ਦੱਸਿਆ ਕਿ ਨਾ ਉਹ ਹਿੰਸਾ ‘ਚ ਯਕੀਨ ਰੱਖਦਾ ਹੈ ਅਤੇ ਨਾ ਹੀ ਕਾਨੂੰਨ ਤੋੜਨ ਵਿਚ। ਉਸ ਦੀ ਮੁਹਿੰਮ ਪੂਰੀ ਤਰ੍ਹਾਂ ਪੁਰ-ਅਮਨ ਹੋਵੇਗੀ। ਨਾ ਕੋਈ ਪੱਥਰ ਚੱਲੇਗਾ ਤੇ ਨਾ ਕੋਈ ਗੋਲੀ। ਕਿਸੇ ਦਰੱਖ਼ਤ ਦਾ ਪੱਤਾ ਤੱਕ ਨਹੀਂ ਟੁੱਟੇਗਾ। ਫਿਰ ਉਸ ਨੇ ਆਪ ਵੀ ਵਾਅਦਾ ਕੀਤਾ ਤੇ ਲੋਕਾਂ ਤੋਂ ਵੀ ਜੈਕਾਰਿਆਂ ਨਾਲ ਬਚਨ ਲਿਆ ਕਿ ਜਿਸ ਤਬਦੀਲੀ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ, ਉਸ ਨੂੰ ਅਸੀਂ ਮੰਜ਼ਿਲ-ਏ-ਮਕਸੂਦ ਤੱਕ ਪਹੁੰਚਾਵਾਂਗੇ। ਇਹ ਤਬਦੀਲੀ ਹੈ ਮੁਲਕ ਦੀ ਸਿਆਸਤ ਨੂੰ ਗਿਲਾਜ਼ਤ ਤੋਂ ਪਾਕ ਕਰਨਾ, ਭਾਵ ਸਿਆਸਤ ਨੂੰ ਜਗੀਰਦਾਰਾਂ ਤੇ ਸਰਮਾਏਦਾਰਾਂ ਦੇ ਦਾਬੇ ਤੋਂ ਮੁਕਤ ਕਰਨਾ; ਸਿਆਸਤ ਨੂੰ ਕੁਰੱਪਸ਼ਨ, ਲੁੱਟ, ਝੂਠ ਫਰੇਬ ਤੋਂ ਮੁਕਤ ਕਰਨਾ; ਸਿਆਸਤ ਵਿਚੋਂ ਪੈਸੇ ਦੀ ਸਰਦਾਰੀ ਖ਼ਤਮ ਕਰ ਕੇ ਇਮਾਨਦਾਰੀ ਤੇ ਸੇਵਾ ਭਾਵ ਦੀ ਸਰਦਾਰੀ ਕਾਇਮ ਕਰਨਾ; ਮੌਜੂਦਾ ਫਰਾਡ ਜਮਹੂਰੀਅਤ ਦੀ ਥਾਂ ਹਕੀਕੀ ਜਮਹੂਰੀਅਤ ਕਾਇਮ ਕਰਨਾ ਜਿਥੇ ਕਾਨੂੰਨ ਦੀ ਪੁੱਛ ਹੋਵੇ; ਮਿਹਨਤਕਸ਼ਾਂ ਦੀਆਂ ਲੋੜਾਂ ਦੀ ਪਹਿਲਾਂ ਪੂਰਤੀ ਹੋਵੇ; ਉਨ੍ਹਾਂ ਦੀ ਜਾਨ, ਮਾਲ ਅਤੇ ਇੱਜ਼ਤ-ਮਾਣ ਸੁਰੱਖਿਅਤ ਹੋਣ। ਉਸ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਵੋਟਾਂ ਪਾ ਕੇ ਹਾਕਮਾਂ ਨੂੰ ਆਪਣੀ ਜਮਹੂਰੀਅਤ ਅਮਾਨਤ ਵਜੋਂ ਸੌਂਪੀ ਸੀ ਪਰ ਇਨ੍ਹਾਂ ਸ਼ਾਸਕਾਂ ਨੇ ਤੁਹਾਡੀ ਅਮਾਨਤ ‘ਚ ਖਿਆਨਤ ਕੀਤੀ ਹੈ; ਇਸ ਲਈ ਇਹ ਅਮਾਨਤ ਅਸੀਂ ਵਾਪਸ ਖੋਹਣੀ ਹੈ। ਡਾæ ਕਾਦਰੀ ਨੇ ਐਲਾਨ ਕੀਤਾ ਕਿ ਇਸ ਤਬਦੀਲੀ ਲਈ ਸਾਰੇ ਪਾਕਿਸਤਾਨ ‘ਚੋਂ 40 ਲੱਖ ਲੋਕ ਮਹਾਂ ਮਾਰਚ (ਲੌਂਗ ਮਾਰਚ) ਕਰ ਕੇ 14 ਜਨਵਰੀ ਨੂੰ ਇਸਲਾਮਾਬਾਦ ਦੇ ਐਫ-9 ਪਾਰਕ (ਫਾਤਿਮਾ ਜਿਨਾਹ ਪਾਰਕ) ਵਿਚ ਪਹੁੰਚਣਗੇ ਤੇ ਉਥੋਂ ਇਸ ਤਬਦੀਲੀ ਨੂੰ ਅੰਜ਼ਾਮ ਦੇ ਕੇ ਹੀ ਵਾਪਸ ਪਰਤਣਗੇ; ਚਾਹੇ ਕੁਝ ਦਿਨ ਲੱਗਣ ਜਾਂ ਕੁਝ ਹਫ਼ਤੇ।
ਲਾਹੌਰ ਦੀ ਮਿਨਾਰ-ਏ-ਪਾਕਿਸਤਾਨ ਵਾਲੀ ਰੈਲੀ ਨੂੰ ਉਸ ਵੇਲੇ ਹੋਰ ਵੀ ਵੱਡੀ ਕਾਮਯਾਬੀ ਮਿਲੀ ਜਦ ਉਸ ਵਿਚ ਵੱਡੀ ਸਿਆਸੀ ਪਾਰਟੀ ਮੁਤਹਿਦਾ ਕੌਮੀ ਮੂਵਮੈਂਟ (ਐਮæਕਿਊæਐਮæ) ਵੀ ਸ਼ਾਮਲ ਹੋ ਗਈ। ਉਸ ਦੇ ਨਾਲ ਹੀ ਚੰਗੇ ਆਧਾਰ ਵਾਲੀ ਇਕ ਹੋਰ ਸਿਆਸੀ ਜਮਾਤ ਮੁਸਲਿਮ ਲੀਗ (ਕਾਫ਼) ਨੇ ਵੀ ਕਾਦਰੀ ਦੀ ਹਮਾਇਤ ਦਾ ਐਲਾਨ ਕਰ ਦਿੱਤਾ, ਪਰ ਵੇਖਣ ਵਾਲੀ ਗੱਲ ਇਹ ਹੈ ਕਿ ਦੋਵੇਂ ਪਾਰਟੀਆਂ ਜ਼ਰਦਾਰੀ ਦੀ ਕੇਂਦਰੀ ਸਰਕਾਰ ‘ਚ ਵੀ ਭਾਈਵਾਲ ਨੇ। ਕਾਫ਼ ਲੀਗ ਦਾ ਚੌਧਰੀ ਪ੍ਰਵੇਜ਼ ਇਲਾਹੀ ਡਿਪਟੀ ਪ੍ਰਾਈਮ ਮਨਿਸਟਰ ਹੈ। ਐਮæਕਿਊæਐਮæ ਸੂਬਾ ਸਿੰਧ ਦੀ ਸਰਕਾਰ ‘ਚ ਵੀ ਪੀਪਲਜ਼ ਪਾਰਟੀ ਦੀ ਭਾਈਵਾਲ ਹੈ। ਸਿੰਧ ਦਾ ਗਵਰਨਰ ਵੀ ਇਸੇ ਪਾਰਟੀ ਦਾ ਹੈ। ਸਵਾਲ ਉਠਦਾ ਹੈ ਕਿ ਇਹ ਪਾਰਟੀਆਂ ਡਾæ ਕਾਦਰੀ ਦੇ ਕਾਫ਼ਲੇ ਨਾਲ ਰਲ ਕੇ ਆਪਣੀ ਹੀ ਸਰਕਾਰ ਦੇ ਖ਼ਾਤਮੇ ਲਈ ਮਹਾਂ ਮਾਰਚ ਕਿਵੇਂ ਕਰਨਗੀਆਂ? ਅਜੇ ਤੱਕ ਤਾਂ ਐਮæਕਿਊæਐਮæ ਪੂਰੀ ਦ੍ਰਿੜ ਲਗਦੀ ਹੈ ਕਿਉਂਕਿ ਉਨ੍ਹਾਂ ਨੇ ਪਹਿਲੀ ਜਨਵਰੀ ਨੂੰ ਡਾæ ਕਾਦਰੀ ਨੂੰ ਬੁਲਾ ਕੇ ਬੜਾ ਮਾਣ-ਸਨਮਾਨ ਦਿੱਤਾ ਹੈ। ਪਾਰਟੀ ਦੇ ਸਾਰੇ ਵੱਡੇ ਲੀਡਰਾਂ ਨੇ ਡਾæ ਕਾਦਰੀ ਦੇ ਕਰਾਚੀ ਪਹੁੰਚਣ ‘ਤੇ ਉਸ ਨੂੰ ‘ਜੀ ਆਇਆਂ’ ਕਿਹਾ; ਫਿਰ ਫੁੱਲਾਂ ਦੀ ਵਰਖਾ ਨਾਲ ਜਿਨਾਹ ਗਰਾਊਂਡ ‘ਚ ਲਿਜਾਇਆ ਗਿਆ ਜਿਥੇ ਰਿਕਾਰਡ ਤੋੜ ਇਕੱਠ ਵਾਲੀ ਰੈਲੀ ਨੂੰ ਡਾæ ਕਾਦਰੀ ਨੇ ਸੰਬੋਧਨ ਕੀਤਾ। ਉਥੇ ਉਸ ਦਾ ਭਾਸ਼ਣ ਲਾਹੌਰ ਨਾਲੋਂ ਵੀ ਵੱਧ ਜੋਸ਼ੀਲਾ ਸੀ। ਆਪਣੇ ਇਸ ਭਾਸ਼ਣ ਵਿਚ ਡਾæ ਕਾਦਰੀ ਨੇ ਆਪਣੀਆਂ ਮੰਗਾਂ ਦੀ ਤਫਸੀਲ ਜ਼ਰਾ ਬਦਲ ਵੀ ਦਿੱਤੀ ਅਤੇ ਵਧਾ ਵੀ ਦਿੱਤੀ। ਉਸ ਨੇ ਕਿਹਾ, ਨਿਗਰਾਨ ਸਰਕਾਰ ਬਣਾਉਣ ਵਿਚ ਸਮੇਤ ਉਸ ਦੇ, ਸਭ ਧਿਰਾਂ ਦੀ ਰਾਏ ਲਈ ਜਾਵੇ। ਫੌਜ ਤੇ ਜੁਡੀਸ਼ਰੀ ਦੀ ਰਾਏ ਵੀ ਲਈ ਜਾਵੇ। ਉਸ ਨੇ ਇਹ ਵੀ ਕਿਹਾ ਕਿ ਚੋਣਾਂ ‘ਚ ਨਾਮਜ਼ਦਗੀਆਂ ਮਨਜ਼ੂਰ ਕਰਨ ਵੇਲੇ ਸੰਵਿਧਾਨ ਦੀ ਧਾਰਾ 62 ਅਤੇ 63 ‘ਤੇ ਸਖ਼ਤੀ ਨਾਲ ਅਮਲ ਕੀਤਾ ਜਾਵੇ ਜਿਸ ਵਿਚ ਲਿਖਿਆ ਹੈ ਕਿ ਪਾਰਲੀਮੈਂਟ ਜਾਂ ਵਿਧਾਨ ਸਭਾ ਦਾ ਮੈਂਬਰ ਬਣਨ ਜਾ ਰਿਹਾ ਹਰ ਸ਼ਖ਼ਸ ਕੁਰਾਨ ਅਨੁਸਾਰ ‘ਸਾਦਿਕ ਤੇ ਅਮੀਨ’ ਹੋਵੇ; ਭਾਵ ਉਸ ਨੇ ਕਦੇ ਝੂਠ ਨਾ ਬੋਲਿਆ ਹੋਵੇ, ਕਰਜ਼ਾ ਲੈ ਕੇ ਮੁੱਕਰਿਆ ਨਾ ਹੋਵੇ ਤੇ ਨਾ ਹੀ ਕਰਜ਼ਾ ਮੁਆਫ਼ ਕਰਵਾਇਆ ਹੋਵੇ; ਉਹ ਇਖਲਾਕਹੀਣਤਾ ਦਾ ਦੋਸ਼ੀ ਨਾ ਹੋਵੇ, ਭ੍ਰਿਸ਼ਟਾਚਾਰੀ, ਬਲਾਤਕਾਰੀ, ਟੈਕਸ ਚੋਰ ਜਾਂ ਕਿਸੇ ਵੀ ਤਰ੍ਹਾਂ ਦੀ ਦਾਗਦਾਰ ਸ਼ਖ਼ਸੀਅਤ ਨਾ ਹੋਵੇ, ਪਰ ਇਹ ਦੋਵੇਂ ਸ਼ਰਤਾਂ, ਫੌਜ ਅਤੇ ਜੁਡੀਸ਼ਰੀ ਦਾ ਨਿਗਰਾਨ ਸਰਕਾਰ ਬਣਾਉਣ ‘ਚ ਦਖ਼ਲ ਅਤੇ ‘ਸਾਦਿਕ ਤੇ ਅਮੀਨ’ ਹੋਣ ਦੀ ਯੋਗਤਾ, ਸਰਕਾਰ ਤੇ ਵਿਰੋਧੀ ਧਿਰ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੋ ਸਕਦੀਆਂ।
ਡਾæ ਤਾਹਿਰ-ਉਲ-ਕਾਦਰੀ ਦੀ ਕਾਮਯਾਬੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਆਵਾਮ ਉਸ ਨਾਲ ਇਸਲਾਮਾਬਾਦ ‘ਚ ਕਿੰਨਾ ਕੁ ਚਿਰ ਬੈਠ ਸਕਦੀ ਹੈ। ਦੂਜਾ ਐਮæਕਿਊæਐਮæ ਕਿੰਨੀ ਕੁ ਸਿਦਕ ਦਿਲੀ ਨਾਲ ਉਸ ਦਾ ਸਾਥ ਦਿੰਦੀ ਹੈ! ਜੇ ਇਹ ਦੋਵੇਂ ਧਿਰਾਂ ਕਾਦਰੀ ਸਾਹਿਬ ਨਾਲ ਚੱਟਾਨ ਵਾਂਗ ਖੜ੍ਹ ਜਾਣ ਤਾਂ ਪਾਲੇ ‘ਤੇ ਬੈਠਾ ਇਮਰਾਨ ਖਾਨ ਵੀ ਸ਼ਾਇਦ ਉਸ ਦਾ ਸਾਥ ਦੇ ਦੇਵੇ, ਕਿਉਂਕਿ ਉਹ ਇਹੋ ਕਹਿੰਦਾ ਹੈ ਕਿ ਕਾਦਰੀ ਸਾਹਿਬ ਦੀਆਂ ਮੰਗਾਂ ਬੜੀਆਂ ਜਾਇਜ਼ ਹਨ, ਪਰ ਉਹ ਮਹਾਂ ਮਾਰਚ ‘ਚ ਸ਼ਾਮਲ ਨਹੀਂ ਹੋ ਸਕਦਾ। ਜੇ ਇਮਰਾਨ ਖਾਨ ਵੀ ਪਾਲਾ ਟੱਪ ਆਉਂਦਾ ਹੈ ਤਾਂ ਕਾਦਰੀ ਸਾਹਿਬ ਦੀ ਤਬਦੀਲੀ ਦੀ ਮੁਹਿੰਮ ਕਾਮਯਾਬ ਹੀ ਕਾਮਯਾਬ ਹੈ। ਜੇ ਇਸ ਮੁਹਿੰਮ ਨੇ ‘ਅਮਨ-ਕਾਨੂੰਨ’ ਦਾ ਮਸਲਾ ਪੈਦਾ ਕਰ ਦਿੱਤਾ ਤਾਂ ਅੱਧੀ ਰਾਤ ਨੂੰ ਬੂਟਾਂ ਵਾਲੇ ਵੀ ਆ ਸਕਦੇ ਹਨ।
ਇਹ ਸਭ ਕੁਝ ਜਾਣਨ ਬਾਅਦ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕੌਣ ਹੈ ਇਹ ਡਾæ ਮੁਹੰਮਦ ਤਾਹਿਰ-ਉਲ-ਕਾਦਰੀ। ਤਾਹਿਰ ਕਾਦਰੀ 1951 ਵਿਚ ਝੰਗ ਕਸਬੇ ‘ਚ ਸਿਆਲਾਂ ਦੇ ਘਰ ਪੈਦਾ ਹੋਇਆ। ਮੁੱਢਲੀ ਵਿੱਦਿਆ ਅੰਗਰੇਜ਼ੀ ਮਾਧਿਅਮ ਵਾਲੇ ਕ੍ਰਿਸ਼ਚੀਅਨ ਸਕੂਲ ‘ਚੋਂ ਪ੍ਰਾਪਤ ਕੀਤੀ। ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਕਾਨੂੰਨ ਦੀ ਡਿਗਰੀ ਗੋਲਡ ਮੈਡਲ ਨਾਲ ਪਾਸ ਕੀਤੀ। ਉਸ ਵਕਾਲਤ ਕੀਤੀ, ਪੰਜਾਬ ਯੂਨੀਵਰਸਿਟੀ ਲਾਹੌਰ ‘ਚ ਕਾਨੂੰਨ ਪੜ੍ਹਾਇਆ, ਉਥੋਂ ਹੀ ਪੀਐਚæਡੀæ ਕੀਤੀ। ਪ੍ਰੋਫੈਸਰ ਆਫ਼ ਲਾਅ ਬਣਿਆ ਅਤੇ ਬ੍ਰਿਟਿਸ਼ ਤੇ ਅਮਰੀਕੀ ਸੰਵਿਧਾਨ ਦੇ ਨਾਲ ਨਾਲ ਇਸਲਾਮੀ ਸੰਵਿਧਾਨ ਵੀ ਪੜ੍ਹਾਇਆ। 1981 ‘ਚ ਉਸ ਨੇ ‘ਮਿਨਹਾਜ਼-ਉਲ-ਕੁਰਾਨ ਇੰਟਰਨੈਸ਼ਨਲ’ ਨਾਂ ਦੀ ਤਨਜ਼ੀਮ ਕਾਇਮ ਕੀਤੀ। ਇਹ ਤਨਜ਼ੀਮ ਇਸਲਾਮ ਦੀ ਵਿਆਖਿਆ ਸੂਫ਼ੀ ਦ੍ਰਿਸ਼ਟੀਕੋਣ ਤੋਂ ਕਰਦੀ ਹੈ; ਭਾਵ ਇਸਲਾਮ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ; ਆਪਸੀ ਗੱਲਬਾਤ ਤੇ ਮੇਲ-ਮਿਲਾਪ ਹੀ ਮਸਲਿਆਂ ਦਾ ਹੱਲ ਹੈ। ਪਾਕਿਸਤਾਨ ਆਵਾਮੀ ਤਹਿਰੀਕ ਨਾਂ ਦੀ ਸਿਆਸੀ ਜਮਾਤ ਇਸ ਤਨਜ਼ੀਮ ਦਾ ਸਿਆਸੀ ਵਿੰਗ ਹੈ। ਉਹ ਪ੍ਰਵੇਜ਼ ਮੁਸ਼ੱਰਫ ਦੇ ਜ਼ਮਾਨੇ ਵਿਚ 2002 ‘ਚ ਚੋਣ ਲੜ ਕੇ ਐਮæਪੀæ ਵੀ ਬਣਿਆ ਪਰ 2004 ‘ਚ ਅਸਤੀਫਾ ਦੇ ਕੇ ਆਪਣੀ ਤਨਜ਼ੀਮ ਦੇ ਪ੍ਰਚਾਰ ਲਈ ਕੈਨੇਡਾ ਚਲਾ ਗਿਆ ਤੇ ਉਥੋਂ ਦੀ ਸ਼ਹਿਰੀਅਤ ਹਾਸਲ ਕਰ ਲਈ।
ਸੂਫ਼ੀ ਨਜ਼ਰੀਏ ਤੋਂ ਇਸਲਾਮ ਦੀ ਵਿਆਖਿਆ ਕਰਨ ਲਈ ਡਾæ ਕਾਦਰੀ ਸਾਰੇ ਸੰਸਾਰ ‘ਚ ਘੁੰਮਦਾ ਹੈ। ਸੰਸਾਰ ਦੇ 90 ਦੇਸ਼ਾਂ ਵਿਚ ਉਸ ਦੀ ਸੰਸਥਾ ਦੀਆਂ ਸ਼ਾਖ਼ਾਵਾਂ ਹਨ। ਫਰਵਰੀ ਅਤੇ ਮਾਰਚ 2012 ਵਿਚ ਉਹ ਚਾਰ ਹਫ਼ਤਿਆਂ ਲਈ ਭਾਰਤ ਵੀ ਗਿਆ ਸੀ। ਉਸ ਨੇ ਮੁੰਬਈ, ਹੈਦਰਾਬਾਦ, ਦਿੱਲੀ ਅਤੇ ਕਈ ਹੋਰ ਸ਼ਹਿਰਾਂ ‘ਚ ਭਾਸ਼ਣ ਦਿੱਤੇ। ਦਿੱਲੀ ਵਿਖੇ ਦਹਿਸ਼ਤਗਰਦੀ ਖ਼ਿਲਾਫ਼ 600 ਸਫਿਆਂ ਦਾ ਫਤਵਾ ਵੀ ਜਾਰੀ ਕੀਤਾ। ਉਸ ਨੇ ਆਪਣੀ ਫਿਲਾਸਫੀ ਤੇ ਇਸਲਾਮ ਬਾਰੇ 400 ਕਿਤਾਬਾਂ ਉਰਦੂ, ਫਾਰਸੀ ਤੇ ਅੰਗਰੇਜ਼ੀ ਵਿਚ ਲਿਖੀਆਂ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਏਡਾ ਵੱਡਾ ਸੂਫੀ ਸਕਾਲਰ ਅਚਾਨਕ ਸਿਆਸੀ ਅਖਾੜੇ ‘ਚ ਕਿਉਂ ਆਣ ਉਤਰਿਆ ਹੈ? ਉਸ ਦੀ ਮੁਹਿੰਮ ‘ਤੇ ਹੋ ਚੁੱਕਿਆ ਅਤੇ ਹੋਣ ਜਾ ਰਿਹਾ ਕਰੋੜਾਂ ਰੁਪਿਆ ਕੀ 90 ਦੇਸ਼ਾਂ ‘ਚ ਬੈਠੇ ਉਸ ਦੇ ਸ਼ਰਧਾਲੂ ਹੀ ਭੇਜ ਰਹੇ ਹਨ? ਉਸ ਦੇ ਵਿਰੋਧੀ ਭਾਵੇਂ ਉਸ ਪਿੱਛੇ ਅਮਰੀਕਾ ਅਤੇ ਪਾਕਿਸਤਾਨੀ ਫੌਜ ਦਾ ਹੱਥ ਹੋਣ ਦੀ ਗੱਲ ਕਰਦੇ ਹਨ, ਪਰ ਪਾਕਿਸਤਾਨ ਵਿਚਲੇ ਅਮਰੀਕੀ ਸਫੀਰ ਨੇ ਸਾਫ਼ ਕਿਹਾ ਹੈ ਕਿ ਅਮਰੀਕਾ ਦਾ ਡਾæ ਕਾਦਰੀ ਨਾਲ ਕੋਈ ਵਾਸਤਾ ਨਹੀਂ। ਪਾਕਿਸਤਾਨੀ ਫੌਜ ਨੇ ਵੀ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਹੈ ਪਰ ਇਹ ਗੱਲ ਤਾਂ 14 ਜਨਵਰੀ 2013 ਨੂੰ ਜਾਂ ਉਸ ਦੇ ਬਾਅਦ ਦੇ ਦਿਨਾਂ ‘ਚ ਸਾਫ਼ ਹੋਵੇਗੀ!

Be the first to comment

Leave a Reply

Your email address will not be published.