ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਨੇ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦਾ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਹੈ। ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿਚ ਇਸ ਬਾਰੇ ਕੋਈ ਚਰਚਾ ਨਹੀਂ ਹੋਈ। ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਬਾਰੇ ਫੈਸਲਾ ਨਾ ਕੀਤੇ ਜਾਣ ‘ਤੇ ਪੰਜ ਪਿਆਰਿਆਂ ਨੇ ਅਫਸੋਸ ਜ਼ਾਹਰ ਕਰਦਿਆਂ ਆਖਿਆ ਕਿ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਉਹ ਆਪਣਾ ਫੈਸਲਾ ਦੇ ਚੁੱਕੇ ਹਨ ਤੇ ਹੁਣ ਮਾਮਲਾ ਸੰਗਤ ਦੀ ਕਚਹਿਰੀ ਵਿਚ ਹੈ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਤੋਂ ਪੰਜ ਪਿਆਰਿਆਂ ਨੇ ਬੀਤੀ 24 ਅਕਤੂਬਰ ਨੂੰ ਗੁਰਮਤਾ ਜਾਰੀ ਕਰ ਕੇ ਅੰਤ੍ਰਿੰਗ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਤਖਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣ। ਅੰਤ੍ਰਿੰਗ ਕਮੇਟੀ ਦੀ ਚੰਡੀਗੜ੍ਹ ਸਥਿਤ ਦਫਤਰ ਵਿਖੇ ਹੋਈ।ਮੀਟਿੰਗ ਵਿਚ ਜਥੇਦਾਰਾਂ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਨੇ ਪੰਜ ਪਿਆਰਿਆਂ ਵੱਲੋਂ ਜਾਰੀ ਗੁਰਮਤੇ ਨੂੰ ਅਣਡਿੱਠ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੇ ਇਕ ਹੋਰ ਗੁਰਮਤੇ ਨੂੰ ਅਣਦੇਖਿਆ ਕੀਤਾ ਜਾ ਚੁੱਕਾ ਹੈ, ਜਿਸ ਰਾਹੀਂ ਉਨ੍ਹਾਂ ਅੰਤ੍ਰਿੰਗ ਕਮੇਟੀ ਨੂੰ ਹਦਾਇਤ ਕੀਤੀ ਸੀ ਕਿ ਬੰਦੀ ਛੋੜ ਦਿਵਸ ਮੌਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਤੋਂ ਰੋਕਿਆ ਜਾਵੇ ਤੇ ਉਨ੍ਹਾਂ ਦੀ ਥਾਂ ਇਹ ਸੇਵਾ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਸੌਂਪੀ ਜਾਵੇ। ਪੰਜ ਪਿਆਰਿਆਂ ਵਿਚ ਸ਼ਾਮਲ ਭਾਈ ਸਤਨਾਮ ਸਿੰਘ ਖੰਡਾ ਨੇ ਆਖਿਆ ਕਿ ਪੰਜ ਪਿਆਰਿਆਂ ਵੱਲੋਂ ਇਹ ਫੈਸਲਾ ਕੌਮ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਸੀ।
ਹੁਣ ਇਹ ਮਾਮਲਾ ਸੰਗਤ ਦੀ ਕਚਹਿਰੀ ਵਿਚ ਹੈ।ਤੇ ਫੈਸਲਾ ਸੰਗਤ ਨੇ ਲੈਣਾ ਹੈ। ਉਨ੍ਹਾਂ ਦੁਹਰਾਇਆ ਕਿ ਉਹ ਨਵੇਂ ਤਬਾਦਲੇ ਵਾਲੀ ਥਾਂ ‘ਤੇ ਨਹੀਂ ਜਾਣਗੇ। ਇਹ ਮਾਮਲਾ ਵੀ ਸੰਗਤ ਦੇ ਸਾਹਮਣੇ ਰੱਖ ਦਿੱਤਾ ਹੈ।
____________________________________
ਮੁੱਖ ਸਕੱਤਰ ਦਾ ਬੋਝ ਨਹੀਂ ਸਹੇਗੀ ਗੁਰੂ ਕੀ ਗੋਲਕ
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਮੁੱਖ ਸਕੱਤਰ ਹਰਚਰਨ ਸਿੰਘ ਦੀ ਰਿਹਾਇਸ਼ ਦਾ ਵਿੱਤੀ ਬੋਝ ਗੁਰੂ ਦੀ ਗੋਲਕ ਉਤੇ ਨਹੀਂ ਪਵੇਗਾ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੇ ਏਜੰਡੇ ਵਿਚਲੀ ਇਸ ਮੱਦ ਉਤੇ ਮੈਂਬਰਾਂ ਵਿਚ ਤਿੱਖੀ ਬਹਿਸ ਹੋਣ ਕਾਰਨ ਪ੍ਰਵਾਨਗੀ ਨਹੀਂ ਦਿੱਤੀ ਜਾ ਸਕੀ। ਸੂਤਰਾਂ ਦਾ ਦੱਸਣਾ ਹੈ ਕਿ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਰਾਏ ਦੀ ਰਿਹਾਇਸ਼ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਮੁੱਖ ਸਕੱਤਰ ਦੇ ਨੌਕਰੀ ਕੰਟਰੈਕਟ ਵਿਚ ਇਸ ਤਰ੍ਹਾਂ ਦੀ ਸ਼ਰਤ ਨਾ ਹੋਣ ਕਾਰਨ ਗੋਲਕ ਦੇ ਪੈਸੇ ਨਾਲ ਕਿਰਾਏ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ। ਤਰਕ ਦਿੱਤਾ ਗਿਆ ਕਿ ਉਨ੍ਹਾਂ ਨੂੰ ਕਮੇਟੀ ਦੀ ਅਧਿਕਾਰਤ ਰਿਹਾਇਸ਼ ਹੀ ਦਿੱਤੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਮੁੱਖ ਸਕੱਤਰ ਨੂੰ ਇਕ ਹੋਰ ਵੱਡਾ ਝਟਕਾ ਦਿੰਦਿਆਂ ਹਰਚਰਨ ਸਿੰਘ ਵੱਲੋਂ ਲਏ ਗਏ ਵਿੱਤੀ ਫੈਸਲੇ ਵੀ ਰੱਦ ਕਰ ਦਿੱਤੇ ਗਏ।
____________________________________
ਜਥੇਦਾਰਾਂ ਬਾਰੇ ਇਸ਼ਤਿਹਾਰ ‘ਤੇ ਵਿਵਾਦ
ਅੰਮ੍ਰਿਤਸਰ: ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ 91 ਲੱਖ ਰੁਪਏ ਦੇ ਇਸ਼ਤਿਹਾਰਾਂ ਦੀ ਅਦਾਇਗੀ ਦੇ ਮੁੱਦੇ ਉਤੇ ਵੀ ਗਰਮਾ ਗਰਮ ਬਹਿਸ ਹੋਈ। ਇਹ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਤਖਤਾਂ ਦੇ ਜਥੇਦਾਰਾਂ ਵੱਲੋਂ ਦਿੱਤੀ ਮੁਆਫੀ ਨੂੰ ਜਾਇਜ਼ ਠਹਿਰਾਉਣ ਲਈ ਅਖਬਾਰਾਂ ਵਿਚ ਦਿੱਤੇ ਗਏ ਸਨ। ਸੂਤਰਾਂ ਮੁਤਾਬਕ ਮੀਟਿੰਗ ਵਿਚ ਧਿਆਨ ਸਿੰਘ ਮੰਡ ਦੇ ਭਤੀਜੇ ਦੇ ਤਬਾਦਲੇ ਨੂੰ ਗਲਤ ਕਰਾਰ ਦਿੰਦਿਆਂ ਸ਼ ਭੌਰ ਨੇ ਕਿਹਾ ਕਿ ਕਿਸੇ ਮੁਲਾਜ਼ਮ ਨੂੰ ਮਹਿਜ਼ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦਾ ਰਿਸ਼ਤੇਦਾਰ ਹੋਣ ਕਾਰਨ ਬਦਲਾਖੋਰੀ ਦਾ ਸ਼ਿਕਾਰ ਨਹੀਂ ਬਣਾਉਣਾ ਚਾਹੀਦਾ।