ਪਾਵਨ ਬੀੜਾਂ ਦੀ ਬੇਅਦਬੀ ਦੀਆਂ ਲਗਾਤਾਰ ਵਾਪਰੀਆਂ ਘਟਨਾਵਾਂ ਨੇ ਹਰ ਦਰਦੀ ਦਿਲ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਸੂਬੇ ਦੇ ਲੋਕ ਅਤੇ ਕੁਝ ਹੋਰ ਜਮਾਤਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਲਈ ਅਹੁਲ ਰਹੀਆਂ ਜਾਪਦੀਆਂ ਹਨ, ਪਰ ਸਾਡੇ ਕਾਲਮਨਵੀਸ ਅਤੇ ਪੰਜਾਬੀ ਦੇ ਚੋਟੀ ਦੇ ਲੇਖਕ ਗੁਰਬਚਨ ਸਿੰਘ ਭੁੱਲਰ ਨੇ ਉਸ ਮਾਹੌਲ ਅਤੇ ਢਾਂਚੇ ਵੱਲ ਉਂਗਲ ਕੀਤੀ ਹੈ
ਜਿਸ ਕਾਰਨ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਸਨ ਲੈ ਰਹੀਆਂ। -ਸੰਪਾਦਕ
ਗੁਰਬਚਨ ਸਿੰਘ ਭੁੱਲਰ
ਫੋਨ: +91-011-42502364
ਪੰਜਾਬ ਵਿਚ ਪਵਿੱਤਰ ਗੁਰਬਾਣੀ ਦੇ ਪੱਤਰੇ ਕਈ ਹਫ਼ਤਿਆਂ ਤੋਂ ਜਿਸ ਨਿੱਤਨੇਮ ਨਾਲ ਪਾੜੇ ਜਾਂਦੇ ਰਹੇ ਹਨ, ਉਹ ਸਾਧਾਰਨ ਆਦਮੀ ਨੂੰ ਹੈਰਾਨ ਵੀ ਕਰਦਾ ਹੈ ਤੇ ਪ੍ਰੇਸ਼ਾਨ ਵੀ। ਇਉਂ ਲੱਗਦਾ ਹੈ ਜਿਵੇਂ ਕਿਸੇ ਨੇ ਵਾਰੀ ਬੰਨ੍ਹੀ ਹੋਈ ਹੋਵੇ ਕਿ ਅੱਜ ਇਸ ਪਿੰਡ-ਨਗਰ ਵਿਚ ਇਹ ਕਰਤੂਤ ਕਰਨੀ ਹੈ ਤੇ ਭਲਕੇ ਉਸ ਵਿਚ। ਜੇ ਕਿਸੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਕ ਪਹੁੰਚ ਨਹੀਂ ਸੀ ਹੁੰਦੀ ਤਾਂ ਗੁਟਕੇ ਨਾਲ ਹਾਜ਼ਰੀ ਲੁਆ ਦਿੱਤੀ ਜਾਂਦੀ ਸੀ।
ਕੁਝ ਦਹਾਕੇ ਪਹਿਲਾਂ ਦੇ ਪੰਜਾਬ ਨਾਲ ਅੱਜ ਦੇ ਪੰਜਾਬ ਨੂੰ ਮੇਲ ਕੇ ਦੇਖੀਏ। ਬਾਬੇ ਨਾਨਕ ਦੇ ਬਚਨਾਂ ਦੀ ਦਿਨ-ਰਾਤ ਚੜ੍ਹੀ ਰਹਿਣ ਵਾਲੀ ਖ਼ੁਮਾਰੀ ਦੀ ਥਾਂ ਮਨੁੱਖ ਤੋਂ ਡੰਗਰ ਬਣਾ ਦੇਣ ਵਾਲੇ ਜਾਨਲੇਵਾ ਨਸ਼ਿਆਂ ਦੀ ਦਲਦਲ ਨੇ ਲੈ ਲਈ ਹੈ। ਕੇਸ ਲੁਹਾਉਣ ਨਾਲੋਂ ਖੋਪੜੀ ਲੁਹਾਉਣ ਨੂੰ ਤਰਜੀਹ ਦੇਣ ਵਾਲੇ ਪੁਰਖਿਆਂ ਤੋਂ ਸਿਦਕ-ਸਿਰੜ ਦਾ ਪਾਠ ਪੜ੍ਹਨ ਦੀ ਥਾਂ ਨੌਜਵਾਨ ਪਤਿਤ ਹੋਏ ਫਿਰਦੇ ਹਨ। ਸਾਡੀ ਪੀੜ੍ਹੀ ਦੀ ਚੜ੍ਹਦੀ ਉਮਰ ਵੇਲੇ ਕੋਈ ਹੀ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਗਲੀ ਵਿਚੋਂ ਲੰਘਦਿਆਂ ਕਿਸੇ ਨੂੰ ਪੰਜਾਬੀ ਅਖ਼ਬਾਰ-ਰਸਾਲੇ ਦਾ ਪਾਟਿਆ-ਪੁਰਾਣਾ ਟੁਕੜਾ ਭੁੰਜਿਉਂ ਚੁੱਕ ਕੇ ਮੱਥੇ ਨੂੰ ਲਾਉਂਦਾ ਨਾ ਦੇਖਿਆ ਹੋਵੇ। ਸ਼ਬਦ ਦੇ ਸਤਿਕਾਰ ਦੀ ਇਹ ਭਾਵਨਾ ਸਿਰਫ਼ ਸ਼ਬਦ ਦੇ ਗਿਆਤਿਆਂ ਤਕ ਹੀ ਸੀਮਤ ਨਹੀਂ ਸੀ ਸਗੋਂ ਅੱਖਰ ਉਲਾਠਣ ਤੋਂ ਅਨਜਾਣ ਲੋਕ ਵੀ ਇਸੇ ਸ਼ਰਧਾ ਦੇ ਰੰਗ ਵਿਚ ਰੰਗੇ ਹੋਏ ਹੁੰਦੇ ਸਨ।
ਇਤਿਹਾਸ-ਸਿਰਜਕ ਪੁਰਖਿਆਂ ਵਜੋਂ ਗੁਰੂ ਸਾਹਿਬਾਨ ਦੇ ਅਤੇ ਜੀਵਨ-ਜਾਚ ਤੇ ਜੀਵਨ-ਸੇਧ ਦੇ ਅਦੁੱਤੀ ਸਾਹਿਤਕ-ਦਾਰਸ਼ਨਿਕ ਮਾਰਗ-ਦਰਸ਼ਕ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਦਰਦਾਨ ਤਾਂ ਸਿੱਖੀ ਦੇ ਧਰਮ-ਕਲਾਵੇ ਤੋਂ ਬਾਹਰਲੇ ਪੰਜਾਬੀ ਵੀ ਕੋਈ ਘੱਟ ਨਹੀਂ ਸਨ ਹੁੰਦੇ। ਇਹੋ ਕਦਰਦਾਨੀ ਸੀ ਜੋ ਖੱਬੀ ਵਿਚਾਰਧਾਰਾ ਦੀ ਚੜ੍ਹਤ ਦੇ ਉਨ੍ਹਾਂ ਸਮਿਆਂ ਵਿਚ ਸਾਨੂੰ, ਉਸ ਦੇ ਪ੍ਰਭਾਵ ਹੇਠ ਆਏ ਹੋਏ ਨੌਜਵਾਨਾਂ ਨੂੰ ਸਮਕਾਲੀ ਮਾਰਕਸਵਾਦੀ ਸ਼ਬਦਾਵਲੀ ਦੇ ਚਾਨਣ ਵਿਚ ਮਲਿਕ ਭਾਗੋ ਨੂੰ ਬੁਰਜ਼ੂਆ ਤੇ ਭਾਈ ਲਾਲੋ ਨੂੰ ਪ੍ਰੋਲੇਤਾਰੀ, ਮਨਮੁੱਖ ਨੂੰ ਸਰਮਾਏਦਾਰ ਲੁਟੇਰੇ ਤੇ ਗੁਰਮੁਖ ਨੂੰ ਮਜ਼ਦੂਰ-ਕਿਸਾਨ ਦੇ ਅਰਥਾਂ ਵਿਚ ਦੇਖਣਾ ਸਿਖਾਉਂਦੀ ਸੀ। ਸਮਕਾਲੀ ਸਮੇਂ ਦੀ ਵੱਡੀ ਲੋੜ, ਹਿੰਦੂ-ਮੁਸਲਮਾਨ ਏਕਤਾ ਦੀ, ਸਗੋਂ ਇਕਤਾ ਦੀ ਸਭ ਤੋਂ ਉਜਾਗਰ ਮਿਸਾਲ ਵਜੋਂ ਬਾਬੇ ਦੇ ਸੱਜਾ-ਖੱਬਾ ਅੰਗ ਭਾਈ ਮਰਦਾਨਾ ਤੇ ਭਾਈ ਬਾਲਾ ਹੀ ਸਾਡੇ ਮਨ-ਮਸਤਕ ਵਿਚ ਵਸੇ ਹੋਏ ਸਨ। ਗੁਰਬਾਣੀ ਦਾ ਜਲੌਅ ਪੰਜਾਬੀਆਂ ਵਾਸਤੇ ਪੁਰਖੇ ਦੀ ਬੁੱਕਲ ਵਾਂਗ ਸੀ ਜਿਸ ਤੋਂ ਜੀਵਨ ਦੇ ਹਰ ਮੋੜ ਉਤੇ, ਹਰ ਦੁੱਖ-ਸੁੱਖ ਵਿਚ, ਹਰ ਔਖ-ਸੌਖ ਵੇਲੇ ਓਟ-ਆਸਰਾ ਲਿਆ ਜਾ ਸਕਦਾ ਸੀ।
ਗੁਰਮੁਖੀ ਅੱਖਰਾਂ ਵਾਲੇ ਸਾਧਾਰਨ ਕਾਗ਼ਜ਼ੀ ਪੁਰਜ਼ੇ ਨੂੰ ਭੁੰਜਿਉਂ ਚੁੱਕ ਕੇ ਮੱਥੇ ਨੂੰ ਲਾਉਣ ਵਾਲੇ ਦੌਰ ਤੋਂ ਅੱਜ ਦੇ ਦੌਰ ਤਕ, ਜਦੋਂ ਗੁਰਬਾਣੀ ਦੇ ਪੱਤਰੇ ਗਲੀਆਂ ਵਿਚ ਖਿੰਡਾਏ ਮਿਲਦੇ ਹਨ, ਥੋੜ੍ਹੇ ਜਿਹੇ ਸਮੇਂ ਵਿਚ ਪੰਜਾਬ ਤੇ ਪੰਜਾਬੀਆਂ ਨੇ ਰਸਾਤਲ ਵੱਲ ਤਿਲ੍ਹਕਦਿਆਂ ਕਿੰਨਾ ਲੰਮਾ ਪੰਧ ਪਾਰ ਕਰ ਲਿਆ ਹੈ! ਜਦੋਂ ਪ੍ਰੰਪਰਾ ਇਸ਼ਨਾਨ ਸੋਧੇ ਬਿਨਾਂ ਅਤੇ ਮਨ ਵਿਚ ਨਿਰਮਲਤਾ ਤੇ ਸੁੱਚਮ ਜਗਾਏ ਬਿਨਾਂ ਬੀੜ ਨੂੰ ਤਾਂ ਕੀ, ਪੀੜ੍ਹਾ ਸਾਹਿਬ ਨੂੰ ਵੀ ਛੂਹਣ ਦਾ ਜੇਰਾ ਨਹੀਂ ਦਿੰਦੀ, ਹਰ ਕੋਈ ਪੁੱਛਦਾ ਹੈ, ਉਹ ਕਿਸ ਦੇ ਗੰਦੇ-ਗ਼ਲੀਜ਼ ਹੱਥ ਹਨ ਜੋ ਬੀੜ ਦੇ ਅੰਗ ਪਾੜਦੇ ਤੇ ਗਲੀਆਂ ਵਿਚ ਖਿਲਾਰਦੇ ਹਨ?
ਕੌਮੀ-ਕੌਮਾਂਤਰੀ ਪੱਧਰ ਉਤੇ ਅਤਿਵਾਦ ਦੇ ਸਹਿਮ ਹੇਠ ਜਿਉ ਰਹੇ ਸੰਸਾਰ ਵਿਚ ਜਿਨ੍ਹਾਂ ਸੂਹੀਆ ਏਜੰਸੀਆਂ ਤੇ ਪੁਲਿਸ ਤੋਂ ਅਸੀਂ ਅਦਿੱਖ ਅਤਿਵਾਦੀਆਂ ਨੂੰ ਪਛਾਣਨ-ਲੱਭਣ ਦੀ ਵਡੇਰੀ ਆਸ ਕਰਦੇ ਹਾਂ, ਉਹ ਪੱਤਰੇ ਪਾੜ ਕਰਤੂਤੀਆਂ ਦੀ ਸ਼ਨਾਖ਼ਤ ਕਰਨ ਵਿਚ ਹੀ ਪੂਰੀ ਤਰ੍ਹਾਂ ਨਾਲਾਇਕ ਸਿੱਧ ਹੋ ਰਹੀਆਂ ਹਨ। ਅਸਲ ਵਿਚ ਭਾਰਤ ਵਿਚ ਅਤੇ ਇਸ ਦੇ ਸੂਬਿਆਂ ਵਿਚ ਸਮੇਂ ਦੇ ਗੇੜ ਨਾਲ ਆਈ ਹਰ ਸਰਕਾਰ ਨੇ ਅਜਿਹੇ ਹਾਲਾਤ ਬਣਾਏ-ਵਧਾਏ ਕਿ ਇਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਲਈ ਫ਼ਰਜ਼ ਦੀ ਪੂਰਤੀ ਦੇ ਔਖੇ ਕਾਰਜ ਨਾਲੋਂ ਸਿਆਸਤਦਾਨਾਂ ਦੀ ਚਾਕਰੀ ਦਾ ਸੌਖਾ ਰਾਹ ਅਪਨਾਉਣਾ ਵਧੇਰੇ ਫ਼ਾਇਦੇਮੰਦ ਹੋ ਗਿਆ। ਪਿਛਲੇ ਦਹਾਕੇ ਦੇ ਪੰਜਾਬ ਵਿਚ ਇਹ ਰੁਝਾਨ ਬਹੁਤ ਪ੍ਰਤੱਖ ਰਿਹਾ ਹੈ।
ਸਿਆਸੀ ਪਾਰਟੀਆਂ ਦੀ ਆਪਣੀ ਹਾਲਤ ਵੀ ਕੋਈ ਵੱਖਰੀ ਨਹੀਂ ਰਹੀ। ਹਰ ਪਾਰਟੀ ਦੀਆਂ ਹੇਠਲੀਆਂ ਪਰਤਾਂ ਦਾ ਇੱਕੋ-ਇੱਕ ਕੰਮ, ਆਪਣੇ ਲੋਕਾਂ ਦੇ ਨੇਤਰ ਤੇ ਕੰਨ ਬਣਨ ਦੀ ਥਾਂ, ਕੁਰਸੀਧਾਰੀ ਆਗੂਆਂ ਦੀ ਪਰਕਰਮਾ ਕਰਨਾ ਤੇ ਵਫ਼ਾਦਾਰੀ ਦਾ ਦਿਖਾਵਾ ਕਰਨਾ ਰਹਿ ਗਿਆ। ਇਹੋ ਕਾਰਨ ਹੈ ਕਿ ਦਾਅਵਿਆਂ ਦਾ ਸਭ ਤੋਂ ਵੱਡਾ ਗੁਰਜਧਾਰੀ ਨੇਤਾ, ਪੰਜਾਬ ਦਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਸੁਖਬੀਰ ਸਿੰਘ ਬਾਦਲ ਦਾਅਵਾ ਤਾਂ ਇਹ ਕਰਦਾ ਹੈ ਕਿ ਪੰਜਾਬ ਵਿਚ ਕਿਤੇ ਇੱਕ ਪੱਤਾ ਵੀ ਹਿੱਲੇ, ਉਸ ਨੂੰ ਪਤਾ ਲੱਗ ਜਾਂਦਾ ਹੈ, ਪਰ ਕੌੜਾ ਸੱਚ ਇਹ ਹੈ ਕਿ ਗੁਰਬਾਣੀ ਦੇ ਪੱਤਰੇ ਪਾੜਨ ਵਾਲੇ ਕਾਲੇ ਹੱਥਾਂ ਦੀ ਪਛਾਣ ਦੇ ਪੱਖੋਂ ਉਹ, ਸਾਰੇ ਹੀਲੇ-ਵਸੀਲਿਆਂ ਦਾ ਪ੍ਰਭੂ ਹੋਣ ਦੇ ਬਾਵਜੂਦ, ਮੁਕੰਮਲ ਹਨੇਰੇ ਵਿਚ ਪ੍ਰੇਸ਼ਾਨ ਭਟਕਦਾ ਹੋਇਆ ਅੱਕੀਂ-ਪਲਾਹੀਂ ਹੱਥ ਮਾਰਦਾ ਫਿਰਦਾ ਹੈ।
ਪੰਜਾਬ ਦੇ ਹੀ ਨਹੀਂ, ਦੇਸ਼-ਵਿਦੇਸ਼ ਦੇ ਲੋਕ ਵੀ ਪੁੱਛਦੇ ਹਨ, ਆਖ਼ਰ ਕੌਣ ਲੋਕ ਹਨ ਜਿਨ੍ਹਾਂ ਲਈ ਪ੍ਰੰਪਰਾ ਦਾ ਕੋਈ ਅਰਥ ਨਹੀਂ ਰਿਹਾ ਤੇ ਸ਼ਰਧਾ ਦਾ ਕੋਈ ਮਹੱਤਵ ਨਹੀਂ ਰਿਹਾ! ਇਸ ਸਵਾਲ ਦਾ ਜਵਾਬ ਦੇਣ ਲਈ ਤੇ ਇਸ ਸਾਰੇ ਵਰਤਾਰੇ ਨੂੰ ਸਮਝਣ ਲਈ ਪਿਛਲੇ ਕੁਝ ਦਹਾਕਿਆਂ ਉਤੇ ਝਾਤ ਪਾਉਣੀ ਜ਼ਰੂਰੀ ਹੋ ਜਾਂਦੀ ਹੈ। 1920 ਦਾ ਸਾਲ ਸਿੱਖ ਇਤਿਹਾਸ ਦਾ ਵੱਡਾ ਮੋੜ ਸੀ। ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਜਿਸ ਦਾ ਕਾਰਜ ਗੁਰਦੁਆਰਿਆਂ ਨੂੰ ਜੱਦੀ-ਪੁਸ਼ਤੀ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸਮੁੱਚੇ ਸਿੱਖ ਪੰਥ ਦੀ ਪ੍ਰਤੀਨਿਧ ਵਜੋਂ ਉਨ੍ਹਾਂ ਦਾ ਸੁਚੱਜਾ ਪ੍ਰਬੰਧ ਕਰਨਾ ਤੇ ਇਸੇ ਕਾਰਜ ਦੇ ਪੂਰਕ ਵਜੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਨੂੰ ਸੇਧ ਦੇਣਾ ਹੋ ਨਿੱਬੜਿਆ। ਕਮੇਟੀ ਦੇ ਲਗਪਗ ਨਾਲ ਹੀ ਸਿੱਖਾਂ ਦੇ ਸਮਾਜਕ-ਰਾਜਨੀਤਕ ਰਾਹ-ਦਿਖਾਵੇ ਵਜੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ। ਤੇ ਇਨ੍ਹਾਂ ਦੋਵਾਂ ਸੰਸਥਾਵਾਂ ਦੇ ਨਿਗਰਾਨਾਂ ਤੇ ਨਿਰਣੇਕਾਰਾਂ ਵਜੋਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੇ ਰੂਪ ਵਿਚ ਸਰਬ-ਪਰਵਾਨ ਹੋਏ। ਇਸ ਇਤਿਹਾਸ ਦੇ ਬਹੁਤੇ ਪੱਖਾਂ ਉਤੇ ਝਾਤ ਪਾਉਣੀ ਤਾਂ ਇੱਥੇ ਸੰਭਵ ਨਹੀਂ, ਪਰ ਇਹ ਦ੍ਰਿੜ੍ਹ ਕਰਵਾਉਣਾ ਜ਼ਰੂਰੀ ਹੈ ਕਿ ਇਨ੍ਹਾਂ ਤਿੰਨਾਂ ਸੰਸਥਾਵਾਂ ਦਾ ਇੱਕੋ-ਇੱਕ ਜਥੇਬੰਦਕ ਆਧਾਰ 1699 ਵਿਚ ਆਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਦੀ ਲਿਸ਼ਕਦੀ-ਚਮਕਦੀ ਭਗੌਤੀ ਦੀ ਧਾਰ ਵਿਚੋਂ ਨਿਕਲੀ ਜਮਹੂਰੀਅਤ ਸੀ ਜਿਸ ਅਧੀਨ ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਆਪਣੇ ਨਾਲੋਂ ਵੀ ਮੁੱਖ ਐਲਾਨ ਕੇ ਭਵਿੱਖੀ ਮਾਰਗ ਪੱਕਾ ਕਰ ਦਿੱਤਾ ਸੀ।
ਇਸ ਮਾਰਗ ਉੱਤੇ ਤੁਰਦਿਆਂ ਜਿੰਨਾ ਚਿਰ ਹਰ ਸੰਸਥਾ ਆਪਣੇ ਫ਼ਰਜ਼ ਪ੍ਰਤੀ ਅਡੋਲ ਰਹੀ ਤੇ ਉਸ ਦੀ ਅਗਵਾਈ ਸਿੱਖੀ ਸਿਧਾਂਤ ਦੇ ਸਭ ਤੋਂ ਪਰਪੱਕ ਗੁਣੀ-ਗਿਆਨੀ ਮਹਾਂਪੁਰਖਾਂ ਦੇ ਹੱਥ ਰਹੀ, ਜਿਨ੍ਹਾਂ ਦੀ ਨਿਰਸੁਆਰਥ ਕੁਰਬਾਨੀ Ḕਮੈਂ ਮਰਾਂ, ਪੰਥ ਜੀਵੇḔ ਦਾ ਨਾਅਰਾ ਬਣ ਕੇ ਗੂੰਜਦੀ ਸੀ, ਸ਼ਰਧਾ-ਸਤਿਕਾਰ ਦਾ ਨਿਰਮਲ ਮਾਹੌਲ ਬਣਿਆ ਰਿਹਾ। ਹੌਲ਼ੀ ਹੌਲ਼ੀ ਧਰਮ ਦੀ ਤਾਬ ਮੱਠੀ ਪੈਂਦੇ ਜਾਣ ਤੇ ਸਿਆਸਤ ਦੀ ਚਕਾਚੌਂਧ ਤਿੱਖੀ ਹੁੰਦੇ ਜਾਣ ਕਾਰਨ ਇਸ ਮਾਹੌਲ ਵਿਚ ਸੁਆਰਥ ਦੀ ਮੈਲ ਘੁਲਣੀ ਸ਼ੁਰੂ ਹੋ ਗਈ ਅਤੇ ਨਾਅਰਾ ਵੀ Ḕਮੈਂ ਜੀਵਾਂ, ਪੰਥ ਮਰੇḔ ਹੋ ਗਿਆ। ਇਸ ਅਮਲ ਦੀ ਸਿਖਰ ਉਦੋਂ ਆਈ ਜਦੋਂ ਕਮੇਟੀ ਦਾ ਪ੍ਰਧਾਨ ਚੁਣਨ ਸਮੇਂ ਆਨੰਦਪੁਰੀ ਜਮਹੂਰੀਅਤ ਦੀ ਥਾਂ ਲਿਫ਼ਾਫ਼ੇਬਾਜ਼ ਜਮਹੂਰੀਅਤ ਦਾ ਉਦੈ ਹੋਇਆ। ਬਾਬੇ ਨੇ ਕਰਤਾਰ ਦਾ ਗੁਣਗਾਨ Ḕਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾḔ ਉਚਰ ਕੇ ਕੀਤਾ ਸੀ, ਭਾਵ Ḕਤੇਰੀ ਸਾਰੀ ਜੀਵ ਰਚਨਾ ਆਂਡੇ, ਕੁੱਖ, ਧਰਤੀ ਤੇ ਮੁੜ੍ਹਕੇ ਵਿਚੋਂ ਜਨਮੇ ਜੰਤਾਂ ਦੇ ਰੂਪ ਵਿਚ ਹੈ।Ḕ ਸਿਆਸਤ ਨੇ ਇਸ ਵਿਚ ਪੰਜਵਾਂ ਰੂਪ Ḕਲਫ਼ਾਫਜḔ ਜੋੜ ਦਿੱਤਾ। ਜਮਹੂਰੀ ਚੋਣ ਵਾਲੇ ਦਿਨ ਮੈਂਬਰਾਂ ਦੀ ਸਰਬਸੰਮਤ ਜਾਂ ਘੱਟੋ-ਘੱਟ ਬਹੁਸੰਮਤ ਇੱਛਾ ਵਿਚੋਂ ਸਾਕਾਰ ਹੋਣ ਦੀ ਥਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੈਕਾਰਿਆਂ ਦੀ ਗੂੰਜ ਵਿਚ ਖੋਲ੍ਹੇ ਗਏ ਸਿਆਸੀ ਪ੍ਰਮੁੱਖ ਦੇ ਭੇਜੇ ਬੰਦ ਲਿਫ਼ਾਫ਼ੇ ਵਿਚੋਂ ਪੈਦਾ ਹੋਣ ਲੱਗਿਆ। ਆਖ਼ਰ ਦੋਵਾਂ ਦੇ ਸਮਾਨੰਤਰ ਸਫ਼ਰ ਦੀ ਥਾਂ ਸਿਆਸਤ ਨੇ ਧਰਮ ਨੂੰ ਪੂਰੀ ਤਰ੍ਹਾਂ ਆਪਣੇ ਹੇਠ ਲਾਉਣਾ ਸ਼ੁਰੂ ਕਰ ਦਿੱਤਾ।
ਸਿਆਸਤ ਨੂੰ ਪੰਥ, ਪੰਜਾਬ ਤੇ ਦੇਸ਼ ਦੇ ਭਲੇ ਦਾ ਵਸੀਲਾ ਸਮਝਣ ਵਾਲੇ ਉੱਚ-ਦੁਮਾਲੜੇ ਆਗੂਆਂ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਵੀ ਅਜਿਹੇ ਸਿਆਸਤਦਾਨਾਂ ਦੇ ਹੱਥ ਆਉਣ ਲੱਗੀ ਜਿਨ੍ਹਾਂ ਦੀ ਸਿੱਖੀ ਦੀ ਰਹਿਤ-ਮਰਯਾਦਾ ਸਬੰਧੀ ਉਠਦੇ ਸ਼ੰਕਿਆਂ ਦੇ ਜਵਾਬ ਵਿਚ ਸ਼੍ਰੋਮਣੀ ਕਮੇਟੀ ਦੇ ਲਫ਼ਾਫਜ ਪ੍ਰਧਾਨ ਨੂੰ ਨਵਾਂ-ਨਵੇਲਾ ਸਿਧਾਂਤ ਘੜ ਕੇ ਇਹ ਕਹਿਣ ਤਕ ਤਿਲ੍ਹਕਣਾ ਪੈ ਗਿਆ ਕਿ ਅਕਾਲੀ ਦਲ ਦਾ ਅਨ-ਅੰਮ੍ਰਿਤਧਾਰੀ ਪ੍ਰਧਾਨ ਅੰਦਰੋਂ ਅੰਮ੍ਰਿਤਧਾਰੀ ਹੈ। ਅੰਮ੍ਰਿਤ ਛਕੇ ਬਿਨਾਂ ਕਿਸੇ ਦੇ Ḕਅੰਦਰੋਂ ਅੰਮ੍ਰਿਤਧਾਰੀḔ ਹੋਣ ਦਾ ਸਿਧਾਂਤ ਘੜਨ ਵਾਲੇ ਇਸ ਸੱਜਣ ਨੂੰ ਸ਼ਾਇਦ ਏਨੀ ਸੋਝੀ ਵੀ ਨਹੀਂ ਸੀ ਕਿ ਇਸ ਪ੍ਰਵਚਨ ਨਾਲ ਉਹ ਪੰਜ ਕਕਾਰਾਂ ਦੇ ਲਾਜ਼ਮੀ ਮਹੱਤਵ ਉਤੇ ਕਾਟਾ ਫੇਰ ਰਿਹਾ ਹੈ। ਸਾਫ਼ ਸੁਨੇਹਾ ਇਹ ਬਣਦਾ ਸੀ ਕਿ Ḕਅੰਦਰੋਂ ਅੰਮ੍ਰਿਤਧਾਰੀḔ ਨੂੰ ਅੰਮ੍ਰਿਤ ਛਕ ਕੇ ਕੇਸ, ਕੰਘਾ, ਕੱਛ, ਕੜਾ ਤੇ ਕਿਰਪਾਨ ਧਾਰਨ ਕਰਨ ਦੀ ਕੋਈ ਲੋੜ ਨਹੀਂ!
ਸਮੇਂ ਦਾ ਸਿਤਮ ਇੱਥੋਂ ਤਕ ਹੋ ਗਿਆ ਕਿ ਕਮੇਟੀ ਦੇ ਲਫ਼ਾਫਜ ਪ੍ਰਧਾਨ ਰਾਹੀਂ ਸਿੰਘ ਸਾਹਿਬ ਨੂੰ ਕਿਸੇ ਵੀ ਹੋਰ ਸਾਧਾਰਨ ਕਰਮਚਾਰੀ ਵਾਂਗ ਥਾਪਣ-ਹਟਾਉਣ ਦੀ ਸ਼ਕਤੀ ਵੀ ਸਿਆਸਤ ਦੇ ਹੱਥ ਪਹੁੰਚ ਗਈ। ਕਿਸੇ ਸਮੇਂ ਇਹ ਪਦਵੀ ਸਿੱਖੀ ਦੇ ਮਾਰਗ ਤੋਂ ਥਿੜਕਣ ਦੀ ਸੂਰਤ ਵਿਚ ਮਹਾਰਾਜੇ ਤਕ ਨੂੰ ਕੋਰੜਿਆਂ ਦੀ ਸਜ਼ਾ ਸੁਣਾਉਣ ਦੇ ਸਮਰੱਥ ਸੀ। ਹੁਣ ਉਹ ਸਿਆਸੀ ਰਹਿਮੋ-ਕਰਮ ਉਤੇ ਨਿਰਭਰ ਹੋ ਕੇ ਘੋਰ ਅਪਰਾਧਾਂ ਨਾਲ ਜੋੜੇ ਜਾਂਦੇ ਨਾਂਵਾਂ ਨੂੰ ਕਮੇਟੀ ਤੇ ਦਲ ਦੀਆਂ ਉੱਚੀਆਂ ਪਦਵੀਆਂ ਉੱਤੇ ਸੁਸ਼ੋਭਿਤ ਕੀਤੇ ਜਾਂਦੇ ਦੇਖ ਕੇ ਵੀ ਅਣਡਿੱਠ ਕਰਨ ਲਈ ਮਜਬੂਰ ਹੋਣ ਲੱਗੀ। ਜਦੋਂ ਕਤਲ ਜਿਹੇ ਅਪਰਾਧ ਨਾਲ ਜੁੜੀ ਹੋਈ ਕੋਈ ਹਸਤੀ ਸਿੱਖੀ ਵੇਸ ਵਾਲੀ ਭੀੜ ਆਪਣੇ ਨਾਲ ਲੈ ਕੇ ਤਾਰੀਖ਼ ਭੁਗਤਣ ਅਦਾਲਤ ਵੱਲ ਉਸ ਸ਼ਾਨ-ਸ਼ੌਕਤ ਨਾਲ ਜਾਂਦੀ ਹੈ ਜਿਵੇਂ ਕਿਸੇ ਸਮੇਂ ਅਕਾਲੀ ਮੋਰਚਿਆਂ ਦੇ ਜਥੇ ਜਾਇਆ ਕਰਦੇ ਸਨ, ਸਿੰਘ ਸਾਹਿਬ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਦੋਸ਼ੀ-ਬੇਦੋਸ਼ੇ ਦਾ ਨਿਰਣਾ ਕਰਵਾਉਣ ਲਈ ਪੇਸ਼ ਕੀਤੇ ਜਾਂਦੇ ਸੱਤਾਧਾਰੀ ਸ਼ੱਕੀਆਂ ਨੂੰ ਸਿੰਘ ਸਾਹਿਬ ਸਨਿਮਰ ਸਿੱਖ ਹੋਣ ਦੀ ਸਨਦ ਜਾਰੀ ਕਰ ਦਿੰਦੇ ਹਨ।
ਸ਼ਰਧਾਮੁਖ ਆਨੰਦਪੁਰੀ ਧਾਰਮਿਕ ਉਜਾਲੇ ਤੋਂ ਨਿਸ਼ਰਧਕ ਚੰਡੀਗੜ੍ਹੀ ਸਿਆਸੀ ਅੰਧਕਾਰ ਵੱਲ ਦੀ ਇਸ ਤਿਲ੍ਹਕਣ ਵਿਚ ਅੰਮ੍ਰਿਤਸਰ ਕਿਤੇ ਪਾਸੇ ਹੀ ਰਹਿ ਗਿਆ ਅਤੇ ਬਹੁਤ ਲੋਕਾਂ ਦੀ ਸ਼ਰਧਾ ਕੱਕੀ ਰੇਤ ਵਾਂਗ ਮਨ ਦੀ ਮੁੱਠੀ ਵਿਚੋਂ ਕਿਰਦੀ ਗਈ। ਇਸ ਨਿਸ਼ਰਧਕ ਅੰਧਕਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪੰਨੇ ਕੁਝ ਲੋਕਾਂ ਵਾਸਤੇ ਆਪਣੀ ਸਵਾਰਥ-ਪੂਰਤੀ ਲਈ ਕਿਸੇ ਸਾਧਾਰਨ ਪੁਸਤਕ ਦੇ ਪੰਨਿਆਂ ਤੋਂ ਵੱਖਰੇ ਨਾ ਰਹਿ ਗਏ। ਪਾਕ-ਪਵਿੱਤਰ ਪੱਤਰੇ ਪਾੜਨ ਦਾ ਪਾਪ ਕਮਾਉਣ ਵਾਲੇ ਨਾਪਾਕ ਹੱਥ ਕੋਈ ਵੀ ਹੋਣ, ਅਸਲ ਦੋਸ਼ੀ ਉਨ੍ਹਾਂ ਹੱਥਾਂ ਨੂੰ ਜੇਰਾ, ਜੁਰੱਅਤ ਤੇ ਸੇਧ ਦੇਣ ਵਾਲੇ ਨਿਸ਼ਰਧਕ ਅੰਧਕਾਰੀ ਮਾਹੌਲ ਦੇ ਸਿਰਜਕ ਹੀ ਹਨ।