ਦਲਜੀਤ ਅਮੀ
ਫੋਨ: +91-97811-21873
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮੁੜ ਪਟਿਆਲਾ ਰਿਆਸਤ ਦੇ ਫਰਜੰਦ ਅਤੇ ਫ਼ੌਜ ਦੇ ਸਾਬਕਾ ਅਫਸਰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਗਈ ਹੈ। ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਵਿਚ ਆਈ ਖ਼ੁਸ਼ੀ ਦੀ ਲਹਿਰ ਦੇ ਅੰਕੜੇ Ḕਇੰਡੀਅਨ ਐਕਸਪ੍ਰੈਸḔ ਨਾਲ ਮੁਲਾਕਾਤ ਵਿਚ ਦਿੱਤੇ ਹਨ। ਕਾਂਗਰਸ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੂੰ ਦੋ ਹਜ਼ਾਰ ਟੈਲੀਫ਼ੋਨ, ਛੇ ਹਜ਼ਾਰ ਵਟਸਅੱਪ ਸੁਨੇਹੇ ਅਤੇ ਸੱਤ ਸੌ ਐਸ਼ਐਮæਐਸ਼ ਆਏ ਹਨ। ਫੇਸਬੁੱਕ ਪੰਨੇ ਉਤੇ ਵਧਾਈਆਂ ਦੇ ਸਾਢੇ ਤਿੰਨ ਲੱਖ ਸੁਨੇਹੇ ਆਏ ਹਨ ਅਤੇ ਬਾਰਾਂ ਹਜ਼ਾਰ ਨੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਹੈ।
ਇਨ੍ਹਾਂ ਅੰਕੜਿਆਂ ਬਾਬਤ ਇਹ ਸੁਆਲ ਮਾਅਨੇ ਨਹੀਂ ਰੱਖਦਾ ਕਿ ਜੇ ਹਰ ਟੈਲੀਫ਼ੋਨ ਸਿਰਫ਼ ਇੱਕ ਮਿੰਟ ਦਾ ਹੋਵੇ ਤਾਂ ਦੋ ਦਿਨਾਂ ਵਿਚ ਤੇਤੀ ਘੰਟਿਆਂ ਦਾ ਸਮਾਂ ਫ਼ੋਨ ਉਤੇ ਕਿਵੇਂ ਲੰਘਿਆ? ਦਰਅਸਲ ਇਹ ਅੰਕੜਾ ਮੌਜੂਦਾ ਦੌਰ ਦੀ ਸਿਆਸਤ ਦਾ ਮੁਹਾਵਰਾ ਹੈ। ਸੂਬਾ ਕਾਂਗਰਸ ਅੰਦਰਲੇ ਕਲੇਸ਼ ਤੋਂ ਇਲਾਵਾ ਹੁਕਮਰਾਨ ਗੱਠਜੋੜ ਤੋਂ ਅਵਾਜ਼ਾਰ ਲੋਕਾਂ ਨੇ ਅਮਰਿੰਦਰ ਦੀ ਪ੍ਰਧਾਨਗੀ ਦਾ ਸੁਆਗਤ ਕੀਤਾ ਹੈ। ਅਕਸ ਮੁਤਾਬਕ ਉਨ੍ਹਾਂ ਤੋਂ ਧੜੱਲੇਦਾਰ ਅਗਵਾਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਡੱਕਣ ਦੀ ਤਵੱਕੋ ਕੀਤੀ ਜਾ ਰਹੀ ਹੈ। ਉਨ੍ਹਾਂ ਆਪ ਦਾਅਵਾ ਕੀਤਾ ਹੈ ਕਿ 47 ਸਾਲ ਦਾ ਸਿਆਸੀ ਤਜਰਬਾ ਅਤੇ ਪੰਜ ਸਾਲਾਂ ਦਾ ਮੁੱਖ ਮੰਤਰੀ ਵਜੋਂ ਤਜਰਬਾ ਕੰਮ ਆਏਗਾ।
ਅਮਰਿੰਦਰ ਸਿੰਘ ਦੇ ਤੀਜੀ ਵਾਰ ਪੰਜਾਬ ਕਾਂਗਰਸ ਦਾ ਮੁਖੀ ਬਣਨ ਦੇ ਆਪਣੇ ਮਾਅਨੇ ਹਨ। ਇਨ੍ਹਾਂ ਮਾਅਨਿਆਂ ਨਾਲ ਹੀ ਉਨ੍ਹਾਂ ਤੋਂ ਕੀਤੀ ਜਾ ਰਹੀ ਤਵੱਕੋ ਦੀ ਪੜਚੋਲ ਕੀਤੀ ਜਾ ਸਕਦੀ ਹੈ। ਪੜਚੋਲ ਤੋਂ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਦੀ ਕੁਝ ਤਫ਼ਸੀਲ ਜਾਣ ਲੈਣੀ ਬਣਦੀ ਹੈ। ਉਹ ਸਕੂਲ ਵਿਚ ਰਾਜੀਵ ਗਾਂਧੀ ਨਾਲ ਪੜ੍ਹਿਆ। ਫ਼ੌਜ ਵਿਚ ਦੋ ਵਾਰ ਨੌਕਰੀ ਕੀਤੀ। ਪਹਿਲਾਂ 1963 ਵਿਚ ਭਰਤੀ ਹੋ ਕੇ ਦੋ ਸਾਲ ਦੇ ਅੰਦਰ ਅਸਤੀਫ਼ਾ ਦੇ ਦਿੱਤਾ, ਫਿਰ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੁਬਾਰਾ ਭਰਤੀ ਹੋ ਗਏ। ਉਨ੍ਹਾਂ ਨੂੰ ਉਨ੍ਹਾਂ ਦਾ ਦੋਸਤ ਰਾਜੀਵ ਗਾਂਧੀ ਕਾਂਗਰਸ ਵਿਚ ਲਿਆਇਆ ਅਤੇ 1980 ਵਿਚ ਲੋਕ ਸਭਾ ਚੋਣ ਜਿੱਤੀ। ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਅਮਰਿੰਦਰ ਨੇ ਲੋਕ ਸਭਾ ਤੇ ਕਾਂਗਰਸ ਵਿਚੋਂ ਅਸਤੀਫ਼ਾ ਦੇ ਦਿੱਤਾ ਅਤੇ ਅਕਾਲੀ ਸਿਆਸਤ ਵਿਚ ਹੱਥ ਅਜ਼ਮਾਈ ਕੀਤੀ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿਚ ਮੰਤਰੀ ਰਹੇ ਅਤੇ 1992 ਵਿਚ ਆਪਣਾ ਸ਼੍ਰੋਮਣੀ ਅਕਾਲੀ ਦਲ (ਪੰਥਕ) ਬਣਾਇਆ। ਚੋਣਾਂ ਵਿਚ ਹਾਰ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਕਾਂਗਰਸ ਵਿਚ ਸ਼ਾਮਿਲ ਹੋ ਗਈ। ਉਸ ਵੇਲੇ ਸੋਨੀਆ ਗਾਂਧੀ ਕਾਂਗਰਸ ਦੀ ਅਗਵਾਈ ਸੰਭਾਲ ਚੁੱਕੀ ਸੀ। ਪੁਰਾਣੀ ਪਰਿਵਾਰਕ ਸਾਂਝ ਦੇ ਨਤੀਜੇ ਵਜੋਂ ਅਮਰਿੰਦਰ 1999 ਵਿਚ ਸੂਬਾ ਕਾਂਗਰਸ ਦੇ ਪ੍ਰਧਾਨ ਅਤੇ 2002 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ। ਕਾਂਗਰਸ ਪਹਿਲਾਂ 2007 ਅਤੇ ਉਸ ਤੋਂ ਬਾਅਦ 2012 ਵਿਚ ਵਿਧਾਨ ਸਭਾ ਚੋਣਾਂ ਹਾਰੀ। ਅਮਰਿੰਦਰ ਦੂਜੀ ਵਾਰ 2010 ਵਿਚ ਸੂਬਾ ਕਾਂਗਰਸ ਦੇ ਮੁਖੀ ਬਣੇ ਅਤੇ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਮੋਗਾ ਜ਼ਿਮਨੀ ਚੋਣ ਵਿਚ ਹਾਰ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨਗੀ ਛੱਡਣੀ ਪਈ।
ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਦਾ ਸੂਬਾ ਕਾਂਗਰਸ ਦੇ ਪ੍ਰਧਾਨ ਵਜੋਂ ਲਗਾਤਾਰ ਵਿਰੋਧ ਕੀਤਾ। ਇਸੇ ਦੌਰਾਨ ਉਨ੍ਹਾਂ ਨੇ 2014 ਦੀ ਲੋਕ ਸਭਾ ਚੋਣ ਅੰਮ੍ਰਿਤਸਰ ਤੋਂ ਲੜੀ ਅਤੇ ਭਾਜਪਾ ਦੇ ਕੱਦਾਵਰ ਆਗੂ ਅਰੁਣ ਜੇਤਲੀ ਨੂੰ ਕਰਾਰੀ ਹਾਰ ਦਿੱਤੀ। ਉਹ ਇਸ ਵੇਲੇ ਲੋਕ ਸਭਾ ਵਿਚ ਕਾਂਗਰਸ ਦਲ ਦੇ ਉਪ ਮੁਖੀ ਹਨ। ਉਹ ਲੋਕ ਸਭਾ ਵਿਚੋਂ ਤਕਰੀਬਨ ਗ਼ੈਰ-ਹਾਜ਼ਰ ਰਹੇ ਹਨ। ਲੋਕ ਸਭਾ ਲਈ ਚੁਣੇ ਜਾਣ ਤੋਂ ਪਹਿਲਾਂ ਉਹ 2007 ਤੋਂ ਬਾਅਦ ਵਿਧਾਨ ਸਭਾ ਵਿਚੋਂ ਵੀ ਤਕਰੀਬਨ ਗ਼ੈਰ-ਹਾਜ਼ਰ ਹੀ ਰਹੇ ਸਨ।
ਪੰਜਾਬ ਕਾਂਗਰਸ ਵਿਚ ਬੇਅੰਤ ਸਿੰਘ ਤੋਂ ਬਾਅਦ ਪ੍ਰਧਾਨਗੀ ਦਾ ਸੰਕਟ ਲਗਾਤਾਰ ਕਾਇਮ ਰਿਹਾ ਹੈ। ਵੱਖ-ਵੱਖ ਆਗੂਆਂ ਦੀਆਂ ਦਾਅਵੇਦਾਰੀਆਂ ਅਤੇ ਵਫ਼ਾਦਾਰੀਆਂ ਆਪਸ ਵਿਚ ਟਕਰਾਉਂਦੀਆਂ ਰਹੀਆਂ ਹਨ। ਨਤੀਜੇ ਵਜੋਂ ਸੂਬਾ ਕਾਂਗਰਸ ਕਦੇ ਇੱਕਮੁੱਠ ਨਜ਼ਰ ਨਹੀਂ ਆਈ। ਹੁਣ ਵੀ ਅਹਿਮ ਧੜਿਆਂ ਤੋਂ ਬਿਨਾਂ ਕਈ ਆਗੂਆਂ ਨੂੰ ਹਾਲਾਤ ਵਿਚੋਂ ਦਾਅ ਲੱਗ ਜਾਣ ਦੀ ਆਸ ਸੀ। ਇਹ ਸਾਰੇ ਆਗੂ ਕਿਸੇ ਨਾ ਕਿਸੇ ਤਰ੍ਹਾਂ 10 ਜਨਪਥ ਦੇ ਚੱਕਰ ਲਗਾ ਰਹੇ ਸਨ। ਇਸ ਸਮੇਂ ਦੌਰਾਨ ਸੂਬਾ ਪ੍ਰਧਾਨ ਦੇ ਫ਼ੈਸਲੇ ਦੇ ਮਾਮਲੇ ਵਿਚ ਕਦੇ ਵੀ 24 ਅਕਬਰ ਰੋਡ (ਕਾਂਗਰਸ ਦਾ ਦਫ਼ਤਰ) ਦੀ ਅਹਿਮੀਅਤ ਨਹੀਂ ਰਹੀ। ਅਮਰਿੰਦਰ ਸਿੰਘ ਦਾ ਕਾਂਗਰਸ ਵਿਚ ਦੋਵੇਂ ਵਾਰ ਦਾਖ਼ਲਾ ਗਾਂਧੀ ਪਰਿਵਾਰ ਦੀ ਨੇੜਤਾ ਕਾਰਨ ਹੋਇਆ ਹੈ। ਇਸੇ ਯੋਗਤਾ ਨਾਲ ਉਨ੍ਹਾਂ ਨੂੰ ਸੂਬੇ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦਾ ਅਹੁਦਾ ਮਿਲਿਆ। ਪਹਿਲੀ ਵਾਰ ਹੈ ਕਿ ਉਨ੍ਹਾਂ ਦੇ ਮਾਮਲੇ ਵਿਚ ਗਾਂਧੀ ਪਰਿਵਾਰ ਵਿਚ ਸਹਿਮਤੀ ਬਣਨ ਨੂੰ ਸਮਾਂ ਲੱਗਿਆ। ਅਖ਼ਬਾਰਾਂ ਦੀ ਖ਼ਬਰਾਂ ਮੁਤਾਬਕ ਸੋਨੀਆ ਗਾਂਧੀ ਤਾਂ ਅਮਰਿੰਦਰ ਸਿੰਘ ਦੇ ਪੱਖ ਵਿਚ ਸੀ, ਪਰ ਰਾਹੁਲ ਗਾਂਧੀ ਨਾਖ਼ੁਸ਼ ਸਨ। ਗਾਂਧੀ ਪਰਿਵਾਰ ਦੇ ਫਰਜੰਦ ਦੀ ਨਾਰਾਜ਼ਗੀ ਸਹੇੜਨ ਦੇ ਬਾਵਜੂਦ ਪਟਿਆਲਾ ਰਿਆਸਤ ਦਾ ਫਰਜੰਦ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਿਆ ਹੈ। ਉਨ੍ਹਾਂ ਦੀ ਪ੍ਰਧਾਨਗੀ ਦਾ ਜਮਹੂਰੀਅਤ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾਲ ਰਾਬਤਾ ਹੋ ਸਕਦਾ ਹੈ। ਉਹ ਭਾਵੇਂ ਪ੍ਰਤਾਪ ਸਿੰਘ ਬਾਜਵਾ ਦੇ ਮੁਕਾਬਲੇ ਜ਼ਿਆਦਾ ਪ੍ਰਵਾਨਤ ਆਗੂ ਹੋਣ, ਪਰ ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਚੋਣਾਂ ਅਤੇ ਸਿਆਸੀ ਨੁਮਾਇਸ਼ ਵਾਲੀਆਂ ਰੈਲੀਆਂ ਤੋਂ ਬਿਨਾਂ ਸਿਰਫ਼ ਆਪਣੇ ਧੜੇ ਦੇ ਕਾਂਗਰਸੀਆਂ ਨੂੰ ਰਿਆਸਤੀ ਲੰਗਰ ਛਕਾਉਣ ਤੋਂ ਬਿਨਾਂ ਕੁਝ ਨਹੀਂ ਕੀਤਾ।
ਇਸ ਦੌਰਾਨ ਕਾਂਗਰਸ ਵਿਚ ਕਦੇ ਵੀ ਸੂਬੇ ਦੀ ਪ੍ਰਧਾਨਗੀ ਦਾ ਜਮਹੂਰੀਅਤ ਨਾਲ ਫ਼ੈਸਲਾ ਕਰਨ ਦਾ ਵਿਚਾਰ ਤੱਕ ਪੇਸ਼ ਨਹੀਂ ਹੋਇਆ। ਅਮਰਿੰਦਰ ਖ਼ਿਲਾਫ਼ ਇਹੋ ਦਲੀਲ ਪੇਸ਼ ਹੁੰਦੀ ਰਹੀ ਹੈ ਕਿ ਪੰਜਾਬ ਵਿਚ ਕਾਂਗਰਸ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ। ਇਹ ਦਲੀਲ ਉਸ ਪਰਿਵਾਰ ਕੋਲ ਪੇਸ਼ ਕੀਤੀ ਜਾਂਦੀ ਰਹੀ ਹੈ ਜਿਸ ਦੀ ਅਗਵਾਈ ਵਿਚ ਕਾਂਗਰਸ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਬਣਨ ਲਈ ਲੋੜੀਂਦੀ ਗਿਣਤੀ ਨਹੀਂ ਜੁਟਾ ਸਕੀ। ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਵਿਚ ਤਕਰੀਬਨ ਹਰ ਸੂਬੇ ਵਿਚ ਪਿੱਛੇ ਗਈ ਹੈ, ਪਰ ਉਸ ਦੀ ਯੋਗਤਾ ਉਤੇ ਕੋਈ ਸੁਆਲ ਨਹੀਂ ਹੈ। ਜੋ ਦਲੀਲਾਂ ਰਾਹੁਲ-ਸੋਨੀਆ ਗਾਂਧੀ ਦੇ ਨੁਮਾਇੰਦੇ ਦੇ ਰਹੇ ਹਨ, ਉਹ ਦਲੀਲਾਂ ਗਾਂਧੀ ਪਰਿਵਾਰ ਉਤੇ ਕਦੇ ਲਾਗੂ ਨਹੀਂ ਹੁੰਦੀਆਂ। ਕਾਂਗਰਸ ਵਿਚ ਗਾਂਧੀ ਪਰਿਵਾਰ ਤੋਂ ਬਾਅਦ ਇਸ ਤਰ੍ਹਾਂ ਦੀ ਦਲੀਲ ਰਿਆਸਤੀ ਆਗੂਆਂ ਉਤੇ ਵੀ ਲਾਗੂ ਨਹੀਂ ਹੁੰਦੀ। ਹਿਮਾਚਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀਰਭੱਦਰ ਸਿੰਘ ਦੀ ਹਾਲਤ ਤਕਰੀਬਨ ਅਮਰਿੰਦਰ ਸਿੰਘ ਵਾਲੀ ਸੀ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਸੂਬਾ ਕਾਂਗਰਸ ਵਿਚ ਵਿਰੋਧ ਦੇ ਬਾਵਜੂਦ ਵੀਰਭੱਦਰ ਸਿੰਘ ਆਗੂ ਵੀ ਬਣਿਆ ਅਤੇ ਹੁਣ ਮੁੱਖ ਮੰਤਰੀ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਕੁਨਬਾਪ੍ਰਸਤੀ ਦਾ ਇਲਜ਼ਾਮ ਲਗਾਉਣ ਵਾਲੀ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਸੂਬੇ ਦਾ ਆਗੂ ਬਣਾਇਆ ਹੈ। ਹਾਲ ਇਹ ਹੈ ਕਿ ਦੋਹਾਂ ਪਰਿਵਾਰਾਂ ਵਿਚੋਂ ਤਿੰਨ-ਤਿੰਨ ਜੀਅ ਹੀ ਚੋਣ ਲੜਦੇ ਹਨ। ਇਹ ਕੁਨਬਾਪ੍ਰਸਤੀ ਦੀ ਬਾਂਦੀ ਵਿਆਖਿਆ ਹੈ। ਕੁਨਬਾਪ੍ਰਸਤੀ ਦੀ ਨਾਦੀ ਵਿਆਖਿਆ ਨਾਲ ਇਸ ਰੁਝਾਨ ਦੀ ਅਹਿਮ ਕੜੀ ਉਜਾਗਰ ਹੁੰਦੀ ਹੈ। ਰਿਆਇਤਾਂ, ਵਫ਼ਾਦਾਰੀਆਂ, ਦੋਸਤੀਆਂ ਅਤੇ ਰਿਸ਼ਤੇਦਾਰੀਆਂ ਨਾਦੀ ਕੁਨਬਾਪ੍ਰਸਤੀ ਦੇ ਘੇਰੇ ਵਿਚ ਆਉਂਦੀਆਂ ਹਨ। ਇਸੇ ਰੁਝਾਨ ਦੀ ਕੜੀ ਵਜੋਂ ਪੁਰਾਣੀ ਅਫ਼ਸਰਸ਼ਾਹੀ ਸਿਆਸਤਦਾਨਾਂ ਨਾਲ ਵਫ਼ਾਦਾਰੀਆਂ ਪਾਲ ਕੇ ਵਿਧਾਨ ਸਭਾ ਤੇ ਲੋਕ ਸਭਾ ਅੰਦਰ ਪੁੱਜਦੀ ਹੈ ਅਤੇ ਇਸ ਤੋਂ ਇਲਾਵਾ ਮੰਤਰੀਆਂ, ਗਵਰਨਰਾਂ, ਕਮਿਸ਼ਨਰਾਂ ਅਤੇ ਹੋਰ ਅਹੁਦਿਆਂ ਉਤੇ ਕਾਬਜ਼ ਹੁੰਦੀ ਹੈ। ਇਸ ਤਰ੍ਹਾਂ ਸਿਆਸੀ ਘਰਾਣਿਆਂ ਦੁਆਲੇ ਵਫ਼ਾਦਾਰੀਆਂ, ਦੋਸਤੀਆਂ ਅਤੇ ਰਿਸ਼ਤੇਦਾਰੀਆਂ ਦਾ ਪੇਚੀਦਾ ਤਾਣਾ-ਬਾਣਾ ਉਸਰਿਆ ਹੋਇਆ ਹੈ ਜਿਸ ਦਾ ਆਪਸ ਵਿਚ ਮੁਕਾਬਲਾ ਚੱਲਦਾ ਰਹਿੰਦਾ ਹੈ। ਜਦੋਂ ਘਰਾਣਿਆਂ ਨਾਲ ਜੁੜੇ ਸਿਆਸਤਦਾਨ ਆਪਣੀਆਂ ਧਿਰਾਂ ਨਾਲ ਨਾਰਾਜ਼ ਹੁੰਦੇ ਹਨ, ਜਾਂ ਉਨ੍ਹਾਂ ਦਾ ਟਕਰਾਅ ਕਿਸੇ ਸਹਿਮਤੀ ਵਿਚ ਬੰਨ੍ਹੇ ਜਾਣ ਤੋਂ ਇਨਕਾਰੀ ਹੁੰਦਾ ਹੈ, ਤਾਂ ਦੂਜੀਆਂ ਸਿਆਸੀ ਧਿਰਾਂ ਉਨ੍ਹਾਂ ਨੂੰ ਦੋ ਕਦਮ ਅੱਗੇ ਹੋ ਕੇ ਕਲਾਵੇ ਵਿਚ ਲੈਂਦੀਆਂ ਹਨ। ਇਹ ਰੁਝਾਨ ਸਿੰਧੀਆ, ਗਾਂਧੀ ਅਤੇ ਬਾਦਲ ਪਰਿਵਾਰ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ। ਮਨਪ੍ਰੀਤ ਬਾਦਲ ਕੁਨਬਾਪ੍ਰਸਤੀ ਰਾਹੀਂ ਰੁਤਬਾ ਹਾਸਲ ਕਰਦਾ ਹੈ ਅਤੇ ਉਸੇ ਰੁਤਬੇ ਲਈ ਕੁਨਬਾਪ੍ਰਸਤੀ ਖ਼ਿਲਾਫ਼ ਖੱਬੀਆਂ-ਸੱਜੀਆਂ ਸਿਆਸੀ ਧਿਰਾਂ ਦੇ ਨਾਲ ਜਸਵੰਤ ਸਿੰਘ ਕੰਵਲ ਵਰਗੇ ਲੇਖਕਾਂ ਦਾ ਨਾਇਕ ਹੋ ਜਾਂਦਾ ਹੈ। ਪੰਜਾਬ ਭੁੱਲ ਜਾਂਦਾ ਹੈ ਕਿ ਕੁਨਬਾਪ੍ਰਸਤੀ ਦਾ ਦੂਜਾ ਨਾਮ ਭਾਈ-ਭਤੀਜਾਵਾਦ ਹੈ। ਪੁੱਤ ਦੇ ਖ਼ਿਲਾਫ਼ ਅਤੇ ਭਤੀਜੇ ਦੇ ਪੱਖ ਵਿਚ ਦਲੀਲ ਉਸਾਰ ਕੇ ਪੰਜਾਬ ਨੂੰ ਕੁਨਬਾਪ੍ਰਸਤੀ ਤੋਂ ਨਿਜਾਤ ਦਵਾਉਣ ਦਾ ਵਾਅਦਾ ਕੀਤਾ ਜਾਂਦਾ ਹੈ। ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਵਿਚ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਭਤੀਜੇ ਆ ਜੁੜਦੇ ਹਨ।
ਅਮਰਿੰਦਰ ਕੁਨਬਾਪ੍ਰਸਤੀ ਦੇ ਰੁਝਾਨ ਦੀ ਨਾਦੀ ਕੜੀ ਹੈ। ਭਾਰਤ ਦੇ ਸਿਆਸੀ ਘਰਾਣੇ ਆਪਣੇ ਵਜੂਦ ਲਈ ਲੜ ਰਹੇ ਹਨ ਅਤੇ ਇੱਕ-ਦੂਜੇ ਨੂੰ ਰਿਆਇਤਾਂ ਦੇ ਰਹੇ ਹਨ। ਉਹ ਆਪਸ ਵਿਚ ਲੜਦੇ ਹੋਏ ਵੀ ਆਪਣੇ ਰੁਤਬਿਆਂ ਦਾ ਧਿਆਨ ਰੱਖਦੇ ਹਨ। ਗਾਂਧੀਆਂ ਨੇ ਪਟਿਆਲੇ ਦੀ ਰਿਆਸਤ ਨਾਲ ਸਾਕ ਨਿਭਾਇਆ ਹੈ। ਉਨ੍ਹਾਂ ਨੇ ਪੰਜਾਬ ਵਿਚ ਗਾਂਧੀਆਂ ਦੀ ਵਫ਼ਾਦਾਰੀ ਨੂੰ ਮਜ਼ਬੂਤ ਕੀਤਾ ਹੈ। ਹੁਣ ਅਮਰਿੰਦਰ ਦੀ ਨੁਮਾਇਸ਼ੀ ਪ੍ਰਧਾਨਗੀ ਦਾ ਹਰ ਫ਼ੈਸਲਾ ਗਾਂਧੀਆਂ ਨੇ ਕਰਨਾ ਹੈ। ਪੰਜਾਬ ਕਾਂਗਰਸ ਦਾ ਹਰ ਧੜਾ ਆਪਣੇ ਵਜੂਦ ਲਈ ਗਾਂਧੀਆਂ ਦਾ ਝਾੜੂ-ਬਰਦਾਰ ਬਣਿਆ ਹੈ ਅਤੇ ਘਰਾਣਾ ਹਾਰਦਾ ਹੋਇਆ ਵੀ ਵਫ਼ਾਦਾਰੀਆਂ ਦਾ ਧਿਆਨ ਰੱਖਦਾ ਹੈ। ਪੰਜਾਬ ਕਾਂਗਰਸ ਦੀ ਮੌਜੂਦਾ ਹਾਲਾਤ ਦੀ ਇੱਕ ਤੰਦ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਸਾਂਝੀ ਹੈ। ਜਿਵੇਂ ਗਾਂਧੀਆਂ ਨੇ ਸੂਬਾ ਕਾਂਗਰਸ ਦੇ ਹਰ ਧੜੇ ਨੂੰ ਆਪਣਾ ਵਫ਼ਾਦਾਰ ਬਣਾਇਆ ਹੈ, ਉਸੇ ਤਰ੍ਹਾਂ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਕੀਤਾ ਹੈ। ਭਾਜਪਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨਾਲ ਆਪਣੀ ਸਾਂਝ ਵਿਚ ਬਾਂਦੀ ਕੁਨਬਾਪ੍ਰਸਤੀ ਦੀ ਸਰਪ੍ਰਸਤੀ ਹੀ ਨਹੀਂ ਕਰਦੀ, ਸਗੋਂ ਨਾਦੀ ਕੁਨਬਾਪ੍ਰਸਤੀ ਨੂੰ ਮਜ਼ਬੂਤ ਕਰਦੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਬਾਦਲ ਪਰਿਵਾਰ ਤੋਂ ਬਿਨਾਂ, ਬਾਕੀ ਆਗੂਆਂ ਦਾ ਰੁਤਬਾ ਭਾਜਪਾ ਨਾਲ ਨੇੜਤਾ ਦੇ ਹਿਸਾਬ ਨਾਲ ਤੈਅ ਹੁੰਦਾ ਹੈ। ਇਨ੍ਹਾਂ ਹਾਲਾਤ ਵਿਚ ਅਮਰਿੰਦਰ ਸਿੰਘ ਪੰਜਾਬ ਦੀ ਦਵਾਈ ਦੀ ਨਹੀਂ, ਸਗੋਂ ਮਰਜ਼ ਦੀ ਨੁਮਾਇੰਦਗੀ ਕਰਦੇ ਹਨ। ਜੇ ਇਸ ਮਰਜ਼ ਦਾ ਇੱਕ ਪਾਸਾ ਪ੍ਰਕਾਸ਼ ਸਿੰਘ ਬਾਦਲ ਹੈ ਤਾਂ ਦੂਜਾ ਪਾਸਾ ਅਮਰਿੰਦਰ ਸਿੰਘ ਹਨ। ਉਹ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਬਿਨਾਂ ਸ਼ੱਕ ਧੜੱਲੇਦਾਰ ਆਗੂ ਵਜੋਂ ਪੇਸ਼ ਹੋ ਸਕਦੇ ਹਨ, ਪਰ ਪੰਜਾਬ ਉਨ੍ਹਾਂ ਤੋਂ ਕੀ ਆਸ ਕਰ ਸਕਦਾ ਹੈ?