-ਜਤਿੰਦਰ ਪਨੂੰ
ਆਮਿਰ ਖਾਨ ਮੁਸ਼ਕਿਲ ਵਿਚ ਹੈ। ਕੁਝ ਸਮਾਂ ਪਹਿਲਾਂ ਸ਼ਾਹਰੁਖ ਖਾਨ ਵੀ ਮੁਸ਼ਕਿਲ ਵਿਚ ਸੀ। ਬੜਾ ਔਖਾ ਕੰਮ ਹੁੰਦਾ ਹੈ ਚੁਫੇਰਿਓਂ ਚਾਂਦਮਾਰੀ ਝੱਲ ਰਹੇ ਕਿਸੇ ਬੰਦੇ ਦੇ ਹੱਕ ਵਿਚ ਖੜੇ ਹੋਣਾ। ਫਿਰ ਵੀ ਕਈ ਲੋਕਾਂ ਨੇ ਆਮਿਰ ਖਾਨ ਦੇ ਹੱਕ ਵਿਚ ਖੜੇ ਹੋਣ ਦੀ ਹਿੰਮਤ ਵਿਖਾਈ ਹੈ। ਆਪਣੇ ਮੱਥੇ ਉਤੇ ਭਾਰਤ-ਮਾਤਾ ਦਾ ਸਪੁੱਤਰ ਹੋਣ ਦਾ ਫੱਟਾ ਟੰਗੀ ਫਿਰਨ ਦੇ ਸ਼ੌਕੀਨਾਂ ਨੂੰ ਇਹ ਹਿੰਮਤ ਵੀ ਹਿਮਾਕਤ ਜਾਪਦੀ ਹੈ।
ਦੇਸ਼-ਭਗਤੀ ਸਿਰਫ ਉਨ੍ਹਾਂ ਕੋਲ ਹੀ ਨਹੀਂ, ਭਾਰਤ ਦੇ ਹੋਰ ਲੋਕ ਵੀ ਇਸ ਮਿੱਟੀ ਨੂੰ ਪਿਆਰ ਕਰਦੇ ਹਨ, ਜਿੱਥੇ ਕਦੇ ਕੋਈ ਕਿਸੇ ਤਰ੍ਹਾਂ ਦਾ ਸ਼ਿਕਵਾ ਕਰੇ, ਉਸ ਨੂੰ ਵਤਨ ਦਾ ਗੱਦਾਰ ਕਹਿਣ ਨੂੰ ਛੱਤੀ ਸੌ ਤਿਆਰ ਹੋ ਜਾਂਦੇ ਹਨ। ਗਿਰਨੀਸ਼ ਕਰਨਾਡ ਨੇ ਜ਼ਰਾ ਕੁ ਟੀਪੂ ਸੁਲਤਾਨ ਦੀ ਸਿਫਤ ਕਰ ਦਿੱਤੀ ਤਾਂ ਉਸ ਨਾਲ ਵੀ ਇਹੋ ਹੋਇਆ ਸੀ। ਕਦੀ ਗਲੀਲੀਓ ਨੂੰ ਜਨੂੰਨੀਆਂ ਨੇ ਕਿਹਾ ਸੀ ਕਿ ਸੂਰਜ ਦੁਆਲੇ ਧਰਤੀ ਘੁੰਮਣ ਦੇ ਆਪਣੇ ਸਿਧਾਂਤ ਨੂੰ ਵਾਪਸ ਲੈ ਲਵੇ ਤੇ ਸੂਰਜ ਨੂੰ ਧਰਤੀ ਦੀ ਪਰਿਕਰਮਾ ਕਰਦਾ ਮੰਨ ਲਵੇ, ਵਰਨਾ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਉਸ ਨੇ ਕਿਹਾ ਸੀ ਕਿ ਮੈਂ ਤੁਹਾਡੇ ਆਖੇ ਇਹ ਗੱਲ ਮੰਨ ਵੀ ਲਵਾਂ ਤਾਂ ਮੇਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ, ਧਰਤੀ ਨੇ ਫਿਰ ਵੀ ਸੂਰਜ ਦੇ ਦੁਆਲੇ ਘੁੰਮੀ ਜਾਣਾ ਹੈ, ਸੂਰਜ ਨੇ ਨਹੀਂ ਘੁੰਮਣਾ। ਜਨੂੰਨੀ ਲੋਕਾਂ ਨੂੰ ਅਸਲੀਅਤ ਨਾਲ ਨਹੀਂ, ਆਪਣੀ ਕਹੀ ਹੋਈ ਗੱਲ ਹਰ ਹਾਲ ਮੰਨਵਾਉਣ ਨਾਲ ਮਤਲਬ ਹੁੰਦਾ ਹੈ ਤੇ ਇਸ ਕੰਮ ਵਿਚ ਜਦੋਂ ਰਾਜ ਦੀ ਤਾਕਤ ਨਾਲ ਜੁੜੀ ਹੋਈ ਹੋਵੇ ਤਾਂ ਉਨ੍ਹਾਂ ਦੀ ਧੌਂਸ ਹੋਰ ਵੀ ਵਧ ਜਾਂਦੀ ਹੈ।
ਉਂਜ ਜਦੋਂ ਸਿੱਧੇ ਪੱਖੋਂ ਗਿਣਨਾ ਔਖਾ ਹੋ ਜਾਵੇ ਤਾਂ ਉਲਟੇ ਰੁਖ ਗਿਣਤੀ ਕਰਨੀ ਕਈ ਵਾਰੀ ਲਾਹੇਵੰਦ ਸਾਬਤ ਹੁੰਦੀ ਹੈ। ਭਾਰਤ ਵਿਚ ਜਦੋਂ ਇਸ ਪੱਖੋਂ ਵੇਖਿਆ ਜਾਵੇ ਤਾਂ ਆਮਿਰ ਖਾਨ ਦੀ ਗਲਤੀ ਲੱਭੇਗੀ। ਫਿਰ ਕਈ ਲੋਕ ਇਹ ਸਮਝ ਜਾਣਗੇ ਕਿ ਭਾਰਤ ਵਿਚ ਤਾਂ ਏਨੀ ਸਹਿਣਸ਼ੀਲਤਾ ਹੈ ਕਿ ਲੋਕ ਸਭ ਕੁਝ ਸਹੀ ਜਾ ਰਹੇ ਹਨ ਤੇ ਆਮਿਰ ਖਾਨ ਵਰਗੇ ਕੁਝ ਮੂਰਖ ਹੀ ਹਨ, ਜਿਹੜੇ ਰੋਸਾ ਕਰਦੇ ਹਨ। ਏਦਾਂ ਦੇ ਬਹੁਤ ਕਿੱਸੇ ਏਥੇ ਮਿਲ ਜਾਂਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਵਿਚ ਪੁੱਜਣ ਲਈ ਦੋ ਥਾਂਵਾਂ ਤੋਂ ਚੋਣ ਲੜੀ ਸੀ। ਇੱਕ ਆਪਣੇ ਜੱਦੀ ਰਾਜ ਗੁਜਰਾਤ ਦੇ ਵਡੋਦਰਾ ਦੀ ਸੀਟ ਤੇ ਦੂਸਰੀ ਸੀਟ ਯੂ ਪੀ ਦੇ ਵਾਰਾਣਸੀ ਵਾਲੀ ਸੀ। ਜਦੋਂ ਪ੍ਰਧਾਨ ਮੰਤਰੀ ਬਣ ਕੇ ਉਹ ਵਾਰਾਣਸੀ ਗਏ ਤਾਂ ਉਥੋਂ ਦੇ ਵਿਸ਼ਵਾਨਾਥ ਮੰਦਰ ਵੀ ਗਏ ਸਨ। ਇਸ ਦੌਰੇ ਦੌਰਾਨ ਨਰਿੰਦਰ ਮੋਦੀ ਨੇ ਸਾਫ ਕਿਹਾ ਕਿ ਉਹ ਦੇਸ਼ ਦੇ ਸਾਰੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣਗੇ ਤੇ ਉਨ੍ਹਾਂ ਦੀ ਸਰਕਾਰ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਮੰਦ-ਭਾਵਨਾ ਸਹਿਣ ਨਹੀਂ ਕਰੇਗੀ। ਵਿਸ਼ਵਾਨਾਥ ਮੰਦਰ ਦੇ ਕੋਲ ਗਿਆਨਵਾਪੀ ਮਸਜਿਦ ਹੈ। ਕਈ ਦਹਾਕਿਆਂ ਤੋਂ ਇਸ ਬਾਰੇ ਵਿਵਾਦ ਉਠਦੇ ਰਹੇ ਸਨ। ਬਹੁਤ ਸਾਰੇ ਲੋਕਾਂ ਦਾ ਖਿਆਲ ਸੀ ਕਿ ਮੋਦੀ ਖੁਦ ਜਦੋਂ ਇਹ ਕਹਿੰਦੇ ਹਨ ਕਿ ਕਿਸੇ ਨਾਲ ਕਿਸੇ ਤਰ੍ਹਾਂ ਦੀ ਮੰਦ-ਭਾਵਨਾ ਸਹਿਣ ਨਹੀਂ ਕਰਨੀ ਤਾਂ ਅਮਲ ਵਿਚ ਏਹੋ ਹੋਵੇਗਾ। ਅਜੇ ਮੋਦੀ ਸਾਹਿਬ ਦਿੱਲੀ ਨਹੀਂ ਸੀ ਪੁੱਜੇ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਇੱਕ ਪਾਰਲੀਮੈਂਟ ਮੈਂਬਰ ਯੋਗੀ ਨੇ ਓਸੇ ਬਾਬਾ ਵਿਸ਼ਵਾਨਾਥ ਮੰਦਰ ਦੇ ਲਾਗੇ ਬਣੀ ਗਿਆਨਵਾਪੀ ਮਸਜਿਦ ਦੀ ਹੋਂਦ ਦੇ ਖਿਲਾਫ ਬਿਆਨ ਦਾਗ ਦਿੱਤਾ ਸੀ। ਸਮੁੱਚੇ ਮੀਡੀਏ ਨੇ ਇਸ ਦੀ ਚਰਚਾ ਕੀਤੀ ਤੇ ਫਿਰ ਇਸ ਬਿਆਨ ਨੂੰ ਭਾਰਤ ਦੀ ਰਾਜਨੀਤੀ ਨੇ ਹਜ਼ਮ ਕਰ ਲਿਆ ਸੀ।
ਕੁਝ ਦਿਨਾਂ ਬਾਅਦ ਕੇਰਲਾ ਤੋਂ ਛਪਦੇ ਸੰਘ ਪਰਿਵਾਰ ਦੇ ਰਸਾਲੇ ਵਿਚ ਇੱਕ ਚਿੰਤਕ ਦਾ ਲੇਖ ਛਪਿਆ ਕਿ ਦੇਸ਼ ਦੀ ਵੰਡ ਪਿੱਛੋਂ ਮਹਾਤਮਾ ਗਾਂਧੀ ਨੂੰ ਕਤਲ ਕੀਤਾ ਜਾਣਾ ਗਲਤ ਸੀ। ਏਨੀ ਗੱਲ ਚਿੰਤਕ ਨੇ ਠੀਕ ਲਿਖਣ ਦੇ ਬਾਅਦ ਇਹ ਲਿਖ ਮਾਰਿਆ ਕਿ ਕਤਲ ਹੀ ਕਰਨਾ ਸੀ ਤਾਂ ਗਾਂਧੀ ਦੀ ਥਾਂ ਫਲਾਣੇ ਆਗੂ ਦਾ ਕਰਨਾ ਬਣਦਾ ਸੀ। ਰੌਲਾ ਪੈਣ ਪਿੱਛੋਂ ਇਹ ਜਵਾਬ ਦਿੱਤਾ ਗਿਆ ਕਿ ਵਿਚਾਰ ਲੇਖਕ ਦੇ ਨਿਜੀ ਹਨ। ਕੋਈ ਬੰਦਾ ਕਤਲ ਦੀ ਕਥਾ ਏਨੀ ਸਾਦਗੀ ਨਾਲ ਵੀ ਕਰ ਜਾਵੇ ਕਿ ਫਲਾਣੇ ਦੀ ਥਾਂ ਫਲਾਣਾ ਬੰਦਾ ਕਤਲ ਕਰ ਦੇਣਾ ਚਾਹੀਦਾ ਸੀ ਤਾਂ ਭਾਰਤ ਦੀ ਫਰਾਖਦਿਲੀ ਹੈ ਕਿ ਉਸ ਨੇ ਇਸ ਬਦ-ਜ਼ਬਾਨੀ ਨੂੰ ਵੀ ਸਹਿਣ ਕਰ ਲਿਆ ਸੀ। ਇਹ ਬਹੁਤ ਵੱਡੀ ਸਹਿਣਸ਼ੀਲਤਾ ਹੈ।
ਇਸ ਹਫਤੇ ਅਸੀਂ ਭਾਰਤ ਦੀ ਪਾਰਲੀਮੈਂਟ ਵਿਚ ਇੱਕ ਬਹਿਸ ਸੁਣੀ ਹੈ। ਇਹ ਬਹਿਸ ਭਾਰਤ ਦੇ ਸੰਵਿਧਾਨ ਦੇ ਦੁਆਲੇ ਘੁੰਮਦੀ ਹੋਈ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਦੁਆਲੇ ਘੁੰਮਣ ਲੱਗੀ ਤੇ ਫਿਰ ਇਸ ਵਿਚ ਇਸ ਦੇਸ਼ ਦੇ ਦਲਿਤਾਂ ਦੀ ਸਥਿਤੀ ਦੀ ਚਰਚਾ ਵੀ ਹੋ ਗਈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਕਹਿਣ ਲੱਗਾ ਕਿ ਡਾæ ਅੰਡੇਬਕਰ ਨੂੰ ਅਸਹਿਣਸ਼ੀਲਤਾ ਹੰਢਾਉਣੀ ਪਈ ਸੀ, ਪਰ ਉਸ ਨੇ ਕਦੇ ਇਹ ਦੇਸ਼ ਛੱਡ ਕੇ ਚਲੇ ਜਾਣ ਦੀ ਗੱਲ ਨਹੀਂ ਸੀ ਕਹੀ। ਰਾਜਨਾਥ ਸਿੰਘ ਨੇ ਠੀਕ ਗੱਲ ਆਖਦੇ ਹੋਏ ਫਿਰ ਅੰਬੇਡਕਰ ਦੇ ਬਹਾਨੇ ਆਮਿਰ ਖਾਨ ਵੱਲ ਇੱਕ ਹੋਰ ਤੀਰ ਪਾਰਲੀਮੈਂਟ ਵਿਚ ਖੜੇ ਹੋ ਕੇ ਦਾਗਿਆ ਹੈ। ਉਸ ਨੇ ਇਸ ਨੂੰ ਸਹਿਣਸ਼ੀਲਤਾ ਦੀ ਮਿਸਾਲ ਵਜੋਂ ਪੇਸ਼ ਕੀਤਾ ਹੈ। ਅੰਬੇਡਕਰ ਸੱਚਮੁੱਚ ਸਹਿਣਸ਼ੀਲ ਸਨ, ਪਰ ਜਿਹੜੀ ਅਸਹਿਣਸ਼ੀਲਤਾ ਉਦੋਂ ਉਨ੍ਹਾਂ ਨੇ ਹੰਢਾਈ, ਉਹ ਤਾਂ ਅੱਜ ਵੀ ਜਿੰਦਾ ਹੈ। ਇਸੇ ਹਫਤੇ ਇਸ ਦੀ ਇੱਕ ਭੱਦੀ ਮਿਸਾਲ ਸਾਹਮਣੇ ਆਈ ਹੈ, ਪਰ ਉਹ ਪਾਰਲੀਮੈਂਟ ਵਿਚ ਚਰਚਾ ਦਾ ਵਿਸ਼ਾ ਨਹੀਂ ਬਣ ਸਕੀ। ਹਰਿਆਣੇ ਵਿਚ ਭਾਜਪਾ ਸਰਕਾਰ ਹੈ। ਉਨ੍ਹਾਂ ਦੀ ਸਰਕਾਰ ਦੇ ਰਾਜ ਵਿਚ ਇੱਕ ਪਿੰਡ ਦੇ ਜ਼ੋਰਾਵਰਾਂ ਨੇ ਇੱਕ ਦਲਿਤ ਨੂੰ ਗੋਹਾ ਖਾਣ ਨੂੰ ਮਜਬੂਰ ਕੀਤਾ ਤੇ ਡਾæ ਅੰਬੇਡਕਰ ਦੇ ਬਣਾਏ ਸੰਵਿਧਾਨ ਦੀਆਂ ਸਿਫਤਾਂ ਕਰਨ ਵਾਲਾ ਇਹ ਦੇਸ਼ ਉਸ ਜੁਰਮ ਨੂੰ ਵੀ ਆਰਾਮ ਨਾਲ ਸਹਿਣ ਕਰ ਗਿਆ ਹੈ। ਬਹੁਤ ਕਮਾਲ ਦੀ ਸਹਿਣਸ਼ੀਲਤਾ ਹੈ ਭਾਰਤ ਦੀ ਰਾਜਨੀਤੀ ਤੇ ਭਾਰਤੀ ਸਮਾਜ ਦੀ। ਇਸ ਦੀ ਦਾਦ ਦੇਣੀ ਬਣਦੀ ਹੈ।
ਜੋ ਕੁਝ ਉਸ ਦਲਿਤ ਨਾਲ ਹੋਇਆ ਹੈ, ਉਹ ਇੱਕ ਜੁਰਮ ਹੈ ਅਤੇ ਜੁਰਮ ਦੀ ਸਜ਼ਾ ਦੇਣ ਲਈ ਅਸੀਂ ਆਰਾਮ ਨਾਲ ਉਸ ਨੂੰ ਸਲਾਹ ਦੇ ਸਕਦੇ ਹਾਂ ਕਿ ਇਨਸਾਫ ਦੇ ਮੰਦਿਰ ਮੌਜੂਦ ਹਨ, ਜੇ ਪੁਲਿਸ ਨਹੀਂ ਸੁਣਦੀ ਤਾਂ ਉਥੇ ਸ਼ਿਕਾਇਤ ਕਰ ਦੇਵੇ। ਇਹ ਕੰਮ ਵੀ ਏਨਾ ਸੌਖਾ ਨਹੀਂ ਹੁੰਦਾ। ਇਨਸਾਫ ਦੇ ਮੰਦਿਰਾਂ ਵਿਚ ਜਾ ਕੇ ਬਹੁੜੀ ਕਰਨ ਲਈ ਵਕੀਲ ਦੀ ਫੀਸ ਦੇਣੀ ਪੈ ਜਾਂਦੀ ਹੈ ਤੇ ਉਹ ਫੀਸ ਹੇਠਲੀ ਅਦਾਲਤ ਵਿਚ ਮਾਮੂਲੀ ਕੇਸ ਦੇ ਗਿਆਰਾਂ ਹਜ਼ਾਰ ਤੋਂ ਤੁਰਦੀ ਸਿਖਰ ਤੱਕ ਪਹੁੰਚ ਕੇ ਏਨੀ ਭਾਰੀ ਹੋ ਜਾਂਦੀ ਹੈ ਕਿ ਗਰੀਬ ਆਪਣਾ ਕੁੱਲਾ ਵੇਚ ਕੇ ਵੀ ਨਹੀਂ ਦੇ ਸਕਦਾ। ਏਦਾਂ ਦੇ ਵਕੀਲ ਵੀ ਸੁਪਰੀਮ ਕੋਰਟ ਵਿਚ ਹਨ, ਜਿਹੜੇ ਇੱਕ ਦਿਨ ਦੀ ਪੇਸ਼ੀ ਲਈ ਪੰਜ ਲੱਖ ਰੁਪਏ ਜਾਂ ਇਸ ਤੋਂ ਵੱਧ ਮੰਗਦੇ ਹਨ। ਉਹ ਕਦੇ-ਕਦੇ ਦੇਸ਼ ਦੇ ਮੰਤਰੀ ਬਣ ਜਾਂਦੇ ਹਨ ਅਤੇ ਜਦੋਂ ਮੰਤਰੀ ਨਾ ਹੋਣ ਤਾਂ ਵਕਾਲਤ ਕਰਨਾ ਵੀ ਮੰਤਰੀ ਨਾਲੋਂ ਘੱਟ ਨਹੀਂ ਹੁੰਦਾ।
ਅਦਾਲਤਾਂ ਦਾ ਹਾਲ ਵੀ ਆਮ ਬੰਦਾ ਨਹੀਂ ਸੋਚ ਸਕਦਾ। ਇੱਕ ਵਾਰ ਸੁਪਰੀਮ ਕੋਰਟ ਦੇ ਇੱਕ ਸੀਨੀਅਰ ਵਕੀਲ ਨੇ ਅਦਾਲਤ ਵਿਚ ਇਹ ਕਹਿ ਦਿੱਤਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਅੱਧੇ ਮੁੱਖ ਜੱਜ ਭ੍ਰਿਸ਼ਟਾਚਾਰ ਕਰਦੇ ਰਹੇ ਸਨ। ਆਮ ਬੋਲੀ ਵਿਚ ਕਿਹਾ ਜਾਵੇ ਤਾਂ ਛੋਟੇ ਮੂੰਹੋਂ ਕਹੀ ਵੱਡੀ ਗੱਲ ਲੱਗਦੀ ਸੀ। ਕੋਈ ਵਿਕਸਤ ਦੇਸ਼ ਹੁੰਦਾ ਤਾਂ ਇਹੋ ਜਿਹਾ ਭੁਚਾਲ ਆ ਜਾਂਦਾ ਕਿ ਰਾਜਨੀਤੀ ਸਮੇਤ ਉਸ ਦੇਸ਼ ਦਾ ਸਮੁੱਚਾ ਢਾਂਚਾ ਹਲੂਣਿਆ ਜਾਣਾ ਸੀ, ਪਰ ਭਾਰਤ ਵਿਚ ਏਨੀ ਸਹਿਣਸ਼ੀਲਤਾ ਹੈ ਕਿ ਏਡੀ ਵੱਡੀ ਗੱਲ ਵੀ ਐਵੇਂ ਲਾਈ ਊਜ ਮੰਨ ਕੇ ਸਹਿਣ ਕਰ ਲਈ ਸੀ। ਜਿਹੜੇ ਦੇਸ਼ ਵਿਚ ਇਸ ਹੱਦ ਤੱਕ ਦੀ ਸਹਿਣਸ਼ੀਲਤਾ ਹੈ, ਉਸ ਵਿਚ ਆਮਿਰ ਖਾਨ ਤੇ ਉਸ ਤਰ੍ਹਾਂ ਦੇ ਹੋਰ ਲੋਕ ਜਦੋਂ ਇਹ ਕਹਿੰਦੇ ਹਨ ਕਿ ਅਸਹਿਣਸ਼ੀਲਤਾ ਵਧ ਰਹੀ ਹੈ ਤਾਂ ਇਸ ਨੂੰ ਹੱਸ ਕੇ ਟਾਲ ਦੇਣਾ ਹੀ ਠੀਕ ਲੱਗਦਾ ਹੈ।
ਬਹੁਤ ਵੱਡੇ ਜਿਗਰੇ ਵਾਲੇ ਇਸ ਦੇਸ਼ ਵਿਚ ਠੀਕ ਅਤੇ ਗਲਤ ਕਹਿਣ ਵੇਲੇ ਪਹਿਲਾਂ ਇਹ ਵੇਖਣਾ ਚਾਹੀਦਾ ਹੈ ਕਿ ਆਖਣ ਵਾਲਾ ਕੌਣ ਹੈ? ਕਾਂਗਰਸ ਦੇ ਇੱਕ ਕੇਂਦਰੀ ਮੰਤਰੀ ਦੀ ਇੱਕ ਔਰਤ ਨਾਲ ਦੋਸਤੀ ਹੁੰਦੀ ਸੀ। ਕ੍ਰਿਕਟ ਦੀ ਆਈ ਪੀ ਐਲ ਲੜੀ ਵਿਚ ਉਸ ਔਰਤ ਨੇ ਇੱਕ ਕ੍ਰਿਕਟ ਟੀਮ ਖਰੀਦਣੀ ਸੀ। ਮੰਤਰੀ ਉਤੇ ਉਸ ਔਰਤ ਦੀ ਮਦਦ ਲਈ ਸੱਠ ਕਰੋੜ ਰੁਪਏ ਦਾ ਪ੍ਰਬੰਧ ਕਰਨ ਦਾ ਦੋਸ਼ ਲੱਗਾ ਸੀ। ਗੁਜਰਾਤ ਦੇ ਮੁੱਖ ਮੰਤਰੀ ਨੇ ਹਜ਼ਾਰਾਂ ਲੋਕਾਂ ਸਾਹਮਣੇ ਕਿਹਾ ਕਿ ਹੁਣ ਭਾਰਤ ਦੀ ਰਾਜਨੀਤੀ ਵਿਚ ਸਿਆਸੀ ਲੀਡਰਾਂ ਦੀ ਗਰਲ ਫਰੈਂਡ ਵੀ ਸੱਠ ਕਰੋੜ ਦੀ ਹੁੰਦੀ ਹੈ। ਫਿਰ ਗੁਜਰਾਤ ਦਾ ਮੁੱਖ ਮੰਤਰੀ ਭਾਰਤ ਦਾ ਪ੍ਰਧਾਨ ਮੰਤਰੀ ਬਣ ਗਿਆ। ਉਸ ਨੇ ਸਫਾਈ ਮੁਹਿੰਮ ਸ਼ੁਰੂ ਕੀਤੀ। ਜਿਹੜੇ ਨੌਂ ਚੋਣਵੇਂ ਸੁਲੱਖਣੇ ਚਿਹਰੇ ਉਸ ਨੇ ਅੱਗੇ ਕਰਕੇ ਆਖਿਆ ਕਿ ਇਹ ਭਾਰਤ ਦੀ ਦਿੱਖ ਸੁਧਾਰਨ ਲਈ ਸਾਡੇ ਨੌਂ-ਰਤਨ ਹੋਣਗੇ, ਉਨ੍ਹਾਂ ਵਿਚ ਕਾਂਗਰਸ ਦਾ ਉਹ ਸਾਬਕਾ ਮੰਤਰੀ ਵੀ ਸ਼ਾਮਲ ਸੀ, ਜਿਸ ਨੂੰ ‘ਸੱਠ ਕਰੋੜ ਦੀ ਗਰਲ ਫਰੈਂਡ’ ਦਾ ਟੋਣਾ ਮਾਰਿਆ ਗਿਆ ਸੀ। ਉਸ ਕਾਂਗਰਸੀ ਆਗੂ ਨੇ ਪਹਿਲਾ ਟੋਣਾ ਵੱਜਾ ਵੀ ਸਹਾਰ ਲਿਆ ਸੀ ਤੇ ਨੌਂ-ਰਤਨਾਂ ਵਿਚ ਸ਼ਾਮਲ ਹੋਣਾ ਵੀ ਪ੍ਰਵਾਨ ਕਰ ਲਿਆ ਸੀ। ਬਾਕੀ ਦੇ ਅੱਠ ਰਤਨਾਂ ਵਿਚ ਵੀ ਇੱਕ-ਦੋ ਏਦਾਂ ਦੇ ਸੁਲੱਖਣੇ ਹਨ।
ਏਨਾ ਕੁਝ ਅੱਖਾਂ ਅੱਗੇ ਹੁੰਦਾ ਵੇਖ ਕੇ ਇਸ ਦੇਸ਼ ਵਿਚ ਟਿਕੇ ਰਹਿਣਾ ਵੀ ਸਿਖਰਾਂ ਦੀ ਸਹਿਣਸ਼ੀਲਤਾ ਹੈ ਅਤੇ ਇਹ ਸਹਿਣਸ਼ੀਲਤਾ ਭਾਰਤ ਦੇ ਆਮ ਆਦਮੀ ਦੇ ਕੋਲ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਦੇ ਪਹਿਲੇ ਪਰਵਾਸੀ ਪੰਜਾਬੀ ਮੁੱਖ ਮੰਤਰੀ ਦਾ ਨਾਂ ਉਜਲ ਦੋਸਾਂਝ ਹੈ। ਉਸ ਦਾ ਇੱਕ ਲੇਖ ਛਪਿਆ ਹੈ। ਉਜਲ ਦੇ ਦਾਦਾ ਤੇ ਨਾਨਾ ਦੋਵੇਂ ਆਜ਼ਾਦੀ ਘੁਲਾਟੀਏ ਸਨ ਤੇ ਸੁਤੰਤਰਤਾ ਸੰਗਰਾਮ ਵਿਚ ਉਨ੍ਹਾਂ ਦੀ ਭੂਮਿਕਾ ਇਤਿਹਾਸ ਦਾ ਸ਼ਾਨਦਾਰ ਹਿੱਸਾ ਹੈ। ਉਸ ਨੇ ਲਿਖਿਆ ਹੈ ਕਿ ਜੇ ਆਮਿਰ ਖਾਨ ਦੇ ਕਹੇ ਤੋਂ ਏਨਾ ਗੁੱਸਾ ਆਉਂਦਾ ਹੈ ਤਾਂ ਉਸ ਤੋਂ ਪਹਿਲਾਂ ਫਾਂਸੀ ਉਤੇ ਮੈਨੂੰ ਟੰਗ ਦਿਓ। ਕਾਰਨ ਉਸ ਨੇ ਇਹ ਲਿਖਿਆ ਹੈ ਕਿ ਦੇਸ਼ ਦੇ ਆਗੂਆਂ ਤੋਂ ਅਜੇ ਤੱਕ ਇਸ ਦੇਸ਼ ਦੇ ਵਿਕਾਸ ਦਾ ਪੱਧਰ ਨਹੀਂ ਚੁੱਕਿਆ ਗਿਆ ਤੇ ਏਸੇ ਲਈ ਰੋਜ਼ ਇਸ ਮਿੱਟੀ ਵਿਚ ਜਨਮੇ ਹਜ਼ਾਰਾਂ ਬੱਚੇ ਰੋਟੀ ਦਾ ਜੁਗਾੜ ਕਰਨ ਲਈ ਵਿਦੇਸ਼ਾਂ ਨੂੰ ਤੁਰੇ ਜਾ ਰਹੇ ਹਨ। ਆਪਣੇ ਦੇਸ਼ ਵਿਚ ਇਹੋ ਜਿਹੇ ਹਾਲਾਤ ਨੂੰ ਭੁਗਤ ਰਹੇ ਆਮ ਲੋਕ ਕਦੇ ਅਸਹਿਣਸ਼ੀਲ ਨਹੀਂ ਕਹੇ ਜਾ ਸਕਦੇ। ਉਸ ਨੇ ਲਿਖਿਆ ਹੈ ਕਿ ਮੈਂ ਉਥੋਂ ਆ ਗਿਆ, ਇੱਕ ਅਰਬ ਤੋਂ ਵੱਧ ਲੋਕ ਉਥੇ ਵੱਸ ਰਹੇ ਹਨ ਤੇ ਆਪਣੀ ਹੋਂਦ ਦੀ ਲੜਾਈ ਲੜਦੇ ਪਏ ਹਨ। ਮੈਂ ਦੋਸ਼ੀ ਹੋ ਸਕਦਾ ਹਾਂ, ਉਹ ਦੋਸ਼ੀ ਨਹੀਂ ਹਨ। ਆਮਿਰ ਦੌੜਿਆ ਤਾਂ ਨਹੀਂ ਹੈ, ਉਥੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ ਦੋਸ਼ੀ ਨਹੀਂ ਕਿਹਾ ਜਾਣਾ ਚਾਹੀਦਾ। ਉਸ ਨੂੰ ਦੌੜ ਜਾਣ ਨੂੰ ਕਿਹਾ ਜਾ ਚੁੱਕਾ ਹੈ ਤੇ ਉਹ ਫਿਰ ਵੀ ਦੌੜਿਆ ਨਹੀਂ। ਇਸ ਲਈ ਉਹ ਦੇਸ਼-ਧਰੋਹੀ ਨਹੀਂ ਹੋ ਸਕਦਾ।
æææਤੇ ਗੱਲ ਉਜਲ ਦੋਸਾਂਝ ਬੜਾ ਭਾਵੁਕ ਹੋ ਕੇ ਏਥੇ ਮੁਕਾਉਂਦਾ ਹੈ ਕਿ ਮੇਰੇ ਵੱਡਿਆਂ ਨੇ ਭਾਰਤ ਦੀ ਆਜ਼ਾਦੀ ਲਈ ਕੁਰਬਾਨੀ ਕੀਤੀ ਸੀ, ਮੈਂ ਭਾਰਤ ਨੂੰ ਛੱਡ ਆਇਆ। ਜੇ ਦੇਸ਼ ਧਰੋਹੀ ਕਹਿਣਾ ਹੈ ਤਾਂ ਆਮਿਰ ਤੋਂ ਪਹਿਲਾਂ ਮੈਨੂੰ ਫਾਂਸੀ ਚਾੜ੍ਹ ਦਿਓ, ਜਿਹੜਾ ਉਸ ਦੇਸ਼ ਵਿਚੋਂ ਉਠ ਕੇ ਕੈਨੇਡਾ ਆ ਬੈਠਾ ਹਾਂ। ਉਜਲ ਦੋਸਾਂਝ ਦੇ ਇਸ ਵਲਵਲੇ ਨੂੰ ਵੀ ਭਾਰਤ ਨੇ ਲਤੀਫਾ ਸਮਝ ਕੇ ਸਹਿਣ ਕਰ ਲੈਣਾ ਹੈ, ਕਿਉਂਕਿ ਭਾਰਤ ਅਸਹਿਣਸ਼ੀਲ ਨਹੀਂ ਅਖਵਾ ਸਕਦਾ।
ਇੱਕ ਪੁਰਾਣੀ ਗੱਲ ਯਾਦ ਕਰਵਾਉਣੀ ਚਾਹਾਂਗੇ। ਜਦੋਂ ਉਜਲ ਦੋਸਾਂਝ ਬ੍ਰਿਟਿਸ਼ ਕੋਲੰਬੀਆ ਦਾ ਮੁੱਖ ਮੰਤਰੀ ਬਣਿਆ ਤਾਂ ਪੰਜਾਬ ਵਿਚ ਉਸ ਦੇ ਸਨਮਾਨ ਵਿਚ ਕਈ ਸਮਾਗਮ ਹੋਏ ਸਨ। ਇਹੋ ਜਿਹੇ ਸਮਾਗਮਾਂ ਵਿਚੋਂ ਇੱਕ ਥਾਂ ਸਾਨੂੰ ਵੀ ਸੱਦਿਆ ਗਿਆ ਸੀ। ਸਾਰੇ ਬੁਲਾਰੇ ਇਹੋ ਕਹੀ ਜਾਂਦੇ ਸਨ ਕਿ ਉਜਲ ਦੋਸਾਂਝ ਵਰਗੇ ਲੋਕਾਂ ਦੀ ਪੰਜਾਬ ਨੂੰ ਲੋੜ ਹੈ। ਉਜਲ ਦੇ ਕਹਿਣ ਉਤੇ ਸਾਨੂੰ ਅਖੀਰ ਵਿਚ ਬੁਲਾਇਆ ਗਿਆ। ਅਸੀਂ ਕਿਹਾ ਸੀ, ਉਜਲ ਵੀਰਿਆ, ਤੂੰ ਪੰਜਾਬ ਤੇ ਕੈਨੇਡਾ ਦੇ ਫਰਕ ਨੂੰ ਸਮਝ ਕੇ ਗੱਲ ਕਰ। ਬਲਬ ਜਗਾਉਣ ਨੂੰ ਅਸੀਂ ਬਟਨ ਹੇਠਾਂ ਕਰਦੇ ਹਾਂ ਤੇ ਤੁਸੀਂ ਉਪਰ ਕਰਦੇ ਹੋ। ਅਸੀਂ ਸੜਕ ਉਤੇ ਖੱਬੇ ਚੱਲਦੇ ਤੇ ਤੁਸੀਂ ਸੱਜੇ ਪਾਸੇ ਵੱਲ ਚੱਲਦੇ ਹੋ। ਹਾਸੇ ਵਿਚ ਅਸੀਂ ਕਿਹਾ ਕਿ ਏਥੇ ਅਸੂਲ ਵੀ ਤੁਹਾਡੇ ਤੋਂ ਉਲਟ ਨੇ। ਉਥੇ ਲੋਕਾਂ ਨੇ ਤੇਰੀ ਚੰਗਿਆਈ ਵੇਖ ਕੇ ਤੈਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ, ਪੰਜਾਬ ਵਿਚ ਅਸੂਲ ਵਾਲਾ ਬੰਦਾ ਛੇਤੀ ਕੀਤੇ ਅਸੀਂ ਪਿੰਡ ਦਾ ਸਰਪੰਚ ਨਹੀਂ ਬਣਨ ਦੇਂਦੇ ਤੇ ਜੇ ਬਣ ਜਾਵੇ ਤਾਂ ਅਗਲੇ ਸਾਲ ਤੱਕ ਦੋ-ਚਾਰ ਕੇਸਾਂ ਵਿਚ ਫਸਾ ਦੇਂਦੇ ਹਾਂ। ਸਾਡੇ ਹਾਲਾਤ ਏਥੇ ਵੱਸਦੇ ਲੋਕਾਂ ਦੇ ਸਹਿਣ ਵਾਲੇ ਹਨ, ਤੁਹਾਨੂੰ ਰਾਸ ਨਹੀਂ ਆ ਸਕਣੇ।
ਇਸ ਹਫਤੇ ਭਾਰਤ ਵਿਚ ਆਮਿਰ ਖਾਨ ਦੀ ਕਹੀ ਸਿਰਫ ਇੱਕ ਗੱਲ ਉਤੇ ਰੌਲਾ ਪਿਆ ਹੈ ਤੇ ਇਸ ਦੌਰਾਨ ਇੱਕ ਹੋਰ ਗੱਲ ਕਿਸੇ ਨੇ ਗੌਲੀ ਹੀ ਨਹੀਂ। ਇੱਕ ਜਥੇਬੰਦੀ ਨੇ ਇਹ ਐਲਾਨ ਕੀਤਾ ਹੈ ਕਿ ਜਿਹੜਾ ਬੰਦਾ ਆਮਿਰ ਖਾਨ ਨੂੰ ਥੱਪੜ ਮਾਰੇਗਾ, ਉਸ ਨੂੰ ਇੱਕ ਥੱਪੜ ਦਾ ਇੱਕ ਲੱਖ ਤੇ ਦਸ ਥੱਪੜ ਮਾਰਨ ਦੇ ਦਸ ਲੱਖ ਰੁਪਏ ਇਨਾਮ ਦਿਆਂਗੇ। ਕਿਸੇ ਨੂੰ ਥੱਪੜ ਮਾਰਨਾ ਵੀ ਜੁਰਮ ਹੈ ਤੇ ਜੁਰਮ ਕਰਨ ਲਈ ਉਕਸਾਉਣਾ ਵੀ ਜੁਰਮ ਹੈ। ਉਸ ਜਥੇਬੰਦੀ ਵੱਲੋਂ ਜੁਰਮ ਕਰਨ ਦਾ ਸਿੱਧਾ ਸੱਦਾ ਵੀ ਅਸੀਂ ਸਹਿਣ ਕਰ ਲਿਆ। ਇਹ ਸਾਡੀ ਸਹਿਣਸ਼ੀਲਤਾ ਹੈ। ਆਪਣੇ ਖਿਲਾਫ ਚਾਂਦਮਾਰੀ ਦੇ ਬਾਵਜੂਦ ਆਮਿਰ ਖਾਨ ਗਲਤ ਹੈ ਤੇ ਜਿਹੜੇ ਅਸਹਿਣਸ਼ੀਲਤਾ ਦੀ ਹਰ ਹੱਦ ਪਾਰ ਕਰੀ ਜਾਂਦੇ ਹਨ, ਉਹ ਠੀਕ ਮੰਨੇ ਜਾਂਦੇ ਹਨ, ਕਿਉਂਕਿ ਉਨ੍ਹਾਂ ਦੀ ਇਹ ਗੱਲ ਇਸ ਦੇਸ਼ ਦੇ ਹੁਕਮਰਾਨਾਂ ਦੀ ਸਹਿਣਸ਼ੀਲਤਾ ਨੂੰ ਫਿੱਟ ਬੈਠਦੇ ਗਜ਼ ਦੇ ਮੁਤਾਬਕ ਠੀਕ ਹੈ। ਹੇ ਪਿਆਰੀ ਭਾਰਤ ਮਾਂ, ਤੈਨੂੰ ਅਸੀਂ ਸੀਸ ਨਿਵਾਉਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ।