ਬਲਜੀਤ ਬਾਸੀ
ਭਾਰਤ ਅਤੇ ਇਸ ਦੇ ਗੁਆਢੀ ਦੇਸ਼ਾਂ ਵਿਚ ਸਦੀਆਂ ਤੋਂ ਮਲਤਿਆਗ ਪਿਛੋਂ ਸਫਾਈ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਕਿਰਿਆ ਨੂੰ ਪੰਜਾਬੀ ਵਿਚ ਹੱਥਪਾਣੀ ਕਰਨਾ ਕਿਹਾ ਜਾਂਦਾ ਹੈ। ਅੱਜ ਕਲ੍ਹ ਇਸ ਮਕਸਦ ਲਈ ਆਮ ਤੌਰ ‘ਤੇ ਮੱਗ ਜਾਂ ਟੀਨ ਦੇ ਡੱਬੇ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਥਾਂਵਾਂ, ਖਾਸ ਤੌਰ ‘ਤੇ ਮੁਸਲਮਾਨੀ ਇਲਾਕਿਆਂ ਵਿਚ ਲੋਟੇ ਤੋਂ ਵੀ ਇਹ ਕੰਮ ਲਿਆ ਜਾਂਦਾ ਹੈ।
ਇਸਲਾਮ ਵਿਚ ਲਿੰਗਿਕ ਸਵੱਛਤਾ ਧਾਰਮਕ ਸੰਸਕਾਰ ਵੀ ਹੈ। ਪਾਕਿਸਤਾਨ ਦੇ ਪਾਖਾਨਿਆਂ ਵਿਚ ਲੋਟੇ ਦੀ ਵਿਆਪਕਤਾ ਦੇਖ ਕੇ ਇਕ ਵਾਰ ਕਿਸੇ ਵਿਦੇਸ਼ੀ ਨੇ ਆਪਣੇ ਗਾਈਡ ਨੂੰ ਪੁਛਿਆ, ‘ਤੁਹਾਡੀਆਂ ਟਾਇਲਟਾਂ ਵਿਚ ਚਾਹ ਦੀ ਕੇਤਲੀ ਕਿਉਂ ਪਈ ਹੁੰਦੀ ਹੈ?’
ਗੁਰੂ, ਭਗਤ ਤੇ ਸੂਫੀ ਧਾਰਮਕ ਪਖੰਡਾਂ ਤੇ ਕਰਮਕਾਂਡ ਦੇ ਕਟੜ ਵਿਰੋਧੀ ਅਤੇ ਪ੍ਰੇਮ-ਭਗਤੀ ਦੇ ਮਾਰਗੀ ਸਨ। ਇਸ ਲਈ ਉਹ ਤਮਾਮ ਫਿਰਕਿਆਂ ਦੇ ਅਨੁਯਾਈਆਂ ਦੀਆਂ ਦਿਖਾਵੇ ਮਾਤਰ ਧਾਰਮਕ ਰਹਿਤਾਂ ਜਿਵੇਂ ਧੋਤੀ, ਖਿੰਥਾ, ਤਿਲਕ, ਜਨੇਊ, ਚਿੱਪੀ, ਟਿੱਕਾ, ਮੁਸੱਲਾ ਆਦਿ ਪਾਉਣ ਨੂੰ ਫੋਕੀ ਪਾਰਸਾਈ ਸਮਝਦੇ ਸਨ। ਇਨ੍ਹਾਂ ਰਹਿਤਾਂ ਵਿਚ ਲੋਟਾ ਵੀ ਆਉਂਦਾ ਹੈ ਜੋ ਬਹੁਤਾ ਸਰੀਰਕ ਸਵੱਛਤਾ ਲਈ ਨਹੀਂ ਸਗੋਂ ਦਿਖਾਵੇ ਵਜੋਂ ਰੱਖਿਆ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਦੰਭ ਦਾ ਪ੍ਰਤੀਕ ਬਣਦਾ ਹੈ। ਭਗਤ ਕਬੀਰ ਆਖਦੇ ਹਨ:
ਗਜ ਸਾਢੇ ਤੈ ਤੈ ਧੋਤੀਆ
ਤਿਹਰੇ ਪਾਇਨਿ ਤਗ॥
ਗਲੀ ਜਿਨ੍ਹਾ ਜਪਮਾਲੀਆ
ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ
ਬਾਨਾਰਸਿ ਕੇ ਠਗ॥
ਬੁਲ੍ਹੇ ਸ਼ਾਹ ਤਾਂ, “ਫੂਕ ਮੁਸੱਲਾ ਭੰਨ ਸੁਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ” ਕਹਿ ਕੇ ਗੱਲ ਸਿਰੇ ਹੀ ਲਾ ਦਿੰਦੇ ਹਨ।
ਪੰਜਾਬੀ ਨਿਰੁਕਤਕਾਰ ਗ਼ ਸ਼ ਰਿਆਲ ਨੇ ਆਪਣੀ ਪੁਸਤਕ ‘ਸ਼ਬਦਾਂ ਦੀ ਪੈੜ’ ਵਿਚ ਲੋਟਾ ਸ਼ਬਦ ਦਾ ਸਰੋਤ ਗਰੀਕ ਭਾਸ਼ਾ ਵਿਚ ਲਭਿਆ ਹੈ। ਉਨ੍ਹਾਂ ਅਨੁਸਾਰ ਗਰੀਕ ਵਿਚ ਇਸ ਦਾ ਰੂਪ ਹੈ ਲਉਟਰ (ਲੁਟeਰ)। ਇਉਂ ਲਗਦਾ ਹੈ ਕਿ ਰਿਆਲ ਸਾਹਿਬ ਨੇ ਕਿਤੇ ਗਲਤੀ ਖਾਧੀ ਹੈ। ਇਹ ਸ਼ਬਦ ਪੁਰਾਣੀ ਗਰੀਕ ਵਿਚ ਤਸਲੇ ਜਿਹੇ ਬਰਤਨ ਲਈ ਵਰਤਿਆ ਜਾਂਦਾ ਰਿਹਾ ਹੈ। ਪੁਰਾਣੀ ਗਰੀਕ ਦਾ ਇਕ ਸ਼ਬਦ ਲਉਟਰੋਨ ਹੈ ਜਿਸ ਦਾ ਅਰਥ ਇਸ਼ਨਾਨ ਜਾਂ ਇਸ਼ਨਾਨ ਘਰ, ਗੁਸਲਖਾਨਾ ਬਣਦਾ ਹੈ। ਲੋਟੇ ਵਰਗੇ ਬਰਤਨ ਲਈ ਗਰੀਕ ਵਿਚ æੁਟਰੋਪਹੋਰੋਸ ਸ਼ਬਦ ਹੈ ਜਿਸ ਨੂੰ ਫੜਨ ਲਈ ਦੋ ਮੁੱਠੇ ਲੱਗੇ ਹੁੰਦੇ ਹਨ। ਲਾਟਰੋਫੋਰਸ ਵਿਚ ਪਾਣੀ ਪਾ ਕੇ ਲਾੜੇ ਤੇ ਲਾੜੀ ਨੂੰ ਇਸ਼ਨਾਨ ਕਰਾਇਆ ਜਾਂਦਾ ਸੀ। ਦੁਰਭਾਗਵੱਸ ਜੇ ਕੋਈ ਵਿਆਹ ਹੋਣ ਤੋਂ ਪਹਿਲਾਂ ਹੀ ਮਰ ਜਾਂਦਾ ਤਾਂ ਉਸ ਦੇ ਨਾਲ ਹੀ ਇਹ ਭਾਂਡਾ ਵੀ ਦਫ਼ਨਾ ਦਿੱਤਾ ਜਾਂਦਾ ਸੀ। ਇਸ ਸ਼ਬਦ ਦੀ ਲੋਟੇ ਜਿਹੇ ਬਰਤਨ ਲਈ ਵਰਤੋਂ ਆਧੁਨਿਕ ਹੈ ਕਿਉਂਕਿ ਇਸ ਦਾ ਸ਼ਾਬਦਿਕ ਅਰਥ ਜਲ-ਵਾਹਕ ਬਣਦਾ ਹੈ: ਲੁਟਰੋਨ = ਪਾਣੀ, ਪਹeਰੋ = ਢੋਣਾ। ਪੰਜਾਬੀ ਵਿਚ ਇਸ ਆਸ਼ੇ ਲਈ ਸਭ ਤੋਂ ਨੇੜੇ ਦਾ ਸ਼ਬਦ ਝਿਉਰ ਹੈ। ਗੌਰਤਲਬ ਹੈ ਕਿ ਲੁਟਰੋਨ ਦਾ ਪਾਣੀ ਵਾਲਾ ਅਰਥ ਨਹਾਉਣ-ਧੋਣ ਦੇ ਪ੍ਰਸੰਗ ਵਿਚ ਹੀ ਹੈ। ਇਸ ਦੇ ਮੂਲ ‘ਲeੁ’ ਵਿਚ ਧੋਣ ਦੇ ਭਾਵ ਹਨ। ਬਹੁਤਾ ਦੂਰ ਤੱਕ ਨਾ ਜਾਈਏ, ਅੰਗਰੇਜ਼ੀ ਲੈਟਰੀਨ ਅਤੇ ਲੈਵੇਟੋਰੀ ਜਿਹੇ ਸ਼ਬਦ ਇਸੇ ਮੂਲ ਤੋਂ ਆ ਰਹੇ ਹਨ ਜਿਨ੍ਹਾਂ ਨੂੰ ਅਸੀਂ ਟੱਟੀਖਾਨਾ, ਪਾਖਾਨਾ, ਧੋਣ-ਕਮਰਾ ਆਦਿ ਕਹਿ ਸਕਦੇ ਹਾਂ। ਲੈਵੇਟੋਰੀ ਦਾ ਮੁਖ ਅਰਥ ਪਾਖਾਨੇ ਵਿਚ ਲੱਗਾ ਹੱਥ ਧੋਣ ਵਾਲਾ ਤਸਲਾ ਹੀ ਹੈ ਜਾਂ ਜਿਸ ਨੂੰ ਅਸੀਂ ਪੰਜਾਬੀ ਬੇਸਿਨੀ ਜਾਂ ਸਿੰਕ ਦੇ ਨਾਂ ਨਾਲ ਵਧੇਰੇ ਜਾਣਦੇ ਹਾਂ। ਇਸ ਤਰ੍ਹਾਂ ਅਸੀਂ ਲੋਟੇ ਦੇ ਸੰਕਲਪ ਦੇ ਨੇੜੇ ਤੇੜੇ ਪਹੁੰਚ ਜਾਂਦੇ ਹਾਂ ਤੇ ‘ਟਾਇਲਟਾਂ ਵਿਚ ਕੇਤਲੀ’ ਵਾਲੇ ਪ੍ਰਸ਼ਨ ਪੁੱਛਣ ਵਾਲੇ ਵਿਦੇਸ਼ੀ ਨੂੰ ਦੱਸਿਆ ਜਾ ਸਕਦਾ ਸੀ ਕਿ ਇਹ ਦੇਸੀ ਲੈਵੇਟੋਰੀ ਹੈ!
ਪਰ ਹੈਰਾਨੀ ਦੀ ਗੱਲ ਹੈ ਕਿ ਰਿਆਲ ਸਾਹਿਬ ਦੀ ‘ਸ਼ਬਦਾਂ ਦੀ ਪੈੜ’ ਤੋਂ ਦੋ ਦਹਾਕੇ ਤੋਂ ਵੀ ਵਧ ਅਰਸੇ ਪਿਛੋਂ ਛਪੇ ਉਨ੍ਹਾਂ ਦੇ ਨਿਰੁਕਤ ਕੋਸ਼ ਵਿਚ ਲੋਟਾ ਸ਼ਬਦ ਦਾ ਇੰਦਰਾਜ ਹੀ ਨਹੀਂ ਹੈ। ਸੰਭਵ ਹੈ ਕਿ ਬਾਅਦ ਵਿਚ ਉਨ੍ਹਾਂ ਨੂੰ ਆਪ ਹੀ ਇਸ ਸ਼ਬਦ ਦੇ ਗਰੀਕ ਪਿਛੋਕੜ ਬਾਰੇ ਸ਼ੰਕਾ ਪੈਦਾ ਹੋ ਗਈ ਹੋਵੇ। ਗਰੀਕ ਤੋਂ ਸਾਡੀਆਂ ਭਾਸ਼ਾਵਾਂ ਵਿਚ ਕੁਝ ਸ਼ਬਦ ਆਏ ਹਨ ਜਿਵੇ ਕਾਨੂੰਨ, ਫਲਸਫਾ, ਮਿਕਨਾਤੀਸ ਆਦਿ। ਪਰ ਲੋਟੇ ਦਾ ਤਥਾਕਥਿਤ ਲੁਟeਰ ਨਾਲ ਜੋੜਿਆ ਸਬੰਧ ਧੁਨੀ ਸਮਾਨਤਾ ਕਾਰਨ ਸੰਜੋਗੀ ਲਗਦਾ ਹੈ। ਬਹੁਤ ਸਾਰੇ ਅੰਗਰੇਜ਼ੀ ਕੋਸ਼ਾਂ ਵਿਚ ਲੋਟਾ ਸ਼ਬਦ ਮਿਲਦਾ ਹੈ ਪਰ ਵਾਲ ਦੀ ਖੱਲ ਉਧੇੜਦੇ ਕਿਸੇ ਅੰਗਰੇਜ਼ੀ ਕੋਸ਼ਕਾਰ ਜਾਂ ਨਿਰੁਕਤਕਾਰ ਨੇ ਇਸ ਦੇ ਗਰੀਕ ਪਿਛੋਕੜ ਦੀ ਗੱਲ ਨਹੀਂ ਕੀਤੀ, ਆਮ ਤੌਰ ‘ਤੇ ਸਭ ਇਸ ਨੂੰ ਹਿੰਦੀ ਦਾ ਸ਼ਬਦ ਹੀ ਦੱਸਦੇ ਹਨ। ਨਾਲੇ ਗਰੀਕ ਤੋਂ ਸਾਡੀਆਂ ਭਾਸ਼ਾਵਾਂ ਵਿਚ ਬਹੁਤੇ ਸ਼ਬਦ ਅਰਬੀ ਫਾਰਸੀ ਰਾਹੀਂ ਆਏ ਹਨ ਪਰ ਇਨ੍ਹਾਂ ਭਾਸ਼ਾਵਾਂ ਵਿਚ ਲੋਟਾ ਸ਼ਬਦ ਮੌਜੂਦ ਹੀ ਨਹੀਂ ਹੈ।
ਬਹੁਤ ਸਾਰੇ ਸਰੋਤਾਂ ਨੇ ਲੋਟਾ ਸ਼ਬਦ ਦੀ ਵਿਉਤਪਤੀ ‘ਲੁਟ’ ਧਾਤੂ ਤੋਂ ਦੱਸੀ ਹੈ। ਇਸ ਧਾਤੂ ਵਿਚ ਲੋਟਣ, ਲੁੜਕਣ ਜਿਹੇ ਭਾਵ ਹਨ। ਕਬੂਤਰ ਆਦਿ ਦੀ ਲੋਟਣੀ, ਲੋਟ-ਪੋਟ ਆਦਿ ਸ਼ਬਦ ਇਸੇ ਤੋਂ ਬਣੇ ਹਨ। ਪਰ ਅਜਿਤ ਵਡਨੇਰਕਰ ਨੇ ਇਸ ਗੱਲ ਵੱਲ ਧਿਆਨ ਦੁਆਇਆ ਹੈ ਕਿ ਲੁਟ- ਧਾਤੂ ਵਿਚ ਉਲਟਣ, ਉਲਟਾਉਣ, ਲੁੜਕਾਉਣ ਢਾਹੁਣ ਜਾਂ ਕਹਿ ਲਵੋ ਉਪਰਲੀ ਥੱਲੇ ਕਰਨ ਦੇ ਭਾਵ ਹਨ। ਬੇਸ਼ੱਕ ਲੋਟਾ ਖਾਸ ਤੌਰ ‘ਤੇ ਬੇਪੇਂਦਾ ਹੇਠੋਂ ਗੋਲ ਤੇ ਉਭਰਵਾਂ ਹੁੰਦਾ ਹੈ ਪਰ ਇਸ ਦੇ ਘੁੰਮਣ ਦੀ ਕਿਰਿਆ ਨੂੰ ਲੋਟਣਾ ਜਾਂ ਲੁੜਕਣਾ ਅਰਥਾਤ ਆਪਣੀ ਸਥਿਤੀ ਤੋਂ ਉਲਟੇ ਹੋ ਜਾਣਾ ਨਹੀਂ ਕਿਹਾ ਜਾ ਸਕਦਾ। ਕਬੂਤਰ ਲੋਟਣੀ ਦੌਰਾਨ ਆਪਣੇ ਸਰੀਰ ਨੂੰ ਬਿਲਕੁਲ ਉਲਟਾ ਲੈਂਦਾ ਹੈ। ਪਰ ਲੋਟਾ ਭਾਵੇਂ ਬੇਪੇਂਦਾ ਹੀ ਹੋਵੇ, ਉਲਟਦਾ ਨਹੀਂ। ਜੇ ਅਜਿਹਾ ਹੋਵੇ ਤਾਂ ਇਸ ਦੀ ਭਾਂਡੇ ਦੇ ਤੌਰ ‘ਤੇ ਵਰਤੋਂ ਹੀ ਨਹੀਂ ਹੋ ਸਕਦੀ ਕਿਉਂਕਿ ਲੋਟਣ ਨਾਲ ਪਾਣੀ ਤਾਂ ਡੁਲ੍ਹ ਜਾਵੇਗਾ। ਹਾਂ ਲੋਟਾ ਡੋਲਦਾ ਜਾਂ ਗੋਲ ਗੋਲ ਘੁੰਮਦਾ ਜ਼ਰੂਰ ਹੈ। ਲਾਟੂ ਸ਼ਬਦ ਤੋਂ ਇਸ ਦਾ ਪਰਿਣਾਮ ਮਿਲਦਾ ਹੈ। ਮਧਾਣੀ ਦੇ ਸਿਰੇ ‘ਤੇ ਲੱਗੇ ਚਾਰ ਦੰਦਿਆਂ ਵਾਲੇ ਪੁਰਜ਼ੇ ਨੂੰ ਲਾਟੂ ਕਿਹਾ ਜਾਂਦਾ ਹੈ ਜੋ ਘੁੰਮ ਘੁੰਮ ਕੇ ਦਹੀਂ ਵਿਚੋਂ ਮੱਖਣ ਕੱਢਦਾ ਹੈ। ‘ਲਾਟੂ ਮਾਧਾਣੀਆ ਅਨਗਾਹ’ (ਗੁਰੂ ਨਾਨਕ ਦੇਵ)। ਲਾਟੂ ਇਕ ਘੁੰਮਣ ਵਾਲਾ ਖਿਡੌਣਾ ਵੀ ਹੈ ਜਿਸ ਦੇ ਦੁਆਲੇ ਇਕ ਛੈਂਟੇ ਜਿਹੇ ਦੀ ਟੱਲੀ ਲਪੇਟ ਕੇ ਇਸ ਨੂੰ ਘੁੰਮਾਇਆ ਜਾਂਦਾ ਹੈ। ਛੈਂਟੇ ਦੀ ਮਾਰ ਨਾਲ ਚੱਲਣ ਕਰਕੇ ਇਸ ਨੂੰ ਗਧਾ ਵੀ ਕਿਹਾ ਜਾਂਦਾ ਹੈ। ਲੱਟੂ ਵੀ ਇਸੇ ਸ਼ਬਦ ਦਾ ਰੁਪਾਂਤਰ ਹੈ, ਕਿਸੇ ‘ਤੇ ਲੱਟੂ ਹੋਣਾ ਇਕ ਮੁਹਾਵਰਾ ਵੀ ਹੈ। ਇਸ ਤੋਂ ਹੀ ਲਟਬੌਰਾ ਸ਼ਬਦ ਬਣਿਆ ਹੈ। ਸੋ ਇਕ ਭਾਂਡੇ ਦੇ ਤੌਰ ‘ਤੇ ਲੋਟੇ ਦਾ ‘ਲੁਟ’ ਧਾਤੂ ਤੋਂ ਬਣਿਆ ਹੋਣ ਦੀ ਗੱਲ ਬਹੁਤੀ ਤਾਰਕਿਕ ਨਹੀਂ ਲਗਦੀ। ਉਂਜ ਆਮ ਤੌਰ ‘ਤੇ ਸਾਰੇ ਭਾਂਡੇ ਜਿਵੇਂ ਘੜਾ, ਚਾਟੀ, ਤੌੜੀ, ਕੜਾਹੀ ਆਦਿ ਥੱਲਿਉਂ ਗੋਲ ਹੀ ਹੁੰਦੇ ਹਨ, ਫਿਰ ਉਨ੍ਹਾਂ ਨੂੰ ਲੋਟਾ ਕਿਉਂ ਨਹੀਂ ਕਿਹਾ ਗਿਆ?
ਲੋਟਾ ਸ਼ਬਦ ਦੀ ਲੁੜਕਣ ਜਿਹੀ ਕਿਰਿਆ ਨਾਲ ਸਬੰਧਤ ਹੋਣ ਦੀ ਪੁਸ਼ਟੀ ਲਈ ਇਕ ਹੋਰ ਤੱਥ ਹੈ। ਅੰਗਰੇਜ਼ੀ ਵਿਚ ਛੋਟੇ ਗਲਾਸ ਲਈ ਇਕ ਸ਼ਬਦ ਹੈ ਟੰਬਲਰ (ਟੁਮਬਲeਰ) ਜੋ ਟੁਮਬਲe ਤੋਂ ਬਣਿਆ ਹੈ। ਟੰਬਲ ਦਾ ਅਰਥ ਵੀ ਲੁੜਕਣਾ, ਪੁੱਠਾ ਡਿਗਣਾ, ਪਟਕਣਾ, ਰੁੜ੍ਹਨਾ ਆਦਿ ਹੈ। ਇਹ ਸ਼ਬਦ ਸਤ੍ਹਾਰਵੀਂ ਸਦੀ ਵਿਚ ਪ੍ਰਚਲਿਤ ਹੋਇਆ। ਉਦੋਂ ਟੰਬਲਰ ਧਾਤ ਦੇ ਬਣੇ ਹੁੰਦੇ ਸਨ, ਆਕਾਰ ਕੱਪ ਜਿੱਡਾ ਹੁੰਦਾ ਸੀ ਤੇ ਹੇਠੋਂ ਭਾਰੇ ਤੇ ਗੋਲ ਹੁੰਦੇ ਸਨ, ਸਮਝੋ ਬੇਪੇਂਦੇ ਲੋਟੇ ਵਰਗੇ। ਸ਼ਰਾਬ ਜਾਂ ਪਾਣੀ ਨਾਲ ਭਰੇ ਇਹ ਟੰਬਲਰ ਮੇਜ਼ ‘ਤੇ ਰੱਖਣ ਸਾਰ ਲੁੜਕ ਜਾਂਦੇ ਹੋਣਗੇ ਤੇ ਵਿਚ ਪਏ ਪੀਣ ਪਦਾਰਥ ਉਛਲ ਕੇ ਡੁਲ੍ਹ ਜਾਂਦੇ ਹੋਣਗੇ। ਪਰ ਇਸ ਜ਼ਮਾਨੇ ‘ਚ ਮਿਲਦੇ ਟੰਬਲਰਾਂ ਦੀ ਬਣਤਰ ਤੋਂ ਜਾਪਦਾ ਹੈ ਕਿ ਬਹੁਤੇ ਲੁੜਕਣਸ਼ੀਲ ਨਹੀਂ ਸਨ। ਇਕ ਹੋਰ ਉਲਟ ਵਿਆਖਿਆ ਅਨੁਸਾਰ ਇਸ ਦੇ ਪੇਂਦੇ ਜਾਣ ਬੁਝ ਕੇ ਭਾਰੀ ਬਣਾਏ ਜਾਂਦੇ ਸਨ ਤਾਂ ਜੁ ਹਿਲਾਉਣ ਨਾਲ ਆਪਣੇ ਆਪ ਸਿੱਧੇ ਹੋ ਜਾਣ।
ਕੁਲਕਰਣੀ ਦੇ ਮਰਾਠੀ ਕੋਸ਼ ਵਿਚ ਲੋਟਾ ਦੀ ਵਿਉਤਪਤੀ ਸੰਸਕ੍ਰਿਤ ਲੋਸ਼ਟ ਤੋਂ ਦੱਸੀ ਗਈ ਹੈ। ਲੋਸ਼ਟ ਦਾ ਅਰਥ ਹੈ, ਢੇਰ ਲਾਉਣਾ। ਇਸ ਤੋਂ ਬਣੇ ਲੋਸ਼ਟੂ ਦਾ ਅਰਥ ਢੇਲਾ ਹੈ। ਪਰ ਲੋਟਾ ਕੋਈ ਢੇਰ ਨਹੀਂ ਹੈ। ਬਹੁਤ ਸਾਰੇ ਸਰੋਤ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਲੋਟਾ ਧਾਤ ਦਾ ਹੀ ਬਣਿਆ ਭਾਂਡਾ ਹੈ ਭਾਵੇਂ ਬਾਅਦ ਵਿਚ ਮਿੱਟੀ ਦੇ ਅਜਿਹੇ ਭਾਂਡੇ ਨੂੰ ਵੀ ਲੋਟਾ ਕਿਹਾ ਜਾਣ ਲੱਗਾ। ਮਰਾਠੀ ਦੇ ਇਕ ਵਿਦਵਾਨ ਦæ ਤæ ਭੌਂਸਲੇ ਅਨੁਸਾਰ ਲੋਟਾ ਸ਼ਬਦ ਕੰਨੜ ਭਾਸ਼ਾ ਦੇ ਲੋਟੋ ਤੋਂ ਬਣਿਆ ਪਰ ਇਹ ਨਹੀਂ ਦੱਸਿਆ ਕਿ ਲੋਟੋ ਕਿਥੋਂ ਆਇਆ। ਉਸ ਨੇ ਲੋਟਾ ਸ਼ਬਦ ਦੇ ‘ਲੌਹਘਟ’ ਤੋਂ ਵਿਕਸਤ ਹੋਣ ਦੀ ਸੰਭਾਵਨਾ ਵੀ ਦੱਸੀ ਹੈ ਪਰ ਉਸ ਦੀ ਵੋਟ ਕੰਨੜ ਲੋਟੋ ਲਈ ਹੈ। ਲੌਹਘਟ (ਲੋਹਾ+ਘਟ) ਤੋਂ ਲੋਟਾ ਬਣੇ ਹੋਣ ਦੀ ਗੱਲ ਮਨ ਨੂੰ ਲਗਦੀ ਹੈ ਕਿਉਂਕਿ ਇਸ ਨਾਲ ਧੁਨੀ ਵੀ ਰਲਦੀ ਹੈ ਤੇ ਅਰਥ ਵੀ। ਇਥੇ ਲੋਹੇ ਤੋਂ ਭਾਵ ਧਾਤ ਹੈ ਤੇ ਘਟ ਤੋਂ ਭਾਵ ਘੜਾ ਹੈ। ਘੜਾ ਸ਼ਬਦ ਦਾ ਪੂਰਬਲਾ ਰੂਪ ਵੀ ਘਟ ਜਾਂ ਘਟਕ ਹੈ। ਲੋਹ ਸ਼ਬਦ ਬਾਰੇ ਬਹੁਤ ਪਹਿਲਾਂ ਲਿਖਿਆ ਜਾ ਚੁੱਕਾ ਹੈ। ਪ੍ਰਸੰਗਵਸ ਇਹ ਵੀ ਦੱਸ ਦੇਈਏ ਕਿ ਲੁਹਾਂਡਾ ਸ਼ਬਦ ਵਿਚ ਵੀ ਲੋਹੇ ਦਾ ਦਖਲ ਹੈ: ਲੁਹਾਂਡਾ = ਲੋਹ +ਭਾਂਡਾ।