ਅਮਰੀਕਾ, ਐਤਵਾਰ ਤੇ ਆਚਾਰੀਆ ਦਾ ਪ੍ਰਵਚਨ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

ਗ੍ਰਹਿਸਥੀ ਬਣਨ ਤੋਂ ਬਾਅਦ ਮੈਂ ਆਚਾਰੀਆ ਰਜਨੀਸ਼ ਦੀਆਂ ਲਿਖੀਆਂ ਕਿਤਾਬਾਂ ਅਤੇ ਆਡੀਓ ਟੇਪਾਂ ਬਹੁਤ ਸ਼ੌਕ ਨਾਲ ਪੜ੍ਹਦਾ/ਸੁਣਦਾ ਰਿਹਾ ਹਾਂ। ਪੂੰਜੀਵਾਦ ਅਤੇ ਪਦਾਰਥਵਾਦੀ ਸੋਚ ਦੇ ਨਿਖੇਧ ਵਜੋਂ ਉਹ ਅਕਸਰ ਆਪਣੇ ਪ੍ਰਵਚਨਾਂ ਵਿਚ ਕਿਹਾ ਕਰਦੇ ਸਨ ਕਿ ਸੰਸਾਰ ਭਰ ਵਿਚ ਸਭ ਤੋਂ ਵੱਧ ਅਮੀਰ ਮੁਲਕ ਅਮਰੀਕਾ ਦਾ ਹਰ ਦਸਵਾਂ ਬੰਦਾ ਅਰਧ-ਪਾਗਲ ਹੈ ਜਾਂ ਮਨੋਰੋਗ ਨਾਲ ਪੀੜਤ ਹੈ। ਉਦੋਂ ਜਦ ਹਾਲੇ ਅਸੀਂ ਅਮਰੀਕਾ ਵਿਚ ਵੱਸਣ ਦਾ ਖਵਾਬ ਵੀ ਨਹੀਂ ਸੀ ਲਿਆ, ਸਾਨੂੰ ਅਮਰੀਕਨਾਂ ਬਾਰੇ ਉਸ ਦਾ ਇਹ ਕਹਿਣਾ ਬੜਾ ਅਟਪਟਾ ਜਿਹਾ ਲਗਦਾ ਹੁੰਦਾ ਸੀ।

ਯਕੀਨ ਨਾ ਆਉਂਦਾ ਕਿ ਇੰਨੇ ਅਮੀਰ ਦੇਸ਼ ਵਿਚ ਜ਼ਿੰਦਗੀ ਦੀਆਂ ਆਧੁਨਿਕ ਸੁੱਖ-ਸਹੂਲਤਾਂ ਮਾਣਨ ਵਾਲੇ ਲੋਕ ਇੰਨੀ ਵੱਡੀ ਗਿਣਤੀ ਵਿਚ ਮਾਨਸਿਕ ਰੋਗੀ ਵੀ ਹੋ ਸਕਦੇ ਹਨ? ਅਸੀਂ ਆਚਾਰੀਆਂ ਜੀ ਦੇ ਇਸ ਕਥਨ ਨੂੰ ਨਿਰੀ ਅਤਿਕਥਨੀ ਹੀ ਸਮਝਦੇ ਸਾਂ। ਸੋਚਦੇ ਸਾਂ ਕਿ ਉਨ੍ਹਾਂ ਨੇ ਆਪਣੇ ਕਥਾ ਵਿਖਿਆਨ ਨੂੰ ਦਿਲਚਸਪ ਬਣਾਉਣ ਲਈ ਇਹ ਅੰਕੜਾ ਕੋਲੋਂ ਹੀ ਘੜ ਲਿਆ ਹੋਣਾ ਹੈ!
ਅਮਰੀਕਾ ਆਉਣ ਤੋਂ ਸਾਲ-ਛੇ ਮਹੀਨੇ ਬਾਅਦ ਮੈਂ ਇਹੀ ਗੱਲ ਚਿਰਾਂ ਤੋਂ ਇੱਥੇ ਵੱਸਦੇ ਇਕ ਦੋਸਤ ਨਾਲ ਸਾਂਝੀ ਕੀਤੀ ਤਾਂ ਉਸ ਨੇ ਤਸਦੀਕ ਵਜੋਂ ਆਪਣੀ ਇਕ ‘ਬੇਵਕੂਫੀ’ ਸੁਣਾਈ। ਕਹਿੰਦਾ, “ਇਕ ਵਾਰ ਮੈਂ ਜੌਬ ‘ਤੇ ਜਾਣ ਲਈ ਘਰੋਂ ਨਿਕਲਿਆ। ਘਰਦਿਆਂ ਨੇ ਮੇਰੇ ਹੱਥ ਭਰਿਆ ਲਿਫਾਫਾ ਫੜਾ ਦਿੱਤਾ। ਅਖੇ, ਜਾਂਦੇ ਹੋਏ ‘ਗਾਰਬੇਜ’ ਵਿਚ ਸੁੱਟ ਦਿਓ। ਮੇਰੇ ਇਕ ਹੱਥ ਵਿਚ ਲੰਚ ਬਾਕਸ ਦੀ ਬੱਧਰੀ ਤੇ ਚਾਬੀਆਂ, ਦੂਜੇ ਹੱਥ ਵਿਚ ਕੂੜੇ ਦਾ ਲਿਫਾਫਾ। ਬਦ-ਹਵਾਸੀ ਵਿਚ ਤੁਰੇ ਜਾਂਦੇ ਨੇ ਗਾਰਬੇਜ ਵਿਚ ਲੰਚ ਬਾਕਸ ਵਗਾਹ ਮਾਰਿਆ। ਮੁੜਨ ਲੱਗਿਆਂ ਹੱਥ ਵਿਚ ਕੂੜੇ ਦਾ ਲਫਾਫਾ ਦੇਖ ਕੇ ਮੇਰੀ ਹੋਸ਼ ਟਿਕਾਣੇ ਆਈ!
ਦੋਸਤ ਦੀ ਇਹ ਗੱਲ ਭਾਵੇਂ ਸੱਚੀ ਹੀ ਹੋਵੇ, ਪਰ ਉਦੋਂ ਮੈਂ ਇਸ ਨੂੰ ਗੱਪ ਹੀ ਮੰਨਿਆ। ਆਚਾਰੀਆ ਰਜਨੀਸ਼ ਦੇ ਪ੍ਰਵਚਨ ਵਾਂਗ ਮੈਂ ਇਸ ‘ਤੇ ਯਕੀਨ ਨਾ ਕਰ ਸਕਿਆ। ਬਾਅਦ ਵਿਚ ਸਾਡੇ ਘਰ ਦੇ ਜੀਅ ਵੀ ਲੁਕਣ-ਮੀਚੀ ਦੀ ਖੇਡ ਵਾਂਗ ਕੋਈ ਰਾਤ ਨੂੰ, ਕੋਈ ਦਿਨੇ ਕੰਮ ‘ਤੇ ਜਾਣ ਲੱਗੇ। ਅਸੀਂ ਵੀ ਛੇ ਦਿਨ ਜੇਬ੍ਹਾਂ ਵਿਚ ਛਣਕਦੇ ਚਾਬੀਆਂ ਦੇ ਗੁੱਛੇ ਲੈ ਕੇ ਵਾਹੋ-ਦਾਹੀ ਕੰਮਾਂ ‘ਤੇ ਜਾਣ ਲੱਗੇ ਅਤੇ ਐਤਵਾਰ ਨੂੰ ਇਉਂ ਉਡੀਕਣ ਲੱਗ ਪਏ, ਜਿਵੇਂ ਬਚਪਨ ਵਿਚ ਦੀਵਾਲੀ ਵਾਲਾ ਦਿਨ ਉਡੀਕਦੇ ਹੁੰਦੇ ਸਾਂ। ਕੋਈ ਵੱਡੇ ਤੜਕੇ ਦਾ, ਕੋਈ ਦੁਪਹਿਰ, ਤੇ ਕੋਈ ਰਾਤ ਦਾ ਅਲਾਰਮ ਲਾ ਕੇ ਸੌਂਦਾ। ਇਕ-ਦੂਜੇ ਲਈ ਸਲਿੱਪਾਂ ‘ਤੇ ਲਿਖ-ਲਿਖ ਸੁਨੇਹੇ ਛੱਡੇ ਜਾਣ ਲੱਗੇ। ਸਵੇਰੇ-ਦੁਪਹਿਰੇ-ਸ਼ਾਮ ‘ਆਇਆ ਰਾਮ, ਗਿਆ ਰਾਮ’ ਹੋਣ ਲੱਗ ਪਈ। ਤਦ ਜਾ ਕੇ ਮੈਨੂੰ ਆਚਾਰੀਆ ਜੀ ਦਾ ਪ੍ਰਵਚਨ ਸੱਚਾ ਪ੍ਰਤੀਤ ਹੋਣ ਲੱਗਾ ਅਤੇ ਲੰਚ ਬਾਕਸ, ਗਾਰਬੇਜ ਡਰੰਮ ਵਿਚ ਸੁੱਟਣ ਵਾਲੇ ਵਾਕਿਆ ‘ਤੇ ਵੀ ਵਿਸ਼ਵਾਸ ਜਿਹਾ ਆਉਣ ਲੱਗ ਪਿਆ।
ਦੂਜੇ ਲਫਜ਼ਾਂ ਵਿਚ, ਅਸੀਂ ਵੀ ਬਦ-ਹਵਾਸੀ ਦੀ ਗ੍ਰਿਫਤ ਵਿਚ ਆ ਗਏ! ਸੁੱਤ-ਉਣੀਂਦੀਆਂ ਜਿਹੀਆਂ ਗੱਲਾਂ ਕਰਨ ਦਾ ਸਾਡਾ ਵੀ ਸੁਭਾਅ ਬਣ ਗਿਆ। ਦਸ-ਬਾਰਾਂ ਸਾਲ ਦੇ ਅਮਰੀਕਨ ਪਰਵਾਸ ਨੇ ਸਾਨੂੰ ਵੀ ਆਪਣਾ ਰੰਗ ਚਾੜ੍ਹ ਦਿੱਤਾ, ਸ਼ਾਇਦ ਡਾਲਰਾਂ ਦੀ ਦੌੜ ਹੀ ਇਸ ਤਰ੍ਹਾਂ ਦੀ ਹੈ। ਹਫਤੇ ਭਰ ਦੀ ‘ਚੱਲ ਸੋ ਚੱਲ’ ਦਾ ਮਧੋਲਿਆ ਹੋਇਆ ਸਾਡਾ ਪਰਿਵਾਰ ਇਕ ਐਤਵਾਰ ਇਕੱਠਾ ਹੋਇਆ। ਇਕ-ਦੂਜੇ ਵੱਲ ਦੇਖ ਕੇ ਚਿਹਰਿਆਂ ‘ਤੇ ਛਾਈ ਹੋਈ ਪਿਲੱਤਣ, ਕੁਝ-ਕੁੱਝ ਗੁਲਾਬੀ ਜਿਹੀ ਭਾਅ ਮਾਰਨ ਲੱਗ ਪਈ; ਕਿਉਂਕਿ ਆਪਣੀ ਮਰਜ਼ੀ ਨਾਲ ਸੁੱਤੇ ਅਤੇ ਆਪਣੀ ਮਰਜ਼ੀ ਨਾਲ ਉਠੇ ਸਾਂ। ਇਕੱਠਿਆਂ ਨੇ ਘਰ ਦੀ ਸਾਫ ਸਫਾਈ ਕਰ ਕੇ ਗਰਮਾ-ਗਰਮ ਪਰਾਉਂਠੇ ਛਕੇ, ਮਸਤੀਆਂ ਮਾਰੀਆਂ।
ਦੁਪਹਿਰੇ ਲੰਚ ਤੋਂ ਬਾਅਦ ਮੇਰੀ ਪਤਨੀ ਨੇ ਮੈਨੂੰ ਸਾਡੇ ਅਪਾਰਟਮੈਂਟਾਂ ਦੇ ਦਫਤਰ ਭੇਜ ਦਿੱਤਾ ਕਿ ਕੋਈ ‘ਕਲੌਜ਼ਿਟ’ ਖਰਾਬ ਹੋਇਆ ਪਿਆ, ਉਸ ਦੀ ‘ਕੰਪਲੇਂਟ’ ਲਿਖਾ ਕੇ ਆਉ। ਐਤਵਾਰ ਦੀ ਛੁੱਟੀ ਵਾਲੀ ਮਸਤਾਨੀ ਚਾਲੇ ਮੈਂ ਦਫਤਰ ਜਾ ਪਹੁੰਚਿਆ। ਦਫਤਰ ਦੇ ਬੰਦ ਦਰਵਾਜ਼ੇ ਦੇ ਬਾਹਰ ਲਾਲ ਅੱਖਰਾਂ ਵਾਲੀ ਲਟਕਦੀ ਤਖ਼ਤੀ ਵੱਲ ਦੇਖ ਕੇ ਮੈਨੂੰ ਹਾਸਾ ਵੀ ਆ ਗਿਆ ਤੇ ਮੈਂ ਛਿੱਥਾ ਜਿਹਾ ਵੀ ਪੈ ਗਿਆ। ‘ਐਤਵਾਰ ਦੀ ਛੁੱਟੀ ਦਾ ਅਨੰਦ ਮਾਣਦਿਆਂ’ ਮੈਨੂੰ ਉਸ ਤਖਤੀ ‘ਤੇ ਲਿਖੇ ਅੱਖਰਾਂ ਨੇ ਚੇਤੇ ਕਰਵਾ ਦਿੱਤਾ ਕਿ ‘ਅੱਜ ਐਤਵਾਰ ਹੈ’। ਉਥੇ ਲਿਖਿਆ ਹੋਇਅ ਸੀ, ‘ਸੌਰੀ, ਸੰਡੇ ਕਲੋਜ਼ਡ’।
ਯਕੀਨ ਜਾਣਿਉਂ, ਇਸੇ ਐਤਵਾਰ ਸ਼ਾਮ ਨੂੰ ਬੀਤ ਗਈ ਛੁੱਟੀ ਦਾ ਵਿਗੋਚਾ ਅਤੇ ਕੋਹਲੂ ਦੇ ਬਲਦ ਵਾਂਗ ਮੁੜ ਕੇ ਉਸੇ ‘ਕੰਮ ਚੱਕਰ’ ਵਿਚ ਪਾਉਣ ਵਾਲੇ ਆ ਰਹੇ ਸੋਮਵਾਰ ਦੀ ਉਦਾਸੀ ਤੋਂ ਮੁਕਤੀ ਪਾਉਣ ਲਈ ਮੈਂ ਰਹਿਰਾਸ ਦਾ ਪਾਠ ਕਰਨ ਲੱਗ ਪਿਆ। ਜ਼ੁਬਾਨ ਵਿਚੋਂ ਬਾਣੀ ਦੀਆਂ ਤੁਕਾਂ ਨਿਕਲ ਰਹੀਆਂ ਸਨ, ਪਰ ਸੁਰਤੀ ਪਤਾ ਨਹੀਂ ਕਿੱਧਰ ਉਡਾਰੀਆਂ ਮਾਰੀ ਗਈ। ਪਾਠ ਦੀ ਸਮਾਪਤੀ ਹੁੰਦਿਆਂ ਹੀ ਜਿਹੜਾ ਫੁਰਨਾ ਮੇਰੇ ਦਿਮਾਗ ਵਿਚ ਜ਼ਿਆਦਾ ਭੜਥੂ ਪਾਉਂਦਾ ਰਿਹਾ ਸੀ, ਉਸ ਨੂੰ ਅਮਲੀ ਰੂਪ ਦੇਣ ਲਈ ਮੈਂ ਸੋਫੇ ਤੋਂ ਉਠਿਆ। ਦਰਵਾਜ਼ੇ ਨਾਲ ਟੰਗੀਆਂ ਚਾਬੀਆਂ ਵਿਚੋਂ ਇਕ ਚਾਬੀ ਚੁੱਕਦੇ ਨੂੰ ਮੈਨੂੰ ਦੇਖ ਕੇ ਘਰ ਵਾਲੀ ਕਹਿਣ ਲੱਗੀ, “ਹੁਣ ਕਿਥੇ ਚੱਲੇ ਹੋ?”
“ਮੈਂ-ਖਿਆ ਡਾਕ ਈ ਕੱਢ ਲਿਆਵਾਂ ‘ਮੇਲ ਬਾਕਸ’ ਵਿਚੋਂ।”
“ਓ ਆਹੋ ਸੱਚ!” ਮੈਨੂੰ ਵਿਚੋਂ ਹੀ ਟੋਕਦਿਆਂ ਉਹ ਕਹਿਣ ਲੱਗੀ, “ਮੇਰਾ ਚੈੱਕ ਵੀ ਆਇਆ ਹੋਣੈਂ, ਲਿਆਉ ਲਿਆਉ ਜਾ ਕੇæææ ਕੱਲ੍ਹ ਨੂੰ ਬਿੱਲ ਵੀ ਦੇਣੇ ਐਂ।”
ਇਹ ਚੈੱਕ ਅਤੇ ਅਦਾ ਕਰਨ ਵਾਲੇ ਬਿੱਲ ਹੀ ਮੇਰੇ ਰਹਿਰਾਸ ਪੜ੍ਹਦੇ ਦੀ ਬਿਰਤੀ ਉਖਾੜੀ ਜਾਂਦੇ ਸਨ। ਮਨ ਹੀ ਮਨ ਇਹ ਗੱਲ ਸੋਚਦਿਆਂ ਮੈਂ ਮੇਲ ਬਾਕਸ ਦੀ ਚਾਬੀ ਚੁੱਕ ਕੇ ਤੁਰ ਪਿਆ ਸਾਂ। ਬੜੇ ਹੰਮੇ ਨਾਲ ਮੇਲ ਬਾਕਸ ਖੋਲ੍ਹਿਆ, ਪਰ ਉਹ ਤਾਂ ਖਾਲੀ ਭਾਂਡੇ ਵਾਂਗ ਖੜਕ ਰਿਹਾ ਸੀ। ਬਾਕਸ ਵਿਚ ਹੱਥ ਫੇਰਦੇ ਨੂੰ ਮੈਨੂੰ ਦੁਪਹਿਰ ਵੇਲੇ ਅਪਾਰਟਮੈਂਟ ਦਫਤਰ ਵਾਲੀ ਤਖ਼ਤੀ ਦਾ ਚੇਤਾ ਆਇਆ ਤਾਂ ਮੇਰਾ ਆਪ ਮੁਹਾਰੇ ਹਾਸਾ ਨਿੱਕਲ ਗਿਆ। ਸਿਤਮ ਦੀ ਗੱਲ ਇਹ ਕਿ ਮੈਨੂੰ ਖਾਲੀ ਹੱਥ ਘਰੇ ਆਏ ਨੂੰ ਮੁਸ਼ਕੜੀਂਏ ਹੱਸਦਾ ਦੇਖ ਕੇ ਵੀ ਮੇਰੀ ਘਰ ਵਾਲੀ ਨੂੰ ਯਾਦ ਨਹੀਂ ਆਇਆ ਕਿ ਅੱਜ ਐਤਵਾਰ ਦੀ ਛੁੱਟੀ ਸੀ, ਡਾਕ ਕਿਥੋਂ ਆਉਣੀ ਸੀ ਅੱਜ!
ਉਹਦੇ ਵੱਲੋਂ ‘ਆਇਆ ਨ੍ਹੀਂ ਚੈੱਕ?’ ਪੁੱਛੇ ਜਾਣ ‘ਤੇ ਜਦ ਮੈਂ ਉਚੀ-ਉਚੀ ਹੱਸਦਿਆਂ ਕਿਹਾ ਕਿ ਕਮਲਿਆ ਟੱਬਰਾ! ਅੱਜ ਸੰਡੇ ਆ! ਤਾਂ ਉਹ ਮੱਥੇ ‘ਤੇ ਹੱਥ ਮਾਰ ਕੇ ਆਪਣੀ ਬਦ-ਹਵਾਸੀ ਤਸਲੀਮ ਕਰਦਿਆਂ ਬੋਲੀ, “ਸਾਡੀ ਤਾਂ ਮੱਤ ਹੀ ਮਾਰ ਹੋ ਗਈ ਐ।”
ਕਿਸੇ ਬੱਚੇ ਦੀ ਬਰਥ-ਡੇ ਪਾਰਟੀ ਵਿਚ ਜਾਣ ਮੌਕੇ ‘ਪੈਕ’ ਕੀਤਾ ਹੋਇਆ ‘ਗਿਫਟ’ ਘਰੇ ਭੁੱਲ ਜਾਣਾ, ਸਟੋਰ ਤੋਂ ਸੌਦਾ-ਪੱਤਾ ਲਿਆਉਣ ਦੀ ਬਣਾਈ ਲਿਸਟ ਘਰੇ ਛੱਡ ਕੇ ਸਟੋਰ ‘ਤੇ ਜਾ ਕੇ ‘ਉਹ ਲੈ’ ਆਖਣਾ, ਬੈਂਕ ਜਾ ਪਹੁੰਚਣਾ ਪਰ ਜਮ੍ਹਾਂ ਕਰਵਾਉਣ ਵਾਲੇ ਚੈੱਕ ਘਰੇ ਛੱਡ ਜਾਣਾ ਅਤੇ ਕਾਰ ਵਿਚ ਹੀ ਚਾਬੀਆਂ ਭੁੱਲ ਕੇ ਕਾਰ ‘ਲੌਕ’ ਕਰ ਦੇਣ ਵਰਗੀਆਂ ਗੱਲਾਂ ਅਚਾਰੀਆ ਰਜਨੀਸ਼ ਦੇ ਪ੍ਰਵਚਨ ਨੂੰ ਸਹੀ ਹੀ ਠਹਿਰਾਉਂਦੀਆਂ ਹਨ! ਸਾਡੇ ਪੰਜਾਬੀਆਂ ‘ਚ ਇਹ ਝੱਲ ਸ਼ਾਇਦ ਕੁਝ ਜ਼ਿਆਦਾ ਹੀ ਹੈ, ਡਾਲਰਾਂ ਦੇ ਝੱਲ ਕਰਕੇ!