ਤੋਹਫਾ

ਕਹਾਣੀ ‘ਤੋਹਫਾ’ ਮਨੁੱਖ ਦੇ ਦਿਲ-ਦਰਿਆ ਦੀਆਂ ਗਹਿਰਾਈਆਂ ਅੰਦਰ ਮਾਰੀ ਗਈ ਮਾਮੂਲੀ ਜਿਹੀ ਝਾਤੀ ਹੈ। ਉਰਦੂ ਨਾਮਾਨਿਗਾਰ ਅਨਵਰ ਫਰਹਾਦ ਨੇ ਇਨ੍ਹਾਂ ਗਹਿਰਾਈਆਂ ਦਾ ਬਿਰਤਾਂਤ ਸੁਣਾਉਣ ਲਈ ਜਿਹੜੀ ਕਹਾਣੀ ਬੁਣੀ ਹੈ, ਉਹ ਹੌਲੀ-ਹੌਲੀ ਇਉਂ ਖੁੱਲ੍ਹਦੀ ਹੈ ਜਿਵੇਂ ਗੁਲਾਬ ਦੀਆਂ ਪੱਤੀਆਂ ਖੁੱਲ੍ਹਣ ਨਾਲ ਮਹਿਕ, ਅਛੋਪਲੇ ਜਿਹੇ ਆਲੇ-ਦੁਆਲੇ ਫੈਲਦੀ ਜਾਂਦੀ ਹੈ।

-ਸੰਪਾਦਕ

ਅਨਵਰ ਫਰਹਾਦ
ਅਨੁਵਾਦ: ਸੁਰਜੀਤ ਸਿੰਘ ਪੰਛੀ

ਅਲਬਰਟ ਅਤੇ ਨਾਰਮਾ ਨਿਊ ਯਾਰਕ ਵਿਚ ਛੋਟੇ ਜਿਹੇ ਅਪਾਰਟਮੈਂਟ ਵਿਚ ਰਹਿੰਦੇ ਸਨ। ਅਲਬਰਟ ਦੰਦਾਂ ਦਾ ਡਾਕਟਰ ਸੀ ਤੇ ਪ੍ਰੈਕਟਿਸ ਬਸ ਗੁਜ਼ਾਰੇ ਜੋਗੀ ਹੀ ਸੀ।
ਨਾਰਮਾ ਸੋਹਣੀ ਸੀ। ਉਹ ਹਰ ਮਹੀਨੇ ਦੇ ਅਖੀਰਲੇ ਸ਼ੁੱਕਰਵਾਰ ਆਪਣੀ ਬੁੱਢੀ ਮਾਸੀ ਨੂੰ ਮਿਲਣ ਬਾਲਟੀਮੋਰ ਜਾਂਦੀ। ਇਕ ਰਾਤ ਉਥੇ ਕੱਟ ਕੇ ਅਗਲੇ ਦਿਨ ਸ਼ਾਮੀ ਮੁੜ ਆਉਂਦੀ। ਅਲਬਰਟ ਨੂੰ ਪਤਾ ਸੀ ਕਿ ਮਾਸੀ ਮਾਰਗਰੇਟ ਬਾਲਟੀਮੋਰ ਰਹਿੰਦੀ ਹੈ ਅਤੇ ਇਹ ਵੀ ਪਤਾ ਸੀ ਕਿ ਨਾਰਮਾ ਮਾਸੀ ਨੂੰ ਬੜਾ ਪਿਆਰ ਕਰਦੀ ਹੈ। ਮਹੀਨੇ ਵਿਚ ਇਕ ਵਾਰ ਨਾਰਮਾ ਨੂੰ ਜਾਣ ਤੋਂ ਰੋਕਣ ਦਾ ਕੋਈ ਕਾਰਨ ਨਹੀਂ ਸੀ।
ਇਕ ਵਾਰ ਅਲਬਰਟ ਨੇ ਨਾਰਮਾ ਨੂੰ ਪੁੱਛਿਆ, “ਜੇ ਮੈਂ ਤੇਰੇ ਨਾਲ ਨਾ ਜਾ ਸਕਾਂ ਤਾਂ ਤੈਨੂੰ ਕੋਈ ਗਿਲਾ ਤਾਂ ਨਾ ਹੋਊ?”
“ਨਹੀਂ ਡਾਰਲਿੰਗ!” ਨਾਰਮਾ ਨੇ ਪਿਆਰ ਨਾਲ ਕਿਹਾ ਸੀ, “ਮੈਨੂੰ ਤੁਹਾਡੇ ਰੁਝੇਵਿਆਂ ਦਾ ਪਤਾ ਹੈ। ਉਂਜ ਵੀ ਮਾਰਗਰੇਟ ਤੇਰੀ ਨਹੀਂ, ਮੇਰੀ ਮਾਸੀ ਹੈ।”
ਇੰਜ ਨਾਰਮਾ ਦਾ ਆਉਣ-ਜਾਣ ਚੱਲਦਾ ਗਿਆ। ਅਸਲ ਵਿਚ ਮਾਸੀ ਨੂੰ ਮਿਲਣ ਦਾ ਤਾਂ ਇਕ ਬਹਾਨਾ ਸੀ। ਨਾਰਮਾ ਬਹੁਤਾ ਸਮਾਂ ਨੌਜਵਾਨ ਕਰਨਲ ਨਾਲ ਬਤੀਤ ਕਰਦੀ। ਉਹ ਕੁਆਰਾ ਤੇ ਬਹੁਤ ਅਮੀਰ ਸੀ ਅਤੇ ਬਾਲਟੀਮੋਰ ਤੋਂ ਰਤਾ ਹਟ ਕੇ ਇਕ ਸੁੰਦਰ ਮਕਾਨ ਵਿਚ ਰਹਿੰਦਾ ਸੀ। ਉਹ ਸਾਲ ਵਿਚ ਕੇਵਲ ਬਾਰਾਂ ਵਾਰੀ ਮਿਲਦੇ। ਨਾ ਕਿਸੇ ਨੂੰ ਇਨ੍ਹਾਂ ‘ਤੇ ਸ਼ੱਕ ਹੋਇਆ ਅਤੇ ਨਾ ਹੀ ਉਹ ਦੋਵੇਂ ਇਕ-ਦੂਜੇ ਦੇ ਸਾਥ ਵਿਚ ਅੱਕੇ, ਸਗੋਂ ਪਹਿਲਾਂ ਨਾਲੋਂ ਵੀ ਵੱਧ ਗਰਮਜੋਸ਼ੀ ਨਾਲ ਮਿਲਦੇ।
ਹਰ ਵਾਰ ਕਰਨਲ ਰੇਲਵੇ ਸਟੇਸ਼ਨ ਦੇ ਬਾਹਰ ਨਾਰਮਾ ਦੀ ਉਡੀਕ ਕਰਦਾ ਮਿਲਦਾ। ਨਾਰਮਾ ਨੂੰ ਦੇਖਦਿਆਂ ਹੀ ਉਸ ਦਾ ਚਿਹਰਾ ਖਿੜ੍ਹ ਜਾਂਦਾ। ਇਸੇ ਤਰ੍ਹਾਂ ਅੱਠ ਸਾਲ ਬੀਤ ਗਏ।
ਕ੍ਰਿਸਮਸ ਵਿਚ ਦੋ ਦਿਨ ਰਹਿੰਦੇ ਸਨ। ਨਾਰਮਾ ਬਾਲਟੀਮੋਰ ਦੇ ਸਟੇਸ਼ਨ ਤੇ ਨਿਊ ਯਾਰਕ ਜਾਣ ਵਾਲੀ ਗੱਡੀ ਉਡੀਕ ਰਹੀ ਸੀ। ਇਸ ਵਾਰੀ ਵੀ ਕਰਨਲ ਨਾਲ ਮਿਲਾਪ ਬੜਾ ਸਰੂਰ ਭਰਪੂਰ ਰਿਹਾ ਸੀ। ਹਰ ਵਾਰ ਕਰਨਲ ਤੋਂ ਵੱਖ ਹੋਣ ਪਿਛੋਂ ਕਈ ਦਿਨਾਂ ਤੱਕ ਪਿਆਰ ਦਾ ਖੁਮਾਰ ਨਾਰਮਾ ਦੇ ਦਿਲੋ-ਦਿਮਾਗ ‘ਤੇ ਛਾਇਆ ਰਹਿੰਦਾ। ਕਰਨਲ ਨਾ ਕੇਵਲ ਇਕ ਵਧੀਆ ਸ਼ਖਸੀਅਤ ਸੀ, ਉਸ ਦੀ ਗੱਲ-ਕੱਥ ਵੀ ਬੇਹੱਦ ਰੌਚਿਕ ਸੀ। ਉਹ ਔਰਤਾਂ ਨੂੰ ਫਸਾਉਣ ਵਿਚ ਪੂਰਾ ਮਾਹਿਰ ਸੀ। ਇਸ ਦੇ ਉਲਟ ਨਾਰਮਾ ਦਾ ਪਤੀ ਠੰਢਾ ਅਤੇ ਚੁੱਪ ਰਹਿਣਾ ਆਦਮੀ ਸੀ। ਉਸ ਦੇ ਪਿਆਰ ਵਿਚ ਉਹ ਨਿੱਘ ਨਹੀਂ ਸੀ ਜੋ ਕਰਨਲ ਵਿਚ ਸੀ। ਇਸੇ ਕਰਕੇ ਨਾਰਮਾ ਅਪਾਰਟਮੈਂਟ ਵਿਚ ਆਮ ਕਰ ਕੇ ਪੜ੍ਹਨ ਵਿਚ ਖੁੱਭੀ ਰਹਿੰਦੀ।
“ਮਾਫ਼ ਕਰਨਾ ਮੈਡਮ!” ਆਵਾਜ਼ ਸੁਣ ਕੇ ਖਿਆਲਾਂ ਵਿਚ ਡੁਬੀ ਨਾਰਮਾ ਤ੍ਰਭਕੀ। ਸਾਹਮਣੇ ਕਰਨਲ ਦਾ ਨੌਕਰ ਖੜ੍ਹਾ ਸੀ। ਉਹਨੇ ਵੱਡਾ ਸਾਰਾ ਡੱਬਾ ਉਸ ਵੱਲ ਵਧਾਉਂਦਿਆਂ ਕਿਹਾ, “ਕਰਨਲ ਨੇ ਤੁਹਾਡੇ ਲਈ ਇਹ ਤੋਹਫਾ ਭੇਜਿਆ ਹੈ।”
“ਓਹ!” ਨਾਰਮਾ ਦਾ ਚਿਹਰਾ ਖੁਸ਼ੀ ਨਾਲ ਚਮਕ ਪਿਆ, “ਇਸ ਵਿਚ ਕੀ ਐ ਟੇਡ? ਉਨ੍ਹਾਂ ਕੋਈ ਸੁਨੇਹਾ ਵੀ ਦਿੱਤੈ?”
“ਨਹੀਂ।” ਟੇਡ ਨੇ ਨਾਂਹ ਵਿਚ ਸਿਰ ਹਿਲਾਇਆ ਅਤੇ ਡੱਬਾ ਉਸ ਨੂੰ ਫੜਾ ਕੇ ਮੁੜ ਗਿਆ।
ਟ੍ਰੇਨ ਆਉਣ ਤੱਕ ਉਹ ਉਸ ਡੱਬੇ ਨੂੰ ਉਲਟ-ਪੁਲਟ ਕੇ ਦੇਖਦੀ ਰਹੀ। ਟ੍ਰੇਨ ਵਿਚ ਸਵਾਰ ਹੁੰਦਿਆਂ ਹੀ ਨਾਰਮਾ ਵਾਸ਼ਰੂਮ ਗਈ। ਜੋਸ਼ ਤੇ ਖੁਸ਼ੀ ਨਾਲ ਉਸ ਦੇ ਸਰੀਰ ਵਿਚ ਝਰਨਾਹਟ ਹੋ ਰਹੀ ਸੀ। ਉਸ ਨੇ ਸੋਚਿਆ, ਸ਼ਾਇਦ ਕਰਨਲ ਨੇ ਕ੍ਰਿਸਮਸ ਦਾ ਤੋਹਫ਼ਾ ਭੇਜਿਆ ਹੈ। ਅਨੁਮਾਨ ਲਾਉਣ ਦਾ ਯਤਨ ਕਰਾਂਗੀ। ਰੰਗ ਬਾਰੇ ਕਿਆਸ ਕਰਾਂਗੀ। ਦੇਖਾਂ ਤਾਂ ਸਹੀ, ਮੇਰਾ ਅਨੁਮਾਨ ਕਿੰਨਾ ਕੁ ਠੀਕ ਹੈ ਅਤੇ ਇਹ ਸਾਮਾਨ ਪਤਾ ਨਹੀਂ ਕਿੰਨਾ ਬਹੁਮੁੱਲਾ ਹੋਵੇਗਾ?”
ਉਹਨੇ ਅੱਖਾਂ ਬੰਦ ਕਰ ਲਈਆਂ ਤੇ ਕੰਬਦੇ ਹੱਥਾਂ ਨਾਲ ਡੱਬੇ ਦਾ ਢੱਕਣ ਚੁੱਕਿਆ। ਆਪਣਾ ਇਕ ਹੱਥ ਅੰਦਰ ਪਾ ਕੇ ਟੋਹਣ ਲੱਗੀ। ਉਸ ਦੀਆਂ ਉਂਗਲਾਂ ਕਿਸੇ ਨਰਮ ਚੀਜ਼ ਨੂੰ ਛੂਹੀਆਂ।
“ਓ ਮਾਈ ਗਾਡ”, ਉਹ ਬੁੜਬੁੜਾਈ, “ਨਹੀਂæææਮੈਂ ਸੁਪਨਾ ਦੇਖ ਰਹੀ ਹਾਂ।” ਉਹਨੇ ਇਕਦਮ ਅੱਖਾਂ ਖੋਲ੍ਹੀਆਂ ਅਤੇ ਹੈਰਾਨੀ ਨਾਲ ਡੱਬੇ ਵਿਚ ਪਿਆ ਕੋਟ ਦੇਖਣ ਲੱਗੀ। ਫਿਰ ਉਹਨੇ ਕਾਲਰ ਤੋਂ ਫੜ ਕੇ ਝਟਕੇ ਨਾਲ ਕੋਟ ਡੱਬੇ ਵਿਚੋਂ ਕੱਢ ਲਿਆ। ਫਰ ਦੀਆਂ ਮੋਟੀਆਂ ਤਹਿਆਂ ਖੁੱਲ੍ਹਣ ਦੀ ਸਰਸਰਾਹਟ ਦੀ ਮੱਧਮ ਜਿਹੀ ਆਵਾਜ਼ ਨੇ ਉਸ ਦੇ ਕੰਨਾਂ ਵਿਚ ਜਿਵੇਂ ਰਸ ਘੋਲ ਦਿੱਤਾ। ਉਹ ਦੋਵੇਂ ਹੱਥਾਂ ਨਾਲ ਕੋਟ ਖੋਲ੍ਹ ਕੇ ਘੂਰਨ ਲੱਗੀ। ਫਰ ਦਾ ਕੋਟ ਇਸ ਕਦਰ ਸੁੰਦਰ ਅਤੇ ਬਹੁਮੁੱਲਾ ਸੀ ਕਿ ਨਾਰਮਾ ਨੂੰ ਆਪਣਾ ਸਾਹ ਰੁਕਦਾ ਲੱਗਿਆ।
ਮਨਕ ਦੇ ਫਰ ਦਾ ਇੰਨਾ ਕੀਮਤੀ ਕੋਟ ਉਸ ਨੇ ਜ਼ਿੰਦਗੀ ਵਿਚ ਕਦੇ ਨਹੀਂ ਸੀ ਦੇਖਿਆ। “ਇਹ ਮਨਕ ਹੀ ਹੈ?” ਉਹ ਬੇਭਰੋਸਗੀ ਵਿਚ ਬੁੜਬੁੜਾਈ, “ਉਹæææਸੱਚੀਂ! ਇਹ ਮਨਕ ਹੈ ਅਤੇ ਇਸ ਦਾ ਰੰਗ ਵੀ ਕਿੰਨਾ ਸੁੰਦਰ ਹੈ।”
ਫਰ ਦਾ ਰੰਗ ਪੂਰਾ ਕਾਲਾ ਸੀ। ਪਹਿਲਾਂ ਤਾਂ ਉਹ ਇਹੋ ਸਮਝੀ ਸੀ ਕਿ ਇਹ ਕਾਲਾ ਫਰ ਹੈ, ਪਰ ਖਿੜਕੀ ਨੇੜੇ ਹੋ ਕੇ ਜਦੋਂ ਧਿਆਨ ਨਾਲ ਦੇਖਿਆ ਤਾਂ ਉਹ ਨੀਲਾ ਲੱਗਿਆ। ਪੱਕੀ ਗੱਲ਼ææ ਇਹ ਫਰ ਕਾਲਾ, ਨਹੀਂ ਨੀਲਾ ਸੀ। ਉਹਨੇ ਕਾਹਲੀ ਨਾਲ ਫਰ ‘ਤੇ ਨਜ਼ਰ ਮਾਰੀ ਜਿਸ ਉਤੇ ‘ਜੰਗਲੀ ਲੇਬਾਰਡਰ ਮਨਕ’ ਲਿਖਿਆ ਹੋਇਆ ਸੀ। ਲੇਬਲ ‘ਤੇ ਨਾ ਕੋਈ ਨਿਸ਼ਾਨ ਸੀ ਅਤੇ ਨਾ ਹੀ ਕਿਸੇ ਕੰਪਨੀ ਜਾਂ ਦੁਕਾਨ ਦਾ ਪਤਾ ਸੀ।
“ਸ਼ਾਇਦ ਇਹ ਕਰਨਲ ਦਾ ਹੀ ਕੰਮ ਸੀ।” ਉਹਨੇ ਧੜਕਦੇ ਦਿਲ ਨਾਲ ਸੋਚਿਆ। ਚਲਾਕ ਕਰਨਲ ਨੇ ਆਪਣਾ ਕੋਈ ਨਿਸ਼ਾਨ ਨਹੀਂ ਸੀ ਛੱਡਿਆ। ਇਕ ਤਰ੍ਹਾਂ ਤਾਂ ਚੰਗਾ ਹੀ ਸੀ। ਫਿਰ ਉਹਨੇ ਸੋਚਿਆ, ਇਹ ਕੋਟ ਕਿੰਨੇ ਦਾ ਹੋਵੇਗਾ? ਘੱਟ ਤੋਂ ਘੱਟ ਦਸ ਹਜ਼ਾਰ ਡਾਲਰæææ ਸ਼ਾਇਦ ਇਸ ਤੋਂ ਵੀ ਵੱਧ।
ਉਹ ਚਾਹੁੰਦਿਆਂ ਵੀ ਕੋਟ ਤੋਂ ਨਜ਼ਰ ਨਾ ਹਟਾ ਸਕੀ। ਫਿਰ ਉਹ ਕਾਹਲੀ ਨਾਲ ਆਪਣਾ ਲਾਲ ਕੋਟ ਲਾਹ ਕੇ ਮਨਕ ਦਾ ਕੋਟ ਪਾਉਣ ਲੱਗੀ। ਉਸ ਦਾ ਸਾਹ ਚੜ੍ਹ ਗਿਆ। ਫਰ ਬੇਹੱਦ ਨਰਮ ਅਤੇ ਮੋਟਾ ਸੀ। ਉਹਨੂੰ ਯਾਦ ਆਇਆ ਕਿ ਕਿਸੇ ਨੇ ਉਹਨੂੰ ਦੱਸਿਆ ਸੀ ਕਿ ਫਰ ਦੇ ਕੋਟ ਦੀ ਆਸਤੀਨ ਵਿਚ ਮਾਦਾ ਦੀ ਖੱਲ ਲੱਗੀ ਹੁੰਦੀ ਹੈ ਅਤੇ ਬਾਕੀ ਸਾਰਾ ਕੋਟ ਨਰ ਦੀ ਖੱਲ ਦਾ ਬਣਿਆ ਹੁੰਦਾ ਹੈ।
ਗੂੜ੍ਹੇ ਰੰਗ ਦਾ ਫਰ ਦਾ ਕੋਟ ਉਸ ਦੇ ਸਰੀਰ ‘ਤੇ ਇਉਂ ਫਿੱਟ ਆ ਗਿਆ, ਜਿਵੇਂ ਨਾਪ ਲੈ ਕੇ ਬਣਾਇਆ ਹੋਵੇ। ਉਹਨੇ ਸ਼ੀਸ਼ੇ ਵਿਚ ਆਪਣਾ ਅਕਸ ਦੇਖਿਆ ਅਤੇ ਉਸ ਦੀਆਂ ਅੱਖਾਂ ਖੁਸ਼ੀ ਨਾਲ ਅੱਡੀਆਂ ਗਈਆਂ। ਉਹ ਕੋਟ ਵਿਚ ਬਹੁਤ ਸੁੰਦਰ ਲੱਗਦੀ ਸੀ। ਸੋਚਣ ਲੱਗੀ, “ਜਦੋਂ ਕੋਟ ਪਾ ਕੇ ਘਰੋਂ ਬਾਹਰ ਨਿਕਲਾਂਗੀ ਤਾਂ ਆਦਮੀ ਮੁੜ-ਮੁੜ ਕੇ ਉਹਨੂੰ ਦੇਖਣ ਲਈ ਮਜਬੂਰ ਹੋ ਜਾਣਗੇ।” ਅਚਾਨਕ ਉਹਨੂੰ ਲਿਫ਼ਾਫਾ ਯਾਦ ਆ ਗਿਆ। ਉਹਨੇ ਕਾਹਲੀ ਨਾਲ ਲਿਫ਼ਾਫ਼ਾ ਚੁੱਕ ਕੇ ਖੋਲ੍ਹ ਲਿਆ। ਇਕ ਪਰਚਾ ਅੰਦਰੋਂ ਮਿਲਿਆ ਜੋ ਪੜ੍ਹਨ ਲੱਗੀ। ਲਿਖਿਆ ਸੀ,
“ਪਿਆਰੀ ਨਾਰਮਾ,
ਇਕ ਵਾਰ ਤੂੰ ਕਿਹਾ ਸੀ ਕਿ ਤੈਨੂੰ ਮਨਕ ਦਾ ਫਰ ਕੋਟ ਬਹੁਤ ਪਸੰਦ ਹੈ। ਮੈਂ ਤੇਰੀ ਇੱਛਾ ਪੂਰੀ ਕਰ ਦਿੱਤੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਹ ਵਧੀਆ ਫਰ ਦਾ ਕੋਟ ਹੈ। ਮੇਰੇ ਵੱਲੋਂ ਅਤਿਅੰਤ ਪਿਆਰ ਅਤੇ ਨੇਕ ਇੱਛਾਵਾਂ ਨਾਲ ਇਹ ਅਲਵਿਦਾਈ ਤੋਹਫ਼ਾ ਪ੍ਰਵਾਨ ਕਰੋ। ਮੈਂ ਅੱਗੇ ਤੋਂ ਤੈਨੂੰ ਕਦੇ ਨਹੀਂ ਮਿਲ ਸਕਾਂਗਾ, ਕਿਉਂਕਿ ਮੈਂ ਵਿਆਹ ਦਾ ਫੈਸਲਾ ਕਰ ਲਿਆ ਹੈ। ਸਦਾ ਲਈ। ਰੱਬ ਰਾਖਾ।”
“ਓਹæææ”, ਨਾਰਮਾ ਦੇ ਦਿਲ ਨੂੰ ਝਟਕਾ ਲੱਗਾ। ਇਸ ਖਿਆਲ ਨਾਲ ਉਹਨੂੰ ਦੁੱਖ ਵੀ ਹੋ ਰਿਹਾ ਸੀ ਕਿ ਉਹ ਹੁਣ ਕਰਨਲ ਨੂੰ ਕਦੇ ਨਹੀਂ ਮਿਲ ਸਕੇਗੀ। ਉਹਨੇ ਛੇਤੀ ਹੀ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰ ਲਿਆ ਅਤੇ ਬੜੇ ਪਿਆਰ ਨਾਲ ਫਰ ‘ਤੇ ਹੱਥ ਫੇਰਨ ਲੱਗੀ। ਫਿਰ ਚਿੱਠੀ ਪਾੜਨ ਦੇ ਇਰਾਦੇ ਨਾਲ ਮੋੜੀ ਤਾਂ ਪਿਛੇ ਵੀ ਕੁਝ ਲਿਖਿਆ ਹੋਇਆ ਦੇਖਿਆ। ਉਹਨੇ ਪੜ੍ਹਿਆ,
“ਤੇਰਾ ਪਤੀ ਜ਼ਰੂਰ ਕੋਟ ਬਾਰੇ ਪੁੱਛੇਗਾ। ਉਹਨੂੰ ਕਹਿ ਦੇਣਾ ਕਿ ਇਹ ਕੋਟ ਤੇਰੀ ਮਾਸੀ ਨੇ ਤੈਨੂੰ ਕ੍ਰਿਸਮਸ ਦਾ ਤੋਹਫ਼ਾ ਦਿੱਤਾ ਹੈ।”
ਨਾਰਮਾ ਨੇ ਆਪਣੇ ਬੁੱਲ੍ਹ ਘੁੱਟ ਲਏ। ਸੋਚਣ ਲੱਗੀ, ਮਾਸੀ ਮਾਰਗਰੇਟ ਦੇ ਕੋਲ ਐਨਾ ਧਨ ਕਿਥੇ ਐ ਕਿ ਆਪਣੀ ਭਾਣਜੀ ਨੂੰ ਐਨਾ ਕੀਮਤੀ ਕੋਟ ਖਰੀਦ ਕੇ ਦੇ ਸਕੇ। ਉਸ ਦੇ ਪਤੀ ਨੇ ਜ਼ਰੂਰ ਪੁੱਛਣਾ ਹੈ ਕਿ ਇਹ ਕਿਥੋਂ ਮਿਲਿਆ ਹੈ। ਮਾਸੀ ਦਾ ਬਹਾਨਾ ਨਹੀਂ ਚੱਲ ਸਕਦਾ ਪਰ ਪਤਾ ਲੱਗਣ ਤੋਂ ਬਚਣ ਲਈ ਕੋਈ ਨਾ ਕੋਈ ਬਹਾਨਾ ਤਾਂ ਬਣਾਉਣਾ ਹੀ ਹੋਵੇਗਾ। ਅਚਾਨਕ ਉਹ ਪਰੇਸ਼ਾਨ ਹੋ ਗਈ। ਇਸ ਤਰ੍ਹਾਂ ਸੁੰਦਰ ਅਤੇ ਬਹੁਮੁੱਲਾ ਕੋਟ ਪਾਉਣ ਦੀ ਖੁਸ਼ੀ ਵਿਚ ਉਹ ਇਸ ਜ਼ਰੂਰੀ ਗੱਲ ਨੂੰ ਤਾਂ ਪੂਰੀ ਤਰ੍ਹਾਂ ਭੁੱਲ ਹੀ ਗਈ ਸੀ।
ਦੋ ਘੰਟੇ ਪਿਛੋਂ ਉਹ ਨਿਊ ਯਾਰਕ ਪਹੁੰਚਣ ਵਾਲੀ ਸੀ। ਉਸ ਤੋਂ ਦਸ ਮਿੰਟ ਪਿਛੋਂ ਉਹ ਆਪਣੇ ਅਪਾਰਟਮੈਂਟ ਵਿਚ ਹੋਵੇਗੀ, ਜਿਥੇ ਉਸ ਦਾ ਪਤੀ ਉਹਦੀ ਉਡੀਕ ਕਰ ਰਿਹਾ ਹੋਵੇਗਾ। ਕੋਟ ਦੇਖ ਕੇ ਅਲਬਰਟ ਵੀਹ ਸਵਾਲ ਕਰ ਸਕਦਾ ਹੈ, ਪਰ ਉਸ ਕੋਲ ਕੋਈ ਉਤਰ ਨਹੀਂ ਸੀ ਕਿ ਐਨਾ ਕੀਮਤੀ ਕੋਟ ਕਿਥੋਂ ਮਿਲਿਆ ਹੈ। ਨਾਰਮਾ ਸੋਚਣ ਲੱਗੀ, ਸ਼ਾਇਦ ਕਰਨਲ ਨੇ ਜਾਣ-ਬੁੱਝ ਕੇ ਮੁਸੀਬਤ ਵਿਚ ਪਾਉਣ ਲਈ ਇਹ ਤੋਹਫ਼ਾ ਦਿੱਤਾ ਸੀ। ਉਹ ਜਾਣਦਾ ਸੀ ਕਿ ਮਾਸੀ ਮਾਰਗਰੇਟ ਉਸ ਨੂੰ ਇਹੋ ਜਿਹਾ ਤੋਹਫ਼ਾ ਨਹੀਂ ਦੇ ਸਕਦੀ। ਕੁਝ ਵੀ ਸੀ, ਹੁਣ ਉਹ ਇਸ ਕੋਟ ਤੋਂ ਵਾਂਝੀ ਹੋਣ ਦਾ ਖਿਆਲ ਵੀ ਨਹੀਂ ਕਰ ਸਕਦੀ ਸੀ।
“ਕੁਝ ਸੋਚਣਾ ਪਵੇਗਾ”, ਉਹ ਸ਼ੀਸ਼ੇ ਵਿਚ ਆਪਣਾ ਅਕਸ ਦੇਖ ਕੇ ਪੱਕੇ ਇਰਾਦੇ ਨਾਲ ਬੁੜਬੁੜਾਈ। ਉਹਨੇ ਸੋਚਿਆ ਕਿ ਉਹ ਇਸ ਤੋਂ ਪਹਿਲਾਂ ਵੀ ਅਲਬਰਟ ਨੂੰ ਮੂਰਖ ਬਣਾਉਂਦੀ ਰਹੀ ਹੈ, ਤੇ ਉਹਨੂੰ ਕਰਨਲ ਅਤੇ ਆਪਣੇ ਸਬੰਧ ਦੀ ਭਿਣਕ ਵੀ ਨਹੀਂ ਪੈਣ ਦਿੱਤੀ।
ਨਾਰਮਾ ਕੋਈ ਸਕੀਮ ਸੋਚਣ ਲੱਗੀ। ਟ੍ਰੇਨ ਤੋਂ ਉਤਰ ਕੇ ਉਹ ਤੇਜ਼ ਚੱਲਦੀ ਸਟੇਸ਼ਨ ਤੋਂ ਬਾਹਰ ਨਿਕਲੀ। ਉਸ ਨੇ ਲਾਲ ਕੋਟ ਪਹਿਨਿਆ ਹੋਇਆ ਸੀ ਅਤੇ ਗੱਤੇ ਦੇ ਡੱਬੇ ਨੂੰ ਘੁੱਟ ਕੇ ਫੜਿਆ ਹੋਇਆ ਸੀ। ਉਹਨੇ ਟੈਕਸੀ ਨੂੰ ਇਸ਼ਾਰੇ ਨਾਲ ਬੁਲਾਇਆ।
“ਡਰਾਈਵਰ!” ਉਸ ਨੇ ਕਿਹਾ, “ਤੈਨੂੰ ਸਾਮਾਨ ਗਹਿਣੇ ਰੱਖਣ ਵਾਲੀ ਕਿਸੇ ਅਜਿਹੀ ਦੁਕਾਨ ਦਾ ਪਤੈ, ਜੋ ਇਸ ਸਮੇਂ ਖੁੱਲ੍ਹੀ ਹੋਵੇ?”
ਡਰਾਈਵਰ ਨੇ ਉਸ ਵੱਲ ਦੇਖ ਕੇ ਕਿਹਾ, “ਛੇਵੀਂ ਸਟਰੀਟ ‘ਤੇ ਕਈ ਦੁਕਾਨਾਂ ਖੁੱਲ੍ਹੀਆਂ ਹੋਣਗੀਆਂ।”
“ਮੈਨੂੰ ਕਿਸੇ ਦੁਕਾਨ ‘ਤੇ ਲੈ ਚੱਲ।” ਨਾਰਮਾ ਨੇ ਕਿਹਾ ਅਤੇ ਕਾਹਲੀ ਨਾਲ ਅੰਦਰ ਬੈਠ ਗਈ। ਥੋੜ੍ਹੇ ਸਮੇਂ ਪਿਛੋਂ ਟੈਕਸੀ ਇਕ ਦੁਕਾਨ ਸਾਹਮਣੇ ਜਾ ਰੁਕੀ ਜਿਸ ਉਤੇ “ਲੇਕ ਪਾਨ ਬਰੋਕਰ” ਦਾ ਬੋਰਡ ਲੱਗਾ ਹੋਇਆ ਸੀ। ਨਾਰਮਾ ਟੈਕਸੀ ‘ਚੋਂ ਬਾਹਰ ਨਿਕਲੀ ਅਤੇ ਡਰਾਈਵਰ ਨੂੰ ਕਿਹਾ, “ਮੇਰੀ ਉਡੀਕ ਕਰ, ਮੈਂ ਹੁਣੇ ਆਈ।”
ਕਾਊਂਟਰ ‘ਤੇ ਮੋਟਾ ਆਦਮੀ ਬੈਠਾ ਸੀ। ਨਾਰਮਾ ਨੂੰ ਆਉਂਦਿਆਂ ਦੇਖ ਕੇ ਉਹਨੇ ਐਨਕ ਠੀਕ ਕੀਤੀ ਅਤੇ ਮੁਸਕਰਾ ਕੇ ਕਿਹਾ, “ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?”
“ਅਸਲ ਵਿਚ ਮੇਰੇ ਕੋਲੋਂ ਮੂਰਖਤਾ ਹੋ ਗਈ ਹੈ।” ਨਾਰਮਾ ਨੇ ਡੱਬਾ ਕਾਊਂਟਰ ‘ਤੇ ਰੱਖ ਕੇ ਧੀਮੇ ਜਿਹੇ ਕਿਹਾ।
“ਕੀ ਮਤਲਬ? ਮੈਂ ਸਮਝਿਆ ਨਹੀਂ ਬੇਗ਼ਮ।” ਮੋਟੇ ਨੇ ਫਿਰ ਐਨਕ ਠੀਕ ਕਰਦਿਆਂ ਉਹਨੂੰ ਧਿਆਨ ਨਾਲ ਦੇਖਿਆ।
“ਮੈਂ ਬਹੁਤ ਪਰੇਸ਼ਾਨ ਹਾਂæææਮੇਰਾ ਪਰਸ ਗੁਆਚ ਗਿਆ ਹੈ, ਅੱਜ ਸਨਿਚਰਵਾਰ ਹੈ, ਐਤਵਾਰ ਤੱਕ ਬੈਂਕ ਵੀ ਬੰਦ ਰਹਿਣਗੇ। ਮੈਨੂੰ ਹਫ਼ਤੇ ਲਈ ਕੁਝ ਰਕਮ ਦੀ ਲੋੜ ਹੈ।” ਨਾਰਮਾ ਨੇ ਕਿਹਾ ਅਤੇ ਡੱਬੇ ‘ਤੇ ਬੰਨ੍ਹੀ ਰੀਬਨ ਖੋਲ੍ਹਣ ਲੱਗੀ।
“ਮੈਨੂੰ ਤੁਹਾਡਾ ਪਰਸ ਗੁਆਚਣ ਦਾ ਅਫ਼ਸੋਸ ਹੈ, ਬੇਗਮ।” ਮੋਟੇ ਨੇ ਰਸਮੀ ਤੌਰ ‘ਤੇ ਕਿਹਾ।
ਨਾਰਮਾ ਅਣਸੁਣੀ ਕਰਦਿਆਂ ਬੋਲੀ, “ਮੈਨੂੰ ਬਹੁਤੀ ਰਕਮ ਦੀ ਲੋੜ ਨਹੀਂ, ਕੇਵਲ ਐਤਵਾਰ ਤੱਕ ਖਰਚ ਚਾਹੀਦਾ ਹੈæææਇਹ ਕੋਟ ਮੈਂ ਤੁਹਾਡੇ ਕੋਲ ਗਹਿਣੇ ਰੱਖਣਾ ਚਾਹੁੰਦੀ ਹਾਂ। ਐਤਵਾਰ ਨੂੰ ਰਕਮ ਦੇ ਕੇ ਆਪਣਾ ਕੋਟ ਲੈ ਜਾਵਾਂਗੀ।”
ਮੋਟਾ ਚੁੱਪ-ਚਾਪ ਡੱਬੇ ਵੱਲ ਵੇਖਦਾ ਰਿਹਾ। ਨਾਰਮਾ ਨੇ ਕੋਟ ਕੱਢਿਆ ਤਾਂ ਉਹਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਹ ਕੀਮਤੀ ਕੋਟ ਸੀ। ਉਹ ਉਸ ਦੇ ਹੱਥੋਂ ਕੋਟ ਫੜ ਕੇ ਪਰਖਣ ਲੱਗਾ।
“ਜੇ ਮੇਰੇ ਕੋਲ ਕੋਈ ਘੜੀ ਜਾਂ ਮੁੰਦਰੀ ਹੁੰਦੀ ਤਾਂ ਕੋਟ ਦੀ ਥਾਂ ਉਹ ਗਹਿਣੇ ਰੱਖਦੀ।” ਨਾਰਮਾ ਨੇ ਕਿਹਾ, “ਪਰ ਇਸ ਸਮੇਂ ਮੇਰੇ ਕੋਲ ਕੋਟ ਤੋਂ ਬਿਨਾਂ ਕੁਝ ਨਹੀਂ।”
“ਕੋਟ ਤਾਂ ਨਵਾਂ ਲੱਗਦੈ!” ਮੋਟਾ ਕੋਟ ਨੂੰ ਉਲਟ-ਪਲਟ ਕੇ ਦੇਖਦਿਆਂ ਬੋਲਿਆ।
“ਹਾਂ, ਬਿਲਕੁੱਲ ਨਵਾਂ ਹੈ ਪਰ ਮੈਂ ਕਿਹਾ ਐ ਨਾæææਮੈਨੂੰ ਕੇਵਲ ਐਤਵਾਰ ਤੱਕ ਕੁਝ ਰਕਮ ਚਾਹੀਦੀ ਐ, ਫਿਰ ਮੈਂ ਆ ਕੇ ਇਹ ਲੈ ਜਾਵਾਂਗੀ।”
“ਤੁਹਾਨੂੰ ਕਿੰਨੀ ਰਕਮ ਦੀ ਲੋੜ ਐ?”
“ਕੇਵਲ ਪੰਜਾਹ ਡਾਲਰ।”
“ਮੈਂ ਤੁਹਾਨੂੰ ਪੰਜਾਹ ਡਾਲਰ ਦੇਣ ਲਈ ਤਿਆਰ ਹਾਂ।”
“ਕੋਟ ਦਾ ਮੁੱਲ ਇਸ ਰਕਮ ਤੋਂ ਸੈਂਕੜੇ ਗੁਣਾ ਹੈ, ਮੈਨੂੰ ਭਰੋਸਾ ਹੈ ਕਿ ਮੇਰੇ ਮੁੜਨ ਤੱਕ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਧਿਆਨ ਨਾਲ ਰੱਖੋਗੇ।” ਨਾਰਮਾ ਨੇ ਕਿਹਾ।
“ਮੈਂ ਆਪਣੀ ਜ਼ਿੰਮੇਵਾਰੀ ਸਮਝਦਾਂ, ਮੈਡਮ।” ਉਹਨੇ ਕਿਹਾ। ਰਸੀਦ ਬੁੱਕ ਕਾਊਂਟਰ ‘ਤੇ ਰੱਖਦਿਆਂ ਪੈਨ ਚੁੱਕ ਕੇ ਉਹਨੇ ਪੁੱਛਿਆ, “ਨਾਂ?”
“ਨਾਂ ਅਤੇ ਪਤਾ ਲਿਖਣ ਦੀ ਲੋੜ ਨਹੀਂ ਹੈ।” ਨਾਰਮਾ ਕਾਹਲੀ ਨਾਲ ਬੋਲੀ।
ਮੋਟਾ ਇਕ ਪਲ ਰੁਕ ਗਿਆ ਅਤੇ ਐਨਕ ਦੇ ਉਪਰ ਦੀ ਦੇਖਣ ਲੱਗਾ। ਪੈਨ ਰਸੀਦ ਦੇ ਖਾਨੇ ‘ਤੇ ਝੁਕਿਆ ਹੋਇਆ ਸੀ।
“ਨਾਂ ਅਤੇ ਪਤਾ ਲਿਖਵਾਉਣਾ ਜ਼ਰੂਰੀ ਹੈ?” ਨਾਰਮਾ ਨੇ ਪੁੱਛਿਆ।
“ਜ਼ਰੂਰਤ ਤਾਂ ਹੈæææਜੇ ਕੋਈ ਕਿਸੇ ਕਾਰਨ ਆਪਣਾ ਨਾਂ-ਪਤਾ ਨਾ ਲਿਖਵਾਉਣਾ ਚਾਹੇ, ਤਾਂ ਅਸੀਂ ਜ਼ਿਦ ਨਹੀਂ ਕਰਦੇ।” ਉਹਨੇ ਪੈਨ ਇਕ ਪਾਸੇ ਰੱਖਦਿਆਂ ਕਿਹਾ।
“ਅਸਲ ਵਿਚ ਮੈਂ ਇਨ੍ਹਾਂ ਵੇਰਵਿਆਂ ਵਿਚ ਜਾਣਾ ਨਹੀਂ ਚਾਹੁੰਦੀ। ਕੁਝ ਜ਼ਾਤੀ ਗੱਲ ਹੈ।”
“ਇਸ ਹਾਲਤ ਵਿਚ ਤੁਹਾਨੂੰ ਰਸੀਦ ਸੰਭਾਲ ਕੇ ਰੱਖਣੀ ਹੋਵੇਗੀ।”
“ਜ਼ਰੂਰ, ਮੈਂ ਸੰਭਾਲ ਕੇ ਰੱਖਾਂਗੀ।”
“ਸ਼ਾਇਦ ਤੁਹਾਨੂੰ ਪਤਾ ਹੋਵੇ, ਜੇ ਨਹੀਂ ਤਾਂ ਮੈਂ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਨਾਂ ਤੇ ਪਤੇ ਬਿਨਾਂ ਕੋਈ ਵੀ ਇਹ ਰਸੀਦ ਦਿਖਾ ਕੇ ਸਾਮਾਨ ਲਿਜਾ ਸਕਦਾ ਹੈ, ਕੇਵਲ ਰਸੀਦ ਨੰਬਰ ਦੇ ਆਧਾਰ ‘ਤੇ। ਰਸੀਦ ‘ਤੇ ਕੋਟ ਬਾਰੇ ਵੀ ਨਾ ਲਿਖਾਂ?”
“ਨਹੀਂ, ਇਸ ਦੀ ਵੀ ਲੋੜ ਨਹੀਂ।” ਨਾਰਮਾ ਨੇ ਕਿਹਾ, “ਕੇਵਲ ਰਕਮ ਲਿਖ ਕੇ ਰਸੀਦ ਮੈਨੂੰ ਦੇ ਦੇਵੋ, ਜਿਹੜੇ ਤੁਸੀਂ ਮੈਨੂੰ ਦੇ ਰਹੇ ਹੋæææਪੰਜਾਹ ਡਾਲਰ।”
“ਮੇਰੀ ਸਲਾਹ ਹੈ ਕਿ ਤੁਸੀਂ ਰਸੀਦ ‘ਤੇ ਕੋਟ ਬਾਰੇ ਲਿਖਵਾ ਹੀ ਲਵੋ। ਸ਼ਾਇਦ ਤੁਹਾਨੂੰ ਇਹ ਰਸੀਦ ਵੇਚਣੀ ਪੈ ਜਾਵੇ।”
“ਇਸ ਨੂੰ ਵੇਚਣ ਦਾ ਮੇਰਾ ਕੋਈ ਇਰਾਦਾ ਨਹੀਂ ਐ।”
“ਹੋ ਸਕਦੈ ਅਜਿਹੇ ਹਾਲਾਤ ਬਣ ਜਾਣ। ਬਹੁਤ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਹੋ ਚੁੱਕੈ।”
“ਤੂੰ ਬੇਅਰਥ ਗੱਲਾਂ ਵਿਚ ਮੇਰਾ ਸਮਾਂ ਨਸ਼ਟ ਕਰ ਰਿਹਾ ਏਂ।” ਨਾਰਮਾ ਨੇ ਕੁਝ ਕੌੜੀ ਤਰ੍ਹਾਂ ਕਿਹਾ, “ਮੈਂ ਕੰਗਾਲ ਨਹੀਂ ਹੋ ਗਈ ਹਾਂ, ਮੇਰਾ ਕੇਵਲ ਪਰਸ ਗੁੰਮਿਆ ਹੈ। ਬੱਸ ਬੈਂਕ ਖੁੱਲ੍ਹਣ ਤੱਕ ਦੀ ਗੱਲ ਐ।”
ਦੁਕਾਨਦਾਰ ਨੇ ਪਲਕਾਂ ਝੁਕਾਈਆਂ, “ਜਿਵੇਂ ਤੁਹਾਡੀ ਮਰਜ਼ੀ, ਤੁਸੀਂ ਕੋਟ ਦੇ ਮਾਲਕ ਹੋ।”
ਅਚਾਨਕ ਨਾਰਮਾ ਦੇ ਦਿਮਾਗ ਵਿਚ ਬੇਸੁਆਦਾ ਜਿਹਾ ਖਿਆਲ ਆਇਆ। ਉਹਨੇ ਦੁਕਾਨਦਾਰ ਨੂੰ ਪੁੱਛਿਆ, “ਜੇ ਮੈਂ ਇਸ ਰਸੀਦ ‘ਤੇ ਆਪਣੇ ਕੋਟ ਦਾ ਵੇਰਵਾ ਨਾ ਲਿਖਵਾਵਾਂ, ਤਾਂ ਇਸ ਗੱਲ ਦੀ ਕੀ ਜ਼ਮਾਨਤ ਹੈ ਕਿ ਤੁਸੀਂ ਰਸੀਦ ਦੇਖ ਕੇ ਮੇਰਾ ਕੋਟ ਹੀ ਦੇਵੋਗੇ ਅਤੇ ਕੋਈ ਹੋਰ ਚੀਜ਼ ਨਹੀਂ ਦੇਵੋਗੇ?”
“ਅਸੀਂ ਇਹ ਵੇਰਵਾ ਆਪਣੇ ਰਜਿਸਟਰ ਵਿਚ ਜ਼ਰੂਰ ਲਿਖਦੇ ਹਾਂ।”
“ਪਰ ਮੇਰੇ ਕੋਲ ਤਾਂ ਕੇਵਲ ਰਸੀਦ ਦਾ ਨੰਬਰ ਹੋਵੇਗਾ। ਜੇ ਤੁਸੀਂ ਕੋਈ ਹੋਰ ਚੀਜ਼ ਦੇਣੀ ਚਾਹੀ, ਤਾਂ ਮੈਂ ਕੀ ਸਬੂਤ ਦੇਵਾਂਗੀ ਕਿ ਮੈਂ ਕੋਟ ਜਮ੍ਹਾਂ ਕਰਵਾਇਆ ਸੀ?”
“ਚੰਗਾ ਇਹੀ ਹੈ ਕਿ ਤੁਸੀਂ ਰਸੀਦ ‘ਤੇ ਆਪਣੇ ਸਾਮਾਨ ਦਾ ਵੇਰਵਾ ਲਿਖਵਾ ਲਵੋ।” ਮੋਟੇ ਦੁਕਾਨਦਾਰ ਦੇ ਬੁੱਲ੍ਹਾਂ ‘ਤੇ ਤਲਖੀ ਸੀ।
“ਓਹæææਨਹੀਂ ਨਹੀਂ”, ਉਹ ਕਾਹਲੀ ਨਾਲ ਬੋਲੀ, “ਮੈਨੂੰ ਤੁਹਾਡੇ ‘ਤੇ ਭਰੋਸਾ ਹੈ।”
ਦੁਕਾਨਦਾਰ ਨੇ ਰਕਮ ਦੇ ਖਾਨੇ ਵਿਚ ਪੰਜਾਹ ਡਾਲਰ ਲਿਖੇ ਅਤੇ ਅੱਧੀ ਰਸੀਦ ਪਾੜ ਕੇ ਉਸ ਦੇ ਹਵਾਲੇ ਕਰ ਦਿੱਤੀ।
“ਇਸ ‘ਤੇ ਤਿੰਨ ਪ੍ਰਤੀਸ਼ਤ ਮਹੀਨਾ ਵਿਆਜ ਲੱਗੂ।” ਉਹਨੇ ਕਿਹਾ।
“ਹਾਂ, ਠੀਕ ਐæææਧੰਨਵਾਦ, ਕੋਟ ਸੰਭਾਲ ਕੇ ਰੱਖਣਾ।” ਨਾਰਮਾ ਨੇ ਕਿਹਾ ਅਤੇ ਪੰਜਾਹ ਡਾਲਰ ਲੈ ਕੇ ਦੁਕਾਨ ਵਿਚੋਂ ਬਾਹਰ ਨਿਕਲ ਆਈ। ਬਾਹਰ ਟੈਕਸੀ ਉਸ ਦੀ ਉਡੀਕ ਵਿਚ ਖੜ੍ਹੀ ਸੀ। ਥੋੜ੍ਹੇ ਹੀ ਮਿੰਟਾਂ ਪਿਛੋਂ ਉਹ ਆਪਣੇ ਘਰ ਸੀ।
“ਅਲਬਰਟ ਡਾਰਲਿੰਗ!” ਉਹ ਬਹੁਤ ਪਿਆਰ ਨਾਲ ਆਪਣੇ ਪਤੀ ਵੱਲ ਵਧੀ, “ਮੈਂ ਆ ਗਈ, ਤੂੰ ਮੈਨੂੰ ਯਾਦ ਕਰ ਰਿਹਾ ਸੀ?” ਉਹਨੇ ਬਾਹਰੀ ਪਿਆਰ ਪ੍ਰਗਟ ਕੀਤਾ।
ਅਲਬਰਟ ਨੇ ਨਰਮੀ ਨਾਲ ਉਸ ਨੂੰ ਵੱਖ ਕਰਦਿਆਂ ਕਿਹਾ, “ਅੱਜ ਤੈਨੂੰ ਕੁਝ ਦੇਰ ਹੋ ਗਈ?”
“ਹਾਂ ਡਾਰਲਿੰਗ! ਥੋੜ੍ਹੇ ਜਿਹੀ ਦੇਰ ਹੋ ਗਈ ਹੈ।” ਉਹਨੇ ਆਮ ਵਾਂਗ ਕਿਹਾ, “ਮਾਸੀ ਨੇ ਤੁਹਾਨੂੰ ਪਿਆਰ ਘੱਲਿਆ ਹੈ ਅਤੇ ਕਿਹਾ ਸੀ ਕਿ ਉਹ ਤੁਹਾਨੂੰ ਕ੍ਰਿਸਮਸ ਕਾਰਡ ਜ਼ਰੂਰ ਭੇਜੇਗੀ ਪਰ ਮੈਨੂੰ ਪਤਾ ਹੈ, ਸਦਾ ਵਾਂਗ ਇਸ ਵਾਰ ਵੀ ਭੁੱਲ ਜਾਵੇਗੀ, ਉਫ਼ææਤ੍ਰੇਹ ਦੇ ਮਾਰਿਆਂ ਮੇਰਾ ਦਮ ਨਿਕਲਦਾ ਜਾਂਦਾ ਹੈ। ਤੁਸੀਂ ਵੀ ਕੁਝ ਪੀਵੋਗੇ?”
“ਮੈਂ ਲਿਆਉਨਾਂ।” ਆਖ ਅਲਬਰਟ ਫਰਿਜ਼ ਵੱਲ ਗਿਆ।
ਨਾਰਮਾ ਉਸ ਨੂੰ ਦੇਖ ਕੇ ਆਪਣੇ ਦਸਤਾਨੇ ਲਾਹੁਣ ਲੱਗੀ। ਕਰਨਲ ਦੇ ਟਾਕਰੇ ਉਹ ਮੱਧਰੇ ਕੱਦ ਦਾ ਸੀ। ਖਾਸ ਕਰ ਕੇ ਜਦੋਂ ਉਹ ਕਰਨਲ ਨੂੰ ਮਿਲ ਕੇ ਆਉਂਦੀ, ਤਾਂ ਉਹਨੂੰ ਆਪਣਾ ਪਤੀ ਹੋਰ ਵੀ ਮਧਰਾ ਲੱਗਦਾ। ਕਰਨਲ ਲੰਬੇ ਕੱਦ ਅਤੇ ਤਕੜੇ ਜੁੱਸੇ ਦਾ ਸੀ। ਉਸ ਦੇ ਸਰੀਰ ‘ਚੋਂ ਹਰ ਸਮੇਂ ਮਨਮੋਹਣੀ ਖੁਸ਼ਬੂ ਆਉਂਦੀ ਸੀ, ਜਦੋਂ ਕਿ ਅਲਬਰਟ ਦੇ ਸਾਥ ਨਾਲ ਉਹਨੂੰ ਹਸਪਤਾਲ ਯਾਦ ਆ ਜਾਂਦਾ।
“ਪਿਛਲੀ ਰਾਤ ਕਿਵੇਂ ਬਤੀਤ ਕੀਤੀ, ਡਾਰਲਿੰਗ?” ਨਾਰਮਾ ਨੇ ਉਸ ਤੋਂ ਮਾਰਕੋਨੀ ਦਾ ਗਲਾਸ ਲੈ ਕੇ ਸੋਫ਼ੇ ‘ਤੇ ਬੈਠਦਿਆਂ ਪੁੱਛਿਆ।
“ਮੈਂ ਆਪਣੇ ਕਲੀਨਿਕ ਵਿਚ ਹੀ ਸੀ”, ਉਸ ਨੇ ਉਤਰ ਦਿੱਤਾ, “ਓਥੇ ਮੈਂ ਆਪਣੇ ਥੋੜ੍ਹੇ ਜਿਹੇ ਔਜ਼ਾਰ ਠੀਕ ਕੀਤੇ ਅਤੇ ਹਿਸਾਬ-ਕਿਤਾਬ ਦੇਖਦਾ ਰਿਹਾ।”
“ਤੁਸੀਂ ਐਨਾ ਕੰਮ ਕਿਉਂ ਕਰਦੇ ਹੋ?” ਉਹ ਪਿਆਰ ਨਾਲ ਬੋਲੀ, “ਤੁਸੀਂ ਔਜ਼ਾਰ ਕਿਸੇ ਮਕੈਨਿਕ ਨੂੰ ਵੀ ਦੇ ਸਕਦੇ ਸੀ।”
“ਮੈਂ ਆਪਣੇ ਔਜ਼ਾਰ ਆਪ ਹੀ ਠੀਕ ਕਰਨਾ ਪਸੰਦ ਕਰਦਾ ਹਾਂ।” ਅਲਬਰਟ ਨੇ ਮੁਸਕਰਾ ਕੇ ਕਿਹਾ, “ਇਹ ਮੁੱਢ ਤੋਂ ਹੀ ਮੇਰੀ ਆਦਤ ਅਤੇ ਰੋਜ਼ ਦਾ ਕੰਮ ਐ।”
“ਮੈਂ ਜਾਣਦੀ ਆਂ ਡਾਰਲਿੰਗ! ਤੁਹਾਨੂੰ ਆਪਣਾ ਕੰਮ ਆਪ ਕਰ ਕੇ ਖੁਸ਼ੀ ਹੁੰਦੀ ਐ। ਤੁਹਾਡੇ ਕੋਲ ਵਧੀਆ ਸੰਦ ਹਨ ਪਰ ਮੈਂ ਨਹੀਂ ਚਾਹੁੰਦੀ, ਤੁਸੀਂ ਇੰਨੀ ਮਿਹਨਤ ਕਰੋ। ਆਪਣਾ ਹਿਸਾਬ-ਕਿਤਾਬ ਮਿਸ ਰੋਜ਼ੀ ਤੋਂ ਕਿਉਂ ਨਹੀਂ ਠੀਕ ਕਰਵਾਉਂਦੇ? ਇਹ ਉਹਦੀ ਜ਼ਿੰਮੇਵਾਰੀ ਨਹੀਂ?”
“ਇਹ ਕੰਮ ਓਹੀ ਕਰਦੀ ਹੈ ਪਰ ਬਿੱਲ ਆਦਿ ਤਾਂ ਮੈਂ ਹੀ ਬਣਾਉਣੇ ਹੁੰਦੇ ਨੇ। ਉਹਨੂੰ ਨਹੀਂ ਪਤਾ ਕਿ ਕਿਹੜਾ ਅਮੀਰ ਹੈ, ਕਿਸ ਗਾਹਕ ਨੂੰ ਕਿੰਨੇ ਡਾਲਰਾਂ ਦਾ ਬਿੱਲ ਭੇਜਣਾ ਚਾਹੀਦੈ। ਇਹ ਸਭ ਕੁਝ ਤਾਂ ਮੈਨੂੰ ਹੀ ਦੇਖਣਾ ਪੈਂਦਾ ਹੈ।”
“ਇਹ ਬਹੁਤ ਵਧੀਆ ਮਾਰਕੋਨੀ ਹੈ।” ਨਾਰਮਾ ਨੇ ਘੁੱਟ ਭਰ ਕੇ ਗਲਾਸ ਮੇਜ਼ ‘ਤੇ ਰੱਖਦਿਆਂ ਕਿਹਾ। ਫਿਰ ਉਹਨੇ ਆਪਣਾ ਬੈਗ ਖੋਲ੍ਹ ਕੇ ਬੁੱਲ੍ਹ ਪੂੰਝਣ ਲਈ ਰੁਮਾਲ ਕੱਢਿਆ। ਇਹਦੇ ਨਾਲ ਰਸੀਦ ਵੀ ਨਿਕਲ ਆਈ। “ਓਹ, ਇਹ ਦੇਖੋ ਅਲਬਰਟ!” ਉਹ ਰਸੀਦ ਚੁੱਕ ਕੇ ਬੋਲੀ, “ਮੈਂ ਤੁਹਾਨੂੰ ਦੱਸਣਾ ਭੁੱਲ ਗਈ ਕਿ ਇਹ ਰਸੀਦ ਮੈਨੂੰ ਟੈਕਸੀ ਵਿਚੋਂ ਮਿਲੀ ਐ। ਪਤਾ ਨਹੀਂ ਕੌਣ ਸੁੱਟ ਗਿਆ। ਇਸ ‘ਤੇ ਇਕ ਨੰਬਰ ਲਿਖਿਆ ਹੋਇਐ। ਸ਼ਾਇਦ ਕਿਸੇ ਲਾਟਰੀ ਆਦਿ ਦਾ ਹੈ। ਇਸੇ ਕਰ ਕੇ ਮੈਂ ਇਹਨੂੰ ਆਪਣੇ ਬੈਗ ਵਿਚ ਰੱਖ ਲਿਆ ਸੀ।”
ਅਲਬਰਟ ਉਸ ਤੋਂ ਰਸੀਦ ਲੈ ਕੇ ਇਉਂ ਪਰਖਣ ਲੱਗਾ ਜਿਵੇਂ ਕਿਸੇ ਗਾਹਕ ਦਾ ਦੰਦ ਦੇਖ ਰਿਹਾ ਹੋਵੇ। ਥੋੜ੍ਹੇ ਪਲਾਂ ਪਿਛੋਂ ਉਸ ਨੇ ਧੀਮੀ ਆਵਾਜ਼ ਵਿਚ ਕਿਹਾ, “ਤੈਨੂੰ ਪਤਾ ਇਹ ਕੀ ਐ?”
“ਨਹੀਂ ਡੀਅਰæææਪਰ ਮੇਰਾ ਖਿਆਲ ਐ ਕਿ ਇਹ ਕਿਸੇ ਲਾਟਰੀ ਆਦਿ ਦੀ ਟਿਕਟ ਹੋਵੇਗੀ।”
“ਇਹ ਗਹਿਣੇ ਰੱਖੀ ਚੀਜ਼ ਦੀ ਰਸੀਦ ਐ।”
“ਗਹਿਣੇ ਦੀ ਰਸੀਦ?”
“ਹਾਂ, ਸਾਮਾਨ ਗਹਿਣੇ ਰੱਖਣ ਦੀ ਰਸੀਦ। ਇਸ ‘ਤੇ ਦੁਕਾਨ ਦਾ ਨਾਂ-ਪਤਾ ਵੀ ਲਿਖਿਆ ਹੋਇਐ। ਦੁਕਾਨ ਛੇਵੀਂ ਸਟਰੀਟ ‘ਤੇ ਹੈ।”
“ਓਹæææਮੈਂ ਤਾਂ ਸਮਝੀ ਸੀ ਕਿ ਇਹ ਕਿਸੇ ਲਾਟਰੀ ਦੀ ਟਿਕਟ ਹੈ।” ਨਾਰਮਾ ਉਦਾਸ ਜਿਹੀ ਬੋਲੀ।
“ਉਦਾਸ ਹੋਣ ਦੀ ਲੋੜ ਨਹੀਂ,” ਅਲਬਰਟ ਨੇ ਕਿਹਾ, “ਹੋ ਸਕਦੈ ਇਹ ਰਸੀਦ ਸਾਡੇ ਵਾਸਤੇ ਲਾਟਰੀ ਦੀ ਟਿਕਟ ਸਾਬਤ ਹੋਵੇ।”
“ਉਹ ਕਿਵੇਂ ਡਾਰਲਿੰਗ?”
“ਦੇਖ, ਇਸ ਰਸੀਦ ‘ਤੇ ਕਿਸੇ ਦਾ ਨਾਂ-ਪਤਾ ਨਹੀਂ। ਕੋਈ ਵੀ ਉਸ ਦੁਕਾਨ ‘ਤੇ ਜਾ ਕੇ ਇਹ ਰਸੀਦ ਦੇ ਕੇ ਸਾਮਾਨ ਲੈ ਸਕਦਾ ਹੈ।” ਨਾਰਮਾ ਧਿਆਨ ਨਾਲ ਪਤੀ ਦੀਆਂ ਗੱਲਾਂ ਸੁਣਦੀ ਰਹੀ।
“ਤੇਰਾ ਮਤਲਬ ਹੈ ਕਿ ਉਹ ਕੋਈ ਕੀਮਤੀ ਚੀਜ਼ ਹੋ ਸਕਦੀ ਹੈ?” ਉਸ ਨੇ ਪੁੱਛਿਆ।
“ਹੋ ਸਕਦੈ, ਘੱਟ ਤੋਂ ਘੱਟ ਸਾਨੂੰ ਦੇਖਣਾ ਜ਼ਰੂਰ ਚਾਹੀਦੈ। ਇਸ ‘ਤੇ ਪੰਜਾਹ ਡਾਲਰ ਲਿਖੇ ਹਨ। ਇਹ ਤਾਂ ਸਾਫ਼ ਗੱਲ ਐ ਕਿ ਗਹਿਣੇ ਰੱਖੀ ਜਾਣ ਵਾਲੀ ਚੀਜ਼ ਜ਼ਰੂਰ ਕੀਮਤੀ ਹੋਵੇਗੀ।”
“ਮਤਲਬ ਪੰਜਾਹ ਡਾਲਰ ਦੀ?” ਨਾਰਮਾ ਨੇ ਮਾਸੂਮੀਅਤ ਨਾਲ ਪੁੱਛਿਆ।
“ਤੂੰ ਬਹੁਤ ਭੋਲੀ ਏਂ,” ਅਲਬਰਟ ਨੇ ਧੀਮੀ ਮੁਸਕਾਨ ਨਾਲ ਕਿਹਾ, “ਇਸ ਤਰ੍ਹਾਂ ਦੁਕਾਨਦਾਰ ਗਹਿਣੇ ਰੱਖੀ ਜਾਣ ਵਾਲੀ ਚੀਜ਼ ਦੇ ਅਸਲੀ ਮੁੱਲ ਦੇ ਦਸਵੇਂ ਹਿੱਸੇ ਤੋਂ ਵੱਧ ਰਕਮ ਨਹੀਂ ਦਿੰਦੇ।”
“ਉਹੀæææਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ।” ਉਹ ਹੈਰਾਨੀ ਨਾਲ ਬੋਲੀ।
“ਡੀਅਰ! ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਤੈਨੂੰ ਪਤਾ ਨਹੀਂ।” ਅਲਬਰਟ ਨੇ ਨਰਮੀ ਨਾਲ ਕਿਹਾ, “ਹੁਣ ਮੇਰੀ ਗੱਲ ਧਿਆਨ ਨਾਲ ਸੁਣ, ਕਿਉਂਕਿ ਰਸੀਦ ਦੇ ਮਾਲਕ ਦਾ ਨਾਂ-ਪਤਾ ਨਹੀਂ ਹੈ। ਸੋ, ਇਹ ਰਸੀਦ ਜਿਸ ਕੋਲ ਹੋਵੇਗੀ, ਓਸੇ ਨੂੰ ਮਾਲਕ ਸਮਝਿਆ ਜਾਵੇਗਾ।”
“ਪਰ ਕੁਝ ਨਾ ਕੁਝ ਤਾਂ ਲਿਖਿਆ ਹੋਵੇਗਾ ਕਿ ਇਸ ਰਸੀਦ ਦਾ ਸਬੰਧ ਕਿਸ ਨਾਲ ਹੈ।”
“ਨਹੀਂ, ਕੁਝ ਨਹੀਂ ਲਿਖਿਆ,” ਅਲਬਰਟ ਨੇ ਰਸੀਦ ਦੇਖਦਿਆਂ ਕਿਹਾ, “ਕੁਝ ਲੋਕ ਇਵੇਂ ਹੀ ਕਰਦੇ ਹਨ। ਉਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਨ੍ਹਾਂ ਨੇ ਕੋਈ ਚੀਜ਼ ਗਹਿਣੇ ਰੱਖ ਕੇ ਕਰਜ਼ਾ ਲਿਆ ਹੈ। ਉਹ ਇਸ ਨੂੰ ਸ਼ਰਮ ਦੀ ਗੱਲ ਸਮਝ ਸਕਦੇ ਹਨ। ਪੱਕੀ ਗੱਲ, ਇਹ ਰਸੀਦ ਹੁਣ ਸਾਡੀ ਐ?”
“ਤੁਹਾਡਾ ਮਤਲਬ ਇਹ ਰਸੀਦ ਮੇਰੀ ਐ,” ਨਾਰਮਾ ਕਾਹਲੀ ਨਾਲ ਬੋਲੀ, “ਇਹ ਮੈਨੂੰ ਲੱਭੀ ਐ ਨਾ।”
“ਇਸ ਵਿਚ ਕੀ ਫ਼ਰਕ ਪੈਂਦੈ, ਡੀਅਰ।” ਅਲਬਰਟ ਨੇ ਪਿਆਰ ਨਾਲ ਕਿਹਾ, “ਕੀ ਮੇਰੇ ਤੇ ਤੇਰੇ ਵਿਚ ਫਰਕ ਐ? ਜ਼ਰੂਰੀ ਗੱਲ ਇਹ ਐ ਕਿ ਹੁਣ ਅਸੀਂ ਕਦੀ ਵੀ ਜਾ ਕੇ ਪੰਜਾਹ ਡਾਲਰ ਬਦਲੇ ਉਹ ਚੀਜ਼ ਲੈ ਸਕਦੇ ਹਾਂ।”
“ਉਹ ਕੀ ਚੀਜ਼ ਹੋ ਸਕਦੀ ਐ, ਡਾਰਲਿੰਗ?”
“ਇਸ ਬਾਰੇ ਰਸੀਦ ‘ਤੇ ਕੁਝ ਨਹੀਂ ਲਿਖਿਆ।”
“ਅਜੀਬ ਗੱਲ ਹੈ! ਚੀਜ਼ ਸਾਡੀ ਹੋ ਚੁੱਕੀ ਐ, ਪਰ ਸਾਨੂੰ ਪਤਾ ਨਹੀਂ ਉਹ ਹੈ ਕੀ?” ਨਾਰਮਾ ਖੁਸ਼ੀ ਨਾਲ ਬੋਲੀ।
“ਕੁਝ ਵੀ ਹੋ ਸਕਦੀ ਐæææਅੰਗੂਠੀ, ਘੜੀ, ਕੋਈ ਕੀਮਤੀ ਗਹਿਣਾ।”
“ਜੇ ਉਹ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਵੀ ਸੁੰਦਰ ਚੀਜ਼ ਹੋਈ ਤਾਂ ਕਿੰਨਾ ਸੁਆਦ ਆਊ, ਅਲਬਰਟ ਡਾਰਲਿੰਗ! ਮੇਰਾ ਮਤਲਬ ਕੋਈ ਪੁਰਾਣੀ ਚੀਜ਼ ਜਾਂ ਕੋਈ ਹੋਰ ਖਜ਼ਾਨਾ।”
“ਦੇਖੀਏ ਕੀ ਨਿਕਲਦਾ ਹੈ!”
“ਲਿਆਓ ਰਸੀਦ ਮੈਨੂੰ ਦਿਖਾਵੋ, ਕੱਲ੍ਹ ਐਤਵਾਰ ਐ। ਮੈਂ ਸਵੇਰੇ ਹੀ ਦੁਕਾਨ ‘ਤੇ ਜਾ ਕੇ ਉਹ ਚੀਜ਼ ਲੈ ਆਊਂ।” ਨਾਰਮਾ ਨੇ ਕਿਹਾ।
“ਮੇਰਾ ਵਿਚਾਰ ਐ, ਮੇਰਾ ਜਾਣਾ ਠੀਕ ਰਹੂ।”
“ਨਹੀਂ, ਮੈਂ ਆਪ ਜਾਊਂਗੀ।”
“ਮੈ ਕਿਹਾ ਨਾ, ਮੈਂ ਕਲਿਨਿਕ ਜਾਂਦਿਆਂ ਉਹ ਚੀਜ਼ ਲੈ ਲੂੰਗਾ।”
“ਓਹæææਡਾਰਲਿੰਗ। ਇਹ ਰਸੀਦ ਮੈਨੂੰ ਮਿਲੀ ਐ, ਪਲੀਜ਼ ਇਹ ਕੰਮ ਮੈਨੂੰ ਹੀ ਕਰਨ ਦਿਓæææਕਿੰਨਾ ਸੁਆਦ ਆਵੇਗਾ।” ਉਹ ਟੁਣਕ ਕੇ ਬੋਲੀ।
“ਤੂੰ ਇਨ੍ਹਾਂ ਦੁਕਾਨਦਾਰਾਂ ਨੂੰ ਨਹੀਂ ਜਾਣਦੀ, ਡੀਅਰ।” ਅਲਬਰਟ ਨੇ ਸਮਝਾਉਂਦਿਆਂ ਕਿਹਾ, “ਉਹ ਤੈਨੂੰ ਧੋਖਾ ਵੀ ਦੇ ਸਕਦੇ ਨੇ।”
“ਮੈਂ ਐਨੀ ਨਾਦਾਨ ਵੀ ਨਹੀਂ,” ਨਾਰਮਾ ਤਲਖੀ ਨਾਲ ਬੋਲੀ, “ਪਲੀਜ਼ ਇਹ ਰਸੀਦ ਮੈਨੂੰ ਦੇਵੋ।”
“ਇਸ ਤੋਂ ਬਿਨਾਂ ਤੇਰੇ ਕੋਲ ਪੰਜਾਹ ਡਾਲਰ ਵੀ ਚਾਹੀਦੇ ਨੇ,” ਅਲਬਰਟ ਨੇ ਔਖਿਆਂ ਹੋ ਕੇ ਕਿਹਾ, “ਪੰਜਾਹ ਡਾਲਰ ਦਿੱਤੇ ਬਿਨਾਂ ਇਹ ਚੀਜ਼ ਕਦੇ ਨਹੀਂ ਲਈ ਜਾ ਸਕਦੀ।”
“ਇੰਨੀ ਰਕਮ ਹੈ ਮੇਰੇ ਕੋਲ।”
“ਫਿਰ ਵੀ ਇਹ ਕੰਮ ਮੈਂ ਕਰਨਾ ਚਾਹੁੰਦਾ ਹਾਂ।”
“ਕਿਉਂ ਅਲਬਰਟ? ਇਹ ਰਸੀਦ ਮੈਨੂੰ ਮਿਲੀ ਐ, ਇਹ ਮੇਰੀ ਐ। ਇਸ ਦੇ ਬਦਲੇ ਜਿਹੜੀ ਵੀ ਚੀਜ਼ ਮਿਲੂ, ਉਹ ਮੇਰੀ ਹੋਊ।”
“ਪੱਕੀ ਗੱਲ, ਉਹ ਚੀਜ਼ ਤੇਰੀ ਐ ਡੀਅਰ। ਇਸ ਵਿਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਐ।”
“ਮੈਂ ਪਰੇਸ਼ਾਨ ਨਹੀਂ ਹਾਂ ਡਾਰਲਿੰਗ।” ਉਹਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਨਰਮੀ ਨਾਲ ਕਿਹਾ, “ਬੱਸ ਖੁਸ਼ੀ ਤੇ ਉਤਸ਼ਾਹ ਨਾਲ ਮੇਰਾ ਇਹ ਹਾਲ ਹੋ ਰਿਹਾ ਹੈ।”
“ਤੂੰ ਇਹ ਨਹੀਂ ਸੋਚਿਆ ਕਿ ਉਹ ਚੀਜ਼ ਮਰਦਾਨਾ ਵੀ ਹੋ ਸਕਦੀ ਹੈ।” ਅਲਬਰਟ ਨੇ ਕਿਹਾ, “ਕੇਵਲ ਔਰਤਾਂ ਹੀ ਤਾਂ ਚੀਜ਼ਾਂ ਗਹਿਣੇ ਨਹੀਂ ਰੱਖਦੀਆਂ ਨਾ।”
“ਜੇ ਕੋਈ ਅਜਿਹੀ ਚੀਜ਼ ਹੋਈ ਤਾਂ ਮੈਂ ਕ੍ਰਿਸਮਸ ਦੇ ਤੋਹਫ਼ੇ ਦੇ ਰੂਪ ਵਿਚ ਤੈਨੂੰ ਦੇ ਦੂੰਗੀ।” ਨਾਰਮਾ ਨੇ ਕਾਹਲੀ ਨਾਲ ਕਿਹਾ, “ਪਰ ਜੇ ਕੋਈ ਜ਼ਨਾਨਾ ਕਿਸਮ ਦੀ ਚੀਜ਼ ਹੋਈ ਤਾਂ ਉਹ ਮੇਰੀ ਹੋਵੇਗੀ।”
“ਮਨਜ਼ੂਰ ਹੈ,” ਅਲਬਰਟ ਨੇ ਕਿਹਾ, “ਇਹ ਤਾਂ ਫੈਸਲਾ ਹੋ ਗਿਆ। ਇਸ ਤਰ੍ਹਾਂ ਕਰਦੇ ਹਾਂ ਕਿ ਐਤਵਾਰ ਨੂੰ ਆਪਾਂ ਦੋਵੇਂ ਇਕੱਠੇ ਹੀ ਦੁਕਾਨ ‘ਤੇ ਚੱਲਾਂਗੇ, ਠੀਕ ਐ?”
“ਨਹੀਂ,” ਉਹ ਮੁਰਦਾ ਜਿਹੀ ਆਵਾਜ਼ ਵਿਚ ਬੋਲੀ, “ਮੈਂ ਤੁਹਾਡੇ ਨਾਲ ਨਹੀਂ ਜਾਵਾਂਗੀ।”
“ਆਖਰ ਇਹਦੇ ਵਿਚ ਹਰਜ਼ ਕੀ ਐ?”
“ਇਥੇ ਠਹਿਰ ਕੇ ਉਡੀਕ ਕਰਨੀ ਮੇਰੇ ਲਈ ਸੌਖੀ ਨਹੀਂ। ਜੇ ਉਹ ਕੋਈ ਅਜਿਹੀ ਚੀਜ਼ ਹੋਈ ਜੋ ਸਾਡੇ ਦੋਵਾਂ ਲਈ ਬੇਕਾਰ ਹੋਵੇ, ਫਿਰ?”
“ਇਹ ਤੂੰ ਬੜੀ ਪਤੇ ਦੀ ਗੱਲ ਕੀਤੀ ਐ,” ਅਲਬਰਟ ਨੇ ਕਾਹਲੀ ਨਾਲ ਕਿਹਾ, “ਜੇ ਉਹ ਪੰਜਾਹ ਡਾਲਰ ਤੋਂ ਘੱਟ ਮੁੱਲ ਦੀ ਹੋਈ ਤਾਂ ਉਹਨੂੰ ਓਥੇ ਹੀ ਛੱਡ ਆਵਾਂਗਾ।”
“ਪਰ ਤੁਸੀਂ ਤਾਂ ਕਿਹਾ ਸੀ ਕਿ ਉਹ ਚੀਜ਼ ਪੰਜਾਹ ਡਾਲਰ ਤੋਂ ਦਸ ਗੁਣਾਂ ਬਹੁਤੀæææਭਾਵ ਪੰਜ ਸੌ ਡਾਲਰ ਦੀ ਵੀ ਹੋ ਸਕਦੀ ਐ।”
“ਹੋ ਸਕਦੀ ਐ,” ਅਲਬਰਟ ਨੇ ਮੱਥਾ ਖੁਰਕਦਿਆਂ ਕਿਹਾ, “ਫਿਕਰ ਨਾ ਕਰ ਡੀਅਰ। ਮੈਨੂੰ ਭਰੋਸਾ ਐ ਕਿ ਉਹ ਇਸ ਤੋਂ ਬਹੁਤ ਕੀਮਤੀ ਹੋਵੇਗੀ।”
“ਓ ਡਾਰਲਿੰਗ! ਮੈਥੋਂ ਐਨੀ ਦੇਰ ਉਡੀਕ ਕਿਵੇਂ ਹੋਵੇਗੀ? ਕਿੰਨੀ ਅਜੀਬ ਗੱਲ ਐ?”
“ਬਿਲਕੁਲ ਠੀਕ,” ਅਲਬਰਟ ਨੇ ਰਸੀਦ ਜੇਬ ਵਿਚ ਪਾਉਂਦਿਆਂ ਕਿਹਾ, “ਇਸ ਵਿਚ ਕੋਈ ਸ਼ੱਕ ਨਹੀਂ।”

ਐਤਵਾਰ ਨੂੰ ਨਾਸ਼ਤੇ ਪਿਛੋਂ ਨਾਰਮਾ ਪਤੀ ਨਾਲ ਦਰਵਾਜ਼ੇ ਤੱਕ ਗਈ। ਉਸ ਨੂੰ ਤੋਰਦਿਆਂ ਪਿਆਰ ਨਾਲ ਕਿਹਾ, “ਤੁਸੀਂ ਬਹੁਤ ਮਿਹਨਤ ਕਰਦੇ ਹੋ ਡਾਰਲਿੰਗ। ਐਨਾ ਕੰਮ ਨਾ ਕਰਿਆ ਕਰੋ।”
“ਬੇਫਿਕਰ ਰਹੋ, ਮੈਂ ਕਲਿਨਿਕ ਵਿਚ ਆਰਾਮ ਵੀ ਕਰ ਲੈਂਨਾਂ।”
“ਛੇ ਵਜੇ ਤੱਕ ਘਰ ਆ ਜਾਣਾ।”
“ਆ ਜਾਊਂਗਾ।”
“ਤੁਹਾਨੂੰ ਪਾਨ ਬਰੋਕਰ ਦੀ ਦੁਕਾਨ ਤੱਕ ਜਾਣ ਦਾ ਸਮਾਂ ਮਿਲ ਜਾਵੇਗਾ?”
“ਓ ਹੋ! ਮੈਂ ਤਾਂ ਉਕਾ ਹੀ ਭੁੱਲ ਗਿਆ। ਡੀਅਰ! ਚੰਗਾ ਹੋਇਆ ਤੂੰ ਯਾਦ ਕਰਾ ਦਿੱਤਾ। ਮੈਂ ਟੈਕਸੀ ਲੈ ਕੇ ਪਹਿਲਾਂ ਉਥੇ ਜਾਊਂ, ਦੁਕਾਨ ਰਾਹ ਵਿਚ ਹੀ ਪੈਂਦੀ ਐ।”
“ਰਸੀਦ ਤਾਂ ਸੰਭਾਲ ਕੇ ਰੱਖੀ ਐ?”
ਅਲਬਰਟ ਨੇ ਜੇਬ ਫੋਲਦਿਆਂ ਕਿਹਾ, “ਹਾਂ! ਰਸੀਦ ਜੇਬ ਵਿਚ ਐ।”
“ਤੇਰੇ ਕੋਲੇ ਪੰਜਾਹ ਡਾਲਰ ਤਾਂ ਹੈਗੇ ਨੇ?”
“ਹਾਂ, ਐਨੀ ਰਕਮ ਤਾਂ ਹੈਗੀ।”
“ਡਾਰਲਿੰਗ,” ਉਹ ਨੇੜੇ ਆ ਕੇ ਟਾਈ ਦੀ ਗੰਢ ਠੀਕ ਕਰਦਿਆਂ ਬੋਲੀ, “ਜੇ ਉਹ ਕੋਈ ਅਜਿਹੀ ਚੀਜ਼ ਹੋਈ ਜੋ ਬਹੁਤ ਸੁੰਦਰ ਅਤੇ ਕੀਮਤੀ ਹੋਵੇ ਤਾਂ ਤੁਸੀਂ ਕਲਿਨਿਕ ਪਹੁੰਚਦਿਆਂ ਹੀ ਮੈਨੂੰ ਫੋਨ ਕਰ ਦੇਵੋਗੇ?”
“ਜੇ ਤੂੰ ਚਾਹੁੰਨੀ ਏਂ ਤਾਂ ਜ਼ਰੂਰ ਕਰ ਦੂੰਗਾ।” ਉਹ ਭਰੋਸੇ ਨਾਲ ਬੋਲਿਆ।
“ਭਰੋਸਾ ਕਰੋ ਡਾਰਲਿੰਗ! ਮੈਂ ਚਾਹੁੰਦੀ ਹਾਂ ਕਿ ਉਹ ਕੋਈ ਅਜਿਹੀ ਚੀਜ਼ ਹੋਵੇ ਜੋ ਮੇਰੇ ਨਾਲੋਂ ਬਹੁਤੀ ਤੁਹਾਡੇ ਕੰਮ ਆ ਸਕੇ। ਮੈਨੂੰ ਬੜੀ ਖੁਸ਼ੀ ਹੋਊ।”
“ਥੈਂਕ ਯੂ ਡੀਅਰ!” ਅਲਬਰਟ ਨੇ ਕਿਹਾ, “ਪਰ ਮੇਰੀ ਇੱਛਾ ਹੈ ਕਿ ਉਹ ਤੇਰੇ ਵਰਤਣ ਵਾਲੀ ਕੋਈ ਚੀਜ਼ ਹੋਵੇ। ਚੰਗਾ, ਹੁਣ ਚੱਲਦਾਂ। ਕਲਿਨਿਕ ਪਹੁੰਚਣ ਵਿਚ ਦੇਰ ਨਾ ਹੋ ਜਾਵੇ।”
ਲਗਭਗ ਘੰਟੇ ਪਿਛੋਂ ਟੈਲੀਫੋਨ ਦੀ ਘੰਟੀ ਵੱਜੀ। ਨਾਰਮਾ ਨੇ ਝਪਟ ਕੇ ਰਸੀਵਰ ਚੁੱਕਿਆ।
“ਮੈਂ ਚੀਜ਼ ਲੈ ਲਈ ਹੈ ਡੀਅਰ।” ਦੂਜੇ ਪਾਸਿਓਂ ਅਲਬਰਟ ਦੀ ਆਵਾਜ਼ ਆਈ।
“ਹੱਛਾ,” ਨਾਰਮਾ ਖੁਸ਼ੀ ਨਾਲ ਚੀਕੀ, “ਉਹ ਕੀ ਚੀਜ਼ ਹੈ? ਕੋਈ ਬਹੁਤ ਚੰਗੀ ਅਤੇ ਕੀਮਤੀ ਚੀਜ਼ ਐ?”
“ਬੇਹਦ ਵਧੀਆ।” ਉਹਨੇ ਪਤੀ ਦੀ ਖੁਸ਼ੀ ਭਰੀ ਆਵਾਜ਼ ਸੁਣੀ।
“ਰਤਾ ਉਡੀਕ ਕਰੋ ਡੀਅਰ। ਤੂੰ ਦੇਖੇਂਗੀ ਤਾਂ ਹੈਰਾਨ ਰਹਿ ਜਾਵੇਂਗੀ।”
“ਕੀ ਚੀਜ਼ ਐ? ਪਲੀਜ਼ ਛੇਤੀ ਦੱਸੋ।”
“ਤੂੰ ਬਹੁਤ ਭਾਗਾਂ ਵਾਲੀ ਏਂ ਜਾਨ।”
“ਮੇਰੇ ਕੰਮ ਦੀ ਕੋਈ ਚੀਜ਼ ਐ?”
“ਪੱਕੀ ਤਰ੍ਹਾਂ, ਉਹ ਕੇਵਲ ਤੇਰੇ ਹੀ ਕੰਮ ਦੀ ਚੀਜ਼ ਐ। ਪਤਾ ਨਹੀਂ ਕਿਸ ਮੂਰਖ ਨੇ ਪੰਜਾਹ ਡਾਲਰ ਬਦਲੇ ਗਹਿਣੇ ਰੱਖ ਦਿੱਤੀ।”
“ਉਫ਼ ਡਾਰਲਿੰਗ!” ਨਾਰਮਾ ਨੇ ਕਿਹਾ। ਉਹਦੀ ਆਵਾਜ਼ ਕੰਬ ਰਹੀ ਸੀ, “ਮੇਰਾ ਬੁਰਾ ਹਾਲ ਐæææ ਪਲੀਜ਼ ਦੱਸੋ ਉਹ ਕੀ ਚੀਜ਼ ਐ। ਮੈਥੋਂ ਹੁਣ ਸਹਿਆ ਨਹੀਂ ਜਾਂਦਾ।”
“ਤੂੰ ਦੇਖੇਂਗੀ ਤਾਂ ਪਾਗਲ ਹੋ ਜਾਵੇਂਗੀ।” ਅਲਬਰਟ ਜਿਵੇਂ ਉਸ ਦੀ ਅੱਚਵੀ ਦਾ ਸੁਆਦ ਲੈ ਰਿਹਾ ਸੀ।
“ਆਖਰ ਕੀ ਐ?”
“ਆਪ ਹੀ ਅੰਦਾਜ਼ਾ ਲਾਵੋ।” ਅਲਬਰਟ ਨੇ ਸ਼ੋਖੀ ਨਾਲ ਕਿਹਾ।
“ਕੋਈ ਅੰਗੂਠੀ?”
“ਨਹੀਂ।”
“ਨੈਕਲੇਸ।”
“ਗਲ਼ਤ।”
“ਦੱਸ ਦਿਓ ਨਾ।”
“ਚੰਗਾ ਮੈਂ ਤੈਨੂੰ ਇਕ ਇਸ਼ਾਰਾ ਦਿੰਦਾ ਹਾਂæææਉਹ ਤੇਰੇ ਪਹਿਨਣ ਵਾਲੀ ਚੀਜ਼ ਐ।”
“ਕੋਈ ਅਜਿਹੀ ਚੀਜ਼ ਜੋ ਮੈਂ ਪਹਿਨ ਸਕਦੀ ਹਾਂæææਹੈਟ ਵਰਗੀ ਕੋਈ ਚੀਜ਼?”
“ਨਹੀਂ, ਹੈਟ ਨਹੀਂæææ।” ਅਲਬਰਟ ਨੇ ਹੱਸਦਿਆਂ ਕਿਹਾ।
“ਖੁਦਾ ਦੇ ਵਾਸਤੇ ਅਲਬਰਟ ਤੂੰ ਦੱਸ ਕਿਉਂ ਨਹੀਂ ਦਿੰਦਾ?”
“ਇਸ ਲਈ ਕਿ ਮੈਂ ਤੈਨੂੰ ਸਰਪਰਾਈਜ਼ ਦੇਣਾ ਚਾਹੁੰਦਾ ਹਾਂ, ਜਾਨ! ਸੱਚੀਂ, ਇਹ ਸੁੰਦਰ ਚੀਜ਼ ਹੈ। ਚੰਗਾ, ਮੈਂ ਸ਼ਾਮ ਨੂੰ ਘਰ ਲੈ ਆਊਂ।”
“ਨਹੀਂ, ਮੈਂ ਐਨੀ ਦੇਰ ਉਡੀਕ ਨਹੀਂ ਸਕਦੀ।” ਨਾਰਮਾ ਉਤਾਵਲੀ ਹੋ ਕੇ ਬੋਲੀ, “ਮੈਂ ਹੁਣੇ ਤੁਹਾਡੇ ਕਲਿਨਿਕ ਆ ਰਹੀ ਹਾਂ।”
“ਓ ਨਾਰਮਾ! ਇਥੇ ਨਾ ਆਈਂ।”
“ਕਿਉਂ ਡਾਰਲਿੰਗ! ਇਸ ਵਿਚ ਕੀ ਅੜਿੱਕਾ ਹੈ ਆਖਰ?”
“ਮੈਂ ਬਹੁਤ ਬਿਜ਼ੀ ਹਾਂ ਡੀਅਰ। ਸਾਰਾ ਕੰਮ ਖਿੰਡ ਜਾਵੇਗਾ। ਅੱਜ ਮੈਂ ਉਂਜ ਵੀ ਕਲਿਨਿਕ ਅੱਧਾ ਘੰਟਾ ਲੇਟ ਪਹੁੰਚਿਆ ਹਾਂ।”
“ਠੀਕ ਐ, ਮੈਂ ਲੰਚ ਵੇਲੇ ਆ ਰਹੀ ਹਾਂ।”
“ਮੈਂ ਲੰਚ ਲਈ ਵੀ ਸਮਾਂ ਨਹੀਂ ਕੱਢ ਸਕਾਂਗਾ। ਖੈਰ! ਤੂੰ ਦੋ ਵਜੇ ਤੱਕ ਆ ਜਾ।”
ਇਸ ਤੋਂ ਪਿਛੋਂ ਦਾ ਸਮਾਂ ਨਾਰਮਾ ਨੇ ਖੁਸ਼ੀ ਭਰਪੂਰ ਖਿਆਲਾਂ ਦੇ ਸਵੇਰੇ ਵਿਚ ਹੀ ਗੁਆਚਿਆਂ ਬਤੀਤ ਕੀਤਾ। ਇਹ ਦਿਲ ਹੀ ਦਿਲ ਵਿਚ ਆਪਣੇ ਆਪ ਨੂੰ ਦਾਦ ਵੀ ਦਿੰਦੀ ਰਹੀ ਕਿ ਉਹਨੇ ਆਪਣੀ ਅਕਲ ਨਾਲ ਵਧੀਆ ਵਿਉਂਤ ਬਣਾ ਕੇ ਬੇਹਦ ਕੀਮਤੀ ਕੋਟ ‘ਤੇ ਆਪਣੀ ਮਾਲਕੀ ਸਾਬਤ ਕਰ ਦਿੱਤੀ ਸੀ। ਕਦੇ-ਕਦੇ ਉਹ ਆਪਣੇ ਪਤੀ ਦੇ ਭੋਲੇਪਣ, ਨਹੀਂ ਮੂਰਖਤਾ ‘ਤੇ ਠਹਾਕਾ ਮਾਰ ਕੇ ਹੱਸ ਲੈਂਦੀ। ਉਸ ਤੋਂ ਰੋਟੀ ਵੀ ਨਹੀਂ ਖਾਧੀ ਗਈ। ਕੇਵਲ ਕਾਫੀ ਪੀ ਕੇ ਵਧੀਆ ਡਰੈਸ ਪਾਈ ਅਤੇ ਇਸ ਖਿਆਲ ਨਾਲ ਤਿਆਰ ਹੋ ਕੇ ਕਲਿਨਿਕ ਵੱਲ ਚੱਲ ਪਈ ਕਿ ਵਾਪਸੀ ‘ਤੇ ਫਰ ਕੋਟ ਪਾ ਕੇ ਆਵੇਗੀ।
ਉਹ ਠੀਕ ਦੋ ਵਜੇ ਪਤੀ ਦੀ ਕਲਿਨਿਕ ਪਹੁੰਚ ਗਈ। ਚਿੱਟੇ ਕੋਟ ਵਿਚ ਅਲਬਰਟ ਨੇ ਉਹਨੂੰ ਦੇਖ ਕੇ ਮੁਸਕਰਾਉਂਦਿਆਂ ਕਿਹਾ, “ਮੈਨੂੰ ਪਤਾ ਸੀ ਕਿ ਤੈਥੋਂ ਰਹਿ ਨਹੀਂ ਹੋਣਾ ਅਤੇ ਤੂੰ ਜ਼ਰੂਰ ਆਵੇਂਗੀ।”
“ਅਲਬਰਟæææਮੈਂ ਬਹੁਤ ਖੁਸ਼ ਹਾਂ।”
“ਖੁਸ਼ੀ ਵਾਲੀ ਗੱਲ ਵੀ ਐ ਡੀਅਰ, ਆਓ।” ਉਹ ਉਸ ਨੂੰ ਆਪਣੇ ਨਾਲ ਲੈ ਕੇ ਸਰਜਰੀ ਰੂਮ ਵਿਚ ਆ ਗਿਆ ਤੇ ਆਪਣੀ ਸਹਾਇਕ ਮਿਸ ਰੋਜ਼ੀ ਨੂੰ ਕਿਹਾ, “ਤੂੰ ਲੰਚ ਲਈ ਜਾ ਸਕਦੀ ਏਂ।”
ਮਿਸ ਰੋਜ਼ੀ ਨੇ ਸੰਦਾਂ ਨੂੰ ਅਸਟਰਲਾਈਜ਼ਰ ਵਿਚ ਰੱਖਦਿਆਂ ਕਿਹਾ, “ਮਿਸਟਰ ਅਲਬਰਟ, ਮੈਂ ਇਹ ਕੰਮ ਨਿਬੇੜ ਕੇ ਲੰਚ ਲਈ ਜਾਵਾਂਗੀ।”
“ਇਹ ਕੰਮ ਵਾਪਸ ਆ ਕੇ ਕਰ ਲੈਣਾ, ਹੁਣ ਤੂੰ ਜਾਹ।” ਉਸ ਨੇ ਕਿਹਾ।
ਜਾਹਰਾ ਤੌਰ ‘ਤੇ ਉਹ ਉਸ ਨੂੰ ਕਮਰੇ ਵਿਚੋਂ ਨਿਕਲ ਜਾਣ ਲਈ ਕਹਿ ਰਿਹਾ ਸੀ। ਰੋਜ਼ੀ ਚੁੱਪ-ਚਾਪ ਉਠ ਕੇ ਕਮਰੇ ਵਿਚੋਂ ਨਿਕਲ ਗਈ। ਅਲਬਰਟ ਅਲਮਾਰੀ ਦੇ ਸਾਹਮਣੇ ਆ ਖੜ੍ਹਾ ਹੋਇਆ ਜਿਸ ਵਿਚ ਉਹ ਆਪਣੇ ਕੱਪੜੇ ਲਟਕਾਉਂਦਾ ਹੁੰਦਾ ਸੀ।
“ਨਾਰਮਾ ਡੀਅਰ।” ਉਹਨੇ ਅਲਮਾਰੀ ਵੱਲ ਇਸ਼ਾਰਾ ਕਰਦਿਆਂ ਕਿਹਾ, “ਉਹ ਚੀਜ਼ ਇਸ ਵਿਚ ਹੈ, ਹੁਣ ਤੂੰ ਅੱਖਾਂ ਬੰਦ ਕਰ ਲੈ।”
“ਨਾਰਮਾ ਨੇ ਝੱਟ ਅੱਖਾਂ ਬੰਦ ਕਰ ਲਈਆਂ ਤੇ ਸਾਹ ਰੋਕ ਕੇ ਉਡੀਕਣ ਲੱਗੀ। ਉਸ ਦੇ ਦਿਲ ਦੀ ਧੜਕਣ ਇਕਦਮ ਤੇਜ਼ ਹੋ ਗਈ। ਅਲਮਾਰੀ ਖੁੱਲ੍ਹਣ ਦੀ ਆਵਾਜ਼ ਆਈ, ਫਿਰ ਕੱਪੜਿਆਂ ਦੀ ਸਰਸਰਾਹਟ ਸੁਣੀ।
“ਹੁਣ ਅੱਖਾਂ ਖੋਲ੍ਹ ਡੀਅਰ।” ਅਲਬਰਟ ਨੇ ਕਿਹਾ।
“ਨਹੀਂ,” ਉਸ ਨੇ ਕਿਹਾ ਅਤੇ ਅਨੋਖੀ ਤਰ੍ਹਾਂ ਹੱਸ ਪਈ, “ਮੇਰੀ ਹਿੰਮਤ ਜਵਾਬ ਦਿੰਦੀ ਜਾ ਰਹੀ ਐ।”
“ਦੇਖੋ ਤਾਂ ਸਹੀ, ਕਿਹੀ ਵਧੀਆ ਚੀਜ਼ ਐ।”
“ਨਾਰਮਾ ਨੇ ਝਿਜਕਦਿਆਂ ਮੁਸਕਰਾ ਕੇ ਹੌਲੀ ਜਿਹੀ ਪਲਕਾਂ ਵਿਚ ਥੋੜ੍ਹੀ ਦਰਜ ਬਣਾਈ। ਉਹ ਕੇਵਲ ਇਹੀ ਦੇਖ ਸਕੀ ਕਿ ਚਿੱਟਾ ਕੋਟ ਪਹਿਨੀ ਉਸ ਦਾ ਪਤੀ ਦੋਵੇਂ ਹੱਥਾਂ ਵਿਚ ਕੋਈ ਚੀਜ਼ ਲਟਕਾਈ ਖੜ੍ਹਾ ਸੀ।
“ਮਨਕ!” ਉਹਨੂੰ ਆਪਣੇ ਪਤੀ ਦੀ ਆਵਾਜ਼ ਸੁਣੀ, “ਬਿਲਕੁਲ ਅਸਲੀ ਮਨਕ ਦਾ ਫਰæææਡੀਅਰ।”
ਅਲਬਰਟ ਦੇ ਸ਼ਬਦਾਂ ਵਿਚ ਜਿਵੇਂ ਕੋਈ ਜਾਦੂ ਸੀ। ਨਾਰਮਾ ਨੇ ਇਕਦਮ ਅੱਖਾਂ ਖੋਲ੍ਹ ਦਿੱਤੀਆਂ। ਉਹ ਫਰ ਕੋਟ ਨੂੰ ਆਪਣੇ ਹੱਥ ਵਿਚ ਸਮੇਟਣ ਲਈ ਅੱਗੇ ਵਧੀ। ਅਚਾਨਕ ਉਹ ਠਿਠਕ ਕੇ ਰਹਿ ਗਈ। ਜਿਵੇਂ ਜ਼ਮੀਨ ਨਾਲ ਪੈਰ ਜੁੜ ਗਏ ਹੋਣ। ਉਥੇ ਫਰ ਕੋਟ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ। ਉਸ ਦੇ ਪਤੀ ਦੇ ਹੱਥ ਵਿਚ ਫਰ ਦਾ ਛੋਟਾ ਜਿਹਾ ਮਖੌਲ ਕਰਨ ਵਾਲਾ ਮਫ਼ਲਰ ਲਟਕ ਰਿਹਾ ਸੀ।
“ਮੁਬਾਰਕ ਹੋਵੇ ਡੀਅਰ।” ਅਲਬਰਟ ਮਫਲਰ ਲਹਿਰਾ ਕੇ ਖੁਸ਼ ਹੋ ਕੇ ਬੋਲਿਆ।
“ਨਾਰਮਾ ਨੇ ਮੂੰਹ ‘ਤੇ ਹੱਥ ਰੱਖ ਕੇ ਔਖੀ ਤਰ੍ਹਾਂ ਆਪਣੀ ਚੀਕ ਰੋਕੀ। ਉਹ ਦੋ ਕਦਮ ਪਿੱਛੇ ਹਟ ਗਈ। ਅੱਖਾਂ ਅੱਡ ਕੇ ਮਫਲਰ ਨੂੰ ਘੂਰਨ ਲੱਗੀ। ਅਲਬਰਟ ਨੇ ਪਿਆਰ ਵਿਚ ਭਿੱਜਦਿਆਂ ਕਿਹਾ, “ਕੀ ਗੱਲ ਐ ਜਾਨ! ਤੈਨੂੰ ਮਫਲਰ ਪਸੰਦ ਨਹੀਂ ਆਇਆ?”
ਉਹਨੇ ਇਕ ਵਾਰ ਫਿਰ ਮਫਲਰ ਹਵਾ ਵਿਚ ਲਹਿਰਾਇਆ।
“ਹਾਂæææਹਾਂæææਹਾਂæææਕਿਉਂ ਨਹੀਂ।” ਉਹ ਹਕਲਾਈ, “ਬਹੁਤ ਸੁੰਦਰ, ਬਹੁਤ ਸੁੰਦਰ।”
“ਮੇਰਾ ਖਿਆਲ ਹੈ ਖੁਸ਼ੀ ਨਾਲ ਇਕ ਪਲ ਲਈ ਤੇਰਾ ਸਾਹ ਰੁਕ ਗਿਆ ਸੀ।” ਅਲਬਰਟ ਨੇ ਮੁਸਕਰਾਉਂਦਿਆਂ ਕਿਹਾ।
“ਬæææਬæææਬਿਲਕੁਲ।”
“ਪਿਆਰੀ ਚੀਜ਼ ਐ, ਰੰਗ ਵੀ ਬਹੁਤ ਸੁੰਦਰ। ਤੈਨੂੰ ਪਤੈ ਨਾਰਮਾ ਡੀਅਰ, ਇਸ ਮਫਲਰ ਦਾ ਕੀ ਮੁੱਲ ਐ? ਦੋ ਸੌ ਡਾਲਰ।” ਅਲਬਰਟ ਨੇ ਮੰਨ ਲੈਣ ਦੇ ਢੰਗ ਨਾਲ ਕਿਹਾ।
“ਹਾਂæææਪੱਕੀ ਤਰ੍ਹਾਂ। ਐਨਾ ਮੁੱਲ ਤਾਂ ਇਸ ਦਾ ਹੋਊਗਾ ਹੀ।” ਨਾਰਮਾ ਨੇ ਮੁਰਦਾ ਆਵਾਜ਼ ਵਿਚ ਕਿਹਾ।
“ਇਹਨੂੰ ਪਹਿਨ ਕੇ ਦੇਖ।” ਉਹਦੇ ਪਤੀ ਨੇ ਕਿਹਾ ਅਤੇ ਅੱਗੇ ਵਧ ਮਫਲਰ ਪਤਨੀ ਦੀ ਗਰਦਨ ਦੁਆਲੇ ਲਪੇਟ ਕੇ ਤਿੰਨ ਕਦਮ ਪਿੱਛੇ ਹਟ ਕੇ ਦੇਖਣ ਲੱਗਾ।
“ਬਹੁਤ ਸੁੰਦਰ।” ਉਹ ਖੁਸ਼ੀ ਨਾਲ ਚੀਕਿਆ, “ਤੂੰ ਬਹੁਤ ਸੁੰਦਰ ਲੱਗਦੀ ਏਂ। ਹਰ ਔਰਤ ਦੇ ਮੁਕੱਦਰ ਵਿਚ ਮਨਕ ਕਿੱਥੇ ਹੁੰਦਾ ਹੈ।”
“ਪੱਕੀ ਗੱਲ ਐ, ਨਹੀਂ ਹੁੰਦਾ।” ਉਹਨੇ ਚੱਕਰ ਖਾਂਦੇ ਦਿਮਾਗ ਨਾਲ ਕਿਹਾ।
“ਮੇਰੀ ਇਕ ਗੱਲ ਧਿਆਨ ਨਾਲ ਸੁਣ”, ਅਲਬਰਟ ਨੇ ਕਿਹਾ, “ਜਦੋਂ ਤੂੰ ਸ਼ਾਪਿੰਗ ਲਈ ਜਾਵੇਂ ਤਾਂ ਇਹ ਪਹਿਨ ਕੇ ਮੱਤ ਜਾਈਂ। ਨਹੀਂ ਤਾਂ ਲੋਕ ਸਾਨੂੰ ਅਮੀਰ ਸਮਝ ਕੇ ਦੁੱਗਣਾ ਮੁੱਲ ਲਿਆ ਕਰਨਗੇ।”
“ਠੀਕ ਐ, ਨਹੀਂ ਪਹਿਨ ਕੇ ਜਾਵਾਂਗੀ।”
“ਇਹ ਸੁੰਦਰ ਮਫਲਰ ਮੇਰੇ ਵੱਲੋਂ ਕ੍ਰਿਸਮਸ ਦਾ ਤੋਹਫ਼ਾ ਸਮਝ ਲਵੋ। ਇਸ ‘ਤੇ ਮੇਰੇ ਪੰਜਾਹ ਡਾਲਰ ਖਰਚ ਹੋਏ ਨੇ। ਮੈਂ ਆਮ ਹਾਲਤ ਵਿਚ ਐਨੀ ਰਕਮ ਨਹੀਂ ਸੀ ਖਰਚ ਸਕਦਾ। ਹੁਣ ਤੂੰ ਜਾ ਸਕਦੀ ਏਂ। ਮੈਂ ਬਹੁਤ ਸਾਰੇ ਕੰਮ ਕਰਨੇ ਹਨ?”
ਨਾਰਮਾ ਮੁੜੀ ਅਤੇ ਇਸ ਤਰ੍ਹਾਂ ਦਰਵਾਜ਼ੇ ਵੱਲ ਵਧੀ ਜਿਵੇਂ ਨੀਂਦ ਵਿਚ ਤੁਰ ਰਹੀ ਹੋਵੇ। ਉਸ ਦੇ ਪੂਰੇ ਸਰੀਰ ਵਿਚ ਗੁੱਸੇ ਦੇ ਭਾਂਬੜ ਬਲ ਰਹੇ ਸਨ। ਉਸ ਨੇ ਦਿਲ ਹੀ ਦਿਲ ਵਿਚ ਕਿਹਾ, “ਮੈਂ ਉਸ ਮੋਟੇ ਖਵੀਸ਼ ਪਾਨ ਬਰੋਕਰ ਨੂੰ ਕਤਲ ਕਰ ਦੇਵਾਂਗੀ।”
ਉਹਨੇ ਦਿਲ ਹੀ ਦਿਲ ਵਿਚ ਫੈਸਲਾ ਕਰ ਲਿਆ ਕਿ ਉਹ ਸਿੱਧੀ ‘ਲੇਕ ਪਾਨ ਬਰੋਕਰ’ ਦੀ ਦੁਕਾਨ ‘ਤੇ ਜਾਵੇਗੀ ਅਤੇ ਇਹ ਚੀਥੜਾ ਉਹਦੇ ਮੂੰਹ ‘ਤੇ ਮਾਰ ਕੇ ਆਪਣਾ ਕੋਟ ਮੰਗੇਗੀ। ਜੇ ਉਹਨੇ ਨਾਂਹ ਕੀਤੀ ਤਾਂ ਉਹਨੂੰ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਉਹ ਦੰਦ ਪੀਂਹਦੀ ਗੈਲਰੀ ਵਿਚ ਆ ਗਈ।
“ਨਾਰਮਾ ਡੀਅਰ,” ਉਹਨੂੰ ਪਿੱਛਿਓਂ ਪਤੀ ਦੀ ਆਵਾਜ਼ ਸੁਣੀ। ਉਹ ਮੁੜ ਕੇ ਉਸ ਵੱਲ ਦੇਖਣ ਲੱਗੀ। “ਮੈਂ ਤੈਨੂੰ ਦੱਸਿਆ ਹੀ ਨਹੀਂ ਕਿ ਅੱਜ ਰਾਤ ਮੈਂ ਰਤਾ ਦੇਰ ਨਾਲ ਘਰ ਆਊਂ। ਕੰਮ ਬਹੁਤ ਐ ਨਾ। ਸ਼ਾਇਦ ਮੈਨੂੰ ਆਉਂਦਿਆਂ ਗਿਆਰਾਂ ਵੱਜ ਜਾਣ।”
“ਠੀਕ ਐ, ਖੁਦਾ ਹਾਫਿਜ਼।” ਨਾਰਮਾ ਨੇ ਕਿਹਾ ਅਤੇ ਤੁਰ ਗਈ। ਇਸੇ ਸਮੇਂ ਮਿਸ ਰੋਜ਼ੀ ਆਪਣੇ ਕਮਰੇ ਵਿਚੋਂ ਨਿਕਲ ਕੇ ਗੈਲਰੀ ਵਿਚ ਆ ਗਈ।
“ਅੱਜ ਬਹੁਤ ਵਧੀਆ ਦਿਨ ਹੈ, ਮਿਸਿਜ਼ ਅਲਬਰਟ।” ਉਹ ਲਾਗਿਓਂ ਲੰਘਦੀ ਬੋਲੀ। ਉਸ ਦੇ ਬੁੱਲ੍ਹਾਂ ‘ਤੇ ਮਨਮੋਹਣੀ ਮੁਸਕਾਨ ਨੱਚ ਰਹੀ ਸੀ। ਖੁਸ਼ਬੂ ਦਾ ਸੁਆਦੀ ਬੁੱਲਾ ਨੱਕ ਨਾਲ ਟਕਰਾਇਆ। ਉਹ ਅੱਖਾਂ ਅੱਡ ਕੇ ਹੈਰਾਨੀ ਅਤੇ ਖੁਸ਼ੀ ਭਰੀਆਂ ਨਜ਼ਰਾਂ ਨਾਲ ਮਿਸ ਰੋਜ਼ੀ ਵੱਲ ਦੇਖ ਰਹੀ ਸੀ।
ਮਿਸ ਰੋਜ਼ੀ ਦੀ ਚਾਲ ਵਿਚ ਅਨੋਖੀ ਠਾਠ ਅਤੇ ਖੁਸ਼ੀ ਸੀ। ਉਸ ਦੇ ਸਰੀਰ ‘ਤੇ ਅਤਿਅੰਤ ਸੁੰਦਰ ਅਤੇ ਬਹੁਮੁੱਲਾ ਮਨਕ ਦਾ ਫਰ ਕੋਟ ਸੀ। ਉਹ ਕੋਟ ਜਿਹੜਾ ਕਰਨਲ ਨੇ ਨਾਰਮਾ ਨੂੰ ਵਿਦਾਇਗੀ ਤੋਹਫ਼ੇ ਵਜੋਂ ਦਿੱਤਾ ਸੀ।