ਹਾਜੀ ਬਾਬਾ ਸਲਾਮ

ਰਵੇਲ ਸਿੰਘ ਇਟਲੀ
ਫੋਨ: 3272382827
ਮੈਂ ਜਿਸ ਪਿੰਡ ਦਾ ਜੰਮਪਲ ਹਾਂ, ਉਥੇ ਬਹੁਤੀ ਵਸੋਂ ਸਿੱਖਾਂ ਦੀ ਸੀ ਅਤੇ ਕੁਝ ਘਰ ਖਤਰੀਆਂ, ਬ੍ਰਾਹਮਣਾਂ, ਮਹਿਰਿਆਂ ਦੇ ਸਨ। ਕੁਝ ਘਰ ਮੁਸਲਮਾਨਾਂ ਦੇ ਵੀ ਸਨ ਜਿਨ੍ਹਾਂ ਵਿਚ ਮੋਚੀ, ਮੁਸੱਲੀ, ਤੇਲੀ, ਹਜਾਮ, ਜੁਲਾਹੇ, ਲਲਾਰੀ ਸਨ। ਇੱਕ ਮੁਹੱਲਾ ਕਸ਼ਮੀਰੀ ਮੁਸਲਮਾਨਾਂ ਦਾ ਵੀ ਸੀ। ਮੈਂ ਜਦੋਂ ਸਕੂਲੇ ਜਾਂਦਾ ਤਾਂ ਰਸਤੇ ਵਿਚ ਹਾਜੀ ਬਾਬਾ ਲਲਾਰੀ ਦੀ ਦੁਕਾਨ ਆਉਂਦੀ ਸੀ ਜੋ ਰੰਗ ਕਰਨ ਵਾਲੇ ਵੱਡੇ ਸਾਰੇ ਪਿੱਤਲ ਦੇ ਬਾਟੇ ਵਿਚ ਕੱਪੜੇ ਪਾ ਕੇ ਰੰਗਦਾ ਹੁੰਦਾ ਸੀ। ਗੋਲ ਗਲਮੇ ਵਾਲਾ ਖੱਦਰ ਦਾ ਚੋਗੇ ਵਰਗਾ ਲੰਮਾ ਕੁਰਤਾ, ਸਿਰ ‘ਤੇ ਸਫੈਦ ਗੋਲ ਪੱਗ, ਖੱਦਰ ਦਾ ਤਹਿਮਤ, ਚੌੜਾ ਚੱਘਰਾ ਚਿਹਰਾ, ਲਬਾਂ ਤੋਂ ਹੇਠਾਂ ਦੀਆਂ ਕਤਰੀਆਂ ਮੁੱਛਾਂ, ਲੰਮੀ ਗੋਲ ਕਤਰਾਵੀਂ ਦਾੜ੍ਹੀ, ਮੋਟੀਆਂ ਕਾਲੀਆਂ ਅੱਖਾਂ ਅਤੇ ਡਾਢਾ ਮਿੱਠ-ਬੋਲੜਾ। ਬੱਚਿਆਂ ਨੂੰ ਵੇਖ ਕੇ ਖੁਸ਼ ਹੋਣ ਵਾਲਾ ਹਾਜੀ ਬਾਬਾ ਸਾਨੂੰ ਸਭ ਨੂੰ ਬੜਾ ਚੰਗਾ ਲਗਦਾ ਸੀ।

ਅਸੀਂ ਸਕੂਲ ਜਾਂਦੇ ਕੋਲੋਂ ਲੰਘਦੇ ਜਦ ਉਸ ਨੂੰ ‘ਹਾਜੀ ਬਾਬਾ ਸਲਾਮ, ਹਾਜੀ ਬਾਬਾ ਸਲਾਮ’ ਕਹਿੰਦੇ ਤਾਂ ਉਹ ਵੀ ਸਭ ਨੂੰ ਖੁਸ਼ ਹੋ ਕੇ ‘ਵਾ ਲੇਕਮ ਇਸਲਾਮ’ ਬੱਚਿਓ ਕਹਿ ਕੇ ਬੜਾ ਖੁਸ਼ ਹੁੰਦਾ। ਸਾਡੇ ਵਿਚ ਸਾਰੇ ਧਰਮਾਂ ਦੇ ਬੱਚੇ ਹੁੰਦੇ। ਕਿਸੇ ਨੇ ਖਤਨੇ ਕਰਾਏ ਹੁੰਦੇ, ਕੋਈ ਮੋਨਾ ਹੁੰਦਾ, ਕਿਸੇ ਦੇ ਸਿਰ ‘ਤੇ ਜੂੜਾ ਹੁੰਦਾ ਅਤੇ ਕਿਸੇ ਦੇ ਬੋਦੀ ਪਰ ਹਾਜੀ ਬਾਬਾ ਸਾਰਿਆਂ ਨੂੰ ਇੱਕੋ ਜਿੰਨਾ ਪਿਆਰ ਕਰਦਾ।
ਇੱਕ ਦਿਨ ਸਕੂਲੋਂ ਮੁੜਦਿਆਂ ਜਦੋਂ ਮੈਂ ਇਕੱਲਾ ਹੀ ਗਲ ਵਿਚ ਫੱਟੀ-ਬਸਤਾ ਪਾਈ ਹਾਜੀ ਬਾਬੇ ਦੀ ਦੁਕਾਨ ਅੱਗੋਂ ਲੰਘਿਆ ਤਾਂ ਉਹ ਆਪਣਾ ਕੰਮ ਮੁਕਾ ਕੇ ਪਿੱਪਲ ਦੀ ਛਾਂਵੇਂ ਮੰਜੇ ‘ਤੇ ਆਰਾਮ ਕਰ ਰਿਹਾ ਸੀ, ਮੈਂ ਰੋਜ਼ ਵਾਂਗ ਉਸ ਨੂੰ ਜਦ ‘ਹਾਜੀ ਬਾਬਾ ਸਲਾਮ’ ਕਹੀ ਤਾਂ ਉਹ ਮੰਜੀ ਤੋਂ ਉਠਿਆ ਤੇ ਮੈਨੂੰ ਇਕੱਲੇ ਨੂੰ ਧੁੱਪ ਵਿਚ ਖਲੋਤਾ ਵੇਖ ਕੇ ਬੜੇ ਪਿਆਰ ਨਾਲ ਕਹਿਣ ਲੱਗਾ, ਛਾਂਵੇਂ ਆ ਜਾ ਪੁਤਰਾ, ਧੁਪ ਬੜੀ ਏ। ਅੱਜ ਤੂੰ ਇਕੱਲਾ ਕਿਉਂ ਪਿੱਛੇ ਰਹਿ ਗਿਐਂ? ਮੈਂ ਚੁੱਪ ਚਾਪ ਖਲੋ ਕੇ ਉਸ ਦੇ ਮੂੰਹੋਂ ‘ਵਾ ਲੇਕਮ ਇਸਲਾਮ’ ਸੁਣਨ ਦੀ ਉਡੀਕ ਕਰ ਰਿਹਾ ਸਾਂ ਪਰ ਉਹ ਧੁੱਪ ਵਿਚ ਖਲੋਤੇ ਨੂੰ ਵੇਖ ਕੇ ਮੇਰੇ ਵੱਲ ਆਇਆ ਤੇ ਬੜੇ ਪਿਆਰ ਨਾਲ ਗੋਦ ਵਿਚ ਬਿਠਾ ਕੇ ਮੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗ ਪਿਆ। ਇਹ ਵੇਖ ਕੇ ਅੰਦਰੋਂ ਉਸ ਦੀ ਘਰ ਵਾਲੀ ਆ ਕੇ ਕਹਿਣ ਲੱਗੀ, ਇਸ ਸਿੱਖਾਂ ਦੇ ਬੱਚੇ ਨੂੰ ਗੋਦੀ ਵਿਚ ਕਿਉਂ ਬਿਠਾ ਲਿਆ ਜੇ, ਘਰ ਜਾਣ ਦਿਓ ਐਵੇਂ ਇਸ ਦੇ ਮਾਂ ਬਾਪ ਗੁੱਸੇ ਹੋਣਗੇ; ਨਾਲੇ ਸਾਡਾ ਇਨ੍ਹਾਂ ਨਾਲ ਕੀ ਵਾਸਤਾ!
ਇਹ ਸੁਣ ਕੇ ਹਾਜੀ ਬਾਬਾ ਆਪਣੀ ਘਰ ਵਾਲੀ ਨੂੰ ਬੜੇ ਧੀਰਜ ਨਾਲ ਕਹਿਣ ਲੱਗਾ, ਭਾਗਾਂ ਵਾਲੀਏ ਅੱਲਾ ਦੀ ਜ਼ਾਤ ਹੈ। ਇਸ ਵਿਚ ਧਰਮ ਵਾਲੀ ਕਿਹੜੀ ਗੱਲ ਹੈ? ਇਹ ਬੱਚੇ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਹਨ। ਵੇਖ ਖਾਂ, ਧੁੱਪ ਨਾਲ ਕਿਵੇਂ ਇਸ ਦਾ ਮੂੰਹ ਲਾਲ ਸੂਹਾ ਹੋਇਆ ਪਿਐ।
ਫਿਰ ਥੋੜ੍ਹੀ ਦੇਰ ਕੋਲ ਬਿਠਾ ਕੇ ਹਾਜੀ ਬਾਬੇ ਨੇ ਕਿਹਾ, ਜਾ ਬੱਚਾ ਘਰ ਜਾ, ਮਾਂ ਉਡੀਕਦੀ ਹੋਊ। ਘਰ ਗਿਆ ਤਾਂ ਬੇਬੇ ਮੈਨੂੰ ਵੇਖ ਕੇ ਦੌੜੀ ਦੌੜੀ ਆਈ ਤੇ ਕੁੱਛੜ ਚੁੱਕ ਕੇ ਪੁੱਛਣ ਲੱਗੀ, ਬੇਟਾ ਅੱਜ ਬੜੀ ਦੇਰ ਕਰ ਦਿੱਤੀ, ਮੈਨੂੰ ਤਾਂ ਬਹੁਤ ਫਿਕਰ ਹੋ ਗਿਆ ਸੀ ਤੇਰਾ। ਇੰਨੀ ਦੇਰ ਕਿਉਂ ਲਾ ਦਿੱਤੀ? ਮੈਂ ਕਿਹਾ, ਬੇਬੇ ਮੈਂ ਅੱਜ ਪਿੱਛੇ ਇੱਕਲਾ ਰਹਿ ਗਿਆ ਸਾਂ, ਧੁੱਪ ਬੜੀ ਸੀ, ਹਾਜੀ ਬਾਬੇ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਬੜਾ ਪਿਆਰ ਕੀਤਾ। ਫਿਰ ਕਹਿਣ ਲੱਗਾ, ਜਾ ਹੁਣ ਘਰ ਜਾ ਤੇਰੀ ਮਾਂ ਉਡੀਕਦੀ ਹੋਊ। ਬੇਬੇ ਹਾਜੀ ਬਾਬਾ ਮੈਨੂੰ ਬੜਾ ਚੰਗਾ ਲਗਦਾ ਹੈ। ਉਸ ਦੀ ਗੋਦ ਵਿਚ ਬੈਠ ਕੇ ਅੱਜ ਮੈਨੂੰ ਬੜਾ ਚੰਗਾ ਲੱਗਾ।
ਬੇਬੇ ਬੋਲੀ, ਰੱਬ ਲੰਮੀ ਉਮਰ ਕਰੇ ਉਸ ਦੀ, ਹਾਜੀ ਬਾਬਾ ਹੈ ਹੀ ਬੜਾ ਚੰਗਾ। ਮੈਂ ਪੁਛਿਆ, ਬੇਬੇ ਭਲਾ ਹਾਜੀ ਬਾਬੇ ਨੂੰ ਹਾਜੀ ਬਾਬਾ ਕਿਉਂ ਕਹਿੰਦੇ ਨੇ? ਬੇਬੇ ਨੇ ਦੱਸਿਆ, ਪੁੱਤਰ ਹਾਜੀ ਬਾਬਾ ਮੱਕੇ ਰੱਬ ਦੇ ਘਰ ਹੱਜ ‘ਤੇ ਦਰਸ਼ਨ ਕਰਨ ਲਈ ਹਰ ਵਾਰ ਜਾਂਦਾ ਹੈ। ਮੈਂ ਪੁਛਿਆ, ਬੇਬੇ ਭਲਾ ਹੱਜ ਕੀ ਹੁੰਦਾ ਹੈ? ਆਖਣ ਲੱਗੀ, ਰੱਬ ਦੇ ਘਰ ਜਾਣ ਦੀ ਯਾਤਰਾ ਨੂੰ ਹੱਜ ਕਹਿੰਦੇ ਹਨ। ਮੈਂ ਕਿਹਾ, ਬੇਬੇ ਮੈਂ ਵੀ ਜ਼ਰੂਰ ਰੱਬ ਦੇ ਘਰ ਦੀ ਯਾਤਰਾ ਕਰਨ ਜਾਊਂਗਾ। ਸਾਡੇ ਰੱਬ ਦਾ ਘਰ ਵੀ ਕਿਤੇ ਹੋਵੇਗਾ ਹੀ ਨਾ? ਬੇਬੇ ਬੋਲੀ, ਹਾਂ ਹੈ ਪੁੱਤਰ ਸਾਡੇ ਵੀ ਗੁਰੂ ਬਾਬੇ ਨਾਨਕ ਦਾ ਘਰ, ਨਨਕਾਣਾ ਸਾਹਿਬ। ਮੈਂ ਵੀ ਤੈਨੂੰ ਐਤਕਾਂ ਉਸ ਪਵਿਤਰ ਅਸਥਾਨ ਦੀ ਯਾਤਰਾ ‘ਤੇ ਲੈ ਜਾਊਂ। ਵੇਖੀਂ ਦਰਸ਼ਨ ਕਰਕੇ ਤੂੰ ਕਿੰਨਾ ਖੁਸ਼ ਹੋਵੇਂਗਾ।
ਮੈਂ ਕਿਹਾ, ਤੇ ਫਿਰ ਮੈਨੂੰ ਵੀ ਸਾਰੇ ਹਾਜੀ ਬਾਬਾ ਸਲਾਮ ਕਿਹਾ ਕਰਨਗੇ। ਬੇਬੇ ਮੈਨੂੰ ਪਿਆਰ ਨਾਲ ਗਲ ਲਾ ਕੇ ਬੋਲੀ, ਨਹੀਂ ਮੇਰੇ ਲਾਡਲੇ, ਵੇਖੀਂ ਤੂੰ ਬਾਬੇ ਦੇ ਦਰਸ਼ਨ ਕਰਕੇ ਕਿੰਨਾ ਖੁਸ਼ ਹੋਵੇਂਗਾ। ਮੈਂ ਤਾਂ ਪਹਿਲਾਂ ਹੀ ਸਤਿਗੁਰ ਬਾਬੇ ਨਾਨਕ ਦੀ ਆਗਿਆ ਲੈ ਕੇ ਤੇਰਾ ਨਾਂ ਗੁਰਦਰਸ਼ਨ ਸਿੰਘ ਰਖਿਆ ਸੀ। ਤੂੰ ਜਦ ਵੱਡਾ ਹੋ ਕੇ ਪੜ੍ਹ-ਲਿਖ ਕੇ ਵੱਡਾ ਆਦਮੀ ਬਣੇਂਗਾ ਤਾਂ ਲੋਕ ਤੈਨੂੰ ਹਾਜੀ ਬਾਬਾ ਨਹੀਂ, ਸਰਦਾਰ ਗੁਰਦਰਸ਼ਨ ਸਿੰਘ ਕਿਹਾ ਕਰਨਗੇ। ਹਾਜੀ ਬਾਬੇ ਵਰਗੇ ਨੇਕ ਬੰਦੇ ਕਿਤੇ ਵਿਰਲੇ ਹੀ ਮਿਲਦੇ ਹਨ ਜੋ ਸਭ ਨਾਲ ਇਕੋ ਜਿਹਾ ਪਿਆਰ ਕਰਦੇ ਨੇ, ਤੂੰ ਹਾਜੀ ਬਾਬੇ ਨੂੰ ਸਲਾਮ ਕਹਿਣੀ ਨਾ ਭੁੱਲੀਂ।
ਹਾਜੀ ਬਾਬਾ ਜਦੋਂ ਵੀ ਕਦੇ ਗੁਰਦੁਆਰੇ ਅੱਗੋਂ ਲੰਘਦਾ ਤਾਂ ਬੜੇ ਸਤਿਕਾਰ ਨਾਲ ਸਿਰ ਨਿਵਾ ਕੇ ਲੰਘਦਾ ਤੇ ਜਦੋਂ ਵੀ ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਂਦੀਆਂ ਸੰਗਤਾਂ ਦਾ ਜਲੂਸ ਉਸ ਕੋਲੋਂ ਲੰਘਦਾ ਤਾਂ ਉਹ ਕੁਝ ਨਾ ਕੁਝ ਆਪਣਾ ਹਿੱਸਾ ਜ਼ਰੂਰ ਪਾਉਂਦਾ, ਅਤੇ ਕਹਿੰਦਾ ਬਾਬਾ ਨਾਨਕ ਵੀ ਤਾਂ ਸਭ ਦਾ ਸਾਂਝਾ ਅੱਲ੍ਹਾ ਦਾ ਨੂਰ ਸੀ, ਉਹ ਵੀ ਤਾਂ ਜ਼ਿਆਰਤ ਕਰਨ ਮੱਕੇ ਗਿਆ ਸੀ, ਜਿੱਥੇ ਜਾ ਕੇ ਉਸ ਨੇ ਅਨੋਖੇ ਅੰਦਾਜ਼ ਨਾਲ ਇਹ ਦੱਸਣ ਦਾ ਯਤਨ ਕੀਤਾ ਸੀ ਕਿ ਰੱਬ ਸਿਰਫ ਮੱਕੇ ਵਿਚ ਹੀ ਨਹੀਂ, ਹਰ ਥਾਂ ਮੌਜੂਦ ਹੈ। ਰਮਜ਼ਾਨ ਦੇ ਰੋਜ਼ਿਆਂ ਦੀ ਸਮਾਪਤੀ ‘ਤੇ ਹਾਜੀ ਬਾਬਾ ਜ਼ਕਾਤ ਦੇ ਤੌਰ ਰੱਖੇ ਪੈਸਿਆਂ ਵਿਚੋਂ ਸਾਨੂੰ ਸਕੂਲ ਜਾਂਦਿਆਂ ਨੂੰ ਬੜੇ ਪਿਆਰ ਨਾਲ ਕੋਲ ਬੁਲਾ ਕੇ ਇਕ ਇਕ ਪੈਸਾ ਵੰਡਦਾ। ਉਦੋਂ ਇਕ ਪੈਸੇ ਦੀ ਵੀ ਕੀਮਤ ਸੀ। ਇੱਕ ਪੈਸੇ ਨਾਲ ਮੂੰਗਫਲੀ ਤੇ ਰਿਓੜੀਆਂ ਦੀ ਝੋਲੀ ਭਰ ਜਾਂਦੀ।
ਪਹਿਲੇ ਸਮਿਆਂ ਵਿਚ ਰੰਗੀਆਂ ਰੰਗਾਈਆਂ ਪੱਗਾਂ-ਦੁਪੱਟੇ ਨਹੀਂ ਸਨ ਮਿਲਦੇ ਤੇ ਇਨ੍ਹਾਂ ਨੂੰ ਮਨ ਪਸੰਦ ਰੰਗ ਲਲਾਰੀ ਹੀ ਰੰਗਦੇ। ਰੰਗਾਈ ਦਾ ਬਹੁਤਾ ਕੰਮ ਹਾਜੀ ਬਾਬੇ ਕੋਲ ਹੀ ਆਉਂਦਾ। ਇੱਕ ਦਿਨ ਬੇਬੇ ਇੱਕ ਪੱਗ ਰੰਗਣ ਲਈ ਹਾਜੀ ਬਾਬੇ ਨੂੰ ਦੇ ਆ ਆਈ। ਰੰਗੀ ਪੱਗ ਲੈਣ ਮੈਂ ਵੀ ਬੇਬੇ ਨਾਲ ਗਿਆ। ਪੱਗ ਫੜਾਉਂਦਾ ਹੋਇਆ ਹਾਜੀ ਬਾਬਾ ਬੋਲਿਆ, ਧੀਏ ਇਹ ਪੱਗ ਕਿਸ ਲਈ ਰੰਗਾਈ ਏ? ਬੇਬੇ ਕਹਿਣ ਲੱਗੀ, ਬਾਬਾ ਇਹ ਪੱਗ ਪਹਿਲੀ ਵਾਰ ਮੈਂ ਆਪਣੇ ਇਸ ਪੁੱਤਰ ਦੇ ਸਿਰ ‘ਤੇ ਬੰਨਣੀ ਏ, ਉਹ ਮੁਸਕਰਾਉਂਦਿਆਂ ਮੇਰੇ ਮੂੰਹ ਵੱਲ ਵੇਖ ਬੋਲਿਆ, ਹੱਛਾ ਇਸ ਨਿੱਕੇ ਸਰਦਾਰ ਦੇ ਸਿਰ ਬੰਨਣੀ ਏ! ਬੇਬੇ ਜ਼ੋਰ ਲਾ ਰਹੀ ਪਰ ਹਾਜੀ ਬਾਬੇ ਨੇ ਰੰਗਾਈ ਦੇ ਪੈਸੇ ਨਹੀਂ ਲਏ। ਕਹਿਣ ਲੱਗਾ, ਜਿਉਂਦਾ ਰਹੇ, ਸਾਰੀ ਉਮਰ ਇਨ੍ਹਾਂ ਦੀਆਂ ਪੱਗਾਂ ਹੀ ਰੰਗਣੀਆਂ। ਇਹ ਦੌਲਤ ਤਾਂ ਆਉਂਦੀ ਜਾਂਦੀ ਰਹਿਣੀ ਹੈ, ਸਾਰਾ ਸੰਸਾਰ ਸੁਖੀ ਵੱਸੇ-ਰੱਸੇ, ਅੱਲ੍ਹਾ ਸਭ ‘ਤੇ ਮਿਹਰ ਰੱਖੇ। ਨਾਲੇ ਬੀਬੀ ਯਾਦ ਰੱਖੀਂ, ਇਹ ਤੇਰਾ ਬੱਚਾ ਬੜੇ ਮੁਕੱਦਰ ਵਾਲਾ ਹੋਸੀ, ਇਸ ਦਾ ਮੂੰਹ ਨਾ ਫਿਟਕਾਰੀਂ, ਇਸ ਨੂੰ ਚੰਗਾ ਚੋਖਾ ਪੜ੍ਹਾਵੀਂ।
ਦੂਸਰੇ ਦਿਨ ਬੇਬੇ ਨੇ ਗੁਰਦੁਆਰੇ ਜਾ ਕੇ ਭਾਈ ਜੀ ਤੋਂ ਅਰਦਾਸ ਕਰਵਾਈ। ਫੌਜੀ ਚਾਚੇ ਤੋਂ ਪੱਗ ਬੰਨਵਾ ਕੇ ਜਦ ਮੈਂ ਸਕੂਲ ਗਿਆ ਤਾਂ ਕੋਲੋਂ ਲੰਘਦੇ ਨੂੰ ਹਾਜੀ ਬਾਬਾ ਮੇਰੇ ਸਿਰ ‘ਤੇ ਪੱਗ ਬੱਝੀ ਵੇਖ ਕੇ ਖੁਸ਼ ਹੋ ਰਿਹਾ ਸੀ। ਮੈਂ ਰੋਜ਼ ਵਾਂਗ ਉਸ ਨੂੰ ਜਦ ‘ਹਾਜੀ ਬਾਬਾ ਸਲਾਮ’ ਕਿਹਾ ਤਾਂ ਉਹ ‘ਸਤਿ ਸ੍ਰੀ ਅਕਾਲ ਨਿੱਕੇ ਸਰਦਾਰ ਜੀ’ ਕਹਿੰਦਾ ‘ਇਸਲਾਮਾ ਲੇਕਮ’ ਕਹਿ ਕੇ ਇੱਕ ਅਨੋਖੀ ਅਦਾ ਨਾਲ ਸਰਬ ਸਾਂਝੀਵਾਲਤਾ ਦੇ ਰੰਗ ਵਿਚ ਮਹਿਕ ਘੋਲ ਰਿਹਾ ਸੀ।
ਦੇਸ਼ ਦੀ ਵੰਡ ਵੇਲੇ ਜਦ ਅੱਲ੍ਹਾ ਹੂ ਅਕਬਰ, ਬੋਲੇ ਸੋ ਨਿਹਾਲ ਦੇ ਨਾਹਰਿਆਂ ਨੇ ਹਾਜੀ ਬਾਬੇ ਨੂੰ ਬੇਆਰਾਮ ਕਰ ਛਡਿਆ। ਉਸ ਦਾ ਜਦ ਵੀ ਨਮਾਜ਼ ਦਾ ਵੇਲਾ ਹੁੰਦਾ, ਇਨ੍ਹਾਂ ਨਾਹਰਿਆਂ ਦਾ ਸ਼ੋਰ ਉਸ ਦੇ ਮਨ ਨੂੰ ਬੇਆਰਾਮ ਕਰ ਦਿੰਦਾ। ਜਦੋਂ ਰਾਤੋ ਰਾਤ ਪਿੰਡ ਦੇ ਕਈ ਲੋਕ ਆਪਣਾ ਸਭ ਕੁਝ ਉਸੇ ਤਰ੍ਹਾਂ ਧਰਿਆ ਧਰਾਇਆ ਤੇ ਬੂਹੇ ਖੁਲ੍ਹੇ ਛੱਡ ਕੇ ਆਪਣੀਆਂ ਜਾਨਾਂ ਬਚਾਉਣ ਲਈ ਆਪਣੀ ਜੰਮਣ ਭੋਇੰ ਤੋਂ ਦੇਸ਼ ਨਿਕਾਲਾ ਲੈ ਕੇ ਜਾ ਰਹੇ ਸਨ ਤਾਂ ਹਾਜੀ ਬਾਬਾ ਮਨੁੱਖਤਾ ਦਾ ਦਰਦ ਆਪਣੇ ਸੀਨੇ ਵਿਚ ਦਬਾ ਕੇ ਉਨ੍ਹਾਂ ਲੋਕਾਂ ਵੱਲ ਵੇਖ ਰਿਹਾ ਸੀ ਜਿਨ੍ਹਾਂ ਨੂੰ ਹਾਜੀ ਬਾਬੇ ਨੇ ਕਦੇ ਧਰਮ ਜਾਂ ਜਾਤ ਨਾਲ ਜੋੜ ਕੇ ਨਹੀਂ ਸੀ ਵੇਖਿਆ। ਅਸੀਂ ਇਸ ਕਾਫਿਲੇ ਵਿਚ ਸਭ ਤੋਂ ਪਿੱਛੇ ਰਹਿ ਗਏ ਸਾਂ, ਦਿਨ ਚੜ੍ਹ ਚੁਕਾ ਸੀ। ਮੈਂ ਜਦ ਬੇਬੇ ਦੀ ਉਂਗਲੀ ਫੜੀ ਪਿੱਛੇ ਮੁੜ ਕੇ ਵੇਖਿਆ ਤਾਂ ਹਾਜੀ ਬਾਬਾ ਮਨੁੱਖਤਾ ਦੇ ਇਸ ਘਾਣ ਨੂੰ ਬੜੇ ਹੀ ਭਰੇ ਮਨ ਨਾਲ ਵੇਖ ਰਿਹਾ ਸੀ। ਮੈਂ ਉਸ ਕੋਲੋਂ ਲੰਘਦੇ ਨੂੰ ਪਹਿਲਾਂ ਵਾਂਗ ‘ਹਾਜੀ ਬਾਬਾ ਸਲਾਮ’ ਕਿਹਾ ਤਾਂ ਉਸ ਦੀ ‘ਵਾ ਲੇਕਮ ਇਸਲਾਮ’ ਖੌਰੇ ਆਪਣਾ ਵਤਨ ਛਡ ਕੇ ਜਾਂਦੇ ਲੋਕਾਂ ਦੀ ਦੌੜ ਭੱਜ ਦੇ ਰੌਲੇ ਵਿਚ ਗੁਆਚ ਗਈ। ਬੇਬੇ ਕਹਿ ਰਹੀ ਸੀ, ਹੁਣ ਹਾਜੀ ਬਾਬੇ ਦਾ ਖਿਆਲ ਛੱਡ ਤੇ ਕਾਫਿਲੇ ਦੇ ਨਾਲ ਰਲੀਏ। ਅੱਜ ਮੈਂ ਜਦ ਵੀ ਦੇਸ਼ ਦੀ ਵੰਡ ਦੇ ਕਾਲੇ ਦਿਨਾਂ ਨੂੰ ਯਾਦ ਕਰਦਾ ਹਾਂ ਤਾਂ ਸਰਬ ਸਾਂਝੀਵਾਲਤਾ ਦੀ ਮੂਰਤ ਹਾਜੀ ਬਾਬਾ ਆਪ ਮੁਹਾਰੇ ਮੇਰੇ ਖਿਆਲਾਂ ਵਿਚ ਉਭਰ ਆਉਂਦਾ ਹੈ।