ਪਰਵਾਸੀਆਂ ਨੂੰ ਪੰਜਾਬ ਵਿਚ ਖੁੱਲ੍ਹ ਕੇ ਨਿਵੇਸ਼ ਕਰਨ ਦਾ ਸੱਦਾ

ਜਲੰਧਰ: ਪਰਵਾਸੀ ਪੰਜਾਬੀ ਸੰਮੇਲਨ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਰਵਾਸੀ ਪੰਜਾਬੀਆਂ ਦੇ ਮਨਾਂ ਵਿਚ ਸਰਕਾਰ ਪ੍ਰਤੀ ਭਰੋਸਾ ਪੈਦਾ ਕਰਨ ਤੇ ਪੂੰਜੀ ਨਿਵੇਸ਼ ਲਈ ਉਤਸ਼ਾਹਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੜੇ ਜ਼ੋਰ ਨਾਲ ਕਿਹਾ ਕਿ ਆਪਣੇ ਵੱਲੋਂ ਕਹੇ ਗਏ ਇਕ-ਇਕ ਸ਼ਬਦ ‘ਤੇ ਅਮਲ ਕਰਨ ਲਈ ਪ੍ਰਤੀਬੱਧ ਹਨ।
ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਪੂੰਜੀ ਨਿਵੇਸ਼ ਕਰਨ ਲਈ ਪ੍ਰੇਰਿਆ ਤੇ ਇਥੇ ਹਰ ਤਰ੍ਹਾਂ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਉਹ ਪਰਵਾਸੀ ਪੰਜਾਬੀਆਂ ਲਈ ਸਿੰਗਲ ਵਿੰਡੋ ਪ੍ਰਣਾਲੀ ਤਾਂ ਕੀ ਸਗੋਂ ਸਹੂਲਤਾਂ ਦੇ ਦਰਵਾਜ਼ੇ ਖੋਲ੍ਹ ਦੇਣਗੇ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਬਿਹਤਰ ਪ੍ਰਬੰਧ ਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਪੂੰਜੀ ਨਿਵੇਸ਼ ਕਰਨ ਦੀ ਅਪੀਲ ਕੀਤੀ।
ਸ਼ ਬਾਦਲ ਨੇ ਪੰਜਾਬ ਦੀ ਮਾੜੀ ਆਰਥਕ ਹਾਲਤ ਦਾ ਸਾਰਾ ਭਾਂਡਾ ਕੇਂਦਰ ਸਰਕਾਰ ਸਿਰ ਭੰਨ੍ਹਿਆ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਇਹ ਯਕੀਨ ਦਿਵਾਉਣ ਦਾ ਯਤਨ ਕੀਤਾ ਕਿ ਜੇ ਪੰਜਾਬ ਵਿਚ ਵਿਕਾਸ ਨਹੀਂ ਹੋ ਰਿਹਾ ਤਾਂ ਇਸ ਦਾ ਜ਼ਿੰਮੇਵਾਰ ਕੇਂਦਰ ਹੈ ਨਾ ਕਿ ਰਾਜ ਸਰਕਾਰ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਦਾ ਅਨਾਜ ਭੰਡਾਰ ਭਰਦੇ ਹਨ ਫਿਰ ਵੀ 35 ਹਜ਼ਾਰ ਕਰੋੜ ਦੇ ਕਰਜ਼ੇ ਥੱਲੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਹੋ ਰਿਹਾ ਹੈ ਕਿਉਂਕਿ ਫਸਲਾਂ ਦੇ ਭਾਅ ਤੈਅ ਕਰਨ ਦਾ ਅਧਿਕਾਰ ਕੇਂਦਰ ਕੋਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ ਬਾਅਦ ਕਰਵਾਏ ਜਾਣ ਵਾਲੇ ਪਰਵਾਸੀ ਪੰਜਾਬੀ ਸੰਮੇਲਨ ਦੇ ਵਿਚਲੇ ਸਮੇਂ ਦੌਰਾਨ ਵੀ ਪਰਵਾਸੀ ਪੰਜਾਬੀਆਂ ਨਾਲ ਤਾਲਮੇਲ ਰੱਖਿਆ ਜਾਵੇਗਾ। ਤਾਲਮੇਲ ਦੀ ਘਾਟ ਕਾਰਨ ਹੀ ਜ਼ਿਆਦਾ ਸਮੱਸਿਆਵਾਂ ਪੈਦਾ ਹੋਈਆਂ ਹਨ। ਐਨæਆਰæਆਈæ ਮਾਮਲਿਆਂ ਦੇ ਮੰਤਰੀ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਉਨ੍ਹਾਂ ਨੂੰ ਸਾਲ ਵਿਚ ਦੋ ਵਾਰ ਬਾਹਰ ਭੇਜਿਆ ਜਾਵੇਗਾ ਤਾਂ ਜੋ ਉਹ ਉਥੇ ਜਾ ਕੇ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਜਾਣ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਣੀ ਅਗਵਾਈ ਹੇਠ ਇਕ ਉੱਚ ਪੱਧਰੀ ਕਮੇਟੀ ਬਣਾਈ ਜਾਵੇਗੀ ਜਿਸ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਮੰਤਰੀ ਵੀ ਹੋਣਗੇ ਤੇ ਪਰਵਾਸੀ ਪੰਜਾਬੀਆਂ ਨੂੰ ਵੀ ਇਸ ਦੇ ਮੈਂਬਰ ਬਣਾਇਆ ਜਾਵੇਗਾ। ਇਹ ਕਮੇਟੀ ਹਰ ਚਾਰ ਮਹੀਨਿਆਂ ਬਾਅਦ ਪਰਵਾਸੀ ਪੰਜਾਬੀ ਮਾਮਲਿਆਂ ਨੂੰ ਰੀਵਿਊ ਕਰਿਆ ਕਰੇਗੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਵਰੋਧੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ‘ਤੇ ਕਿਸੇ ਤਰ੍ਹਾਂ ਦਾ ਭਰੋਸਾ ਨਾ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਪੂੰਜੀ ਨਿਵੇਸ਼ ਕਰਨ ਦੇ ਇਸ ਸਮੇਂ ਸਭ ਤੋਂ ਵਧੀਆ ਮੌਕੇ ਹਨ। ਸਾਲ 2013 ਤੱਕ ਸੂਬੇ ਅੰਦਰ ਬਿਜਲੀ ਸਰਪਲੱਸ ਹੋ ਜਾਵੇਗੀ।
ਐਨæਆਰæਆਈæ ਮਾਮਲਿਆਂ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਬੜੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੈਬਸਾਈਟ ਤਿਆਰ ਕਰ ਰਹੀ ਜਿਹੜੀ ਕਿ ਦੋ ਮਹੀਨਿਆਂ ਤੱਕ ਮੁਕੰਮਲ ਹੋ ਜਾਵੇਗੀ।
_______________________________________
ਪਰਵਾਸੀ ਪੰਜਾਬੀਆਂ ਦੇ ਤੌਖਲੇ ਬਰਕਰਾਰ
ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਰਵਾਸੀਆਂ ਨੂੰ ਸੂਬੇ ਵਿਚ ਸੁਰੱਖਿਅਤ ਮਾਹੌਲ ਦੇਣ ਦੀ ਕੀਤੀ ਪੇਸ਼ਕਸ਼ ਦੇ ਬਾਵਜੂਦ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੇ ਮਨਾਂ ਵਿਚ ਜਾਇਦਾਦਾਂ ਦੇ ਖੁੱਸਣ ਦਾ ਤੌਖਲਾ ਬਰਕਰਾਰ ਹੈ। ਸ਼ ਬਾਦਲ ਨੇ ਪਰਵਾਸੀ ਪੰਜਾਬੀ ਸੰਮੇਲਨ ਦੇ ਪਹਿਲੇ ਦਿਨ ਐਨæਆਰæਆਈਜ਼æ ਦੀਆਂ ਜਾਇਦਾਦਾਂ ਸੁਰੱਖਿਅਤ ਕਰਨ ਲਈ ਸਖ਼ਤ ਕਾਨੂੰਨ ਬਣਾਉਣ ਤੇ ਪੁਲਿਸ ਨੂੰ ਨੱਥ ਪਾਉਣ ਦਾ ਐਲਾਨ ਕੀਤਾ।
ਉਨ੍ਹਾਂ ਸਰਕਾਰ ਵੱਲੋਂ ਸੂਬੇ ਵਿਚ ਵਿਕਾਸ ਦੀ ਗਤੀ ਤੇਜ਼ ਕਰਨ ਤੇ ਭਵਿੱਖ ਦੇ ਪੰਜਾਬ ਦੀ ਸੁਪਨਮਈ ਤਸਵੀਰ ਵੀ ਪਰਵਾਸੀਆਂ ਦੇ ਸਾਹਮਣੇ ਪੇਸ਼ ਕੀਤੀ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਬੋਲਣ ਤੋਂ ਬਾਅਦ ਵਿਦੇਸ਼ਾਂ ਵਿਚਲੇ ਜਨ ਪ੍ਰਤੀਨਿਧੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਰਵਾਸੀਆਂ ਦੀ ਭਲਾਈ ਤੇ ਉਨ੍ਹਾਂ ਦੇ ਖਦਸ਼ਿਆਂ ਨੂੰ ਦੂਰ ਕਰਨ ਲਈ ਐਲਾਨ ਤਾਂ ਬਹੁਤ ਕਰ ਦਿੱਤੇ ਪਰ ਇਹ ਅਸਰਦਾਰ ਤੇ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਹਨ। ਇਨ੍ਹਾਂ ਨੁਮਾਇੰਦਿਆਂ ਨੇ ਪੁਲਿਸ ਵੱਲੋਂ ਪਰਵਾਸੀਆਂ ਵਿਰੁੱਧ ਕੇਸ ਦਰਜ ਕਰਕੇ ਫਿਰ ਭਗੌੜੇ ਕਰਾਰ ਦੇਣ ਦਾ ਮਾਮਲਾ ਜ਼ੋਰਸ਼ੋਰ ਨਾਲ ਚੁੱਕਿਆ।
ਕੈਨੇਡਾ ਦੇ ਅਲਬਰਟਾ ਰਾਜ ਦੀ ਅਸੈਂਬਲੀ ਦੇ ਮੈਂਬਰ ਪੀਟਰ ਸੰਧੂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਐਨæਆਰæਆਈਜ਼æ ਵਿਰੁੱਧ ਮਾਮਲੇ ਦਰਜ ਕਰਨਾ ਆਮ ਵਰਤਾਰਾ ਬਣਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸੂਬੇ ਦੇ ਕਈ ਰਾਜਸੀ ਆਗੂ ਵੀ ਸ਼ਾਮਲ ਹਨ। ਉਨ੍ਹਾਂ ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ। ਇਸ ਪਰਵਾਸੀ ਨੁਮਾਇੰਦੇ ਨੇ ਕਿਹਾ ਕਿ ਅਦਾਲਤਾਂ ਵੱਲੋਂ ਭਗੌੜੇ ਕਰਾਰ ਦਿੱਤੇ ਪਰਵਾਸੀਆਂ (ਪੀæਓਜ਼æ) ਦੀ ਸੂਚੀ ਦਾ ਰੀਵੀਊ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਬਹੁ-ਗਿਣਤੀ ਪਰਵਾਸੀ ਬੇਕਸੂਰ ਹੁੰਦੇ ਹੋਏ ਵੀ ਪੰਜਾਬ ਵਿਚ ਪੁਲਿਸ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਤੇ ਆਪਣੇ ਮੁਲਕ ਨਹੀਂ ਆ ਰਹੇ।
ਕੈਨੇਡਾ ਦੇ ਹੀ ਇਕ ਹੋਰ ਨੁਮਾਇੰਦੇ ਦਰਸ਼ਨ ਸਿੰਘ ਕੰਗ ਨੇ ਕਿਹਾ ਕਿ ਐਫਆਰਆਈ ਪਰਵਾਸੀਆਂ ਵਿਰੁੱਧ ਇਕ ਵੱਡਾ ਸੰਦ ਬਣ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਪਰਵਾਸੀਆਂ ਵਿਰੁੱਧ ਆਉਂਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਕੋਈ ਵਿਸ਼ੇਸ਼ ਜੁਡੀਸ਼ਲ ਅਥਾਰਟੀ ਬਣਨੀ ਚਾਹੀਦੀ ਹੈ। ਉਨ੍ਹਾਂ ਨੇ ਕਾਲੀਆਂ ਸੂਚੀਆਂ ਦੀ ਸਮੀਖਿਆ ਕਰਨ ਦੀ ਗੱਲ ਵੀ ਕਹੀ। ਡਰਬੀ ਦੇ ਕੌਂਸਲਰ ਸਚਿਨ ਗੁਪਤਾ ਦਾ ਕਹਿਣਾ ਸੀ ਕਿ ਵਿਦੇਸ਼ਾਂ ਵਿਚ ਬਹੁਗਿਣਤੀ ਪੰਜਾਬੀ ਜ਼ਮੀਨਾਂ ਖੁੱਸਣ ਦੀਆਂ ਸਮੱਸਿਆਵਾਂ ਬਿਆਨ ਕਰਦੇ ਹਨ। ਕੇæਸੀæ ਮੋਹਨ ਨੇ ਵੀ ਸੁਖਬੀਰ ਬਾਦਲ ਨੂੰ ਆਪਣੇ ਬੋਲਾਂ ‘ਤੇ ਅਮਲ ਕਰਨ ਲਈ ਕਿਹਾ। ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਮੈਂਬਰ ਕਮਲਜੀਤ ਬਖਸ਼ੀ ਨੇ ਕਿਹਾ ਕਿ ਪਰਵਾਸੀਆਂ ਦੀਆਂ ਜ਼ਮੀਨਾਂ ‘ਤੇ ਪੰਜਾਬ ਵਿਚ ਕਬਜ਼ੇ ਹੋਣ ਤੇ ਉਨ੍ਹਾਂ ਦੀ ਜਾਇਦਾਦ ਵਿਕਣ ਦੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਖ਼ਤ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਹੈ ਜਿਸ ਤੋਂ ਕੁਝ ਆਸ ਤਾਂ ਬੱਝੀ ਹੈ।

Be the first to comment

Leave a Reply

Your email address will not be published.