ਮੇਜਰ ਕੁਲਾਰ
ਮਾਪੇ ਜਨਮ ਦਿੰਦਿਆਂ ਹੀ ਇਸ ਜਹਾਨੋਂ ਤੁਰਦੇ ਬਣੇ। ਮਾਂ-ਬਾਪ ਨੂੰ ਕਿਸੇ ਨੇ ਦੁੱਧ ਵਿਚ ਕੁਝ ਘੋਲ ਕੇ ਪਿਆ ਦਿੱਤਾ ਕਿ ਉਹ ਤੜਫ-ਤੜਫ ਕੇ ਮਰ ਗਏ। ਚਾਚਿਆਂ ਨੇ ਮੈਨੂੰ ਗੋਦ ਦਾ ਸਹਾਰਾ ਦੇਣ ਤੋਂ ਨਾਂਹ ਕਰ ਦਿੱਤੀ। ਦਾਦਾ ਬਹੁਤ ਰੋਇਆ, ਪਰ ਉਸ ਦੀ ਪੇਸ਼ ਨਾ ਗਈ। ਅਖੀਰ ਮੈਨੂੰ ਨਾਨਕਿਆਂ ਨੇ ਬੁੱਕਲ ਵਿਚ ਲੈ ਲਿਆ। ਮੇਰੇ ਮਾਮੇ ਦਾ ਪੁੱਤ ਮੇਰਾ ਹਾਣੀ ਸੀ।
ਮਾਮੀ ਨੇ ਸਾਨੂੰ ਦੋਵਾਂ ਨੂੰ ਦੁੱਧ ਚੁੰਘਾਇਆ। ਨਾਨੇ ਤੇ ਨਾਨੀ ਨੇ ਮਾਮੀ ਨੂੰ ਕਿਹਾ ਹੋਇਆ ਸੀ, “ਤੂੰ ਆਪ ਰੱਜ ਕੇ ਖਾਇਆ-ਪੀਆ ਕਰ, ਤਾਂ ਕਿ ਦੋਵੇਂ ਦੁੱਧ ਖੁਣੋਂ ਰੋਣ ਨਾ।” ਮਾਮੀ ਭਲੇ ਘਰ ਦੀ ਜਾਈ ਸੀ ਜਿਸ ਨੇ ਹਮੇਸ਼ਾ ਮੈਨੂੰ ਗੋਦ ਚੁੱਕਣ ਦੀ ਪਹਿਲ ਕੀਤੀ।
ਮਾਮਿਆਂ ਦਾ ਕੰਮ-ਕਾਜ ਤੋਂ ਬਸ ਗੁਜ਼ਾਰਾ ਠੀਕ ਚੱਲੀ ਜਾਂਦਾ ਸੀ। ਉਨ੍ਹਾਂ ਦਾ ਏਕਾ ਸੋਨੇ ‘ਤੇ ਸੁਹਾਗਾ ਸੀ। ਨਾਨਾ ਸਤਿਯੁਗੀ ਬੰਦਾ ਸੀ ਕੋਈ। ਚਾਰੇ ਮਾਮੇ ਉਸ ਦੇ ਸਾਹਾਂ ਵਿਚ ਸਾਹ ਭਰਦੇ ਸਨ। ਮੈਂ ਨਾਨਕਿਆਂ ਦੇ ਵਿਹੜੇ ਵਿਚ ਪਲਦਾ ਗਿਆ ਤੇ ਮਾਮੇ ਆਪੋ-ਆਪਣੀ ਵਾਰੀ ਘੋੜੀ ਚੜ੍ਹਦੇ ਗਏ, ਚਾਰੇ ਮਾਮੇ ਵਿਆਹੇ ਗਏ। ਮੇਰੀ ਮਾਮੀ-ਮਾਂ ਨੇ ਕੋਈ ਹੋਰ ਨਿਆਣਾ ਨਾ ਜੰਮਿਆ। ਉਸ ਕੋਲ ਪੁੱਤਾਂ ਦੀ ਜੋੜੀ ਜੁ ਸੀ! ਪਰਿਵਾਰ ਵੱਡਾ ਹੁੰਦਾ ਗਿਆ। ਨਾਨੇ ਦੀ ਬੋਹੜ ਵਾਲੀ ਛਾਂ ਥੱਲੇ ਸਾਰੇ ਖੁਸ਼ ਸਨ। ਮਾਮੀ ਦੱਸਦੀ, “ਤੇਰੇ ਆਉਣ ਤੋਂ ਬਾਅਦ ਹੀ ਆਪਣਾ ਕੰਮ-ਕਾਰ ਵਧਣ ਲੱਗਿਆ ਸੀ।” ਮਾਮੇ ਖੇਤੀ ਵਿਚੋਂ ਹੀ ਕਿਰਸਾਂ ਕਰ ਕੇ ਜ਼ਮੀਨ ਖਰੀਦ ਲਂੈਦੇ। ਹੌਲੀ-ਹੌਲੀ ਟਰੈਕਟਰ-ਟਰਾਲੀ ਆ ਗਏ। ਸਕੂਟਰ-ਮੋਟਰਸਾਈਕਲ ਵੀ ਆ ਗਏ। ਅਸੀਂ ਸਕੂਲੇ ਜਾਣ ਲੱਗੇ। ਨਾਨਾ ਖੁਸ਼ ਸੀ, ਪਰ ਕਦੇ-ਕਦੇ ਮੇਰੀ ਮਾਂ ਅਤੇ ਪਿਓ ਨੂੰ ਯਾਦ ਕਰ ਕੇ ਮਨ ਭਰ ਲੈਂਦਾ। ਮੇਰੇ ਦਾਦਕਿਆਂ ਵੱਲੋਂ ਕਿਸੇ ਨੇ ਮੇਰੇ ਵੱਲੀਂ ਕਦੀ ਤੱਕਿਆ ਨਹੀਂ ਸੀ, ਪਰ ਮੇਰਾ ਦਾਦਾ ਚੋਰੀਉਂ ਆ ਕੇ ਮਿਲ ਜਾਂਦਾ। ਇਸ ਗੱਲ ਦਾ ਪਤਾ ਮੈਨੂੰ ਗੱਭਰੂ ਹੋਏ ਤੋਂ ਹੀ ਲੱਗਾ। ਦਰਅਸਲ, ਮੇਰਾ ਨਾਨਾ ਤੇ ਦਾਦਾ, ਦੋਵੇਂ ਜਵਾਨੀ ਵਿਚ ਇਕੱਠੇ ਕਬੱਡੀ ਖੇਡਦੇ ਰਹੇ ਸਨ। ਨਾਨੇ ਦੀ ਭੈਣ ਸਾਡੇ ਪਿੰਡ ਹੀ ਵਿਆਹੀ ਹੋਈ ਸੀ। ਉਹੀ ਮੇਰੀ ਮਾਂ ਦਾ ਰਿਸ਼ਤਾ ਲੈ ਕੇ ਗਈ ਸੀ। ਨਾਨੇ ਦਾ ਸਾਡੇ ਪਿੰਡ ਬਹੁਤ ਆਉਣ-ਜਾਣ ਸੀ। ਇਸੇ ਮਿੱਤਰਤਾ ਕਰਕੇ ਨਾਨਾ ਮੇਰਾ ਦਾਦੇ ਨੂੰ ਮਿਲਣ ਤੋਂ ਨਾ ਰੋਕਦਾ। ਮੇਰਾ ਦਾਦਾ ਆਪਣੇ ਪੁੱਤਾਂ ਕੋਲੋਂ ਮੇਰੇ ਪਾਲਣ-ਪੋਸ਼ਣ ਦਾ ਹੱਕ ਵੀ ਨਾ ਲੈ ਸਕਿਆ। ਦੂਜੀ ਗੱਲ, ਦਾਦਾ ਡਰਦਾ ਸੀ ਕਿ ਜੇ ਪਿਆਰਾ ਦਾਦਕੀਂ ਪਲਿਆ ਤਾਂ ਇਸ ਨੂੰ ਕੋਈ ਮਾਰ ਨਾ ਦੇਵੇ।
ਮੈਂ ਗੱਭਰੂ ਹੋ ਗਿਆ। ਸਮਾਂ ਚਲਦਾ ਗਿਆ। ਮਾਮਿਆਂ ਨੇ ਬੈਠ ਕੇ ਵੰਡ-ਵੰਡਾਈ ਲਈ ਨਾਨੇ ਨੂੰ ਪੁੱਛਿਆ। ਨਾਨੇ ਨੇ ਸਾਫ਼ ਕਹਿ ਦਿੱਤਾ, “ਜਿੰਨਾ ਚਿਰ ਪਿਆਰਾ ਤੇ ਸ਼ਿੰਗਾਰਾ ਵਿਆਹੇ ਨਹੀਂ ਜਾਂਦੇ, ਤੁਸੀਂ ਅੱਡ ਨਹੀਂ ਹੋ ਸਕਦੇ।” ਸਾਰੇ ਚੁੱਪ ਹੋ ਗਏ। ਮੇਰੀਆਂ ਤਿੰਨਾਂ ਮਾਮੀਆਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਪਿਆਰਾ ਉਨ੍ਹਾਂ ਦੀ ਜੇਠਾਣੀ ਦਾ ਅਸਲੀ ਪੁੱਤ ਨਹੀਂ, ਇਹ ਤਾਂ ਘਰ ਦਾ ਦੋਹਤਾ ਹੈ; ਪਰ ਉਨ੍ਹਾਂ ਮੇਰੇ ਨਾਲ ਦਗੈਜੀ ਨਹੀਂ ਸੀ ਕੀਤੀ।
ਮੈਂ ਸ਼ਹਿਰ ਕਾਲਜ ਦਾਖ਼ਲ ਹੋ ਗਿਆ। ਪੜ੍ਹਾਈ ਵਿਚ ਹੁਸ਼ਿਆਰ ਸਾਂ, ਪੜ੍ਹ-ਲਿਖ ਕੇ ਕੁਝ ਬਣਨਾ ਚਾਹੁੰਦਾ ਸਾਂ, ਪਰ ਪਤਾ ਹੀ ਨਾ ਲੱਗਾ ਕਿ ਕਦੋਂ ਇਸ਼ਕ ਦਾ A ਅ ਪੜ੍ਹਿਆ ਗਿਆ। ਨਾਲ ਪੜ੍ਹਦੀ ਸਿੰਮੀ ਨਾਲ ਅੱਖ ਲੜ ਗਈ। ਉਹ ਅਮਰੀਕਾ ਦੀ ਜੰਮਪਲ ਸੀ, ਪਰ ਆਪਣੇ ਮਾਪਿਆਂ ਦੇ ਕਹਿਣ ‘ਤੇ ਉਹ ਪਿੰਡ ਰਹਿ ਕੇ ਕਾਲਜ ਪੜ੍ਹਦੀ ਸੀ। ਫਿਰ ਦੋਵੇਂ ਵਿਹਲੇ ਸਮੇਂ ਮਿਲਣ ਲੱਗੇ। ਸਿੰਮੀ ਦੀ ਹਰ ਮਿਲਣੀ ਦੀ ਕਹਾਣੀ ਮੈਂ ਆਪਣੀ ਮਾਮੀ-ਮਾਂ ਨੂੰ ਦੱਸਦਾ। ਜਿਸ ਦਿਨ ਮੈਨੂੰ ਸਿੰਮੀ ਦਾ ਅਮਰੀਕਨ ਸਿਟੀਜ਼ਨ ਹੋਣ ਦਾ ਪਤਾ ਲੱਗਾ, ਮੈਂ ਬਹੁਤ ਉਦਾਸ ਹੋਇਆ। ਮਾਮੀ-ਮਾਂ ਨਾਲ ਗੱਲ ਕੀਤੀ, ਉਹ ਕਹਿੰਦੀ, “ਪਿਆਰਿਆ! ਜੇ ਤੇਰਾ ਪਿਆਰ ਸੱਚਾ ਹੋਇਆ ਤਾਂ ਉਹ ਤੈਨੂੰ ਛੱਡ ਕੇ ਨਹੀਂ ਜਾਂਦੀ। ਜੇ ਉਹ ਵਿਆਹ ਨੂੰ ‘ਹਾਂ’ ਕਰਦੀ ਹੈ, ਤਾਂ ਮੈਂ ਇੱਧਰ ਆਪੇ ਸਾਂਭ ਲਊਂ।”
ਪੜ੍ਹਾਈ ਪੂਰੀ ਹੋਈ ਤਾਂ ਸਿੰਮੀ ਦੇ ਵਿਆਹ ਦੀ ਗੱਲ ਤੁਰੀ। ਮੇਰਾ ਜ਼ਿਕਰ ਹੋ ਗਿਆ। ਸਿੰਮੀ ਦੇ ਮਾਪੇ ਜਿਪਸੀ ਲੈ ਕੇ ਪਿੰਡ ਆ ਗਏ। ਮੇਰੇ ਨਾਨੇ ਨੇ ਮੇਰਾ ਦਾਦਾ ਵੀ ਸੱਦ ਲਿਆ।
ਨਾਨੇ ਨੇ ਨਿੱਕੀ-ਨਿੱਕੀ ਗੱਲ ਵੀ ਬੜੀ ਸਿਆਣਪ ਨਾਲ ਸਿੰਮੀ ਦੇ ਮਾਪਿਆਂ ਨੂੰ ਸੁਣਾ ਦਿੱਤੀ। ਕਿਸੇ ਗੱਲ ਦਾ ਕੋਈ ਲੁਕੋ ਨਾ ਰੱਖਿਆ। ਸਿੰਮੀ ਦੇ ਮਾਮੇ ਮੰਨ ਗਏ। ਵਿਆਹ ਰੱਖ ਦਿੱਤਾ। ਘਰ ਵਿਚ ਵਿਚਾਰਾਂ ਹੋਣ ਲੱਗੀਆਂ ਕਿ ਪਿਆਰੇ ਦੇ ਚਾਚੇ-ਚਾਚੀਆਂ ਨੂੰ ਵਿਆਹਾਂ ਵਿਚ ਸੱਦਿਆ ਜਾਵੇ ਕਿ ਨਾ। ਸਾਰਿਆਂ ਦਾ ਉਤਰ ਨਾਂਹ ਵਿਚ ਸੀ, ਪਰ ਨਾਨਾ ਕਹਿੰਦਾ, “ਅਸੀਂ ਉਨ੍ਹਾਂ ਨੂੰ ਸੱਦਾ ਦੇਵਾਂਗੇ। ਬਾਕੀ ਉਨ੍ਹਾਂ ਦੀ ਮਰਜ਼ੀ ਆਉਣ ਜਾਂ ਨਾ ਆਉਣ।”
ਨਾਨੇ ਦੀ ਆਖੀ ਸਿਰ ਮੱਥੇ ਸੀ। ਸੱਦਾ ਪੱਤਰ ਭੇਜਿਆ ਗਿਆ, ਪਰ ਦਾਦੇ ਤੋਂ ਬਿਨਾਂ ਕੋਈ ਨਾ ਆਇਆ। ਮਾਮੇ-ਮਾਮੀਆਂ ਨੇ ਵਿਆਹ ਵਿਚ ਰੱਜ ਕੇ ਖਰਚ ਕੀਤਾ ਤੇ ਖੁਸ਼ੀ ਮਨਾਈ। ਦਾਦੇ ਤੇ ਨਾਨੇ ਦੇ ਤੁਰਲੇ ਵਾਲੀ ਪੱਗ ਤੇ ਹੱਥਾਂ ਵਿਚ ਕੋਕੇ ਜੜੇ ਖੂੰਡੇ ਸਨ। ਮਾਮੀ-ਮਾਂ ਨੇ ਦੋਸੜਾਂ ਲੈ ਕੇ ਪਾਣੀ ਵਾਰ ਕੇ ਪੀਤਾ। ਮਾਮੀ-ਮਾਂ ਦੇ ਸਬਰ ਦਾ ਪਿਆਲਾ ਉਛਲ ਗਿਆ। ਉਹ ਮੇਰੀ ਮਾਂ ਪਾਲੋ ਨੂੰ ਯਾਦ ਕਰ ਕੇ ਰੋ ਪਈ, ‘ਪਾਲੋ! ਭੈਣ ਮੇਰੀਏæææ ਆ ਜਾ ਦੇਖ, ਸਾਡਾ ਪੁੱਤ ਸਾਡੀ ਨੂੰਹ ਨੂੰ ਵਿਆਹ ਕੇ ਲਿਆਇਆ।’
ਸਾਰਿਆਂ ਨੇ ਅੱਖਾਂ ਗਿੱਲੀਆਂ ਕਰ ਕੇ ਮਾਂ ਦੀ ਮੌਜੂਦਗੀ ਨੂੰ ਪ੍ਰਵਾਨ ਕਰ ਲਿਆ ਸੀ। ਮੈਨੂੰ ਕਦੇ ਮਾਂ ਦੀ ਘਾਟ ਮਹਿਸੂਸ ਨਹੀਂ ਹੋਈ ਸੀ, ਨਾ ਹੀ ਕਦੇ ਮਾਮੀ-ਮਾਂ ਨੇ ਮਹਿਸੂਸ ਹੋਣ ਦਿੱਤੀ ਸੀ।
ਚਾਚਿਆਂ ਤੋਂ ਛੁੱਟ ਸਾਰੇ ਪਾਸੇ ਮੇਰੇ ਵਿਆਹ ਦੀਆਂ ਖੁਸ਼ੀਆਂ ਦੇ ਵਾਜੇ ਵੱਜੇ। ਦਾਦਾ ਸਿੰਮੀ ਲਈ ਵਾਲੀਆਂ ਤੇ ਮੇਰੇ ਲਈ ਛਾਪ ਲੈ ਕੇ ਆਇਆ ਸੀ। ਬਾਕੀ ਮਾਮੀਆਂ ਨੇ ਤਾਂ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਸਿੰਮੀ ਮੇਰੇ ਕੋਲ ਚਾਰ ਮਹੀਨੇ ਰਹੀ ਤੇ ਫਿਰ ਅਮਰੀਕਾ ਆ ਗਈ। ਇਕ ਸਾਲ ਬਾਅਦ ਮੇਰੀ ਵੀ ਤਿਆਰੀ ਹੋ ਗਈ। ਸਿੰਮੀ ਮੈਨੂੰ ਪਿੰਡੋਂ ਲੈਣ ਗਈ। ਮਾਮੀਆਂ ਨੇ ਚਾਵਾਂ ਨਾਲ ਸਿੰਮੀ ਨੂੰ ਲੱਦ ਦਿੱਤਾ। ਵਿਛੜਨ ਵੇਲੇ ਸਾਰੇ ਰੋਣ ਲੱਗੇ। ਮਾਮੀ-ਮਾਂ ਤਾਂ ਮੈਨੂੰ ਹਿੱਕ ਨਾਲੋਂ ਲਾਹੇ ਨਾ। ਚੌਵੀ ਸਾਲ ਨਾਨਕੇ ਪਿੰਡ ਰਹਿ ਕੇ ਮੈਂ ਸਿੰਮੀ ਨਾਲ ਅਮਰੀਕਾ ਆ ਗਿਆ। ਇਥੇ ਆ ਕੇ ਦਿਲ ਨਾ ਲੱਗੇ। ਸਿੰਮੀ ਮੈਨੂੰ ਫਿਰ ਮਹੀਨੇ ਲਈ ਪਿੰਡ ਲੈ ਗਈ। ਮੈਂ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਨਾਨੇ ਨੇ ਕਿਹਾ, “ਪਿਆਰਿਆ! ਹੁਣ ਤੂੰ ਉਥੇ ਦਿਲ ਲਾ ਕੇ ਕੰਮ ਕਰੀਂ। ਆਹ ਮਾਮਿਆਂ ਦੇ ਪੁੱਤ-ਧੀਆਂ ਸਾਰੇ ਅਮਰੀਕਾ ਸੱਦਣੇ ਹਨ। ਨਾਲੇ ਤੇਰੇ ਚਾਚਿਆਂ ਦਾ ਕੰਮ ਬਹੁਤਾ ਸੂਤ ਨਹੀਂ, ਤੂੰ ਉਨ੍ਹਾਂ ਬਾਰੇ ਵੀ ਸੋਚਣਾ ਹੈ। ਨਹੁੰਆਂ ਤੋਂ ਮਾਸ ਵੱਖ ਨਹੀਂ ਹੁੰਦਾ।” ਮੈਂ ਨਾਨੇ ਦੇ ਗੋਡੇ ਫੜ ਲਏ, “ਧੰਨ ਆ ਤੂੰ ਨਾਨਾ ਜਿਸ ਵਿਚ ਇੰਨੀ ਨਿਮਰਤਾ ਤੇ ਪਿਆਰ ਹੈ।”
ਨਾਨੇ ਦੀਆਂ ਆਖੀਆਂ ਗੱਲਾਂ ਲੜ ਬੰਨ੍ਹ ਕੇ ਸਿੰਮੀ ਨਾਲ ਵਾਪਸ ਆ ਗਿਆ। ਟਰੱਕ ਦਾ ਲਾਇਸੰਸ ਲੈ ਕੇ ਦਿਨ-ਰਾਤ ਇਕ ਕਰ ਦਿੱਤੇ। ਪਹਿਲਾਂ ਸਾਲੀ ਦਾ ਰਿਸ਼ਤਾ ਸ਼ਿੰਗਾਰੇ ਨੂੰ ਕਰਵਾਇਆ। ਫਿਰ ਬਾਕੀ ਸਾਰੇ ਵਾਰੀ-ਵਾਰੀ ਸੱਦ ਲਏ। ਮਾਮਿਆਂ ਦੇ ਸਾਰੇ ਧੀਆਂ-ਪੁੱਤ ਅਮਰੀਕਾ ਆ ਗਏ। ਸਾਨੂੰ ਪਰਮਾਤਮਾ ਨੇ ਦੋ ਪੁੱਤਰਾਂ ਦੀ ਦਾਤ ਬਖਸ਼ ਦਿੱਤੀ। ਮੇਰਾ ਸਹੁਰਾ ਪਰਿਵਾਰ ਵੀ ਸਿੰਮੀ ਦੀ ਪਸੰਦ ਤੋਂ ਪੂਰਾ ਖੁਸ਼ ਸੀ।
ਖੁਸ਼ੀ ਨਾਲ ਗਮੀ ਵੀ ਹਮਸਫ਼ਰ ਬਣ ਤੁਰਦੀ ਹੈ। ਨਾਨੀ ਸਵਰਗਵਾਸ ਹੋ ਗਈ। ਮੈਂ ਪਿੰਡ ਗਿਆ। ਫਿਰ ਖਬਰ ਆਈ ਕਿ ਨਾਨਾ ਬਿਮਾਰ ਰਹਿੰਦਾ ਹੈ, ਮਿਲਣ ਲਈ ਕਹਿੰਦਾ ਹੈ। ਮੈਂ ਝੱਟ ਪਿੰਡ ਪਹੁੰਚ ਗਿਆ। ਇਕ ਹਫ਼ਤਾ ਨਾਨੇ ਕੋਲ ਰਿਹਾ। ਬੜੀਆਂ ਸਿਆਣੀਆਂ ਗੱਲਾਂ ਦੀ ਵਸੀਅਤ ਮੇਰੇ ਨਾਂ ਕਰਵਾ ਗਿਆ। ਸਵੇਰੇ ਚਾਹ ਦਾ ਪਿਆਲਾ ਪੀ ਕੇ ਧੁੱਪੇ ਸੌਂ ਗਿਆ ਤੇ ਮੁੜ ਨਾ ਉਠਿਆ। ਮੜ੍ਹੀਆਂ ਵਿਚ ਤਿਲ ਸੁੱਟਣ ਜਿੰਨੀ ਥਾਂ ਵੀ ਨਹੀਂ ਸੀ।
ਸਾਡਾ ਪਰਿਵਾਰ ਹੀ ਨਹੀਂ, ਸਾਰਾ ਪਿੰਡ ਰੋਇਆ। ਨਾਨੇ ਨੂੰ ਤੋਰ ਕੇ ਮੈਂ ਵਾਪਸ ਆ ਗਿਆ। ਨਾਨੇ ਦੀਆਂ ਕਹੀਆਂ ਗੱਲਾਂ ਵਾਰ-ਵਾਰ ਦਿਮਾਗ ਵਿਚ ਘੁੰਮਦੀਆ ਰਹਿੰਦੀਆਂ। ਮੈਂ ਕਮਾਈ ਕਰਦਾ ਗਿਆ। ਘਰ ਖਰੀਦ ਲਿਆ। ਸਿੰਮੀ ਦੀ ਵਧੀਆ ਜੌਬ ਸੀ। ਮਾਮਿਆਂ ਦੇ ਧੀਆਂ-ਪੁੱਤ ਆਪੋ-ਆਪਣੀ ਥਾਂ ਖੁਸ਼ ਸਨ। ਹੁਣ ਚਾਚਿਆਂ ਦੇ ਧੀਆਂ-ਪੁੱਤ ਅਮਰੀਕਾ ਵਾੜਨੇ ਸੀ। ਇਕ ਦਿਨ ਮੈਂ ਆਪਣੇ ਸਹੁਰੇ ਨਾਲ ਸਲਾਹ ਕੀਤੀ ਕਿ ਆਪਣੇ ਚਾਚੇ ਦਾ ਪੁੱਤ ਅਮਰੀਕਾ ਸੱਦਣਾ ਹੈ। ਉਹ ਹੈਰਾਨ ਹੋਇਆ, “ਤੇਰਾ ਦਿਮਾਗ ਤਾਂ ਸਹੀ ਹੈ। ਜਿਨ੍ਹਾਂ ਨੇ ਤੈਨੂੰ ਦੁੱਧ ਚੁੰਘਦੇ ਨੂੰ ਘਰੋਂ ਕੱਢ ਦਿੱਤਾ, ਉਨ੍ਹਾਂ ਦੇ ਪੁੱਤ ਨੂੰ ਤੂੰ ਅਮਰੀਕਾ ਵਾੜੇਂਗਾ?” ਬਸ, ਸਭ ਦਾ ਇਕੋ ਨਜ਼ਰੀਆ ਸੀ, ਪਰ ਨਾਨੇ ਦਾ ਸਭ ਤੋਂ ਵੱਖਰਾ ਸੀ। ਮਾਮੇ-ਮਾਮੀਆਂ ਸਮੇਤ ਅਠਾਰਾਂ ਜੀਅ ਅਮਰੀਕਾ ਆ ਚੁੱਕੇ ਸਨ। ਮੈਂ ਚਾਚੇ ਦਾ ਪੁੱਤ ਸੱਦਣ ਲਈ ਪਿੰਡ ਗਿਆ। ਦਾਦੇ ਰਾਹੀਂ ਚਾਚਿਆਂ ਨੂੰ ਮਿਲਿਆ। ਉਨ੍ਹਾਂ ਨੂੰ ਯਕੀਨ ਨਾ ਆਵੇ ਕਿ ਪਿਆਰਾ ਸਾਡਾ ਇਥੋਂ ਤੱਕ ਵੀ ਸੋਚ ਸਕਦਾ ਹੈ। ਇਕ ਚਾਚਾ ਤਾਂ ਇਹ ਵੀ ਕਹਿ ਗਿਆ ਕਿ ‘ਇਹਨੇ ਸਾਡਾ ਪੁੱਤ ਮਰਵਾ ਦੇਣਾ ਹੈ।’ ਉਹ ਸ਼ਾਇਦ ਆਪਣੀ ਥਾਂ ਠੀਕ ਸਨ ਕਿ ਅਸੀਂ ਇਸ ਨੂੰ ਗੋਦੀ ਨਹੀਂ ਦਿੱਤੀ ਤੇ ਇਹ ਸਾਡੇ ਪੁੱਤ ਨੂੰ ਅਮਰੀਕਾ ਕਿਵੇਂ ਲੈ ਜਾਵੇਗਾ? ਪਰ ਨਹੀਂ, ਗੁੜਤੀ ਵਿਚ ਮਿਲੀਆਂ ਸੁਗਾਤਾਂ ਹੀ ਬਾਅਦ ਵਿਚ ਵੰਡੀਆਂ ਜਾਂਦੀਆਂ ਹਨ।
ਦਾਦਕਿਆਂ ਵੱਲੋਂ ਹੁੰਗਾਰਾ ਮਿਲਣ ਤੋਂ ਬਾਅਦ ਮੈਂ ਸਿੱਧੇ-ਅਸਿੱਧੇ ਢੰਗ ਨਾਲ ਉਨ੍ਹਾਂ ਨੂੰ ਅਮਰੀਕਾ ਸੱਦ ਲਿਆ। ਚਾਚਿਆਂ ਦੇ ਸਾਰੇ ਧੀ-ਪੁੱਤ ਅਮਰੀਕਾ ਆ ਚੁੱਕੇ ਸਨ। ਕਾਰਾਂ ਦੇ ਲਾਇਸੰਸ ਦਿਵਾ ਕੇ ਕੰਮਾਂ ‘ਤੇ ਵੀ ਲਵਾ ਦਿੱਤੇ। ਹੁਣ ਮੈਂ ਚਾਚਿਆਂ ਦਾ ‘ਸਾਡਾ ਪਿਆਰਾ’ ਬਣ ਗਿਆ।
ਨਾਨਕਿਆਂ ਤੇ ਦਾਦਕਿਆਂ ਦੀ ਟੁੱਟੀ ਗੰਢਣ ਲਈ ਮੈਂ ਮਾਮੇ ਦੀ ਧੀ ਦਾ ਰਿਸ਼ਤਾ ਚਾਚੇ ਦੇ ਮੁੰਡੇ ਨੂੰ ਕਰਨ ਦੀ ਸਲਾਹ ਦਿੱਤੀ। ਸਾਰਿਆਂ ਨੇ ਨਾਂਹ-ਪੱਖੀ ਹੁੰਗਾਰਾ ਭਰਿਆ, ਪਰ ਮੇਰੀ ਮਾਮੀ-ਮਾਂ ਨੇ ਹਾਂ ਕਰ ਦਿੱਤੀ। ਫਿਰ ਅਸੀਂ ਚਾਚਿਆਂ ਨਾਲ ਸਲਾਹ ਕੀਤੀ ਤਾਂ ਉਹ ਝੱਟ ਮੰਨ ਗਏ। ਮੇਰੇ ਨਾਨਕਿਆਂ-ਦਾਦਕਿਆਂ ਦੇ ਲੋਕ ਹੈਰਾਨ ਸਨ ਕਿ ਪਿਆਰਾ ਕੀ ਕਰੀ ਜਾਂਦਾ ਹੈ! ਅਸੀਂ ਪਿੰਡ ਜਾ ਕੇ ਵਿਆਹ ਕਰ ਆਏ। ਮੈਂ ਦਾਦਕਿਆਂ ਦੇ ਬੰਦਿਆਂ ਨੂੰ ਮਿਲਿਆ, ਉਨ੍ਹਾਂ ਮੇਰੇ ਮੋਢੇ ‘ਤੇ ਹੱਥ ਰੱਖ ਕੇ ਸਾਬਾਸ਼ ਦਿੱਤੀ, ਹਰ ਘਰ ਮੇਰੇ ਵਰਗਾ ਪੁੱਤਰ ਹੋਣ ਦੀ ਕਾਮਨਾ ਕੀਤੀ। ਭੁੱਖ-ਦੁੱਖ ਨਾਲ ਲੜਦੇ ਚਾਚੇ ਅਮਰੀਕਾ ਦੀਆਂ ਪਾਰਕਾਂ ਵਿਚ ਉਚੀ-ਉਚੀ ਹੱਸਦੇ ਦੇਖ ਕੇ ਮੈਂ ਮਨ ਵਿਚ ਹੈਰਾਨ ਹੁੰਦਾ ਸੀ ਕਿ ਰੱਬ ਕਿਹੋ ਜਿਹੀਆਂ ਤਕਦੀਰਾਂ ਲਿਖਦਾ ਹੈ!
ਮੈਨੂੰ ਨਾਨੇ ਦੀ ਵਸੀਅਤ ਯਾਦ ਆ ਗਈ। ਉਹ ਕਹਿੰਦਾ ਸੀ, “ਪਿਆਰਿਆ! ਤੇਰੇ ਚਾਚੇ-ਚਾਚੀਆਂ ਤੈਨੂੰ ਸਾਂਭਣ ਤੋਂ ਮੁੱਕਰ ਗਏ ਸਨ, ਉਹ ਆਪਣੀ ਥਾਂ ਠੀਕ ਹੋ ਸਕਦੇ ਹਨ, ਪਰ ਅਸੀਂ ਤੈਨੂੰ ਸਾਂਭ ਲਿਆ, ਸਾਡਾ ਫਰਜ਼ ਵੀ ਬਣਦਾ ਸੀ। ਜੇ ਸਾਰੀ ਉਮਰ ਮੈਂ ਤੇਰੇ ਕੋਰੇ ਕਾਗਜ਼ ਵਰਗੇ ਦਿਲ ‘ਤੇ ਚਾਚਿਆਂ ਵਿਰੁਧ ਨਫ਼ਰਤ ਲਿਖਦਾ ਰਹਿੰਦਾ, ਤਾਂ ਸ਼ਾਇਦ ਤੂੰ ਜਿਉਂਦਾ ਨਾ ਰਹਿ ਸਕਦਾ। ਤੂੰ ਬਦਲੇ ਦੀ ਅੱਗ ਨਾਲ ਉਨ੍ਹਾਂ ਨੂੰ ਸਾੜ ਦਿੰਦਾ ਤੇ ਖੁਦ ਵੀ ਸੜ ਜਾਂਦਾ। ਜੇ ਤੂੰ ਬਦਲੇ ਵਿਚ ਉਨ੍ਹਾਂ ਦਾ ਕੋਈ ਨੁਕਸਾਨ ਕਰ ਜਾਂਦਾ, ਤਾਂ ਤੇਰੇ ਅਤੇ ਉਨ੍ਹਾਂ ਵਿਚ ਫਰਕ ਕੀ ਰਹਿ ਜਾਣਾ ਸੀ? ਮੈਂ ਤੈਨੂੰ ਬਦਲੇ ਵਿਚ ਮਰਨ ਨਹੀਂ ਦੇਣਾ ਚਾਹੁੰਦਾ ਸੀ। ਚਾਚਿਆਂ ਨੂੰ ਪਿਆਰ ਨਾਲ ਜਿੱਤ, ਉਹ ਤੇਰੇ ਪੈਰ ਫੜ ਲੈਣਗੇ। ਮਾਮੇ ਵੀ ਤੇਰੇ ਹਨ ਤੇ ਚਾਚੇ ਵੀ ਬਗਾਨੇ ਨਹੀਂ। ਮੇਰੇ ਮਰਨ ਤੋਂ ਬਾਅਦ ਦਿਲ ਨਹੀਂ ਛੱਡਣਾ। ਜੋ ਕਿਹਾ, ਉਹ ਪੂਰਾ ਕਰੀਂ।” ਨਾਨਾ ਇਹ ਕਹਿੰਦਾ ਅੱਖਾਂ ਮੀਟ ਗਿਆ।
ਇਕ ਦਿਨ ਮਾਮੇ ਚਾਚੇ ਸਾਰੇ ਇਕੱਠੇ ਹੋ ਗਏ। ਚਾਚੇ ਕਹਿੰਦੇ, “ਪਿਆਰਿਆ! ਜੋ ਅਸੀਂ ਤੇਰੇ ਨਾਲ ਕੀਤਾ, ਉਸ ਲਈ ਮੁਆਫ਼ੀ ਮੰਗਣੀ ਤਾਂ ਮੁਆਫ਼ੀ ਸ਼ਬਦ ਦੀ ਤੌਹੀਨ ਹੈ, ਪਰ ਅਸੀਂ ਫਿਰ ਵੀ ਭੁੰਜੇ ਬਹਿ ਕੇ ਮੁਆਫ਼ੀ ਮੰਗਦੇ ਹਾਂ।” ਸਾਰੇ ਧਾਹੀਂ ਰੋ ਪਏ। ਮੈਂ ਸਭ ਨੂੰ ਗਲੇ ਲਾਇਆ ਤੇ ਹੌਸਲਾ ਦਿੱਤਾ।
ਫਿਰ ਪਿੰਡੋਂ ਖਬਰ ਆਈ ਕਿ ਦਾਦਾ ਸਵਰਗਵਾਸ ਹੋ ਗਿਆ। ਉਸ ਦੀ ਵਸੀਅਤ ਦੇਖੀ, ਉਹ ਸਾਰੀ ਜ਼ਮੀਨ ਤੇ ਘਰ ਮੇਰੇ ਨਾਂ ਲਾ ਗਿਆ ਸੀ। ਮੈਨੂੰ ਦਾਦੇ ‘ਤੇ ਗੁੱਸਾ ਆਇਆ ਕਿ ਉਸ ਨੇ ਇਹ ਕਿਉਂ ਕੀਤਾ! ਫਿਰ ਚਾਚਿਆਂ ਨੇ ਕਿਹਾ, “ਬਾਪੂ ਨੇ ਸਾਡੇ ਕਹਿਣ ‘ਤੇ ਹੀ ਵਸੀਅਤ ਲਿਖਾਈ ਸੀ। ਜੇ ਤੂੰ ਸਾਨੂੰ ਆਪਣਾ ਸਮਝ ਕੇ ਅਮਰੀਕਾ ਸੱਦ ਸਕਦਾ ਹੈਂ, ਤਾਂ ਅਸੀਂ ਤੈਨੂੰ ਆਪਣਾ ਸਮਝ ਕੇ ਇੰਨਾ ਵੀ ਨਹੀਂ ਕਰ ਸਕਦੇ! ਜੇ ਤੈਨੂੰ ਅਸੀਂ ਨਿੱਕੇ ਹੁੰਦੇ ਨੂੰ ਘਰੋਂ ਧੱਕਿਆ ਸੀ ਤਾਂ ਅੱਜ ਤੈਨੂੰ ਅਸੀਂ ਆਪਣੇ ਦਿਲਾਂ ਅੰਦਰ ਵਾੜ ਲਿਆ ਹੈ। ਅੱਜ ਤੂੰ ਫਿਰ ਇਸ ਪਿੰਡ ਦਾ ਪੁੱਤ-ਪੋਤਰਾ ਬਣ ਗਿਆ ਹੈਂ।” ਮੈਂ ਰੋਂਦੇ ਨੇ ਚਾਚਿਆਂ ਦੇ ਪੈਰ ਫੜ ਲਏ।