ਠੀਕ ਹੈ ਦੁਨੀਆਂ ਦੀ ਬਹੁ ਗਿਣਤੀ ਮੁਕੱਦਰਾਂ Ḕਤੇ ਵਿਸ਼ਵਾਸ ਕਰਦੀ ਹੈ ਪਰ ਕਿਸਮਤ ਵਿਚ ਰੱਬ ਨੇ ਸ਼ਾਇਦ ਇਹ ਕਿਤੇ ਵੀ ਨਹੀਂ ਲਿਖਿਆ ਕਿ ਡੱਕਾ ਦੂਹਰਾ ਨਾ ਕਰੋ। ਕੁਝ ਲੋਕਾਂ ਦੇ ਸ਼ਰਾਬ ਅੰਦਰ ਜਾ ਰਹੀ ਹੁੰਦੀ ਹੈ ਤੇ ਉਹ ਆਪ ਬਾਹਰ ਆ ਰਹੇ ਹੁੰਦੇ ਹਨ, ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਅਹਾਤੇ ਤੇ ਬੈੱਡ ਰੂਮ ਇਕੋ ਜਿਹੇ ਨਹੀਂ ਹੁੰਦੇ। ਕਈ ਬਾਹਰ ਨਾਅਰੇ ਲਾ ਕੇ ਆ ਰਹੇ ਹੁੰਦੇ ਹਨ ਪਰ ਘਰ ਆ ਕੇ ਬੀਵੀ ਦੇ ਸਾਹਮਣੇ Ḕਜੈ ਹੋḔ ਆਖ ਰਹੇ ਹੁੰਦੇ ਹਨ। ਜੈਕਾਰੇ ਛੱਡਣ ਦਾ ਅਰਥ ਅੰਦਰੋਂ ਤੇ ਬਾਹਰੋਂ ਇਕ ਹੋਣਾ ਹੀ ਹੋਣਾ ਚਾਹੀਦਾ ਹੈ।
ਮਨੁੱਖ ਨੇ ਰਾਹ ਆਪ ਹੀ ਇੰਨੇ ਵਿੰਗੇ ਟੇਡੇ ਕਰ ਲਏ ਹਨ ਕਿ ਉਨ੍ਹਾਂ ਅੱਗੇ ਵੀ ਧੂਫ ਬੱਤੀਆਂ ਲਾਈਆਂ ਜਾ ਰਹੀਆਂ ਹਨ ਜੋ ਆਪ ਨਹਾਉਣ ਨੂੰ ਪਾਪ ਹੀ ਸਮਝਦੇ ਰਹੇ। ਜਿਹੜੇ 50ਵਿਆਂ ਨੂੰ ਲੰਘ ਕੇ ਔਲਾਦ ਲਈ ਫਰਿਆਦਾਂ ਕਰ ਰਹੇ ਹਨ, ਉਨ੍ਹਾਂ ਦਾ ਆਖਰੀ ਗੋਲੀ ਨਾਲ ਸ਼ੇਰ ਮਾਰਨ ਦਾ ਭਰਮ ਹੀ ਹੁੰਦਾ ਹੈ। ਊਂ ਰੱਬ ਦੇ ਰੰਗਾਂ ਵਿਚ ਕੋਈ ਵੀ ਕਦੇ ਵੀ ਰੰਗਿਆ ਜਾ ਸਕਦਾ ਹੈ। ਕੁੱਤਾ ਹਾਲੇ ਤੱਕ ਵੀ ਦਰਵੇਸ਼ ਇਸ ਕਰਕੇ ਹੈ ਕਿ ਉਹ ਮਾਲਕ ਦਾ ਹੁੰਦਾ ਹੈ, ਦੇਸ਼ ਦਾ ਨਹੀਂ। ਪਰ ਬੰਦਾ ਨਾ ਦੇਸ਼ ਦਾ ਬਣ ਰਿਹਾ ਹੈ, ਨਾ ਮਾਲਕ ਦਾ। ਇਸੇ ਲਈ ਸਾਧ ਤੇ ਪਾਖੰਡੀ ਲੋਕਾਂ ਨੂੰ ਮਾਲਕ ਨਾਲ ਮਿਲਾਉਣ ਲਈ Ḕਰਾਣੀ ਖਾਂḔ ਦੇ ਸਾਲੇ ਬਣੀ ਬੈਠੇ ਹਨ। ਅਸਲ ਵਿਚ ਬਾਹਰੋਂ ਬੰਦਾ ਗਿਆਨ ਸਿੰਘ ਲੱਗ ਰਿਹਾ ਹੁੰਦਾ ਹੈ ਪਰ ਅੰਦਰੋਂ ਬਘਿਆੜ ਹੀ ਹੁੰਦਾ ਹੈ। ਇਸੇ ਲਈ ਅੱਗਾਂ ਕੱਖਾਂ ਤੇ ਹੱਥਾਂ ਨਾਲ ਲੁਕੋਣ Ḕਚ ਦੁਨੀਆਂ ਲੱਗੀ ਪਈ ਹੈ। ਜਿਸ ਔਰਤ ਨੂੰ ਕਿਸੇ ਵੀ ਮਰਦ ਨੇ ਪਸੰਦ ਨਹੀਂ ਕੀਤਾ, ਮੂਰਖ ਹੀ ਹੋਵੇਗਾ ਜਿਹੜਾ ਕਹੇਗਾ ਕਿ ਉਹ ਸੁੰਦਰਤਾ ਦੇ ਹੱਕ Ḕਚ ਕਦੇ ਜੈਕਾਰਾ ਲਾਵੇਗੀ। ਕੁਝ ਲੋਕ ਪ੍ਰੇਮੀ ਅਖਵਾਉਣ ਲਈ ਤਾਂ ਬਹੁਤ ਕਾਹਲੇ ਪਏ ਹੁੰਦੇ ਹਨ ਪਰ ਉਹ ਪ੍ਰੇਮਿਕਾ ਦੀਆਂ ਅੱਖਾਂ ਦੇ ਇਸ਼ਾਰਿਆਂ ਦੀ ਵਿਆਖਿਆ ਹੋਰ ਕਿਸੇ ਤੋਂ ਕਰਵਾਉਣ ਲੱਗੇ ਹੁੰਦੇ ਹਨ ਤੇ ਫਿਰ ਪਿਆਰ ਦੀਆਂ ਬੇੜੀਆਂ Ḕਚ ਵੱਟੇ ਇਨ੍ਹਾਂ ਨੇ ਹੀ ਪਾਉਣੇ ਹੁੰਦੇ ਹਨ ਕਿਉਂਕਿ ਇਨ੍ਹਾਂ ਨੇ ਸਿਰਫ ਅੱਖਾਂ ਨੂੰ ਹੀ ਦੋਸ਼ੀ ਸਿੱਧ ਕਰਨਾ ਹੁੰਦਾ ਹੈ। ਘੱਟ ਲੀੜੇ ਪਾਉਣ ਦਾ ਅਰਥ ਬਾਬਾ ਰਾਮਦੇਵ ਨਹੀਂ ਹੁੰਦਾ, ਸਗੋਂ ਉਹਨੇ ਦੱਸਿਆ ਹੈ ਕਿ ਵਪਾਰ ਲੀੜਿਆਂ ਅਤੇ ਨਕਟਾਈ ਤੋਂ ਬਿਨਾਂ ਸਿਆਸੀ ਛਤਰੀ ਹੇਠ ਵੀ ਕੀਤਾ ਜਾ ਸਕਦਾ ਹੈ। ਰਾਮਦੇਵ ਵਾਂਗ ਅੱਖਾਂ ਆਪਸ ਵਿਚ ਨਾ ਵੀ ਮਿਲਦੀਆਂ ਹੋਣ, ਕੋਈ ਹਰਜ ਨਹੀਂ, ਵੇਖਣਾ ਆਪਣੀ ਅੱਖ ਨਾਲ ਹੀ ਚਾਹੀਦੈ, ਫਿਰ ਕੌਣ ਕਹੇਗਾ ਮੇਰੀ ਅੱਖ ਨਾਲ ਵੇਖ…।
ਐਸ ਅਸ਼ੋਕ ਭੌਰਾ
ਦੁਨੀਆਂ ਨੂੰ ਸ਼ੈਂਪੇਨ ਨਾਲ ਜਸ਼ਨ ਮਨਾਉਣ ਦੇ ਢੰਗ ਦੱਸਣ ਵਾਲੇ ਫਰਾਂਸ ਨੇ ਲੁਈਜ਼ ਤੱਕ ਦੁਨੀਆਂ ਨੂੰ ਆਲੂ ਖਾਣ ਦੇ ਤਰੀਕੇ ਬੜੇ ਹੀ ਕਮਾਲ ਦੇ ਢੰਗ ਨਾਲ ਦੱਸੇ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਅੱਜ ਇਹ ਫਰਾਂਸ ਦੁਖੀ ਵੀ ਬੜਾ ਹੈ।
ਜੇ ਵਿਦੇਸ਼ ਗਏ ਭਾਰਤੀਆਂ ਤੇ ਖਾਸ ਤੌਰ ‘ਤੇ ਪੰਜਾਬੀਆਂ ਨੂੰ ਇਕ ਲਾਈਨ Ḕਚ ਖੜ੍ਹੇ ਕਰਕੇ ਪੁੱਛਣਾ ਸ਼ੁਰੂ ਕਰ ਲਈਏ ਕਿ ਉਨ੍ਹਾਂ ‘ਚੋਂ ਕਿੰਨੇ ਸੱਚ ਬੋਲ ਕੇ ਬਾਹਰ ਗਏ ਹਨ ਤਾਂ ਸ਼ਾਇਦ ਸਾਰੇ ਨਾਂਹ ਵਿਚ ਹੀ ਸਿਰ ਹਿਲਾਉਣਗੇ। ਇਹ ਵੀ ਸੱਚ ਹੈ ਕਿ ਜੇ ਜਹਾਜ ਬਿਨਾਂ ਛੱਤ ਵਾਲੇ ਹੁੰਦੇ ਤਾਂ ਦੁਨੀਆਂ ਦੇ ਲੋਕਾਂ ਨੇ ਹਵਾਈ ਸਫਰ ਨੂੰ ਕਦੇ ਤਰਜ਼ੀਹ ਹੀ ਨਹੀਂ ਦੇਣੀ ਸੀ ਕਿਉਂਕਿ ਫਿਰ ਦਿਲ ਧਰਤੀ ‘ਤੇ ਘੱਟ ਤੇ ਅਸਮਾਨ ਵਿਚ ਵੱਧ ਫੇਲ੍ਹ ਹੋ ਜਾਇਆ ਕਰਨੇ ਸਨ। ਕਹੀ ਭਾਵੇਂ ਜਾਣ ਕਿ ਮਜਨੂੰ ਲੈਲਾ ਨੂੰ ਕਹਿੰਦਾ ਰਿਹਾ ਕਿ ਮੇਰੀ ਅੱਖ ਨਾਲ ਵੇਖ ਪਰ ਮੈਂ ਜਿਹੜਾ ਨਜ਼ਰੀਆ ਦੁਨੀਆਂ ਦਾ ਅੱਗੇ ਜਾ ਕੇ ਪੇਸ਼ ਕਰਨ ਲੱਗਾ ਹਾਂ, ਤੁਸੀਂ ਆਪ ਹੀ ਅੰਦਾਜ਼ਾ ਲਾਇਓ ਕਿ ਇਸ ਨੂੰ ਕਿਹੜੀ ਅੱਖ ਨਾਲ ਵੇਖਣਾ ਚਾਹੀਦਾ ਹੈ। ਬਾਦਸ਼ਾਹ ਅਤੇ ਘੋੜੇ ਦਾ ਸਬੰਧ ਰਿਹਾ ਤਾਂ ਨਹੁੰ-ਮਾਸ ਵਾਲਾ ਹੀ ਹੈ ਪਰ ਘੋੜਾ ਤਬੇਲੇ Ḕਚ ਤੇ ਬਾਦਸ਼ਾਹ ਮਹਿਲਾਂ ਵਿਚ ਸੌਂਦੇ ਰਹੇ ਹਨ। ਸਵੇਰੇ ਉਠ ਕੇ ਜਦੋਂ ਦੋਵੇਂ ਗਲਵਕੜੀ ਹੁੰਦੇ ਸਨ ਤਦ ਅਹਿਸਾਸ ਹੁੰਦਾ ਸੀ ਕਿ ਬੰਦਿਆਂ ਤੇ ਜਾਨਵਰਾਂ ਵਿਚ ਵੀ ਦੋਸਤੀ ਦੀ ਸਿਖਰ ਹੁੰਦੀ ਹੈ।
ਇਕ ਦਿਨ ਮੈਂ ਸਵੇਰੇ ਆਪਣੇ ਘਰ ਬੈਠਾ ਸਾਂ। ਸਮਾਂ ਕੋਈ ਸਾਢੇ ਕੁ ਦਸ ਵਜੇ ਦਾ ਹੋਵੇਗਾ। ਦਰਵਾਜ਼ੇ ਤੇ ਟਕ ਟਕ ਹੋ ਰਹੀ ਸੀ। ਜਿਵੇਂ ਕੋਈ ਚਾਬੀ ਨਾਲ ਦਰਵਾਜ਼ਾ ਖੜਕਾ ਰਿਹਾ ਹੋਵੇ। ਜਦੋਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਦਾ ਤਾਂ ਬਾਹਰ ਕੋਈ ਵੀ ਨਾ ਹੁੰਦਾ। ਏਦਾਂ ਕਰੀਬ ਅੱਧਾ ਘੰਟਾ ਹੁੰਦਾ ਰਿਹਾ। ਮੈਂ ਸੋਚਦਾ ਸੀ ਕਿ ਅਮਰੀਕਾ ਵਿਚ ਭੂਤ ਪ੍ਰੇਤ ਸ਼ਾਇਦ ਵਹਿਮ ਦਾ ਸੂਚਕ ਨਹੀਂ ਹਨ। ਪਰ ਮੇਰੇ ਮਨ ਦੇ ਖਿਆਲ ਵੀ ਇਧਰਲੇ ਪਾਸੇ ਨੂੰ ਤੁਰ ਹੀ ਨਹੀਂ ਰਹੇ ਸਨ। ਫਿਰ ਮੇਰੀ ਬੀਵੀ ਦਾ ਫੋਨ ਆਇਆ ਕਿ ਤੁਸੀਂ ਘਰ ਹੀ ਹੋ। ਮੇਰੇ ਹਾਂ ਕਹਿਣ Ḕਤੇ ਉਹ ਕਹਿਣ ਲੱਗੀ, ਦਸ ਵਜੇ ਮੋਰ ਕੁਝ ਖਾਣ ਲਈ ਆਉਂਦੇ ਨੇ, ਤੁਸੀਂ ਦੋ ਚਾਰ ਪੀਸ ਬਰੈਡ ਦੇ ਬਾਹਰ ਪਾ ਦਿਓ।
ਫਿਰ ਮੇਰੇ ਦਿਮਾਗ ਦੀਆਂ ਘੰਟੀਆਂ ਲਗਾਤਾਰ ਵੱਜਣ ਲੱਗੀਆਂ। ਮੈਂ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਿਆ। ਇਕ ਮੋਰ ਦਰਵਾਜ਼ੇ ਤੋਂ ਬਾਹਰ ਬੂਟੇ ਹੇਠ ਲੁਕ ਕੇ ਬੈਠਾ ਸੀ। ਅਸਲ Ḕਚ ਇਹੀ ਮੋਰ ਆਪਣਾ ਖਾਣਾ ਮੰਗਣ ਲਈ ਮੇਰੇ ਘਰ ਦੇ ਬੂਹੇ Ḕਤੇ ਟਕ ਟਕ ਕਰ ਰਿਹਾ ਸੀ। ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਸ ਮੋਰ ਨੂੰ ਰੋਜ਼ਾਨਾ ਦਸ ਵਜੇ ਖਾਣ ਲਈ ਕੁਝ ਮਿਲਦਾ ਸੀ, ਉਹ ਹਾਲੇ ਤੱਕ ਭੁੱਖਾ ਵਿਲਕ ਰਿਹਾ ਸੀ। ਸੱਚ ਇਹੀ ਸੀ ਕਿ ਉਹ ਦਰਵਾਜ਼ਾ ਖੜਕਾ ਕੇ ਲੁਕ ਜਾਂਦਾ ਸੀ।
ਸਿਆਣੇ ਲੋਕਾਂ ਦੀ ਅੱਖ ਦਾ ਨਜ਼ਰੀਆ ਹੀ ਉਸ ਕੈਮਰੇ ਵਾਂਗ ਕੰਮ ਕਰ ਸਕਦਾ ਹੈ ਜਿਹਨੂੰ ਪਤਾ ਹੁੰਦਾ ਹੈ ਕਿ ਫੋਟੋ ਕਿਸ ਅਦਾ ਵਿਚ ਖਿੱਚਣੀ ਹੈ। ਕਿਉਂਕਿ ਬਿਨਾਂ ਘੜੀ ਵਾਲਾ ਮੋਰ ਰੋਜ਼ ਦਸ ਵਜੇ ਕਿਵੇਂ ਆਉਂਦਾ ਸੀ? ਉਹਨੂੰ ਅਹਿਸਾਸ ਸੀ ਕਿ ਅੱਜ ਮਾਲਕਣ ਘਰ ਨਹੀਂ ਹੈ ਤੇ ਜੇ ਮਾਲਕ ਕੱਬਾ ਹੋਇਆ ਤਾਂ ਪਤਾ ਨਹੀਂ ਕੀ ਵਰਤਾਓ ਹੋਵੇਗਾ? ਮੋਰ ਨੂੰ ਤਾਂ ਮੈਂ ਖਾਣ ਨੂੰ ਕੁਝ ਦੇ ਦਿੱਤਾ ਸੀ ਪਰ ਇਥੇ ਇਹ ਵੀ ਤਸਦੀਕ ਕਰ ਲਿਆ ਸੀ ਕਿ ਬੰਦਿਆਂ ਨੂੰ ਸਿਆਣੇ ਹੋਣ ਦਾ ਸਿਰਫ ਭਰਮ ਹੀ ਹੈ।
ਇਕ ਕੋਰੀਆਈ ਲੋਕ ਕਥਾ ਤੁਹਾਡੇ ਨਾਲ ਇਥੇ ਸਾਂਝੀ ਕਰਨ ਲੱਗਾ ਹਾਂ। ਨਜ਼ਰੀਆ ਕੀ ਹੈ? ਉਨ੍ਹਾਂ ਲੋਕਾਂ Ḕਤੇ ਛੱਡਾਂਗਾ ਜਿਹੜੇ ਦਾਅਵਾ ਕਰਦੇ ਨੇ ਕਿ ਅਸੀਂ ਸਿਆਣਪ ਨਾਲ ਨੱਕੋ ਨੱਕ ਭਰੇ ਪਏ ਹਾਂ।
ਦੋ ਭਰਾ ਸਨ। ਛੋਟਾ ਰੱਜ ਕੇ ਮਿਹਨਤੀ ਪਰ ਭੋਲਾ ਭਾਲਾ। ਵੱਡਾ ਨਖੱਟੂ, ਸ਼ੈਤਾਨ ਤੇ ਵਿਹਲੜ। ਪਰ ਦੋਹਾਂ ਭਰਾਵਾਂ Ḕਚ ਪਿਆਰ ਹੀ ਨਹੀਂ, ਸਤਿਕਾਰ ਵੀ ਬਣਿਆ ਹੋਇਆ ਸੀ। ਛੋਟਾ ਵੱਡੇ ਦੀ ਕੋਈ ਗੱਲ ਵੀ ਨਹੀਂ ਮੋੜਦਾ ਸੀ।
ਇਕ ਦਿਨ ਵੱਡੇ ਦੇ ਦਿਮਾਗ ਵਿਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਆਪਣੇ ਛੋਟੇ ਭਰਾ ਨਾਲ ਕੋਈ ਵਪਾਰ ਸਾਂਝਾ ਕਰਨ ਦੀ ਗੱਲ ਕੀਤੀ। ਉਸ ਸ਼ਰੀਫ ਨੇ ਤਾਂ ਸਿਰਫ ਹਾਂ ਵਿਚ ਹੀ ਸਿਰ ਹਿਲਾਉਣਾ ਹੁੰਦਾ ਸੀ। ਉਹ ਮੰਨ ਗਿਆ ਤੇ ਵਪਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਛੋਟੇ ਭਰਾ ਦੇ ਦੋ ਬੇਟੇ ਸਨ ਤੇ ਵੱਡੇ ਦੇ ਕੋਈ ਔਲਾਦ ਨਹੀਂ ਸੀ। ਹਾਲੇ ਵਪਾਰ ਨੂੰ ਸਫਲਤਾ ਨਾਲ ਚੱਲਦਿਆਂ ਇਕ ਸਾਲ ਹੀ ਗੁਜ਼ਰਿਆ ਹੋਵੇਗਾ ਕਿ ਨਖੱਟੂ ਵੱਡੇ ਭਰਾ Ḕਤੇ ਰੱਬ ਮਿਹਰਬਾਨ ਹੋ ਗਿਆ ਤੇ ਉਹਦੇ ਘਰ ਪੁੱਤਰ ਨੇ ਜਨਮ ਲਿਆ। ਵਿਰਾਸਤ ਨੂੰ ਸੰਭਾਲਣ ਵਾਲਾ ਪੈਦਾ ਹੋਣ ਕਰਕੇ ਵੱਡੇ ਸ਼ੈਤਾਨ ਦਾ ਦੁਨੀਆਂਦਾਰੀ ਪ੍ਰਤੀ ਮੋਹ ਹੋਰ ਵਧ ਗਿਆ।
ਫਿਰ ਕਈ ਸਾਲ ਸਫਲਤਾ ਨਾਲ ਕੰਮ ਧੰਦਾ ਤਾਂ ਚਲਦਾ ਰਿਹਾ ਪਰ ਇਸ ਕਾਰੋਬਾਰ ਨੂੰ ਵੇਖਦਾ ਬਹੁਤਾ ਕਰਕੇ ਵੱਡਾ ਹੀ ਸੀ। ਅਚਾਨਕ ਉਸ ਨੇ ਛੋਟੇ ਭਰਾ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਪਾਰ ਘਾਟੇ ਵਿਚ ਜਾਣ ਲੱਗ ਪਿਆ ਹੈ ਤੇ ਫਿਰ ਅਗਲੇ ਕਈ ਵਰ੍ਹੇ ਘਾਟਾ ਹੀ ਘਾਟਾ ਪੇਸ਼ ਕੀਤਾ ਜਾਂਦਾ ਰਿਹਾ। ਆਖਰ ਦੀਵਾਲਾ ਕੱਢ ਕੇ ਦੋਵੇਂ ਭਰਾ ਅੱਡ ਅੱਡ ਹੋ ਗਏ। ਪਰ ਦੇਵਤਿਆਂ ਵਰਗੇ ਛੋਟੇ ਭਰਾ ਦੇ ਮਨ ਵਿਚ ਨਾ ਕੋਈ ਰੰਜਿਸ਼, ਨਾ ਕੋਈ ਗਿਲਾ, ਨਾ ਸ਼ੱਕ, ਨਾ ਕੋਈ ਵਹਿਮ। ਭਰੋਸਾ ਪੂਰੇ ਦਾ ਪੂਰਾ ਸੀ। ਛੋਟਾ ਫਿਰ ਮਿਹਨਤ ਕਰਨ ਲੱਗ ਪਿਆ। ਹਾਲੇ ਕੁਝ ਮਹੀਨੇ ਹੀ ਗੁਜ਼ਰੇ ਸਨ ਕਿ ਵੱਡੇ ਭਰਾ ਦਾ ਇਕਲੌਤਾ ਪੁੱਤਰ ਬਿਮਾਰ ਹੋ ਗਿਆ। ਫਿਰ ਅਗਲੇ ਕੁਝ ਮਹੀਨਿਆਂ ਵਿਚ ਉਹ ਨਾਮੁਰਾਦ ਬਿਮਾਰੀ ਦੀ ਲਪੇਟ ਵਿਚ ਆ ਗਿਆ। ਡਾਕਟਰਾਂ ਨੇ ਉਸ ਨੂੰ ਬਲੱਡ ਕੈਂਸਰ ਦਾ ਪੀੜ੍ਹਤ ਘੋਸ਼ਿਤ ਕਰ ਦਿੱਤਾ। ਖੂਨ ਦੀ ਅਦਲਾ-ਬਦਲੀ ਵਿਚ ਇਸ ਬਿਮਾਰ ਪੁੱਤਰ ਦੇ ਚਾਚੇ ਅਤੇ ਚਾਚੇ ਦੇ ਦੋਵੇਂ ਪੁੱਤਰਾਂ ਨੇ ਇਥੋਂ ਤੱਕ ਕਿ ਚਾਚੀ ਨੇ ਵੀ ਕਈ ਵਾਰ ਖੂਨ ਇਸ ਲੜਕੇ ਨੂੰ ਬਚਾਉਣ ਲਈ ਦਾਨ ਕੀਤਾ। ਕੁਝ ਸਾਲਾਂ ਤੱਕ ਜ਼ਿੰਦਗੀ ਨੂੰ ਖਿੱਚਣ ਦਾ ਯਤਨ ਹੁੰਦਾ ਰਿਹਾ। ਪਰ ਅਖੀਰ ਕੈਂਸਰ ਨੇ ਜ਼ਿੰਦਗੀ ਢਾਹ ਲਈ। ਵੱਡੇ ਭਰਾ ਦਾ ਵਾਰਿਸ ਅੱਖਾਂ ਮੀਚ ਗਿਆ। ਕੁਝ ਦਿਨਾਂ ਦੇ ਸੋਗ ਤੋਂ ਬਾਅਦ ਇਕ ਦਿਨ ਵੱਡਾ ਭਰਾ ਆਪਣੇ ਕਮਰੇ ਵਿਚ ਬੈਠਾ ਆਪਣੇ ਪੁੱਤਰ ਦੀ ਬਿਮਾਰੀ ਦੇ ਖਰਚ ਦਾ ਹਿਸਾਬ ਲਾ ਰਿਹਾ ਸੀ। ਡਾਕਟਰਾਂ ਦੀਆਂ ਫੀਸਾਂ ਅਤੇ ਦਵਾਈਆਂ ਦੇ ਖਰਚੇ ਦਾ ਜੋੜ ਕਰਕੇ ਜੋ ਰਕਮ ਉਹਦੀਆਂ ਅੱਖਾਂ ਸਾਹਮਣੇ ਬਣੀ, ਉਸ ਨੇ ਉਸ ਦੀਆਂ ਧਾਹਾਂ ਕੱਢ ਦਿੱਤੀਆਂ। ਇਸ ਕਰਕੇ ਨਹੀਂ ਕਿ ਇਹ ਰਕਮ ਬਹੁਤ ਵੱਡੀ ਸੀ, ਇਸ ਕਰਕੇ ਵੀ ਨਹੀਂ ਕਿ ਉਸ ਦਾ ਇਕਲੌਤਾ ਪੁੱਤਰ ਨਹੀਂ ਬਚ ਸਕਿਆ, ਇਸ ਕਰਕੇ ਕਿ ਇਹ ਉਨੀ ਹੀ ਰਕਮ ਸੀ ਜਿੰਨੀ ਉਸ ਨੇ ਆਪਣੇ ਭਰਾ ਨਾਲ ਵਪਾਰ ਵਿਚ ਹੇਰਾ-ਫੇਰੀ ਕਰਕੇ ਕਮਾਈ ਸੀ। ਇਸ ਦਾ ਅਸਲ ਵਿਚ ਜੋੜ ਗਿਆਰਾਂ ਹਜ਼ਾਰ ਨੌ ਸੌ ਛਿਆਲੀ ਵਾਨ (ਕੋਰੀਆਈ ਕਰੰਸੀ) ਸੀ।
ਵੱਡਾ ਭਰਾ ਧਾਹਾਂ ਮਾਰਦਾ ਘਰੋਂ ਭੱਜਿਆ, ਛੋਟੇ ਭਰਾ ਦੇ ਘਰ ਮੂਹਰੇ ਮੂੰਹ ਭਰ ਡਿੱਗਿਆ। ਜ਼ਖਮੀ ਹੋਇਆ ਫਿਰ ਉਠਿਆ ਤੇ ਭਰਾ ਦੇ ਗਲ ਲੱਗ ਕੇ ਭੁੱਬੀਂ ਰੋ ਪਿਆ। ਨੱਕ ਵਿਚੋਂ ਵਗਦਾ ਖੂਨ ਜਦੋਂ ਛੋਟੇ ਭਰਾ ਦੀ ਚਿੱਟੀ ਕਮੀਜ਼ ‘ਤੇ ਡਿੱਗਿਆ ਤਾਂ ਉਹਨੇ ਪੁੱਛਿਆ, Ḕਉਏ ਭਰਾਵਾ ਇਹ ਕੀ?Ḕ ਤਾਂ ਵੱਡੇ ਦਾ ਉਤਰ ਸੀ, Ḕਇਹ ਉਹ ਖੂਨ ਹੈ ਜਿਹੜਾ ਮੈਂ ਤੇਰਾ ਪੀਤਾ ਸੀ ਤੇ ਇਹਦਾ ਮੁੱਲ ਚੁਕਾਉਣ ਲਈ ਮੈਨੂੰ ਆਪਣੇ ਪੁੱਤਰ ਨੂੰ ਸਦਾ ਲਈ ਗੁਆਉਣਾ ਪਿਆ ਹੈ। ਮੈਂ ਪਾਪੀ ਹਾਂ, ਜ਼ਾਲਮ ਹਾਂ, ਕਾਇਰ ਹਾਂ ਤੇ ਮੈਂ ਤੈਨੂੰ ਵੱਡਾ ਭਰਾ ਬਣ ਕੇ ਕਦੇ ਵੀ ਜ਼ਿੰਦਗੀ ਵਿਚ ਸ਼ਕਲ ਨਹੀਂ ਵਿਖਾਵਾਂਗਾ।Ḕ
ਉਹ ਸਚਮੁੱਚ ਹੀ ਫਿਰ ਕਦੇ ਪਿੰਡ ਨਾ ਪਰਤਿਆ ਤੇ ਜਦੋਂ ਪਰਤਿਆ, ਉਦੋਂ ਉਹ ਇਕ ਦਰੇਵਸ਼ ਸੀ, ਫਕੀਰ ਸੀ ਅਤੇ ਦੇਵਤਾ ਸੀ ਤੇ ਕੋਰੀਆਈ ਲੋਕ ਇਸ ਨੂੰ ਅੱਜ ਵੀ ਰੱਬ ਮੰਨ ਕੇ ਹੀ ਪੂਜਦੇ ਹਨ।
ਹਾਲਾਤ ਦੁਨੀਆਂ ਦੇ ਇਸ ਵਕਤ ਇਹ ਨੇ ਕਿ ਲਾਲਚੀ, ਲੋਭੀ, ਮਤਲਬੀ ਅਤੇ ਇਨਸਾਨੀਅਤ ਤੋਂ ਡਿੱਗਿਆ ਮਨੁੱਖ ਸ਼ਾਇਦ ਇਹ ਵੀ ਨਾ ਸੋਚ ਸਕੇ ਕਿ ਕਿਥੋਂ, ਕਦੋਂ ਤੇ ਕੀ ਕੁਝ ਸਿੱਖ ਲੈਣਾ ਚਾਹੀਦਾ ਹੈ।
ਮਜਨੂੰ ਨੂੰ ਤਾਂ ਕਾਲੀ ਲੈਲਾ ਵੀ ਸੁਨੱਖੀ ਲੱਗਦੀ ਸੀ ਪਰ ਦੁੱਖ ਇਸ ਗੱਲ ਦਾ ਹੈ ਕਿ ਵਕਤ ਦੀਆਂ ਸੂਈਆਂ ਇੰਨਾ ਪੁੱਠਾ ਗੇੜ ਦੇ ਰਹੀਆਂ ਹਨ ਕਿ ਸੋਹਣੀ ਪ੍ਰੇਮਿਕਾ ਵੀ ਹੁਣ ਪ੍ਰੇਮੀ ਨੂੰ ਸੋਹਣੀ ਲੱਗਣੋਂ ਹਟ ਗਈ ਹੈ।
ਜਿੱਦਾਂ ਦੇ ਹਾਲਾਤ ਵਿਚ ਅਸੀਂ ਸਾਹ ਲੈ ਰਹੇ ਹਾਂ, ਤੁਸੀਂ ਚੰਗਾ ਬੋਲ ਕੇ ਦੇਖੋ ਤੁਹਾਨੂੰ ਮਾੜਾ ਹੀ ਸੁਣਨਾ ਪਵੇਗਾ। ਇਹ ਤਾਂ ਮੈਂ ਨਹੀਂ ਕਹਿੰਦਾ ਕਿ ਖਰਬੂਜਿਆਂ ਦੀ ਵੇਲ ਨੂੰ ਕਰੇਲੇ ਲੱਗਣ ਦੀ ਸੰਭਾਵਨਾ ਬਣ ਗਈ ਹੈ ਪਰ ਇਹ ਜ਼ਰੂਰ ਕਹਾਂਗਾ ਕਿ ਖਰਬੂਜੇ ਸ਼ਾਇਦ ਮਿੱਠੇ ਨਾ ਲੱਗਣ। ਦੁਨੀਆਂ ਦੇ ਬਹੁਤੇ ਲੋਕਾਂ ਨੂੰ ਵਹਿਮ ਹੈ ਕਿ ਸ਼ਾਇਦ ਹੱਥਾਂ ਦੀਆਂ ਰੇਖਾਵਾਂ ਕਿਸਮਤ ਦੀ ਵਿਆਖਿਆ ਕਰਦੀਆਂ ਹਨ। ਪਰ ਆਹ ਕਹਾਣੀ ਵੇਖਿਓ ਤੇ ਸਿੱਟਾ ਆਪਾਂ ਬਾਅਦ ਵਿਚ ਕੱਢਦੇ ਹਾਂ।
ਲੁਫਥਾਂਸਾ ਏਅਰਲਾਈਨ ਦੀ ਫਲਾਈਟ ਵਿਚ ਫਰੈਂਕਫਰਟ ਤੋਂ ਦਿੱਲੀ ਆ ਰਿਹਾ ਸਾਂ। ਗੱਲ ਕੋਈ ਢਾਈ ਦਹਾਕੇ ਪੁਰਾਣੀ ਹੋਵੇਗੀ। ਇਕ ਬੌਣਾ ਮਨੁੱਖ ਆਪਣੇ ਤੋਂ ਡਿਓਢੇ ਕੱਦ ਵਾਲੀ ਖੂਬਸੂਰਤ ਪਤਨੀ ਨਾਲ ਇਸੇ ਜਹਾਜ਼ ਵਿਚ ਸਫਰ ਕਰ ਰਿਹਾ ਸੀ। ਇਸ ਮਨੁੱਖ ਦਾ ਕੱਦ ਤਾਂ ਛੋਟਾ ਹੈ ਹੀ ਸੀ ਪਰ ਬਾਹਾਂ ਕੱਦ ਮੁਤਾਬਿਕ ਹੋਰ ਵੀ ਛੋਟੀਆਂ ਸਨ। ਕਮਾਲ ਇਹ ਸੀ ਕਿ ਹੱਥ ਇਓਂ ਜਿਵੇਂ ਛੋਟੇ ਬੱਚੇ ਨੇ ਮੁੱਠੀ ਘੁੱਟੀ ਹੋਵੇ। ਗੱਲਾਂ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਦੋਵੇਂ ਮੀਆਂ-ਬੀਵੀ ਹਨ। ਉਹ ਹੱਸ ਹੱਸ ਗੱਲਾਂ ਕਰਦੇ ਇੰਨੇ ਖੁਸ਼ ਸਨ ਕਿ ਮੈਂ ਇਸ ਸੋਚ ਤੋਂ ਬਾਹਰ ਨਿਕਲ ਗਿਆ ਕਿ ਇਕ ਖੂਬਸੂਰਤ ਪਤਨੀ ਨੂੰ ਝੋਰਾ ਹੀ ਨਹੀਂ ਸੀ ਕਿ ਉਹ ਲੜ ਮਧਰੇ ਦੇ ਲਾ ਦਿੱਤੀ ਗਈ ਹੈ। ਦੋ ਕੁ ਘੰਟੇ ਤੱਕ ਉਹ ਆਪਸ ਵਿਚ ਗੱਲਾਂ ḔਡੱਚḔ (ਜਰਮਨ ਭਾਸ਼ਾ) ਵਿਚ ਹੀ ਕਰਦੇ ਰਹੇ। ਅਚਾਨਕ ਉਹ ਮਨੁੱਖ ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗਾ, Ḕਪੰਜਾਬੀ ਹੋ?Ḕ ਮੈਂ ਹੈਰਾਨ ਰਹਿ ਗਿਆ, ਇਕ ਵੀ ਸ਼ਬਦ ਡੱਚ ਤੋਂ ਬਾਹਰ ਨਾ ਜਾ ਕੇ ਬੋਲਣ ਵਾਲਾ ਇਕਦਮ ਪੰਜਾਬੀ ਕਿਵੇਂ ਬੋਲਣ ਲੱਗ ਪਿਆ? ਮੈਂ ਉਸ ਨੂੰ ਕਿਹਾ, Ḕਹਾਂ, ਮੈਂ ਪੰਜਾਬੀ ਹਾਂ ਤੇ ਨਵਾਂ ਸ਼ਹਿਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਹਾਂ।Ḕ ਜਿਵੇਂ ਮਧਰੇ ਕੱਦ ਦਾ ਹਾਸਾ ਦੂਣਾ ਹੋ ਗਿਆ ਹੋਵੇ। ਉਹ ਕਹਿਣ ਲੱਗਾ, Ḕਤੂੰ ਦੁਆਬੀਆ ਤੇ ਮੈਂ ਮਝੈਲ, ਮੇਰਾ ਪਿੰਡ ਰਈਏ ਕੋਲ ਹੈ।Ḕ ਫਿਰ ਅਸੀਂ ਤਿੰਨਾਂ ਵਾਲੀ ਸੀਟ ‘ਤੇ ਇਕ ਪਰਿਵਾਰ ਵਾਂਗ ਵਿਚਰਨ ਲੱਗ ਪਏ। ਇਸ ਕਰਕੇ ਵੀ ਕਿ ਜਦੋਂ ਉਸ ਨੇ ਮੇਰੇ ਇਹ ਕਹਿ ਕੇ ਗਲ ਬਾਹਾਂ ਪਾ ਲਈਆਂ ਕਿ ਮੈਂ ਤੈਨੂੰ ਅਜੀਤ ਅਖਬਾਰ ਵਿਚ ਪੜ੍ਹਦਾ ਹੁੰਦਾ ਹਾਂ।
ਮੁਹੱਬਤ ਦੀ ਵਿਆਖਿਆ ਇਸ ਹੱਦ ਤੱਕ ਚਲੀ ਗਈ ਕਿ ਇਕ ਹਫਤੇ ਬਾਅਦ ਮੈਂ ਉਹਨੂੰ ਰਈਏ ਬੱਸ ਅੱਡੇ ਮਿਲਿਆ ਤੇ ਅਸੀਂ ਅੰਮ੍ਰਿਤਸਰ ਤੱਕ ਸਫਰ ਤੈਅ ਕਰਨਾ ਸੀ। ਉਸ ਦੀ ਧਰਮ ਪਤਨੀ ਵੀ ਨਾਲ ਸੀ। ਨਾਮ ਕੌਸ਼ੱਲਿਆ ਸੀ ਪਰ ਉਹ ਲਾਡ ਵਿਚ ਸਿਰਫ ਸ਼ੱਲਿਆ ਕਹਿ ਰਿਹਾ ਸੀ। ਰਈਏ ਤੋਂ ਅੰਮ੍ਰਿਤਸਰ ਦੇ ਸਫਰ ਦੌਰਾਨ ਜਿਹੜੀ ਖਾਸ ਗੱਲ ਨਿਕਲ ਕੇ ਸਾਹਮਣੇ ਆਈ ਉਹ ਇਹ ਸੀ ਕਿ ਉਸ ਨੂੰ ਇਸੇ ਨਗਰੀ Ḕਚੋਂ ਜਰਮਨੀ ਤੋਂ ਆਇਆ ਇਕ ਜੋੜਾ ਪੁੱਤਰ ਬਣਾ ਕੇ ਲੈ ਗਿਆ ਸੀ। ਫਿਰ ਦੋ ਸਾਲ ਬਾਅਦ ਆ ਕੇ ਉਹਦਾ ਕੌਸ਼ੱਲਿਆ ਨਾਲ ਵਿਆਹ ਕੀਤਾ। ਉਸ ਜੋੜੇ ਦੀ ਅਰਬਾਂ-ਖਰਬਾਂ ਦੀ ਜਾਇਦਾਦ ਦਾ ਮਾਲਕ ਇਹ ਦੋਨਾ ਸਿੰਘ ਬਣ ਗਿਆ। ਪਿਛਲੇ ਇਕ ਦਹਾਕੇ ਤੋਂ ਉਹ ਦੋ ਵੱਡੀਆਂ ਕੰਪਨੀਆਂ ਨੂੰ ਸੰਭਾਲਦਾ ਆ ਰਿਹਾ ਸੀ। ਢਾਈ ਸੌ ਤੋਂ ਵੱਧ ਮੁਲਾਜ਼ਮ ਉਸ ਕੋਲ ਕੰਮ ਕਰਦੇ ਸਨ। ਉਹ ਬਜ਼ੁਰਗ ਜਰਮਨ ਜੋੜਾ ਕਾਰੋਬਾਰ ਤੇ ਸਿਰਫ ਨਜ਼ਰਾਂ ਹੀ ਰੱਖ ਰਿਹਾ ਸੀ।
ਕਮਾਲ ਇਹ ਸੀ ਕਿ ਉਨ੍ਹਾਂ ਦਾ ਗੁਰੂ ਕੀ ਨਗਰੀ ਜਾਣਾ ਪਿੰਗਲਵਾੜੇ ਨਾਲ ਜੁੜਿਆ ਹੋਇਆ ਸੀ। ਜਦੋਂ ਅਸੀਂ ਪਿੰਗਲਵਾੜੇ ਗਏ, ਦੋਨਾ ਸਿੰਘ ਨੇ ਆਪਣੀ ਪਤਨੀ ਦੇ ਪਰਸ ਵਿਚੋਂ ਕੱਢੇ ਪੈਸੇ ਬੜੇ ਜ਼ੋਰ ਨਾਲ ਦੋਵੇਂ ਬਾਹਾਂ ਨਾਲ ਫੜੇ, ਅੱਖਾਂ ਮੀਚ ਕੇ ਮੂੰਹ ਉਪਰ ਨੂੰ ਕੀਤਾ ਤੇ ਦਾਨ ਲਈ ਭੇਟਾ ਕਰ ਦਿੱਤੇ। ਉਹ ਖੁਸ਼ ਹੋ ਕੇ ਬੋਲਿਆ, Ḕਕੌਣ ਕਹਿੰਦਾ ਹੈ ਕਿ ਰੱਬ ਦੇ ਕਦੇ ਦਰਸ਼ਨ ਨਹੀਂ ਹੁੰਦੇ, ਕੌਣ ਸੋਚਦਾ ਹੈ ਕਿ ਵਾਹਿਗੁਰੂ ਕਿਸੇ ਨੂੰ ਦਿਖਾਈ ਨਹੀਂ ਦਿੰਦਾ, ਤੁਹਾਡੀ ਅੱਖ ਹੀ ਵੇਖਣ ਵਾਲੀ ਨਹੀਂ।
ਵਾਪਿਸ ਮੁੜੇ ਤਾਂ ਉਹ ਦੱਸਣ ਲੱਗਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਿਲਾਨਾਗਾ ਇਥੇ ਆAੁਂਦਾ ਹੈ ਅਤੇ ਮਿਹਨਤ ਦੀ ਕਮਾਈ ਵਿਚੋਂ ਕੁਝ ਨਾ ਕੁਝ ਉਨ੍ਹਾਂ ਨੂੰ ਦੇ ਕੇ ਜਾਂਦਾ ਹੈ ਜਿਨ੍ਹਾਂ ਨੂੰ ਰੱਬ ਨੇ ਜੂਨ ਤਾਂ ਦਿੱਤੀ ਹੈ ਪਰ ਮੁਕੱਦਰ ਨਹੀਂ ਦਿੱਤੇ।
ਫਿਰ ਉਹ ਮੈਨੂੰ ਧੱਕੇ ਨਾਲ ਰਈਏ ਨੇੜਲੇ ਆਪਣੇ ਪਿੰਡ ਲੈ ਗਿਆ। ਖੁੱਲ੍ਹੇ ਘਰ ਵਿਚ ਬਹੁਤ ਸਾਰੇ ਲੋਕਾਂ ਦਾ ਇਕੱਠ ਸੀ। ਮੈਂ ਬੜੀ ਸੂਖਮ ਨਜ਼ਰ ਨਾਲ ਹਰ ਬੰਦੇ ਵੱਲ ਤੱਕਿਆ। ਇਨ੍ਹਾਂ ਵਿਚੋਂ ਕੋਈ ਵੀ ਐਸਾ ਨਹੀਂ ਸੀ ਜਿਹਦੇ ਹੱਥ ਜਾਂ ਪੈਰ ਨਾ ਹੋਣ। ਇਨ੍ਹਾਂ ਵਿਚੋਂ ਕੋਈ ਦੋਨਾ ਸਿੰਘ ਤੋਂ ਆਪਣੀ ਧੀ ਦੇ ਵਿਆਹ ਲਈ ਕੁਝ ਮੰਗਣ ਆਇਆ ਸੀ, ਕੋਈ ਆਪਣੇ ਬਾਪ ਦੇ ਇਲਾਜ ਲਈ, ਕੋਈ ਮਕਾਨ ਦੀ ਛੱਤ ਲਈ; ਕੁਝ ਸਕੂਲਾਂ ਵਾਲੇ ਬੱਚਿਆਂ ਦੀ ਮਦਦ ਲਈ ਤੇ ਕੁਝ ਡੇਰਿਆਂ ਤੇ ਆਸ਼ਰਮਾਂ ਵਾਲੇ ਵੀ ਸਨ। ਮੇਰੀਆਂ ਅੱਖਾਂ ਨੂੰ ਨਾ ਵੀ ਦਿਸਦਾ ਹੋਵੇ ਪਰ ਅੱਖਾਂ ਵਿਚੋਂ ਡਿਗਦੇ ਪ੍ਰੇਮ ਦੇ ਅੱਥਰੂ ਇਹ ਜ਼ਰੂਰ ਦੱਸ ਰਹੇ ਹਨ ਕਿ ਮਹਾਨ ਬਣਨ ਲਈ ਲੰਬੇ ਕੱਦਾਂ ਦੀ ਜ਼ਰੂਰਤ ਨਹੀਂ ਹੁੰਦੀ। ਜਦੋਂ ਉਹ ਆਪਣੀ ਪਤਨੀ ਦੇ ਪਰਸ ਵਿਚੋਂ ਕੱਢੇ ਨੋਟ ਆਪਣੀਆਂ ਅਧੂਰੀਆਂ ਬਾਹਾਂ ਨਾਲ ਆਸ ਲੈ ਕੇ ਆਏ ਲੋੜਵੰਦਾਂ ਨੂੰ ਵੰਡ ਰਿਹਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਸ਼ਾਇਦ ਅੱਖ ਵੇਖਣ ਵਾਲੀ ਬੰਦੇ ਕੋਲ ਹੁੰਦੀ ਹੀ ਨਹੀਂ, ਕਿਉਂਕਿ ਹੱਥਾਂ ਵਾਲਿਆਂ ਨੂੰ ਬਿਨਾਂ ਹੱਥਾਂ ਵਾਲਾ ਸਭ ਕੁਝ ਦਈ ਹੀ ਨਹੀਂ ਜਾਂਦਾ ਸੀ ਸਗੋਂ ਲੁਟਾਈ ਵੀ ਜਾਂਦਾ ਸੀ।
ਮੈਨੂੰ ਲੱਗਦਾ ਸੀ ਕਿ ਕਿਸੇ ਨੂੰ ਕਿਸੇ ਦੀਆਂ ਅੱਖਾਂ ਨਾਲ ਦਿਸੇ ਜਾਂ ਨਾ ਦਿਸੇ, ਕਿਸੇ ਦੀਆਂ ਆਪਣੀਆਂ ਅੱਖਾਂ ਨਾਲ ਨਜ਼ਰੀਆ ਬਣੇ ਜਾਂ ਨਾ ਬਣੇ ਪਰ ਇਸ ਗੱਲ ‘ਤੇ ਯਕੀਨ ਕਰਨਾ ਪਵੇਗਾ ਕਿ ਦੋਨਾ ਸਿੰਘ ਵਰਗੇ ਲੋਕ ਇਸ ਧਰਤੀ Ḕਤੇ ਤਾਂ ਆਉਂਦੇ ਨੇ ਕਿਉਂਕਿ ਜੇ ਕੋਈ ਰੱਬ ਹੋਇਆ ਤਾਂ ਉਹ ਆਪ ਕਿਹੜਾ ਇਸ ਧਰਤੀ ‘ਤੇ ਹਰ ਥਾਂ ਹਾਜ਼ਰ ਹੋ ਸਕਦਾ ਹੈ?
ਮਨ ਵਿਚ ਇਹ ਧਾਰ ਲਓ ਕਿ ਮਾਂਵਾਂ ਨੇ ਤਾਂ ਮਰ ਹੀ ਜਾਣਾ ਹੁੰਦਾ ਹੈ ਪਰ ਥੋਡੀ ਜ਼ਮੀਰ ਜਿਉਂਦੀ ਰਹਿਣੀ ਚਾਹੀਦੀ ਹੈ।
ਗੱਲ ਬਣੀ ਕਿ ਨਹੀਂ
ਐਸ ਅਸ਼ੋਕ ਭੌਰਾ
ਅੱਜ ਕੱਲ ਰੱਬ
ਉਹ ਨਹੀਂ ਮਿਲਣਾ ਜੋ ਭਾਲਦੈਂ ਨਾ ਹੋਣਾ ਕੋਈ ਹੱਲ ਵੇ ਬੀਬਾ,
ਅੱਜ ਕੱਲ ਇਥੇ ਰੱਬ ਨਹੀਂ ਰਹਿੰਦਾ, ਨਾ ਖੜਕਾਵੀਂ ਟੱਲ ਵੇ ਬੀਬਾ।
ਮੁੱਲਾਂ ਅਤੇ ਬ੍ਰਾਹਮਣ, ਭਾਈ ਬਣੇ ਵਪਾਰੀ ਫਿਰਦੇ ਨੇ,
ਰੱਬ ਦੇ ਨਾਂ ਨੂੰ ਥਾਂ ਥਾਂ ਵੇਚਣ ਸਾਰੇ ਬੜੇ ਹੀ ਚਿਰ ਦੇ ਨੇ।
ਜਿਹਤੋਂ ਲੱਥਦੀ ਲਾਹੀ ਜਾਂਦਾ, ਜਿਥੇ ਲਹਿੰਦੀ ਖੱਲ੍ਹ ਵੇ ਬੀਬਾ।
ਨਾ ਬੰਦਿਆਂ ਵਿਚ ਰਹਿੰਦਾ ਏ ਓਹ, ਬੰਦੇ ਕਿਹੜਾ ਬੰਦੇ ਨੇ?
ਤਪਿਆ ਬਹੁਤਾ ਤਾਂ ਪਿਆ ਏ ਲੀਡਰ ਹੋ ਗਏ ਗੰਦੇ ਨੇ।
ਸਭ ਕੁਝ ਖਿੱਚੀ ਜਾਂਦੇ ਜਿਹੜੇ ਆਪਣੇ ਟੱਬਰ ਵੱਲ ਵੇ ਬੀਬਾ।
ਘੜਾ ਪਾਪ ਦਾ ਟੁੱਟਣ ਵਾਲਾ, ਫਿਰ ਰੱਬ ਮੁੜ ਕੇ ਆ ਸਕਦਾ,
ਅੱਕੇ ਪਏ ਨੂੰ ਹੁਣ ਨਾ ਛੇੜੋ, ਸਭ ਕੁਝ ਕਰ ਫਨਾਹ ਸਕਦਾ।
ਨਹੀਂ ਉਹਦੇ ਤੋਂ ਝੱਲੇ ਜਾਂਦੇ, ਥਾਂ ਥਾਂ ਹੁੰਦੇ ਛੱਲ ਵੇ ਬੀਬਾ।
ਬਹੁਤ ਪੈ ਗਿਆ ਪਾੜਾ ਹੁਣ ਤਾਂ ਉਹਦੇ ਅਤੇ ਤੇਰੇ ਵਿਚ,
ਤਾਂ ਲੁੱਚਾ ਕੋਈ ਸੌਦਾ ਵੇਚੇ ਬਹਿ ਕੇ ਕਿਧਰੇ ਡੇਰੇ ਵਿਚ।
ਜੇ ਆਉਣ ‘ਤੇ ਆ ਗਿਆ ਭੌਰੇ, ਪਾ ਦਊ ਪੱਕੀ ਠੱਲ੍ਹ ਵੇ ਬੀਬਾ।
ਅੱਜ ਕੱਲ ਇਥੇ ਰੱਬ ਨਹੀਂ ਰਹਿੰਦਾ, ਨਾ ਖੜਕਾਵੀਂ ਟੱਲ ਵੇ ਬੀਬਾ।