ਗੁਰਨਾਮ ਕੌਰ ਕੈਨੇਡਾ
ਭਾਈ ਗੁਰਦਾਸ ਦੀ ਛੇਵੀਂ ਵਾਰ ਦੀ 20ਵੀਂ ਪਉੜੀ ਦੀ ਇਹ ਅਖੀਰਲੀ ਪੰਕਤੀ ਹੈ। ਭਾਈ ਸਾਹਿਬ ਹਰ ਇੱਕ ਪਉੜੀ ਦੀ ਅਖੀਰਲੀ ਪੰਕਤੀ ਵਿਚ ਗੁਰਮਤਿ ਅਨੁਸਾਰ ਇੱਕ ਤਰ੍ਹਾਂ ਨਾਲ ਨਤੀਜਾ ਦੱਸਦੇ ਹਨ। ਭਾਈ ਗੁਰਦਾਸ ਇਸ ਵਾਰ ਵਿਚ ਸਾਧ ਸੰਗਤਿ, ਗੁਰਸਿੱਖ, ਗੁਰਮੁਖਿ ਦੀ ਰਹਿਣੀ, ਗ੍ਿਰਹਸਥ ਵਿਚ ਰਹਿੰਦਿਆਂ ਜੀਵਨ-ਮੁਕਤਿ ਆਦਿ ਸਿੱਖ ਧਰਮ ਚਿੰਤਨ ਦੇ ਸੰਕਲਪਾਂ ਦੀ ਵਿਆਖਿਆ ਕਰਦੇ ਹਨ। ਗੁਰਮਤਿ ਚਿੰਤਨ ਵਿਚ ਮਨੁੱਖ ਦੀਆਂ ਦੋ ਹੀ ਕੋਟੀਆਂ ਮੰਨੀਆਂ ਹਨ- ਗੁਰਮੁਖਿ ਅਤੇ ਮਨਮੁਖ। ਮਨੁੱਖ ਦੀ ਹੋਰ ਕਿਸੇ ਵੀ ਤਰ੍ਹਾਂ ਦੀ ਵੰਡ ਪ੍ਰਵਾਨ ਨਹੀਂ ਕੀਤੀ।
ਗੁਰਮੁਖਿ ਉਹ ਹੈ ਜੋ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ ਜਿਸ ਨੇ ਆਪਣੇ ਮਨ ਦੀਆਂ ਬਿਰਤੀਆਂ, ਜਿਨ੍ਹਾਂ ਦੀ ਪਛਾਣ ਗੁਰਮਤਿ ਦਰਸ਼ਨ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਕੀਤੀ ਹੋਈ ਹੈ, ਨੂੰ ਕਾਬੂ ਵਿਚ ਰੱਖਦਾ ਹੈ।
ਗੁਰਮੁਖਿ ਦੇ ਬਿਲਕੁਲ ਉਲਟ ਮਨਮੁਖ ਹੈ ਜਿਸ ਦਾ ਸਾਰਾ ਚਲਨ ਆਪਣੇ ਮਨ ਦੀਆਂ ਬਿਰਤੀਆਂ ਅਨੁਸਾਰ ਹੁੰਦਾ ਹੈ ਅਰਥਾਤ ਉਹ ਆਪਣੇ ਸਾਰੇ ਕੰਮ- ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਵੱਸ ਹੋ ਕੇ ਕਰਦਾ ਹੈ। ਭਾਈ ਗੁਰਦਾਸ ਆਪਣਾ ਵਿਚਾਰ ਸਮਝਾਉਣ ਲਈ ਕਿ ਮਨਮੁਖ ਦੀ ਗਤੀ ਕਿਹੋ ਜਿਹੀ ਹੁੰਦੀ ਹੈ, ਆਮ ਜੀਵਨ ਵਿਚੋਂ ਦ੍ਰਿਸ਼ਟਾਂਤ ਦਿੰਦੇ ਹਨ। ਪੁਰਾਣੇ ਸਮਿਆਂ ਵਿਚ ਛੱਪੜ ਜਾਂ ਛੋਟੇ ਨਾਲੇ ਆਦਿ ਵਿਚੋਂ ਪਾਣੀ ਕੱਢਣ ਲਈ ਢੀਂਗਲੀ ਦੀ ਵਰਤੋਂ ਕੀਤੀ ਜਾਂਦੀ ਸੀ (ਜੋ ਡੰਡੇ ਦੇ ਇੱਕ ਪਾਸੇ ਬਾਲਟੀ ਬੰਨ੍ਹ ਕੇ ਅਤੇ ਵਿਚਕਾਰ ਕਿੱਲੀ ਲਾ ਕੇ ਬਣਾਈ ਹੁੰਦੀ ਸੀ)।
ਭਾਈ ਸਾਹਿਬ ਕਹਿੰਦੇ ਹਨ ਕਿ ਢੀਂਗਲੀ ਨਾਲ ਪਾਣੀ ਕੱਢਣ ਲਈ ਉਸ ਨੂੰ ਇਸ ਦੇ ਗਲੇ ਤੋਂ ਫੜ ਕੇ ਨੀਵੀਂ ਕਰਨਾ ਪੈਂਦਾ ਹੈ। ਉਲੂ ਸੂਰਜ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਅਤੇ ਚੱਕਵੀ ਚੰਦ੍ਰਮਾ ਨੂੰ ਦੇਖ ਕੇ ਖੁਸ਼ ਨਹੀਂ ਹੁੰਦੀ। ਸਿੰਮਲ ਦਾ ਰੁੱਖ ਉਚਾ-ਲੰਬਾ ਹੁੰਦਾ ਹੈ ਪਰ ਕੋਈ ਫੱਲ ਨਹੀਂ ਦਿੰਦਾ (ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਹੈ ਕਿ ਇਸ ਲੰਬੇ-ਚੌੜੇ ਰੁੱਖ ‘ਤੇ ਜੇ ਪੰਛੀ ਕੁਝ ਖਾਣ ਦੀ ਆਸ ਨਾਲ ਆਉਣ ਤਾਂ ਉਨ੍ਹਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ) ਅਤੇ ਚੰਦਨ ਦਰੱਖਤ ਕੋਲ ਉਗਿਆ ਹੋਣ ‘ਤੇ ਵੀ ਬਾਂਸ ਵਿਚ ਖੁਸ਼ਬੋ ਨਹੀਂ ਭਰਦੀ। ਸੱਪ ਨੂੰ ਦੁੱਧ ਪਿਆਉਣ ‘ਤੇ ਵੀ ਉਸ ਦੇ ਅੰਦਰੋਂ ਜ਼ਹਿਰ ਨਹੀਂ ਜਾਂਦੀ ਅਤੇ ਨਾ ਹੀ ਤੁੰਮੇ ਦੀ ਕੁੜਿਤਣ ਮਰਦੀ ਹੈ। ਚਿੱਚੜੀ ਪਸ਼ੂ ਦੇ ਥਣ ਨੂੰ ਚੰਬੜੀ ਹੁੰਦੀ ਹੈ ਪਰ ਉਹ ਦੁੱਧ ਨਹੀਂ ਪੀਂਦੀ, ਪਸ਼ੂ ਦਾ ਲਹੂ ਹੀ ਪੀਂਦੀ ਹੈ। ਭਾਈ ਸਾਹਿਬ ਮਿਸਾਲਾਂ ਦੇ ਕੇ ਸਮਝਾਉਂਦੇ ਹਨ ਕਿ ਸਾਰੇ ਔਗੁਣ ਮੇਰੇ ਅੰਦਰ ਵੱਸਦੇ ਹਨ ਅਤੇ ਜੇ ਕੋਈ ਮੈਨੂੰ ਗੁਣ ਦੇਣਾ ਚਾਹੇ, ਮੈਂ ਉਸ ਨੂੰ ਵਾਪਸ ਕਰ ਦਿੰਦਾ ਹਾਂ ਅਰਥਾਤ ਮਨਮੁਖ ਦੀ ਬਿਰਤੀ ਇਸ ਤਰ੍ਹਾਂ ਦੀ ਹੁੰਦੀ ਹੈ। ਅਖੀਰਲੀ ਪੰਕਤੀ ਵਿਚ ਕਹਿੰਦੇ ਹਨ, ਲੱਸਣ ਵਿਚੋਂ ਕਸਤੂਰੀ ਦੀ ਖੁਸ਼ਬੋ ਨਹੀਂ ਆ ਸਕਦੀ।
ਇਹ ਲੇਖ ਲਿਖਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਪਰ ਸ਼ਿਵ ਸੈਨਾ ਅਤੇ ਹੋਰ ਹਿੰਦੂਤਵੀ ਅਨਸਰ ਜੋ ਕੁਝ ਮਹਾਰਾਸ਼ਟਰ ਅਤੇ ਬਾਕੀ ਸੂਬਿਆਂ ਵਿਚ ਕਰ ਰਹੇ ਹਨ, ਉਸ ਦੀ ਲਾਗ ਉਹ ਗੁਰੂ ਵਰੋਸਾਈ ਧਰਤੀ ਪੰਜਾਬ ਨੂੰ ਵੀ ਲਾਉਣੀ ਚਾਹੁੰਦੇ ਹਨ। ਅਖਬਾਰਾਂ ਵਿਚ ਖਬਰ ਛਪੀ ਹੈ ਕਿ ਸ਼ਿਵ ਸੈਨਾ ਦੀ ਪੰਜਾਬ ਇਕਾਈ ਨੇ ਲੰਘੇ ਬੁੱਧਵਾਰ ਇਹ ਐਲਾਨ ਕੀਤਾ ਹੈ ਕਿ ਜੋ ਵੀ ਕੋਈ ਫਿਲਮ ਅਦਾਕਾਰ ਆਮਿਰ ਖਾਨ ਨੂੰ ਉਸ ਦੇ Ḕਅਸਹਿਣਸ਼ੀਲਤਾḔ ਪ੍ਰਤੀ ਦਿੱਤੇ ਬਿਆਨ ਲਈ ਥੱਪੜ ਮਾਰੇਗਾ ਤਾਂ ਉਸ ਨੂੰ ਹਰ ਇੱਕ ਥੱਪੜ ਲਈ ਇੱਕ ਲੱਖ ਰੁਪਿਆ ਇਨਾਮ ਦਿੱਤਾ ਜਾਵੇਗਾ। ਆਮਿਰ ਖਾਨ ਆਪਣੀ ਕਿਸੇ ਫਿਲਮ ਦੀ ਸ਼ੂਟਿੰਗ ਸਬੰਧੀ ਲੁਧਿਆਣਾ ਵਿਚ ਐਮ ਬੀ ਡੀ ਰੈਡੀਸਨ ਬਲੂ ਵਿਚ ਠਹਿਰਿਆ ਹੋਇਆ ਸੀ ਤੇ ਸ਼ਿਵ ਸੈਨਾ ਦੇ ਕਾਰਕੁਨ ਇੱਥੇ ਉਸ ਦੇ ਖਿਲਾਫ ਵਿਖਾਵਾ ਕਰ ਰਹੇ ਸੀ। ਉਨ੍ਹਾਂ ਨੇ ਆਮਿਰ ਖਾਨ ਖਿਲਾਫ ਭੱਦੀ ਸ਼ਬਦਾਵਲੀ ਵੀ ਵਰਤੀ ਅਤੇ ਉਸ ਦੀਆਂ ਫੋਟੋਆਂ ਵੀ ਸਾੜੀਆਂ। ਸ਼ਿਵ ਸੈਨਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਰਾਜੀਵ ਟੰਡਨ ਨੇ ਇਹ ਦਾਅਵਾ ਕੀਤਾ ਹੈ ਅਤੇ ਕਿਹਾ ਹੈ, “ਉਹ ਮੈਨੇਜਰ ਅਤੇ ਹੋਟਲ ਦੇ ਕਾਰਿੰਦਿਆਂ, ਉਸ ਦੀ ਫਿਲਮ ਦੇ ਯੂਨਿਟ ਮੈਂਬਰਾਂ ਨੂੰ ਇਹ ਮੌਕਾ ਦਿੰਦਾ ਹੈ ਕਿ ਜੋ ਵੀ ਕੋਈ ਇਹ ਕਰੇਗਾ, ਉਸ ਨੂੰ ਇੱਕ ਥੱਪੜ ਲਈ ਇੱਕ ਲੱਖ ਰੁਪਿਆ ਦਿੱਤਾ ਜਾਵੇਗਾ।”
ਆਮਿਰ ਖਾਨ ਨੇ ਨਵੰਬਰ 2015 ਵਿਚ ਆਪਣੀਆਂ ਭਾਵਨਾਵਾਂ ਅਖਬਾਰ Ḕਇੰਡੀਅਨ ਐਕਸ ਪ੍ਰੈਸḔ ਵਲੋਂ ਆਯੋਜਤ ਇੱਕ ਸਮਾਗਮ ਸਮੇਂ ਭਾਰਤ ਵਿਚ ਵਧ ਰਹੀ Ḕਅਸਹਿਣਸ਼ੀਲਤਾḔ ‘ਤੇ ਪ੍ਰਗਟ ਕੀਤੀਆਂ ਸਨ ਕਿ ਪਿਛਲੇ ਸੱਤ ਅੱਠ ਮਹੀਨੇ ਤੋਂ ਮੁਲਕ ਦਾ ਮਾਹੌਲ ਅਸਹਿਣਸ਼ੀਲ ਹੋ ਗਿਆ ਹੈ ਅਤੇ ਉਸ ਦੀ ਪਤਨੀ ਆਪਣੇ ਲਈ, ਬੱਚੇ ਲਈ ਚਿੰਤਤ ਹੈ ਕਿ ਕੀ ਉਨ੍ਹਾਂ ਨੂੰ ਕਿਧਰੇ ਮੁਲਕ ਤੋਂ ਬਾਹਰ ਚਲੇ ਜਾਣਾ ਚਾਹੀਦਾ ਹੈ।
ਭਾਰਤ ਦੇ ਵਿਗੜ ਰਹੇ ਮਾਹੌਲ ਦੀ ਚਿੰਤਾ ਇਕੱਲੇ ਆਮਿਰ ਖਾਨ ਨੂੰ ਨਹੀਂ ਹੈ, ਇਹ ਹਰ ਦਾਨਿਸ਼ਮੰਦ ਭਾਰਤੀ ਸ਼ਹਿਰੀ ਨੂੰ ਹੈ ਕਿ ਹਿੰਦੂਤਵ ਦੀਆਂ ਮੁੱਦਈ ਧਿਰਾਂ ਮੁਲਕ ਦਾ ਮਾਹੌਲ ਖਰਾਬ ਕਰ ਰਹੀਆਂ ਹਨ ਅਤੇ ਇਹ ਵੀ ਸੋਚਦੀਆਂ ਹਨ ਕਿ ਇਹ ਮਾਹੌਲ ਉਦੋਂ ਤੋਂ ਜ਼ਿਆਦਾ ਖਰਾਬ ਹੋਣ ਲੱਗਾ ਹੈ ਜਦੋਂ ਤੋਂ ਮੋਦੀ ਸਰਕਾਰ ਭਾਵ ਭਾਰਤੀ ਜਨਤਾ ਪਾਰਟੀ ਕੇਂਦਰ ਵਿਚ ਸਤਾ ‘ਤੇ ਕਾਬਜ਼ ਹੋਈ ਹੈ। ਪਿਛਲੇ ਸਮੇਂ ਵਿਚ ਜੋ ਘਟਨਾਵਾਂ ਹੋਈਆਂ ਹਨ, ਉਨ੍ਹਾਂ ਤੋਂ ਸਭ ਹੀ ਫਿਕਰਮੰਦ ਹਨ ਜਿਵੇਂ ਕਿ ਦਾਦਰੀ ਨੇੜੇ ਬਿਸਾਹੜਾ ਪਿੰਡ ਵਿਚ ਅਖਲਾਕ ਨਾਂ ਦੇ ਮੁਸਲਮਾਨ ਨੂੰ ਕੁੱਟ ਕੁੱਟ ਕੇ ਮਾਰ ਦੇਣਾ ਕਿ ਉਸ ਦੇ ਘਰ ਗਊ ਦਾ ਮਾਸ ਬਣਿਆ ਹੈ; ਸੁਧੇਂਦਰ ਕੁਲਕਰਨੀ ਦੇ ਮੂੰਹ ‘ਤੇ ਕਾਲਾ ਰੰਗ ਫੇਰਨਾ ਆਦਿ।
ਖਬਰਾਂ ਅਨੁਸਾਰ ਕੰਨੜ ਵਿਦਵਾਨ ਕਲਬੁਰਗੀ ਦੀ ਹੱਤਿਆ ਦੇ ਸਬੰਧ ਵਿਚ ਪੁਲਿਸ ਵਲੋਂ ਹਿੰਦੂ ਜਥੇਬੰਦੀਆਂ ਦੇ ਗਰਮ ਖਿਆਲੀਆਂ ਦੀ ਸ਼ੱਕੀ ਭੂਮਿਕਾ ‘ਤੇ ਜਾਂਚ ਕੀਤੀ ਜਾ ਰਹੀ ਸੀ। ਮਹਾਰਾਸ਼ਟਰ ਦੇ ਦੋ ਤਰਕਸ਼ੀਲ ਆਗੂਆਂ ਨਰੇਂਦਰ ਦਾਭੋਲਕਰ ਤੇ ਗੋਬਿੰਦ ਪਨਸਾਰੇ ਦਾ ਕਤਲ ਹਿੰਦੂ ਕੱਟੜਪੰਥੀਆਂ ਵਲੋਂ ਕੀਤਾ ਗਿਆ। ਫਰੀਦਾਬਾਦ ਵਿਚ ਦਲਿਤ ਪਰਿਵਾਰ ਨੂੰ ਅੱਗ ਲਾ ਦਿੱਤੀ ਗਈ ਜਿਸ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ। ਅਖਬਾਰੀ ਅੰਕੜਿਆਂ ਅਨੁਸਾਰ ਸਾਲ 2015 ਦੇ ਪਹਿਲੇ ਛੇ ਮਹੀਨਿਆਂ ਵਿਚ ਦੰਗਿਆਂ ਦੀਆਂ 330 ਘਟਨਾਵਾਂ ਹੋਈਆਂ ਜਿਨ੍ਹਾਂ ਵਿਚ 51 ਬੰਦਿਆਂ ਦੀ ਮੌਤ ਹੋ ਗਈ ਅਤੇ 1092 ਬੰਦੇ ਜ਼ਖਮੀ ਹੋਏ। ਇਨ੍ਹਾਂ ਸਭ ਘਟਨਾਵਾਂ ਦੇ ਰੋਸ ਵਿਚ ਮੁਲਕ ਭਰ ਦੇ ਲੇਖਕਾਂ, ਬੁੱਧੀਜੀਵੀਆਂ ਵਲੋਂ ਸਾਹਿਤ ਅਕਾਦਮੀ ਦੇ ਪੁਰਸਕਾਰ ਅਤੇ ਹੋਰ ਸਰਕਾਰੀ ਮਾਨ-ਸਨਮਾਨ ਵਾਪਸ ਕਰਨ ਦਾ ਸਿਲਸਿਲਾ ਵੱਡੀ ਪੱਧਰ ‘ਤੇ ਚੱਲਿਆ। ਆਮਿਰ ਖਾਨ ਨੇ ਵੀ ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਭਾਰਤ ਦਾ ਮਾਹੌਲ Ḕਅਸਹਿਣਸ਼ੀਲḔ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਹੁਣ ਤੱਕ ਜਿੰਨੇ ਵੀ ਸਾਹਿਤਕਾਰਾਂ, ਕਲਾਕਾਰਾਂ, ਬੁੱਧੀਜੀਵੀਆਂ ਜਾਂ ਹੋਰ ਹਸਤੀਆਂ ਨੇ ਆਪਣੇ ਮਾਨ-ਸਨਮਾਨ ਵਾਪਸ ਕੀਤੇ ਹਨ, ਸਭ ਨੇ ਹੀ ਇਸ ਰੋਸ ਵਜੋਂ ਕੀਤੇ ਹਨ। ਇਸ ਦੀ ਪਹਿਲ ਹਿੰਦੀ ਕਹਾਣੀਕਾਰ ਉਦੈ ਪ੍ਰਕਾਸ਼ ਨੇ ਸਾਹਿਤ ਅਕਾਦਮੀ ਦਾ ਪੁਰਸਕਾਰ ਮੋੜ ਕੇ ਕੀਤੀ।
ਨੈਣ ਤਾਰਾ ਸਹਿਗਲ ਨੇ ਆਪਣਾ ਸਨਮਾਨ ਮੋੜਦੇ ਸਮੇਂ ਕਿਹਾ ਹੈ ਕਿ ਉਹ ਵਿਰੋਧੀ ਵਿਚਾਰ ਰੱਖਣ ਖਿਲਾਫ ਵਧ ਰਹੀ ਅਸਹਿਣਸ਼ੀਲਤਾ ਤੇ Ḕਦਹਿਸ਼ਤ ਦੇ ਰਾਜḔ ਖਿਲਾਫ ਪ੍ਰਧਾਨ ਮੰਤਰੀ ਦੀ ਚੁੱਪ ਦੇ ਰੋਸ ਵਜੋਂ ਆਪਣਾ ਸਨਮਾਨ ਵਾਪਸ ਕਰ ਰਹੀ ਹੈ। ਇਸੇ ਤਰ੍ਹਾਂ ਬੂਟਾ ਸਿੰਘ ਵਲੋਂ ਅਰੁੰਧਤੀ ਰਾਏ ਦੀ ਲਿਖਤ ਦਾ ਅਨੁਵਾਦ ਛਪਿਆ ਹੈ ਜੋ ਅਸਹਿਣਸ਼ੀਲਤਾ ਤੋਂ ਵੀ ਅੱਗੇ ਦੀ ਗੱਲ ਕਰਦਾ ਹੈ। ਉਹ ਕਹਿੰਦੀ ਹੈ ਕਿ ਪਹਿਲੀ ਗੱਲ ਕੁੱਟ ਕੁੱਟ ਕੇ ਮਾਰ ਦੇਣ, ਜਿਉਂਦਾ ਜਲਾ ਦੇਣ, ਗੋਲੀਆਂ ਨਾਲ ਭੁੰਨ ਦੇਣ ਜਾਂ ਕਤਲੇਆਮ ਲਈ Ḕਅਸਹਿਣਸ਼ੀਲਤਾḔ ਲਫਜ਼ ਇਸਤੇਮਾਲ ਕਰਨਾ ਸਹੀ ਨਹੀਂ ਹੈ। ਦੂਜੀ ਗੱਲ, ਸਾਨੂੰ ਪਹਿਲਾਂ ਹੀ ਇਹ ਭਿਣਕ ਸੀ, ਕੀ ਹੋਣ ਜਾ ਰਿਹਾ ਹੈ। ਲਿਹਾਜ਼ਾ, ਮੈਂ ਇਹ ਦਾਅਵਾ ਨਹੀਂ ਕਰ ਸਕਦੀ ਕਿ ਇਸ ਸਰਕਾਰ ਦੇ ਪੂਰੇ ਜੋਸ਼-ਓ-ਖਰੋਸ਼ ਨਾਲ ਭਾਰੀ ਬਹੁ ਮੱਤ ਲੈ ਕੇ ਸੱਤਾਧਾਰੀ ਹੋਣ ਤੋਂ ਬਾਅਦ ਜੋ ਕੁਝ ਵੀ ਹੋ ਰਿਹਾ ਹੈ, ਉਸ ਨੂੰ ਵੇਖ ਕੇ ਮੈਂ ਹੈਰਾਨ ਪ੍ਰੇਸ਼ਾਨ ਹਾਂ। ਤੀਜੀ ਗੱਲ, ਇਹ ਖੌਫਨਾਕ ਕਤਲ ਬਹੁਤ ਹੀ ਡੂੰਘੀ ਮਰਜ਼ ਦੀਆਂ ਮਹਿਜ਼ ਬਾਹਰੀ ਅਲਾਮਤਾਂ ਹਨ। ਜ਼ਿੰਦਗੀ ਜਿਉਣਾ ਹੀ ਨਰਕ ਬਣਾ ਦਿੱਤਾ ਗਿਆ ਹੈ। ਸਮੁੱਚੀ ਵੱਸੋਂ (ਕਰੋੜਾਂ ਦਲਿਤ, ਆਦਿਵਾਸੀ, ਮੁਸਲਮਾਨ ਤੇ ਈਸਾਈ) ਖੌਫ ਦੇ ਸਾਏ ਹੇਠ ਜਿਉਣ ਲਈ ਮਜ਼ਬੂਰ ਹਨ। ਕਦੋਂ ਅਤੇ ਕਿਥੇ ਹਮਲਾ ਹੋ ਜਾਵੇ, ਪਤਾ ਨਹੀਂ!
ਜਸਵੰਤ ਸਿੰਘ ਸ਼ਾਦ ਦੇ ਲੇਖ ਅਨੁਸਾਰ ਪੰਜਾਬ ਦੇ ਸਾਬਕਾ ਡੀæਜੀæਪੀæ ਜੂਲੀਓ ਰਿਬੇਰੋ ਨੇ ਵੀ ਇਹ ਖਦਸ਼ਾ ਪ੍ਰਗਟ ਕੀਤਾ ਹੈ, “ਮੋਦੀ ਸਰਕਾਰ ਬਣਨ ਤੋਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਰਹਿ ਰਹੀਆਂ ਘੱਟ ਗਿਣਤੀਆਂ ਉਪਰ ਫਿਰਕੂ ਹਮਲੇ ਵਧ ਗਏ ਹਨ, ਇਕ ਇਸਾਈ ਹੋਣ ਦੇ ਨਾਤੇ ਮੈਂ ਅੱਜ ਆਪਣੇ ਦੇਸ Ḕਚ ਅਜਨਬੀ ਤੇ ਡਰਿਆ ਹੋਇਆ ਮਹਿਸੂਸ ਕਰਦਾ ਹਾਂ।” ਇਹੀ ਨਹੀਂ, 94 ਬੰਗਾਲੀ ਲੇਖਕਾਂ ਤੇ ਬੁੱਧੀਜੀਵੀਆਂ ਨੇ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੂੰ ਪੱਤਰ ਲਿਖ ਕੇ ਦਾਦਰੀ ਹੱਤਿਆਕਾਂਡ ਤੇ ਤਰਕਸ਼ੀਲਾਂ ਉਤੇ ਹਮਲਿਆਂ ਦੇ ਮਾਮਲੇ ਵਿਚ ਦਖਲ ਦੇਣ ਲਈ ਕਿਹਾ। ਰਾਸ਼ਟਰਪਤੀ ਨੇ 19 ਅਕਤੂਬਰ ਨੂੰ ਆਪਣੇ ਜੱਦੀ ਕਸਬੇ ਸੂਰੀ ਵਿਚ ਇੱਕ ਸਮਾਗਮ ਦੌਰਾਨ ਇਹ ਸਵਾਲ ਉਠਾਇਆ, “ਕੀ ਮੁਲਕ ਵਿਚ ਵਿਰੋਧੀ ਵਿਚਾਰ ਸਹਿਣ ਦੀ ਸ਼ਕਤੀ ਮੁੱਕ ਗਈ ਹੈ?”
ਰਾਜੀਵ ਟੰਡਨ ਨੂੰ ਇਹ ਪੁੱਛਣਾ ਬਣਦਾ ਹੈ ਕਿ Ḕਅਸਹਿਣਸ਼ੀਲਤਾḔ ਹੋਰ ਕਿਸ ਨੂੰ ਕਹਿੰਦੇ ਹਨ? ਪਾਕਿਸਤਾਨ ਦਾ ਨਾਮਵਰ ਗਾਇਕ ਗੁਲਾਮ ਅਲੀ ਪਹਿਲਾਂ ਕਈ ਵਾਰ ਭਾਰਤ ਵਿਚ ਸਮੇਤ ਮੁੰਬਈ ਦੇ ਆਪਣੇ ਪ੍ਰੋਗਰਾਮ ਦੇ ਚੁੱਕਾ ਹੈ। ਉਸ ਨੇ ਸਵਰਗੀ ਜਗਜੀਤ ਸਿੰਘ ਦੀ ਚੌਥੀ ਵਰਸੀ ‘ਤੇ ਸਮਾਗਮ ਵਿਚ ਸ਼ਾਮਲ ਹੋਣ ਆਉਣਾ ਸੀ। ਗੁਲਾਮ ਅਲੀ ਤੇ ਜਗਜੀਤ ਸਿੰਘ ਨਿੱਘੇ ਦੋਸਤੀ ਸਨ। ਸ਼ਿਵ ਸੈਨਾ ਨੇ ਸਵਰਗੀ ਗਜ਼ਲਗੋ ਜਗਜੀਤ ਸਿੰਘ ਦੀ ਵਰਸੀ ‘ਤੇ ਗੁਲਾਮ ਅਲੀ ਨੂੰ ਮੁੰਬਈ ਆਉਣ ਤੋਂ ਰੋਕਿਆ।
ਦੋ ਪਾਕਿਸਤਾਨੀ ਕਲਾਕਾਰਾਂ ਫਵਾਦ ਖਾਨ ਅਤੇ ਮਾਹਿਰਾ ਖਾਨ ਦੀਆਂ ਹਿੰਦੀ ਵਿਚ ਫਿਲਮਾਂ ਬਣੀਆਂ ਹਨ ਅਤੇ ਸ਼ਿਵ ਸੈਨਾ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਫਿਲਮਾਂ ਮਹਾਂਰਾਸ਼ਟਰ ਵਿਚ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਅਤੇ ਨਾ ਹੀ ਇਨ੍ਹਾਂ ਅਦਾਕਾਰਾਂ ਨੂੰ ਸੂਬੇ ਵਿਚ ਪ੍ਰਚਾਰ ਕਰਨ ਦੇਣਗੇ। ਜੇ ਰਾਜਪਾਲ ਵਰਗੇ ਅਹੁਦੇ ‘ਤੇ ਬੈਠਾ ਬੰਦਾ ਇਹ ਬਿਆਨ ਦੇ ਰਿਹਾ ਹੈ ਕਿ Ḕਹਿੰਦੁਸਤਾਨ ਹਿੰਦੂਆਂ ਲਈ ਹੈḔ ਅਤੇ Ḕਭਾਰਤ ਵਿਚ ਮੁਸਲਮਾਨ ਕਿਤੇ ਵੀ ਜਾਣ ਨੂੰ ਆਜ਼ਾਦ ਹਨḔ ਤਾਂ ਕੀ ਇਹ Ḕਅਸਹਿਣਸ਼ੀਲਤਾḔ ਨਹੀਂ ਹੈ?
ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ, ਇਨਫੋਸਿਸ ਦੇ ਬਾਨੀ ਐਨæ ਆਰæ ਨਰਾਇਣਮੂਰਤੀ ਵਰਗੇ ਕਾਰੋਬਾਰੀ ਆਗੂ ਦੇਸ਼ ਵਿਚ ਵਧ ਰਹੀ ਅਸਹਿਣਸ਼ੀਲਤਾ ਖਿਲਾਫ ਬਿਆਨ ਦੇ ਚੁੱਕੇ ਹਨ। ਬਿਹਾਰ ਵਿਚ ਭਾਰਤੀ ਜਨਤਾ ਪਾਰਟੀ ਦੀ ਹਾਰ ਨੂੰ ਸਭ ਨੇ ਇਸੇ ਰੌਂ ਵਿਚ ਆਂਕਿਆ ਹੈ ਕਿ ਬਿਹਾਰ ਦੀ ਜਨਤਾ ਨੇ ਸਮਾਜ ਵਿਚ ਵੰਡੀਆਂ ਪਾਉਣ ਵਾਲੀਆਂ ਅਤੇ ਅਸਹਿਣਸ਼ੀਲ ਤਾਕਤਾਂ ਨੂੰ ਹਰਾਇਆ ਹੈ।
ਆਮਿਰ ਖਾਨ ਇਕ ਕਲਾਕਾਰ ਹੈ, ਅਦਾਕਾਰ ਹੈ ਅਤੇ ਹਿੰਦੁਸਤਾਨੀ ਸ਼ਹਿਰੀ ਹੈ। ਹਰ ਸ਼ਹਿਰੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਸੰਵਿਧਾਨਕ ਹੱਕ ਹੈ, ਭਾਰਤ ਟੰਡਨ ਵਰਗਿਆਂ ਦੀ ਇਜ਼ਾਰੇਦਾਰੀ ਨਹੀਂ ਹੈ। ਆਮਿਰ ਖਾਨ ਅਦਾਕਾਰ ਹੋਣ ਦੇ ਨਾਲ ਨਾਲ ਇਕ ਬਹੁਤ ਹੀ ਸੰਵੇਦਨਸ਼ੀਲ ਸ਼ਹਿਰੀ ਵੀ ਹੈ। ਪਿਛਲੇ ਸਮੇਂ ਵਿਚ ਉਸ ਦਾ Ḕਟਾਕ ਸ਼ੋḔ Ḕਸਤਿਅ ਮੇਵ ਜੈਯਤੇḔ ਸਟਾਰ ਨੈਟਵਰਕ ਦੇ ਸਾਰੇ ਚੈਨਲਾਂ ‘ਤੇ ਅਤੇ ਦੂਰ ਦਰਸ਼ਨ ‘ਤੇ ਇਕੱਠਿਆਂ ਟੈਲੀਕਾਸਟ ਹੁੰਦਾ ਰਿਹਾ ਹੈ ਜਿਸ ਦਾ ਮਾਟੋ ਸੀ Ḕਮੁਮਕਿਨ ਹੈḔ ਅਤੇ ਇਸ ਸ਼ੋਅ ਵਿਚ ਸੰਵੇਦਨਸ਼ੀਲ ਵਿਸ਼ਿਆਂ ‘ਤੇ ਉਸ ਦੀਆਂ ਅੱਖਾਂ ਵਿਚਲੇ ਹੰਝੂ ਸਾਫ ਨਜ਼ਰ ਆਉਂਦੇ ਹਨ। ਇਹ ਸ਼ੋਅ ਮੁੱਖ ਤੌਰ ‘ਤੇ ਹਿੰਦੀ ਵਿਚ ਹੋਣ ਦੇ ਨਾਲ ਨਾਲ ਅੱਠ ਪ੍ਰਾਂਤਕ ਬੋਲੀਆਂ ਜਿਵੇਂ ਬੰਗਾਲੀ, ਮਲਿਆਲਮ, ਤੈਲਗੂ, ਤਾਮਿਲ, ਮਰਾਠੀ, ਗੁਜਰਾਤੀ ਆਦਿ ਵਿਚ ਇੱਕੋ ਸਮੇਂ ਰੀਲੇ ਹੁੰਦਾ ਰਿਹਾ ਹੈ।
ਇਹ ਸ਼ੋਅ ਸਮਾਜ ਦੇ ਬਹੁਤ ਹੀ ਸੰਵੇਦਨਸ਼ੀਲ ਵਿਸ਼ਿਆਂ ਜਿਵੇਂ ਬੁਢਾਪਾ, ਗਰਭ ਵਿਚ ਕੁੜੀਆਂ ਨੂੰ ਮਾਰਨਾ, ਇੱਜ਼ਤ ਖਾਤਰ ਖੂਨ, ਬਲਾਤਕਾਰ, ਸੜਕਾਂ ਹਾਦਸਿਆਂ, ਪਾਣੀ ਦੀ ਸਮੱਸਿਆ, ਸ਼ਰਾਬਨੋਸ਼ੀ ਨੂੰ ਹਟਾਉਣ ਲਈ ਸਹਾਇਤਾ, ਮਾਨਸਿਕ ਤੌਰ ‘ਤੇ ਪਿੱਛੇ ਰਹਿ ਗਏ ਲੋਕਾਂ ਦੀ ਸਹਾਇਤਾ, ਘਰੇਲੂ ਹਿੰਸਾ, ਬੱਚਿਆਂ ਦਾ ਸੈਕਸੁਅਲ ਸੋਸ਼ਣ, ਰਾਜਨੀਤੀ ਦਾ ਅਪਰਾਧੀਕਰਨ, ਛੂਆ ਛੂਤ ਆਦਿ ਨਾਲ ਸਬੰਧਤ ਸੀ, ਜਿਸ ਦਾ ਮਕਸਦ ਸਮਾਜ ਵਿਚ ਇਨ੍ਹਾਂ ਸਮੱਸਿਆਵਾਂ ਪ੍ਰਤੀ ਚੇਤਨਾ ਪੈਦਾ ਕਰਨਾ ਸੀ। ਇਸ ਸ਼ੋ ਵਿਚ ਸਬੰਧਤ ਵਿਸ਼ਿਆਂ ਨਾਲ ਉਨ੍ਹਾਂ ਲੋਕਾਂ ਦੀਆਂ ਪ੍ਰਾਪਤੀਆਂ ਨੂੰ ਵੀ ਅੱਗੇ ਲਿਆਂਦਾ ਗਿਆ ਜਿਹੜੇ ਬਹੁਤੀ ਵਾਰ ਅਣਗੌਲੇ ਰਹਿ ਜਾਂਦੇ ਹਨ ਤਾਂ ਕਿ ਦੇਖਣ ਵਾਲਿਆਂ ਨੂੰ ਆਪਣਾ ਟੀਚਾ ਪ੍ਰਾਪਤ ਕਰਨ ਵਿਚ ਹੌਸਲਾ ਮਿਲ ਸਕੇ। ਇਸ ਦਾ ਮਕਸਦ ਆਮ ਸ਼ਹਿਰੀਆਂ ਨੂੰ ਆਪਣੇ ਦੇਸ਼ ਪ੍ਰਤੀ ਕਾਨੂੰਨੀ ਅਤੇ ਹੋਰ ਸਬੰਧਤ ਜਾਣਕਾਰੀ ਦੇ ਕੇ ਸ਼ਕਤੀਸ਼ਾਲੀ ਬਣਾਉਣਾ ਅਤੇ ਕਾਰਜ ਕਰਨ ਲਈ ਪ੍ਰੇਰਨਾ ਵੀ ਸੀ। ਇਸ ਟਾਕ ਸ਼ੋਅ ਲੜੀ ਤੋਂ ਬਾਅਦ ਕਈ ਗੱਲਾਂ ਵਿਚ ਤਬਦੀਲੀ ਵੀ ਆਈ। ਸਬੰਧਤ ਐਨæਜੀæਓæ ਨੂੰ ਕਰੋੜਾਂ ਰੁਪਿਆ ਇਕੱਠਾ ਹੋਇਆ ਅਤੇ ਬਹੁਤ ਸਲਾਹਣਾ ਹੋਈ।
ਆਮਿਰ ਖਾਨ ਮੌਲਾਨਾ ਅਬੁੱਲ ਕਲਾਮ ਆਜ਼ਾਦ ਦੇ ਖਾਨਦਾਨ ਵਿਚੋਂ ਹੈ ਜੋ ਵੱਡਾ ਵਿਦਵਾਨ ਸੀ ਅਤੇ ਕਈ ਬੋਲੀਆਂ ਜਾਣਦਾ ਸੀ। ਪੱਤਰਕਾਰ ਹੋਣ ਨਾਤੇ ਉਹ ਲਗਾਤਾਰ ਅੰਗਰੇਜ਼ਾਂ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਲਿਖਦਾ ਰਿਹਾ ਜਿਸ ਕਰਕੇ ਉਸ ਨੂੰ ਕਲਕੱਤੇ ਤੋਂ ਬਾਹਰ ਕੱਢਣ ਦਾ ਫੈਸਲਾ ਸਰਕਾਰ ਨੇ ਕੀਤਾ। ਜੇਲ੍ਹ ਅਤੇ ਹਾਊਸ-ਅਰੈਸਟ ਦੇ ਬਾਵਜੂਦ ਉਸ ਨੇ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੀ ਵਿਰੋਧਤਾ ਨਹੀਂ ਛੱਡੀ। ਮੁਸਲਿਮ ਹੋਣ ਦੇ ਬਾਵਜੂਦ ਉਹ ਜਿਨਾਹ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਰਿਹਾ। ਉਸ ਨੂੰ ਦੋ ਵਾਰ 1923 ਤੇ 1940 ਵਿਚ ਕਾਂਗਰਸ ਦਾ ਪ੍ਰਧਾਨ ਵੀ ਚੁਣਿਆ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਉਸ ਨੂੰ ਪਹਿਲਾ ਸਿੱਖਿਆ ਮੰਤਰੀ ਬਣਾਇਆ ਗਿਆ ਮੌਤ ਉਪਰੰਤ ਉਸ ਨੂੰ ਭਾਰਤ ਰਤਨ ਦੇ ਖਿਤਾਬ ਨਾਲ ਵੀ ਨਿਵਾਜਿਆ ਗਿਆ।
ਰਹੀ ਗੱਲ ਸ਼ਿਵ ਸੈਨਾ ਕਾਰਕੁਨ ਟੰਡਨ ਦੀ, ਉਸ ਦੇ ਪੁਰਖਿਆਂ ਨੇ ਆਜ਼ਾਦੀ ਦੀ ਲੜਾਈ ਵਿਚ ਕਿੰਨਾ ਕੁ ਹਿੱਸਾ ਪਾਇਆ ਹੈ? ਸ਼ਿਵ ਸੈਨਾ ਦੇ ਕਾਰਕੁਨਾਂ ਨੇ ਇੱਕ ਜਾਂ ਦੂਜੇ ਮਸਲੇ ‘ਤੇ ਖੜਦੁੱਲ ਪਾਉਣ ਤੋਂ ਬਿਨਾਂ ਮੁਲਕ ਲਈ ਹੋਰ ਕੀ ਕੀਤਾ ਹੈ? ਸੋਸ਼ਲ ਮੀਡੀਆ ‘ਤੇ ਨਸ਼ਰ ਹੋਈ ਇੱਕ ਇੰਟਰਵਿਊ ਵਿਚ ਆਮਿਰ ਖਾਨ ਨੇ ਕਿਹਾ ਹੈ ਕਿ ਉਸ ਨੂੰ ਭਾਰਤੀ ਹੋਣ ‘ਤੇ ਮਾਣ ਹੈ ਅਤੇ ਉਹ ਭਾਰਤ ਛੱਡ ਕੇ ਕਿਧਰੇ ਨਹੀਂ ਜਾਵੇਗਾ। ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਆਪਣੇ ਪ੍ਰਗਟ ਕੀਤੇ ਵਿਚਾਰਾਂ ਨਾਲ ਹੁਣ ਵੀ ਸਹਿਮਤ ਹੈ, ਪਿੱਛੇ ਨਹੀਂ ਹਟਿਆ।