ਸ਼ਮਸ਼ੇਰ ਸਿੰਘ ਸੋਹੀ
ਫੋਨ: 91-98764-74671
ਪੰਜਾਬੀ ਸਰੋਤਿਆਂ ਦੇ ਦਿਲਾਂ ‘ਤੇ ਲੰਮਾ ਸਮਾਂ ਰਾਜ ਕਰਨ ਵਾਲੀ ਪ੍ਰਸਿਧ ਗਾਇਕਾ ਜਗਮੋਹਣ ਕੌਰ, ਜਿਸ ਨੂੰ ਕੇæ ਦੀਪ ਗੀਤਾਂ ਵਿਚ Ḕਮਾਈ ਮੋਹਣੋḔ ਕਹਿ ਕੇ ਪੁਕਾਰਦਾ ਸੀ, ਦਾ ਜਨਮ 16 ਅਪਰੈਲ 1948 ਵਿਚ ਜ਼ਿਲ੍ਹਾ ਰੋਪੜ ਦੇ ਪਿੰਡ ਬੂਰਮਾਜਰਾ ਵਿਚ ਪਿਤਾ ਸ਼ ਗੁਰਬਚਨ ਸਿੰਘ ਦੇ ਘਰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਹੋਇਆ|
ਪੜ੍ਹਾਈ ਪੂਰੀ ਕਰਨ ਉਪਰੰਤ ਜਗਮੋਹਣ ਕੌਰ ਸਕੂਲ ਵਿਚ ਅਧਿਆਪਕ ਵੀ ਲੱਗੀ| ਉਸ ਨੇ ਮਹਾਨ ਸੰਗੀਤਕਾਰ ਐਸ਼ ਮਹਿੰਦਰ ਕੋਲੋਂ ਗਾਇਕੀ ਦੀ ਤਾਲੀਮ ਹਾਸਲ ਕੀਤੀ| ਆਪਣੇ ਪਹਿਲੇ ਸਟੇਜੀ ਗੀਤ Ḕਪਹਿਲਾਂ ਜੰਗ ਜਿੱਤ ਕੇ ਆḔ ਨਾਲ ਗਾਇਕੀ ਦੀ ਸ਼ੁਰੂਆਤ ਕਰਨ ਵਾਲੀ ਜਗਮੋਹਣ ਕੌਰ ਦਾ ਜਦੋਂ ਕੇæ ਦੀਪ ਨਾਲ ਮੇਲ ਹੋਇਆ ਤਾਂ 2 ਫਰਵਰੀ 1969 ਨੂੰ ਇਹ ਜੋੜੀ ਵਿਆਹ ਬੰਧਨ ਵਿਚ ਬੱਝ ਗਈ| ਇਸ ਜੋੜੀ ਦੇ ਘਰ ਧੀ ਗੁਰਪ੍ਰੀਤ ਕੌਰ (ਬਿੱਲੀ) ਤੇ ਪੁੱਤਰ ਰਾਜੇ ਨੇ ਜਨਮ ਲਿਆ|
ਪੰਜਾਬੀ ਗੀਤਾਂ ਵਿਚ ਕਾਮੇਡੀ ਨੂੰ ਜਗਮੋਹਣ ਕੌਰ ਅਤੇ ਕੇæ ਦੀਪ (ਕੁਲਦੀਪ ਸਿੰਘ) ਨੇ ਹੀ ਲਿਆਂਦਾ| ਮਾਈ ਮੋਹਣੋ ਤੇ ਪੋਸਤੀ ਦੇ ਪਾਤਰ ਸਿਰਜ ਕੇ ਇਸ ਜੋੜੀ ਨੇ ਪੰਜਾਬੀ ਪੇਂਡੂ ਲੋਕਾਂ ਦੇ ਦਿਲਾਂ ‘ਤੇ ਲੰਮਾ ਸਮਾਂ ਰਾਜ ਕੀਤਾ| ਜਗਮੋਹਣ ਕੌਰ ਨੂੰ ਕੇæ ਦੀਪ ਵੱਲੋਂ ਸਟੇਜੀ ਪ੍ਰੋਗਰਾਮਾਂ ਤੇ ਰੁਮਾਂਟਿਕ ਅੰਦਾਜ਼ ਵਿਚ Ḕਮਾਈ ਮੋਹਣੋḔ ਕਹਿ ਕੇ ਬਲਾਉਣਾ, ਸਾਰੀ ਦੁਨੀਆਂ ਵਿਚ ਜਗਮੋਹਣ ਕੌਰ ਦੇ ਨਾਂ ਨੂੰ ਅਮਰ ਕਰ ਗਿਆ|
ਕੇæ ਦੀਪ ਤੇ ਜਗਮੋਹਣ ਕੌਰ ਦੀ ਆਵਾਜ਼ ਵਿਚ ਪਹਿਲਾ ਦੋਗਾਣਾ Ḕਮੇਰੀ ਗੱਲ ਸੁਣੋ ਸਰਦਾਰ ਜੀḔ ਰਿਕਾਰਡ ਹੋਇਆ| ਇਸ ਜੋੜੀ ਦੀ ਆਵਾਜ਼ ਵਿਚ ਰਿਕਾਰਡ ਪੋਸਤੀ ਦੁਬਈ ‘ਚ, ਪੋਸਤੀ ਕੈਨੇਡਾ ‘ਚ, ਪੋਸਤੀ ਅਮਰੀਕਾ ‘ਚ, ਪੋਸਤੀ ਲੰਡਨ ‘ਚ, ਪੋਸਤੀ ਮੇਮਾਂ ‘ਚ, ਪੋਸਤੀ ਕਬਰਾਂ ‘ਚ, ਪੋਸਤੀ ਥਾਣੇ ‘ਚ, ਇਸ਼ਕ ਤਮਾਸ਼ਾ, ਨਵੇਂ ਪੁਆੜੇ ਪੈ ਗਏ, ਹਾਕ ਮਾਰੀ ਮਿੱਤਰਾਂ ਨੇ, ਆਓ ਨੱਚੀਏ, ਅੱਖ ਲੜ ਗਈ, ਕਿਸ਼ਤਾਂ ਵਿਚ ਵਿਆਹ, ਫਿਲਮੀ ਸਿਤਾਰੋਂ ਕੇ ਰੰਗ, ਅਮਰੀਕਾ ਦੀ ਸ਼ਾਮ-ਪੰਜਾਬੀਆਂ ਦੇ ਨਾਮ, ਅੱਜ ਵੀ ਸਰੋਤੇ ਪਸੰਦ ਕਰਦੇ ਹਨ|
ਜਗਮੋਹਣ ਕੌਰ ਨੇ ਵਿਦੇਸ਼ਾਂ ਵਿਚ ਵੀ ਪ੍ਰੋਗਰਾਮ ਕੀਤੇ| ਉਹ ਪੰਜਾਬ ਦੀ ਪਹਿਲੀ ਗਾਇਕਾ ਸੀ ਜਿਸ ਦੀ ਬੀæਬੀæਸੀæ ਲੰਡਨ ਵੱਲੋਂ ਲਾਈਵ ਵੀਡੀਓ ਰਿਕਾਰਡ ਕੀਤੀ ਗਈ| ਕੇæ ਦੀਪ ਤੋਂ ਇਲਾਵਾ ਜਗਮੋਹਣ ਕੌਰ ਨੇ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਕਰਨੈਲ ਗਿੱਲ, ਰੰਗਾ ਸਿੰਘ ਮਾਨ, ਹਰਜੀਤ ਗਿੱਲ, ਤਰਸੇਮ ਮਾਨ ਨਾਲ ਵੀ ਗੀਤ ਰਿਕਾਰਡ ਕਰਵਾਏ| ਇਸ ਜੋੜੀ ਦੇ ਕਾਮੇਡੀ ਭਰਪੂਰ ਗੀਤ ਡਾਕਟਰ ਦੀ ਦਵਾਈ ਦਾ ਕੰਮ ਕਰ ਜਾਂਦੇ ਸਨ| ਕੇæ ਦੀਪ ਵੱਲੋਂ ਗੀਤਾਂ ਵਿਚ ਮੂੰਹ ਨਾਲ ਸਾਜ ਵਜਾਉਣਾ ਤੇ ਜਗਮੋਹਣ ਦਾ ਬੁਲੰਦ ਆਵਾਜ਼ ਵਿਚ ਗਾਉਣਾ, ਇਸ ਜੋੜੀ ਦੇ ਕਾਮੇਡੀ ਭਰਪੂਰ ਗੀਤਾਂ ਦੇ ਹਿੱਟ ਹੋਣ ਦਾ ਵੱਡਾ ਕਾਰਨ ਸੀ| ਪੰਜਾਬੀ ਸਰੋਤਿਆਂ ਦਾ ਪਿਆਰ ਤਾਂ ਇਸ ਜੋੜੀ ਨੂੰ ਮਿਲਿਆ ਹੀ, ਕਈ ਸਨਮਾਨ ਵੀ ਮਿਲੇ।
ਜਗਮੋਹਣ ਕੌਰ ਨੇ ਅਮਰ ਸਿੰਘ ਚਮਕੀਲਾ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਬਾਬਾ ਬੱਲ੍ਹੇ ਸ਼ਾਹ, ਪ੍ਰੋæ ਮੋਹਨ ਸਿੰਘ, ਦੇਵ ਥਰੀਕੇਵਾਲਾ, ਜਸਵੰਤ ਸੰਦੀਲਾ, ਇੰਦਰਜੀਤ ਹਸਨਪੁਰੀ, ਸ਼ਮਸ਼ੇਰ ਸੰਧੂ, ਬਾਬੂ ਸਿੰਘ ਮਾਨ, ਚਮਨ ਲਾਲ ਸ਼ੁਗਲ, ਸਨਮੁੱਖ ਸਿੰਘ ਅਜ਼ਾਦ, ਹਾਕਮ ਬਖਤੜੀਵਾਲਾ, ਭਿੰਦਰ ਡੱਬਵਾਲੀ, ਚੰਨ ਗੁਰਾਇਆਂ ਵਾਲਾ, ਪ੍ਰੀਤਮ ਬਾਲਾ, ਚੰਨ ਜੰਡਿਆਲਵੀ, ਸਾਜਨ ਰਾਏਕੋਟੀ, ਚਤਰ ਸਿੰਘ ਪਰਵਾਨਾ, ਗੁਰਭਜਨ ਗਿੱਲ, ਗੁਰਦੇਵ ਸਿੰਘ ਮਾਨ, ਜਸਵੀਰ ਢਿੱਲੋਂ ਤੇ ਕਈ ਹੋਰ ਸਿਰਮੌਰ ਗੀਤਕਾਰਾਂ ਦੇ ਗੀਤ ਗਾਏ|
ਜਗਮੋਹਣ ਕੌਰ ਦੇ ਗਾਏ ਸੋਲੋ ਗੀਤ ਤੇ ਦੋਗਾਣੇ Ḕਬਾਬੂ ਵੇ ਅੱਡ ਹੁੰਨੀ ਆਂ, ਆ ਜਾ ਨੀ ਆ ਜਾ ਪਰਦੇਸਣੇਂ, ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ, ਹਾਲੇ ਦੁੱਧ ਨੂੰ ਜਾਗ ਨਹੀਂ ਲਾਇਆ, ਯਾਦ ਤੇਰੀ ਆਵੇ ਸੱਜਣਾਂ ਵੇ ਮੈਂ ਚਰਖੇ ਤੰਦ ਪਾਵਾਂ, ਲੱਗ ਗਈ ਨਜ਼ਰ ਪੰਜਾਬ ਨੂੰ, ਕਾਂਵਾਂ ਵੇ ਸੁਣ ਕਾਂਵਾਂ ਕਿੱਥੇ ਮੱਲੀਆਂ ਸੱਜਣਾਂ ਥਾਂਵਾਂ, ਮੱਛੀ ਨੇ ਫੜ ਲਿਆ ਮੁੱਛ ਦਾ ਵਾਲ, ਸੂਰਜੇ ਦਾ ਨਗ ਜੜਿਆ, ਕੰਢੇ ਉਤੇ ਮਹਿਰਮਾ ਵੇ ਮੈਂ ਕਦੋਂ ਦੀ ਖੜੀ, ਗੁੱਡੀ ਵਾਂਗੂੰ ਅੱਜ ਮੈਨੂੰ ਸੱਜਣਾਂ ਉਡਾਈ ਜਾ, ਮੇਰੀ ਕੀਹਨੇ ਖਿੱਚ ਲਈ ਪਤੰਗ ਵਾਲੀ ਡੋਰ, ਸੁੱਤੀ ਨਾ ਜਗਾਈ ਨਣਦੇ, ਬਾਣੀਏ ਨੀ ਕਦੇ ਵੀ ਵਿਆਜ ਛੱਡਦੇ, ਸਹੁਰੇ ਘਰ ਕੰਮ ਕੀ ਜਵਾਈ ਨੰਗ ਦਾ, ਮੇਰਾ ਰੁੱਸੜਾ ਯਾਰ ਨ੍ਹੀਂ ਮੰਨਦਾ ਮੈਂ ਕਿਹਨੂੰ ਆਖਾਂ, ਮੇਰੇ ਨੱਚਦੀ ਕੇ ਖੁੱਲ੍ਹ ਗਏ ਵਾਲ ਭਾਬੀ ਮੇਰੀ ਗੁੱਤ ਕਰ ਦੇ, ਬਾਬਾ ਵੇ ਕਲਾ ਮਰੋੜ, ਤੁਸਾਂ ਨੂੰ ਮਾਣ ਵਤਨਾਂ ਦਾ, ਘੜਾ ਵੱਜਦਾ ਘੜੋਲੀ ਵੱਜਦੀ, ਤੂੰਬਾ ਵੱਜਦਾ ਨਾ ਬਿਨ ਤਾਰ ਕੁੜੇ, ਘੁੰਡ ਵਿਚ ਨਹੀਂ ਲੁਕਦੇ ਸੱਜਣਾਂ ਨੈਣ ਕੁਆਰੇ, ਦੋ ਬਲਦ ਟੱਲੀਆਂ ਵਾਲੇ, ਨੀਂ ਮੈਂ ਕਮਲੀ ਯਾਰ ਦੀ ਕਮਲੀ, ਹਰੀਆਂ ਕਣਕਾਂ ਹਰੀਆਂ ਪੈਲੀਆਂ, ਗੱਭਰੂ ਨੂੰ ਮਾਰਦਾ ਠਰਕ ਨਾਰ ਦਾ, ਤੂੰ ਵੀ ਮੁਟਿਆਰ ਮੈਂ ਜਵਾਨ ਚੰਨੀਏ, ਨੱਢੀਆਂ ਦੇ ਵਿਚ ਮੇਰੀ ਉਠਣੀ ਬੈਠਣੀ, ਦਿਓਰਾ ਵੇ ਭਲਿਆ ਮਾਣਸਾ ਦਰਾਣੀ ਕਾਹਤੋਂ ਕੁੱਟੀ, ਖੇਤੋਂ ਘਰ ਨੂੰ ਲਵਾ ਦੇ ਵੇ ਟੈਲੀਫੋਨ ਹਾਣੀਆਂ ਆਦਿ ਬਹੁਤ ਮਕਬੂਲ ਹੋਏ|
ਮਾਈ ਮੋਹਣੋ ਅਖਾੜਿਆਂ ਵਿਚ ਬਹੁਤ ਹੀ ਜੋਸ਼ੀਲੇ ਅੰਦਾਜ਼ ਵਿਚ ਮਿਰਜਾ ਗਾਇਆ ਕਰਦੀ ਸੀ ਜੋ ਹੋਰ ਕੋਈ ਨਹੀਂ ਗਾ ਸਕਦਾ| ਜਗਮੋਹਣ ਕੌਰ ਦਾ ਗਾਇਆ ਸੁੱਚਾ ਸੂਰਮਾ, ਜੱਗਾ, ਪੂਰਨ ਭਗਤ, ਸੱਸੀ ਪੁਨੂੰ, ਛੱਲਾ, ਹੀਰ ਦੀ ਕਲੀ, ਸੋਹਣੀ ਮਹੀਂਵਾਲ, ਮਿਰਜਾ ਸਾਹਿਬਾਂ, ਕਿਸ਼ਨਾ ਮੌੜ ਤੇ ਰੱਤੀ ਨੂੰ ਅੱਜ ਵੀ ਸਰੋਤੇ ਪਸੰਦ ਕਰਦੇ ਹਨ| ਧਾਰਮਿਕ ਗਾਇਕੀ ਦੀ ਗੱਲ ਕਰੀਏ ਤਾਂ ਉਹ ਆਪਣੀ ਹਰ ਸਟੇਜ ਦੀ ਸ਼ੁਰੂਆਤ ਇਕ ਧਾਰਮਿਕ ਗੀਤ ਨਾਲ ਕਰਦੀ ਸੀ| ਉਸ ਦੇ ਗਾਏ ਧਾਰਮਿਕ ਗੀਤ ਚੰਨਾਂ ‘ਚੋਂ ਚੰਨ ਗੁਜਰੀ ਦਾ ਚੰਨ, ਅਨੰਦਪੁਰ ਲਾਇਆ ਸੰਗਤੇ ਗੁਰੂ ਕਲਗੀਆਂ ਵਾਲੇ ਹੋਲਾ, ਕਲਗੀਧਰ ਪ੍ਰੀਤਮ ਪਿਆਰੇ ਨੂੰ, ਸਰਸਾ ਨਦੀ ਦੇ ਖੂਨੀਂ ਪਾਣੀਆਂ, ਬਾਬਾ ਦੀਪ ਸਿੰਘ ਸੂਰਮਾ, ਘਾਟ ਵੈਰੀਆਂ ਨੂੰ ਮੌਤ ਦੇ ਉਤਾਰਦਾ ਜੀ ਆਦਿ ਗੀਤ ਅੱਜ ਵੀ ਸਰੋਤਿਆਂ ਦੇ ਮਨਾਂ ਵਿਚ ਵੱਸੇ ਹੋਏ ਹਨ|
ਸੰਨ 1995 ਵਿਚ ਪੀਲੀਏ ਦੀ ਬਿਮਾਰੀ ਨਾਲ ਜਗਮੋਹਣ ਕੌਰ ਦੀ ਸਿਹਤ ਖਰਾਬ ਹੋ ਗਈ। ਅਖੀਰ 6 ਦਸੰਬਰ 1997 ਨੂੰ ਅਨੇਕਾਂ ਯਾਦਗਾਰ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਉਣ ਵਾਲੀ ਮਾਈ ਮੋਹਣੋ ਆਪਣੇ ਲੱਖਾਂ ਸਰੋਤਿਆਂ ਨੂੰ ਛੱਡ ਕੇ ਤੁਰ ਗਈ। ਰਹਿੰਦੀ ਦੁਨੀਆਂ ਤੱਕ ਉਸ ਦੇ ਗਾਏ ਗੀਤ ਸਰੋਤਿਆਂ ਦੇ ਚੇਤਿਆਂ ਵਿਚ ਵੱਸੇ ਰਹਿਣਗੇ।