ਜਰਨੈਲ ਸਿੰਘ ਚੰਦੀ ਨੇ ਕਬੂਤਰਬਾਜ਼ੀ ਬਾਰੇ ਦਿਲਚਸਪ ਕਿੱਸੇ ਇਸ ਲੇਖ ਵਿਚ ਸਾਂਝੇ ਕੀਤੇ ਹਨ ਅਤੇ ਕਬੂਤਰਬਾਜ਼ੀ ਦੇ ਪਿਛੋਕੜ ਬਾਰੇ ਵੀ ਖੁਲਾਸਾ ਕੀਤਾ ਹੈ। ਉਨ੍ਹਾਂ ਮੁਗਲ ਸ਼ਹਿਜ਼ਾਦਿਆਂ ਤੋਂ ਗੱਲ ਅਰੰਭ ਕਰ ਕੇ ਮਾਨਸਾ ਦੇ ਇਕ ਵਡੇ ਜ਼ਿਮੀਦਾਰ ਮਿੱਕੀ ਨਾਲ ਜੋੜ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮਿੱਥਾਂ ਬਾਰੇ ਵੀ ਚਰਚਾ ਕੀਤੀ ਹੈ ਜੋ ਕਬੂਤਰਬਾਜ਼ੀ ਦੇ ਪ੍ਰਸੰਗ ਵਿਚ ਸਮਾਂ ਪਾ ਕੇ ਇਸਲਾਮ ਨਾਲ ਜੁੜ ਗਈਆਂ।
-ਸੰਪਾਦਕ
ਜਰਨੈਲ ਸਿੰਘ ਚੰਦੀ
ਫਰਿਜ਼ਨੋ, ਕੈਲੀਫੋਰਨੀਆ
ਫੋਨ: 559-547-6038
ਮੁਗਲ ਸ਼ਹਿਜ਼ਾਦਿਆਂ ਦੀ ਹਿੱਕ ਵਿਚ ਦੋ ਅਹਿਮ ਫੁੱਲ ਖਿੜਦੇ ਸਨ-ਜ਼ਖ਼ਮ ਜਾਂ ਇਸ਼ਕ, ਤੇ ਕਬੂਤਰਬਾਜ਼ੀ। ਬਾਬਰ ਦਾ ਪਿਤਾ ਉਮਰ ਸ਼ੇਖ਼ ਮਿਰਜ਼ਾ ਲੋਹੜੇ ਦਾ ਕਬੂਤਰਬਾਜ਼ ਸੀ। ਉਜ਼ਬੇਕਿਸਤਾਨ ਦੀ ਫਚਗਹਾਜਾ ਵੈਲੀ ਵਿਚ ਅਖਸੀ ਉਸ ਦੀ ਰਾਜਧਾਨੀ ਸੀ। ਇਥੇ ਹੀ ਸ਼ਾਹੀ ਮਹਿਲ ਦੀ ਸਿਖਰਲੀ ਮੰਜ਼ਲ ਉਤੇ ਮਿਰਜ਼ੇ ਦੇ ਕਬੂਤਰਾਂ ਦਾ ਖੁੱਡਾ ਸੀ। ਮਹਿਲ ਦੀ ਖੁੱਡੇ ਵਾਲੀ ਬਾਹੀ ਨੂੰ ਤੇਜ਼-ਤਰਾਰ ਪਹਾੜੀ ਨਦੀ ਨੇ ਥੱਲਿਓਂ ਸੰਨ੍ਹ ਲਾਈ ਹੋਈ ਸੀ। 39 ਸਾਲ ਦੀ ਉਮਰ ਵਿਚ ਜ਼ਿੰਦਗੀ ਦੇ ਆਖਰੀ ਦਿਨ ਮਿਰਜ਼ਾ ਕਬੂਤਰਾਂ ਦੇ ਖੁੱਡੇ ਵਿਚ ਸੀ ਕਿ ਅਚਾਨਕ ਹੀ ਮਹਿਲ ਦੀ ਖੁੱਡੇ ਵਾਲੀ ਬਾਹੀ ਨਦੀ ਵਿਚ ਆਣ ਡਿੱਗੀ। ਬਾਬਰ ਨੇ ਮਿਰਜ਼ੇ ਦੀ ਮੌਤ ਨੂੰ ‘ਬਾਬਰਨਾਮਾ’ ਵਿਚ ਇਉਂ ਰਿਕਾਰਡ ਕੀਤਾ ਹੈ, ‘ਮਿਰਜ਼ਾ ਆਪਣੇ ਕਬੂਤਰਾਂ ਨਾਲ ਉਡ ਗਿਆ ਤੇ ਬਾਜ਼ ਬਣ ਕੇ ਅਸਮਾਨ ਨੂੰ ਚੜ੍ਹ ਗਿਆ।’ ਬਾਜ਼ ਬਣ ਕੇ ਉਡਣ ਦਾ ਦ੍ਰਿਸ਼ਟਾਂਤ ਬਾਬਰ, ਮੁਗਲ ਬਾਦਸ਼ਾਹ ਦੇ ਸਤਿਕਾਰ ਲਈ ਵਰਤਦਾ ਹੈ ਤੇ ਉਹਨੂੰ ਕਬੂਤਰਾਂ ਦੇ ਲੈਵਲ ‘ਤੇ ਨਹੀਂ ਸੁੱਟਣਾ ਚਾਹੁੰਦਾ।
ਇਸ਼ਕ ਦੇ ਨਾਲ-ਨਾਲ ਬਾਬਰ ਤੋਂ ਪਿਛੋਂ ਦੇ ਮੁਗਲ ਸ਼ਹਿਜ਼ਾਦੇ ਕਬੂਤਰਬਾਜ਼ੀ ਦਾ ਸ਼ੌਕ ਵੀ ਪਾਲਦੇ ਰਹੇ। ਮੁਗਲਾਂ ਦੇ ਹਿੰਦੁਸਤਾਨ ਵਿਚ ਪਹੁੰਚਣ ਤੋਂ ਪਹਿਲਾਂ ਵੀ ਇਹ ਸ਼ੌਕ ਕੇਂਦਰੀ ਏਸ਼ੀਆ ਤੋਂ ਬੰਗਾਲ ਤੱਕ ਪਸਰਿਆ ਹੋਇਆ ਸੀ।
1947 ਦੀ ਵੰਡ ਪਿਛੋਂ ਪੂਰੀ (ਅੱਜ ਕੱਲ੍ਹ ਹਿਸਾਰ ਜ਼ਿਲ੍ਹੇ ਵਿਚ ਸੀæਪੀæਆਈæ ਦਾ ਸੈਕਟਰੀ ਹੈ), ਜੀਤਾ ਅਤੇ ਮੈਂ, ਬੜੀ ਛੋਟੀ ਉਮਰੇ ਕਬੂਤਰਬਾਜ਼ੀ ਦੀ ਗ੍ਰਿਫਤ ਵਿਚ ਆ ਗਏ। ਤਿੰਨਾਂ ਦੇ ਘਰ ਨੇੜੇ-ਨੇੜੇ ਸਨ। ਜੀਤਾ ਸਾਡੇ ਨਾਲੋਂ ਵੱਡਾ ਸੀ ਤੇ ਅੰਮ੍ਰਿਤਸਰ ਦੇ ਕਾਠੀਆਂ ਵਾਲੇ ਬਾਜ਼ਾਰ ਵਿਚ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਸੋਨੇ ਦੇ ਵਪਾਰੀ ਜੀਤੇ ਦੀ ਬੜੀ ਇੱਜ਼ਤ ਕਰਦੇ ਸਨ।
ਅੰਮ੍ਰਿਤਸਰ ਦੇ ਚਾਟੀਵਿੰਡ, ਗਲਵਾਲੀ ਤੇ ਭਗਤਾਂ ਵਾਲੇ ਦਰਵਾਜ਼ਿਆਂ ਦਾ ਪਿਛਲਾ ਪਾਸਾ ਕਬੂਤਰਬਾਜ਼ਾਂ ਨਾਲ ਭਰਿਆ ਪਿਆ ਸੀ। ਇਥੋਂ ਮੁਸਲਮਾਨ ਗੁੱਜਰ ਉਜੜ ਕੇ ਪਾਕਿਸਤਾਨ ਚਲੇ ਗਏ। ਗੁੱਜਰਾਂ ਵਾਲੇ ਬਾਜ਼ਾਰ ਵਿਚ ਮੁਸਲਮਾਨਾਂ ਦੇ ਆਲੀਸ਼ਾਨ ਮਕਾਨ ਸਨ ਤੇ ਬਹੁਤ ਸਾਰੇ ਘਰਾਂ ਵਿਚ ਕਬੂਤਰਾਂ ਦੇ ਖੁੱਡੇ ਸਨ। ਇਸ ਬਾਜ਼ਾਰ ਦੇ ਪਿਛਲੇ ਪਾਸੇ ਦੇਵੀ ਵਾਲੀ ਗਲੀ ਸੀ ਜੋ ਜਨਸੰਘੀ ਹਿੰਦੂਆਂ ਦਾ ਗੜ੍ਹ ਸੀ। ਇਨ੍ਹਾਂ ਜਨਸੰਘੀਆਂ ਨੇ ਮੁਸਲਮਾਨਾਂ ਦੇ ਬਹੁਤ ਸਾਰੇ ਘਰ ਅੱਗ-ਬੁਰਦ ਕਰ ਦਿੱਤੇ ਸਨ। ਇਨ੍ਹਾਂ ਉਜੜੇ ਘਰਾਂ ਦੇ ਕਬੂਤਰਾਂ ਦਾ ਬਣਿਆ ਪਾਕਿਸਤਾਨ, ਅਸਾਂ ਤਿੰਨਾਂ ਨੇ ਅੱਖੀਂ ਵੇਖਿਆ।
ਕਬੂਤਰ ਸੜੇ ਘਰਾਂ ਦੀਆਂ ਕੰਧਾਂ ਵਿਚੋਂ ਉਡਦੇ ਤੇ ਸਿੱਧੇ ਅਸਮਾਨ ਵਿਚ ਗੇੜੇ ਲਾਉਂਦੇ। ਬਹੁਤ ਸਾਰੇ ਤਾਂ ਰੱਠੇ ਕਬੂਤਰਾਂ ਵਿਚ ਰਲ ਗਏ ਅਤੇ ਰੱਠਿਆਂ ਨਾਲ ਰਲ ਕੇ ਸਵੇਰੇ ਸ਼ਹਿਰੋਂ ਬਾਹਰ ਨਹਿਰ ਵੱਲ ਨਿਕਲ ਜਾਂਦੇ ਅਤੇ ਸ਼ਾਮ ਢਲਣ ਤੋਂ ਪਹਿਲਾਂ ਸੜੇ ਘਰੀਂ ਪਰਤਦੇ। ਸ਼ਾਇਰ ਦੇਵ ਠੀਕ ਕਹਿੰਦਾ ਹੈ: ‘ਜ਼ਖ਼ਮੀ ਪਰਿੰਦੇ ਘਰੀਂ ਨਹੀਂ ਪਰਤਦੇ’, ਪਰ ਜ਼ਿਹਨੀ ਤੌਰ ‘ਤੇ ਜ਼ਖ਼ਮੀ ਇਹ ਪਰਿੰਦੇ ਗਮਗੀਨ ਯਾਦਾਂ ਲੈ ਕੇ ਫਿਰ ਢਲਦੀ ਸ਼ਾਮ ਉਜੜੇ ਘਰੀਂ ਮੁੜ ਆਉਂਦੇ। ਸ਼ਾਇਦ ਇਨ੍ਹਾਂ ਨੂੰ ਹੋਰ ਕਿਤੇ ਢੋਈ ਨਹੀਂ ਸੀ। ਜ਼ਿਹਨ ਦਾ ਦਰਦ ਫੋਲਣ ਇਹ ਭੋਲੇ ਪੰਛੀ ਹੋਰ ਕਿਥੇ ਜਾਂਦੇ?
ਇਥੇ ਸੰਸਾਰ ਪ੍ਰਸਿੱਧ ਮਿੱਥ ਦਾ ਜ਼ਿਕਰ ਜ਼ਰੂਰੀ ਹੈ-ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਆਪਣੇ ਕੰਨਾਂ ਨਾਲ ਦਾਣੇ ਦੀਆਂ ਗੁਥਲੀਆਂ ਲਟਕਾ ਕੇ ਰੱਖਦੇ। ਕਬੂਤਰ ਉਨ੍ਹਾਂ ਦੇ ਮੋਢਿਆਂ ‘ਤੇ ਬਹਿ ਕੇ ਗੁਥਲੀਆਂ ਵਿਚੋਂ ਚੋਗਾ ਚੁਗ ਲੈਂਦੇ। ਇਥੋਂ ਹੀ ਇਸਲਾਮ ਵਿਚ ਇਹ ਮਿੱਥ ਪ੍ਰਚਲਤ ਹੋ ਗਈ ਕਿ ਇਮਾਮ ਕੋਲ ਕਬੂਤਰ ਖ਼ੁਦਾ ਦਾ ਸੁਨੇਹਾ ਲੈ ਕੇ ਆਉਂਦੇ ਅਤੇ ਉਨ੍ਹਾਂ ਦੇ ਕੰਨਾਂ ਵਿਚ ਦੱਸਦੇ ਹਨ। ਫਿਰ ਇਹ ਪ੍ਰਚਾਰ ਸ਼ੁਰੂ ਹੋ ਗਿਆ ਕਿ ਕੁਰਾਨ ਸ਼ਰੀਫ਼ ਤੇ ਹਦੀਸ, ਪੈਗੰਬਰ ਨੂੰ ਖ਼ੁਦਾ ਦਾ ਕਬੂਤਰਾਂ ਰਾਹੀਂ ਪਹੁੰਚਿਆ ਸੁਨੇਹਾ ਹੀ ਹੈ।
ਉਪਰ ਦੱਸੇ ਤਿੰਨ ਦਰਵਾਜ਼ਿਆਂ ਦੇ ਪਿਛਲਵਾੜੇ ਜਿਹੜੇ ਮਸ਼ਹੂਰ ਖੁੱਡੇ ਸਨ, ਉਨ੍ਹਾਂ ਵਿਚ ਤਾਰਾ ਚੰਦ ਈਸਾਈ, ਮਹਿੰਗੇ ਕਾਲੀ ਬਿੱਲੀ, ਫੱਕਰ ਈਸਾਈ, ਸਵਰਨ, ਬਾਬੇ ਕਬੂਤਰਾਂ ਵਾਲੇ ਅਤੇ ਨਾਜ਼ਰ ਈਸਾਈ ਦੇ ਖੁੱਡੇ ਸਨ। ਸਭ ਤੋਂ ਵੱਧ ਮਸ਼ਹੂਰ ਈਸ਼ਰ ਸਿੰਘ ਵੈਦ ਦਾ ਖੁੱਡਾ ਸੀ ਜਿਸ ਦੇ ਕਬੂਤਰ ਬੇਅੰਤ ਸ਼ਰਤਾਂ ਵਿਚ ਰਾਤ ਨੂੰ ਖੁੱਡੇ ਉਪਰ ਦੀਵੇ ਜਗਾ ਕੇ ਲਾਹੁਣੇ ਪੈਂਦੇ ਅਤੇ ਸਦਾ ਸ਼ਰਤਾਂ ਜਿੱਤਦੇ। ਵੈਦ ਜੀ ਵੈਦਗੀ ਵਿਚ ਮਾਹਿਰ ਸਨ। ਉਨ੍ਹਾਂ ਦੇ ਸ਼ਾਗਿਰਦਾਂ ਵਿਚ ਤਾਰਾ ਚੰਦ, ਮਹਿੰਗਾ ਕਾਲੀ ਬਿੱਲੀ, ਸਵਰਨ ਤੇ ਮੈਂ ਸ਼ਾਮਲ ਸਾਂ।
ਉਸਤਾਦੀ/ਸ਼ਾਗਿਰਦੀ ਦੀ ਇਹ ਰਸਮ ਵੀ ਅਜੀਬੋ ਸੀ, ਤੇ ਸਿਰਫ ਸ਼ਹਿਰੀ ਕਬੂਤਰਬਾਜ਼ਾਂ ਵਿਚ ਪ੍ਰਚਲਤ ਸੀ। ਸ਼ਾਗਿਰਦ ਬਣਨ ਲਈ ਪਹਿਲਾਂ ਉਹ ਕਬੂਤਰਬਾਜ਼ ਲੱਭਣਾ ਪੈਂਦਾ ਜੋ ਖੁਦ ਕਿਸੇ ਪੁਰਾਣੇ ਕਬੂਤਰਬਾਜ਼ ਦਾ ਸ਼ਾਗਿਰਦ ਹੋਵੇ। ਫਿਰ ਲੱਡੂਆਂ ਦਾ ਥਾਲ ਅਤੇ ਪਰਨਾ ਲੈ ਕੇ ਉਸਤਾਦ ਸਾਹਮਣੇ ਹਾਜ਼ਰ ਹੋਣਾ, ਤੇ ਸ਼ਾਗਿਰਦੀ ਲਈ ਬੇਨਤੀ ਕਰਨੀ ਪੈਂਦੀ, ਜੋ ਹਮੇਸ਼ਾ ਸਵੀਕਾਰ ਹੋ ਜਾਂਦੀ।
ਲੱਡੂਆਂ ਦੇ ਥਾਲ ਵਿਚੋਂ ਪੰਜ-ਪੰਜ ਲੱਡੂ, ਉਸਤਾਦ ਬਾਕੀ ਕਬੂਤਰਬਾਜ਼ਾਂ ਨੂੰ ਭੇਜਦਾ ਕਿ ਫਲਾਣਾ ਬੰਦਾ ਉਸ ਦਾ ਸ਼ਾਗਿਰਦ ਬਣ ਗਿਆ ਹੈ। ਇਉਂ ਨਵਾਂ ਸ਼ਾਗਿਰਦ ਕਬੂਤਰਬਾਜ਼ਾਂ ਦੀ ਬਰਾਦਰੀ ਵਿਚ ਸ਼ਾਮਲ ਹੋ ਜਾਂਦਾ।
ਅੰਮ੍ਰਿਤਸਰ ਵਿਚ ਸੰਤਾਲੀ ਤੋਂ ਬਾਅਦ ਸਭ ਤੋਂ ਵੱਧ ਕਬੂਤਰਬਾਜ਼, ਵੈਦ ਈਸ਼ਰ ਸਿੰਘ ਦੇ ਸ਼ਾਗਿਰਦ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਕਈ ਰੰਗੀਨੀਆਂ ਵੇਖੀਆਂ ਤੇ ਕਈ ਪਾਪੜ ਵੇਲੇ। ਦਸ-ਬਾਰਾਂ ਸਾਲ ਦੀ ਉਮਰੇ ਉਹ ਆਪਣੇ ਬਜ਼ੁਰਗਾਂ ਨਾਲ ਬਾਗਾਂ ਦੇ ਠੇਕਿਆਂ ਦੇ ਕੰਮ ਵਿਚ ਜੁਟ ਗਏ। ਇਹ ਬਾਗ ਅੱਪਰ ਬਾਰੀ ਦੁਆਬ ਨਹਿਰ ਦੇ ਨਾਲ-ਨਾਲ ਸਨ ਤੇ ਬਹੁਤੇ ਮਸ਼ਹੂਰ ਬਾਗ ਅਮਰੂਦਾਂ ਤੇ ਨਾਖਾਂ ਦੇ ਸਨ। ਇਨ੍ਹਾਂ ਬਾਗਾਂ ਵਿਚ ਤੋਤੇ, ਕਾਂ ਤੇ ਉਲੂ ਉਡਾਉਂਦਿਆਂ ਉਸਤਾਦ ਨੇ ਡੂਮਣੇ ਚੋਣ ਦਾ ਪੈਸਾ-ਕਮਾਊ ਕੰਮ ਵੀ ਸਿੱਖ ਲਿਆ ਅਤੇ ਅੰਮ੍ਰਿਤਸਰ ਵਿਚ ਉਹ ਡੂਮਣੇ ਚੋਣ ਵਾਲੇ ਵਜੋਂ ਮਸ਼ਹੂਰ ਹੋ ਗਏ। ਫਿਰ ਉਨ੍ਹਾਂ ਗਤਕੇਬਾਜ਼ੀ ਵਿਚ ਕਮਾਲ ਦੀ ਮੁਹਾਰਤ ਹਾਸਲ ਕਰ ਲਈ। ਵੈਦਗੀ ਉਨ੍ਹਾਂ ਕਿਵੇਂ ਤੇ ਕਿਥੋਂ ਸਿੱਖੀ, ਇਹ ਰਾਜ਼ ਉਨ੍ਹਾਂ ਕਦੇ ਜ਼ਾਹਰ ਨਾ ਕੀਤਾ। ਲਾਹੌਰ ਅਤੇ ਅੰਮ੍ਰਿਤਸਰ ਦੇ ਸਿੱਖ ਮੇਲਿਆਂ ਵਿਚ ਉਹ ਤਲਵਾਰਾਂ ਤੇ ਕਿਰਚਾਂ ਨਾਲ ਗਤਕੇਬਾਜ਼ੀ ਕਰਨ ਲੱਗ ਪਏ। ਲਾਹੌਰ ਵਿਚ ਇਕ ਵਾਰ ਵਿਸਾਖੀ ਦੇ ਮੇਲੇ ਉਤੇ ਉਨ੍ਹਾਂ ਦਾ ਜੋੜ ਮਲੇ ਜੰਗ ਦੇ ਗੜਬੜ ਸਿੰਘ ਨਾਲ ਪੈ ਗਿਆ। ਗੜਬੜ ਸਿੰਘ ਲਾਹੌਰੀਆਂ ਦਾ ਗਤਕੇ ਦਾ ਵੱਡਾ ਨਾਇਕ ਸੀ। ਗਤਕੇਬਾਜ਼ੀ, ਕਿਰਚਾਂ ਅਤੇ ਢਾਲਾਂ ਨਾਲ ਹੋਣੀ ਸੀ। ਉਸਤਾਦ ਹੋਰੀਂ ਸਰੀਰ ਦੇ ਛੀਂਟਕੇ ਸਨ ਤੇ ਉਨ੍ਹਾਂ ਦਾ ਸਾਰਾ ਸਰੀਰ ਢਾਲ ਪਿੱਛੇ ਲੁਕ ਜਾਂਦਾ ਸੀ। ਲਾਹੌਰ ਵਿਚ ਅੰਮ੍ਰਿਤਸਰੀਆਂ ਤੇ ਲਾਹੌਰੀਆਂ ਦਾ ਖੂੰਡੇ, ਡਾਂਗਾਂ, ਤਲਵਾਰਾਂ, ਕਿਰਚਾਂ, ਬਰਛੀਆਂ ਤੇ ਨੇਜ਼ਿਆਂ ਦਾ ਭੈ-ਭੀਤ ਕਰਨ ਵਾਲਾ ਦ੍ਰਿਸ਼ ਸੀ।
ਮੁਕਾਬਲਾ ਚੱਲਿਆ। ਗੜਬੜ ਸਿੰਘ ਆਪਣੇ ਪਿੱਛੇ ਲਾਹੌਰੀਆਂ ਦੀ ਵੱਡੀ ਭੀੜ ਵੇਖ ਉਛਲ-ਉਛਲ ਪੈਂਦਾ। ਵੈਦ ਹੁਰਾਂ ਨੂੰ ਗਤਕੇਬਾਜ਼ੀ ਦਾ ਸਭ ਤੋਂ ਵੱਡਾ ਗੁਰ ‘ਠਰ੍ਹੰਮਾ’ ਯਾਦ ਸੀ। ਉਨ੍ਹਾਂ ਠਰ੍ਹੰਮੇ ਤੋਂ ਕੰਮ ਲਿਆ। ਅੱਧੇ ਘੰਟੇ ਪਿਛੋਂ ਗੜਬੜ ਸਿੰਘ ਘਬਰਾਹਟ ਵਿਚ ਸੀ। ਵੈਦ ਹੋਰਾਂ ਦਾਅ ਵੇਖ ਕੇ ਕਿਰਚ ਦਾ ਵਾਰ ਕੀਤਾ ਤੇ ਨਾਲ ਹੀ ਗੜਬੜ ਸਿੰਘ ਦਾ ਗੋਡਾ ਤਬਾਹ ਕਰ ਦਿੱਤਾ। ਸਾਰੇ ਲਾਹੌਰੀ ਇਕੱਠ ਵਿਚ ਮਾਤਮ ਛਾ ਗਿਆ। ਲਾਹੌਰੀਆਂ ਮੰਜਾ ਲਿਆ ਕੇ ਜ਼ਮੀਨ ਉਤੇ ਤੜਫਦੇ ਗੜਬੜ ਸਿੰਘ ਨੂੰ ਚੁੱਕ ਕੇ ਅਖਾੜਾ ਖਾਲੀ ਕਰ ਦਿੱਤਾ। ਉਸ ਦਿਨ ਪਿਛੋਂ ਉਸਤਾਦ ਹੁਰਾਂ ਇਸ ਤੋਂ ਵੀ ਤੋਬਾ ਕਰ ਲਈ।
ਇਸ ਪਿੱਛੋਂ ਸਾਰੇ ਕਾਰਜ ਛੱਡ ਕੇ ਉਸਤਾਦ ਹੋਰੀਂ ਵੈਦਗੀ ਅਤੇ ਕਬੂਤਰਬਾਜ਼ੀ, ਕਬੂਤਰਾਂ ਦੀ ਪਰਵਾਜ਼ ਤੇ ਕਬੂਤਰਾਂ ਦੀਆਂ ਸ਼ਰਤਾਂ ਦੇ ਲੜ ਲੱਗ ਗਏ। ਸ਼ਰਤਾਂ ਦੀ ਵੀ ਪੱਕੀ ਪਰੰਪਰਾ ਸੀ। ਜੇ ਕਿਸੇ ਦਾ ਕੋਈ ਉਸਤਾਦ ਨਾ ਹੁੰਦਾ ਤਾਂ ਉਸ ਨਾਲ ਕੋਈ ਸ਼ਰਤ ਨਾ ਲਾਉਂਦਾ। ਸ਼ਰਤ ਵਿਚ ਪੈਸਿਆਂ ਤੋਂ ਬਿਨਾਂ, ਜਿੱਤੀ ਹੋਈ ਪਾਰਟੀ, ਹਾਰੇ ਹੋਏ ਬੰਦੇ ਦੇ ਚੋਟੀ ਦੇ ਪੰਜ ਕਬੂਤਰ ਜਿਹੜੇ ਉਡ ਕੇ ਹਾਰ ਗਏ ਹੁੰਦੇ, ਲੈ ਜਾਂਦੇ। ਉਸਤਾਦੀ/ਸ਼ਾਗਿਰਦੀ ਤੋਂ ਬਿਨਾਂ ਮਿਥੇ ਹੋਏ ਪੈਸਿਆਂ ਤੇ ਹਾਰੇ ਕਬੂਤਰਾਂ ਦੇ ਮਿਲਣ ਦੀ ਕੋਈ ਗਰੰਟੀ ਨਹੀਂ ਸੀ ਹੁੰਦੀ।
ਕਬੂਤਰਬਾਜ਼, ਸੁੰਦਰ ਭਲਵਾਨ ਲਾਹੌਰੋਂ ਉਜੜ ਕੇ ਅੰਮ੍ਰਿਤਸਰ ਆਇਆ ਸੀ। ਉਹ ਬੜਾ ਨਿੱਘਾ ਤੇ ਸਾਊ ਮਨੁੱਖ ਸੀ। ਲਾਹੌਰ ਵਿਚ ਉਹ ਕਿਸੇ ਮੁਸਲਮਾਨ ਦਾ ਸ਼ਾਗਿਰਦ ਸੀ। ਅੰਮ੍ਰਿਤਸਰ ਦੇ ਅੜਬੰਗ ਕਬੂਤਰਬਾਜ਼, ਭਲਵਾਨ ਨਾਲ ਸ਼ਰਤਾਂ ਲਾਉਣ ਲਈ ਤਿਆਰ ਨਹੀਂ ਸਨ ਕਿ ਇਹਦਾ ਕੋਈ ਉਸਤਾਦ ਨਹੀਂ। ਭਲਵਾਨ ਦੇ ਕਬੂਤਰ ਵੀ ਲੋਹੜੇ ਦੇ ਉਡਾਰੂ ਸਨ।
ਹੌਲੀ-ਹੌਲੀ ਮੈਂ, ਜੀਤਾ ਤੇ ਸਵਰਨ, ਭਲਵਾਨ ਦੇ ਮਿੱਤਰ ਬਣ ਗਏ। ਭਲਵਾਨ ਮਿਲਣ ਗਏ ਕਬੂਤਰਬਾਜ਼ਾਂ ਨੂੰ ਵੇਖ ਕੇ ਡਾਢਾ ਖੁਸ਼ ਹੁੰਦਾ ਤੇ ਬੜੀ ਸੇਵਾ ਕਰਦਾ। ਉਹ ਕਦੇ ਵੀ ਚਾਹ-ਪਾਣੀ ਪੀਤੇ ਬਗੈਰ ਘਰੋਂ ਨਾ ਜਾਣ ਦਿੰਦਾ। ਜੇ ਕਦੇ ਭਲਵਾਨ ਦੀ ਘਰਵਾਲੀ ਘਰ ਨਾ ਹੁੰਦੀ ਤਾਂ ਉਹ ਗੁਆਂਢੀ ਹਲਵਾਈ ਦੇ ਨੌਕਰ ਮੁੰਡੇ ਨੂੰ ਆਵਾਜ਼ ਮਾਰਦਾ ਤੇ ਫਿਰ ਸਾਨੂੰ ਸਾਰਿਆਂ ਨੂੰ ਪੁੱਛਦਾ, “ਦੱਸੋ ਭਈ ਜਵਾਨੋ! ਚਾਹ ਪੀਣੀ ਜੇ ਕਿ ਦੁੱਧ?” ਇਉਂ ਹਲਵਾਈ ਕੋਲੋਂ ਚਾਹ ਮੰਗਾ ਕੇ ਸਾਰਿਆਂ ਨੂੰ ਪਿਲਾਉਂਦਾ। ਫਿਰ ਕਈ ਵਾਰ ਕਹਿ ਦਿੰਦਾ, “ਲਓ ਭਈ ਜਵਾਨੋ! ਚੰਗਾ ਕੀਤਾ ਮਿਲਣ ਆ ਗਏ, ਤੁਹਾਡੇ ਬਹਾਨੇ ਮੇਰਾ ਵੀ ਚਾਹ ਦਾ ਦਾਅ ਲੱਗ ਗਿਆ।”
ਇਕ ਦਿਨ ਜੀਤਾ, ਸਵਰਨ ਤੇ ਮੈਂ, ਭਲਵਾਨ ਨੂੰ ਮਿਲਣ ਗਏ ਤੇ ਕਿਹਾ, “ਭਲਵਾਨ ਜੀ, ਅਸੀਂ ਤੁਹਾਡੇ ਕਬੂਤਰ ਉਡਾ ਕੇ ਦੇਖਣ ਆਏ ਹਾਂ।”
ਗੱਲਬਾਤ ਦੇ ਇਸ ਅੰਦਾਜ਼ ਤੋਂ ਭਲਵਾਨ ਥੋੜ੍ਹਾ ਜਿਹਾ ਭੰਬਲਭੂਸੇ ਵਿਚ ਪੈ ਗਿਆ। ਕਹਿੰਦਾ, “ਜਵਾਨੋ ਇਹ ਕਿਉਂ?” ਅਸੀਂ ਤਿੰਨੇ ਥੋੜ੍ਹੇ ਛਿੱਥੇ ਪੈ ਗਏ। ਫਿਰ ਸਵਰਨ ਨੇ ਥੋੜ੍ਹੇ ਠਰ੍ਹੰਮੇ ਨਾਲ ਕਿਹਾ, “ਭਲਵਾਨ ਜੀ, ਸਾਡਾ ਜੀਅ ਕਰਦਾ ਏ ਕਿ ਤੁਹਾਡੀ ਸ਼ਰਤ ਲਵਾਈਏ। ਅਸਾਂ ਇਹ ਗੱਲ ਉਸਤਾਦ ਹੋਰਾਂ ਦੀ ਦੁਕਾਨ ਉਤੇ ਕੋਈ 10 ਕਬੂਤਰਬਾਜ਼ਾਂ ਦੀ ਹਾਜ਼ਰੀ ਵਿਚ ਪ੍ਰਵਾਨ ਕਰਾ ਲਈ ਸੀ ਕਿ ਸਾਨੂੰ ਭਲਵਾਨ ਹੁਰਾਂ ਦਾ ਬਾਈਕਾਟ ਚੰਗਾ ਨਹੀਂ ਲੱਗਦਾ।”
‘ਜਵਾਨੋ’ ਭਲਵਾਨ ਹੁਰਾਂ ਦਾ ਤਕੀਆ ਕਲਾਮ ਸੀ। ਕਹਿਣ ਲੱਗੇ, “ਜਵਾਨੋ! ਤੁਸੀਂ ਬੁੱਢੇ ਕਬੂਤਰਬਾਜ਼ਾਂ ਨੂੰ ਮਾਤ ਪਾ ਗਏ ਜੇ। ਹੁਣ ਦੱਸੋ ਸ਼ਰਤ ਮੈਂ ਕੀਹਦੇ ਨਾਲ ਲਾਵਾਂ।” ਸਵਰਨ ਤੇ ਜੀਤੇ ਦਾ ਹਾਸਾ ਭਲਵਾਨ ਨੂੰ ਨੁੱਕਰਾ ਜਿਹਾ ਲੱਗਦਾ। ਦੋਵੇਂ ਕਹਿਣ ਲੱਗੇ, “ਭਲਵਾਨ ਜੀ, ਹੁਣ ਸ਼ਰਤਾਂ ਦਾ ਮੈਦਾਨ ਲਾਹੌਰ ਵਾਂਗ ਸਾਫ ਹੈ। ਸ਼ਰਤ ਲਾਉਣ ਵਾਲਾ ਤੁਸੀਂ ਆਪ ਲੱਭੋ।”
ਉਸਤਾਦ/ਸ਼ਾਗਿਰਦੀ ਦੀ ਫਾਹੀ ਵਿਚ ਫਸੇ ਹੋਏ ਭਲਵਾਨ ਹੋਰੀਂ ਕਬੂਤਰਬਾਜ਼ਾਂ ਨੂੰ ਬਿਲਕੁਲ ਮਿਲਣ ਨਾ ਜਾਂਦੇ। ਜੇ ਕੋਈ ਉਨ੍ਹਾਂ ਨੂੰ ਮਿਲਣ ਆ ਜਾਂਦਾ ਤਾਂ ਸਦਾ ਜੀਅ ਸਦਕੇ ਕਹਿੰਦੇ।
ਤਾਰਾ ਚੰਦ ਨੇ ਇਕ ਦਿਨ ਭਲਵਾਨ ਹੋਰਾਂ ਦੀ ਕਬੂਤਰਬਾਜ਼ ਬਰਾਦਰੀ ਵਿਚ ਸ਼ਮੂਲੀਅਤ ਦੀ ਗੱਲ ਲੱਛੂ ਬਾਣੀਏਂ ਨਾਲ ਕੀਤੀ ਤੇ ਕਿਹਾ ਕਿ ਭਲਵਾਨ ਕੋਈ ਸ਼ਰਤ ਲਾਉਣ ਵਾਲਾ ਲੱਭਦਾ ਫਿਰਦਾ ਏ। ਲੱਛੂ ਤੁਰਤ-ਫੁਰਤ ਸ਼ਰਤ ਲਾਉਣ ਲਈ ਤਿਆਰ ਹੋ ਗਿਆ। ਫਿਰ ਤਾਰਾ ਚੰਦ ਨੂੰ ਕਹਿਣ ਲੱਗਾ ਕਿ ਭਲਵਾਨ ਨੂੰ ਬਹੁਤ ਘੱਟ ਕਬੂਤਰਾਂ ਵਾਲੇ ਜਾਣਦੇ ਨੇ, ਉਹਦਾ ਜੱਜ ਬਣ ਕੇ ਮੇਰੇ ਕੋਠੇ ਉਤੇ ਕੌਣ ਆਊਗਾ। ਤਾਰਾ ਚੰਦ ਨੇ ਮੇਰਾ ਤੇ ਜੀਤੇ ਦਾ ਨਾਂ ਲੈ ਦਿੱਤਾ। ਲੱਛੂ ਬਾਣੀਏਂ ਨੂੰ ਸਾਡੀ ਦੋਹਾਂ ਦੀ ਭਲਵਾਨ ਨਾਲ ਯਾਰੀ ਦਾ ਪਤਾ ਸੀ। ਝੱਟ ਕਹਿਣ ਲੱਗਾ ਕਿ ਮੈਂ ਇਨ੍ਹਾਂ ਅੱਲ੍ਹੜ ਰਫ਼ਿਊਜੀ ਮੁੰਡਿਆਂ ਨੂੰ ਜੱਜ ਨਹੀਂ ਮੰਨਦਾ। ਸਾਡੇ ਦੋਹਾਂ ਵਾਂਗ ਤਾਰਾ ਚੰਦ ਵੀ ਉਸਤਾਦ ਹੋਰਾਂ ਦਾ ਸ਼ਾਗਿਰਦ ਸੀ। ਗੱਲ ਸੁਣ ਕੇ ਤਾਰਾ ਚੰਦ ਦਾ ਪਾਰਾ ਇਕਦਮ ਚੜ੍ਹ ਗਿਆ। ਕਹਿਣ ਲੱਗਾ, “ਲੱਛੂ ਦੋ ਗੱਲਾਂ ਸੁਣ, ਤੇ ਯਾਦ ਰੱਖ਼ææ ਪਹਿਲੀ ਇਹ ਕਿ ਦੋਵੇਂ ਪਹਿਲਾਂ ਹੀ ਸ਼ਰਤਾਂ ਵਿਚ ਜੱਜ ਬਣ ਚੁੱਕੇ ਨੇ, ਤੇ ਦੂਜੀ ਇਹ ਕਿ ਜਿਸ ਦਿਨ ਤੂੰ ਇਨ੍ਹਾਂ ਦੋਹਾਂ ਦੇ ਲੱਡੂ ਡੱਕਾਰ ਗਿਓਂ, ਇਹ ਗੱਲ ਤੂੰ ਉਦੋਂ ਕਿਉਂ ਨਾ ਕਹੀ। ਹੁਣ ਮੈਂ ਕਬੂਤਰਬਾਜ਼ਾਂ ਅੱਗੇ ਸ਼ਰਤਾਂ ਵਿਚੋਂ ਤੇਰੇ ਬਾਈਕਾਟ ਦਾ ਮਤਾ ਰੱਖੂੰ।” ਡਰਾਕਲ ਬਾਣੀਆਂ ਇਹ ਸੁਣ ਕੇ ਪਾਣੀਓਂ ਪਤਲਾ ਹੋ ਗਿਆ ਤੇ ਕਹਿਣ ਲੱਗਾ, “ਤਾਰਾ ਚੰਦ ਜੀ, ਮੈਥੋਂ ਗਲਤੀ ਹੋ ਗਈ ਤੇ ਮੈਂ ਇਨ੍ਹਾਂ ਨੌਜਵਾਨਾਂ ਨੂੰ ਜੱਜ ਮੰਨੂਗਾ।”
ਸ਼ਰਤਾਂ ਤੈਅ ਹੋਣ ਅਤੇ ਲੱਗਣ ਵਿਚ ਇਕ ਮਹੀਨੇ ਦਾ ਵਕਫਾ ਹੁੰਦਾ ਹੈ। ਦੋਵੇਂ ਧਿਰਾਂ ਰੋਜ਼ ਕਬੂਤਰ ਉਡਾਉਣੇ ਸ਼ੁਰੂ ਕਰ ਦਿੰਦੀਆਂ ਨੇ ਤਾਂ ਕਿ ਦਮ ਪੱਕ ਜਾਏ। ਉਹ ਆਪੋ-ਆਪਣੇ ਪੰਜ-ਪੰਜ ਕਬੂਤਰ ਮੂੰਹ ਹਨੇਰੇ ਉਡਾ ਦਿੰਦੇ। ਇਉਂ ਕਬੂਤਰ ਹਰ ਦਿਨ ਪਹਿਲੇ ਦਿਨ ਨਾਲੋਂ ਜ਼ਿਆਦਾ ਸਮਾਂ ਉੱਡ ਕੇ ਵਾਪਸ ਆਉਂਦੇ। ਕਈ ਬਹੁਤ ਚੰਗੇ ਕਬੂਤਰ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਦੇ ਉਡਾਏ, ਸੂਰਜ ਡੁੱਬੇ ਤੋਂ ਵੀ ਬਾਅਦ ਘਰੀਂ ਪਰਤਦੇ।
ਸ਼ਰਤ ਵਾਲੇ ਦਿਨ ਦੋਵੇਂ ਪਾਰਟੀਆਂ ਆਪੋ-ਆਪਣੀ ਲੱਕੜ ਦੀ ਮੋਹਰ ਤੇ ਲਾਲ ਸਿਆਹੀ ਲੈ ਕੇ ਵਿਰੋਧੀ ਦੇ ਕੋਠੇ ਉਤੇ ਜਾਂਦੇ ਸਨ। ਉਡਣ ਵਾਲੇ ਪੰਜਾਂ ਕਬੂਤਰਾਂ ਦੇ ਪਰਾਂ ਦੇ ਅੰਦਰਲੇ ਪਾਸੇ ਮੋਹਰ ਲਾ ਦਿੰਦੇ। ਇਸ ਮੋਹਰ ਨਾਲ ਕਿਸੇ ਠੱਗੀ ਦਾ ਮੌਕਾ ਨਹੀਂ ਸੀ ਰਹਿੰਦਾ। ਚਾਰੇ ਜੱਜ ਆਪਣੀਆਂ ਘੜੀਆਂ ਮਿਲਾ ਕੇ ਮਿਥੇ ਹੋਏ ਵਕਤ ‘ਤੇ ਕਬੂਤਰ ਉਡਾ ਦਿੰਦੇ ਤੇ ਪੰਜ ਮਿੰਟ ਤਾਈਂ ਢਾਂਗਾ ਫੇਰਦੇ ਰਹਿੰਦੇ ਤਾਂ ਜੋ ਕਬੂਤਰ ਕਾਫੀ ਉਤਾਂਹ ਚੜ੍ਹ ਜਾਣ। ਪੰਜ ਮਿੰਟਾਂ ਪਿੱਛੋਂ ਢਾਂਗਾ ਫੇਰਨਾ ਬੰਦ ਕਰਨਾ ਪੈਂਦਾ।
ਇਹ ਸ਼ਰਤ 1955 ਵਿਚ ਤੈਅ ਹੋਈ। ਉਦੋਂ ਤੱਕ ਵੀ ਮੁਸਲਮਾਨਾਂ ਦੇ ਉਜੜੇ ਕਬੂਤਰ ਰੱਠਿਆਂ ਵਿਚ ਰਲੇ ਹੋਏ ਸੜੇ ਘਰਾਂ ਦੀਆਂ ਕੰਧਾਂ ਵਿਚ ਘਰ ਬਣਾਈ ਕਾਫੀ ਔਖੀ ਜ਼ਿੰਦਗੀ ਬਿਤਾ ਰਹੇ ਸਨ। ਉਹ ਜਿਥੋਂ ਕਿਤੇ ਵੀ ਦਾਣਾ ਲੱਭਦਾ, ਚੁਗ ਕੇ ਤੇ ਸ਼ਹਿਰ ਦੀਆਂ ਗੰਦੀਆਂ ਨਾਲੀਆਂ ਵਿਚੋਂ ਪਾਣੀ ਪੀ ਕੇ ਦਿਨ ਕੱਟਦੇ। ਬਹੁਤ ਵਾਰੀ ਈਸਾਈ ਕਬੂਤਰਬਾਜ਼ ਗਲੀਆਂ ਬਾਜ਼ਾਰਾਂ ਵਿਚ ਉਨ੍ਹਾਂ ਉਪਰ ਨਜ਼ਰ ਰੱਖਦੇ ਤੇ ਹਨੇਰੇ-ਸਵੇਰੇ ਉਨ੍ਹਾਂ ਦੇ ਆਲ੍ਹਣਿਆਂ ਵਿਚੋਂ ਬੋਚ ਕੇ ਹਾਲ ਬਾਜ਼ਾਰ ਵਿਚ ਕਬੂਤਰਾਂ ਦੀਆਂ ਦੁਕਾਨਾਂ ‘ਤੇ ਵੇਚ ਆਉਂਦੇ। ਬੋਚ-ਦਬੋਚ ਕੇ ਇਉਂ ਵੇਚੇ ਕਬੂਤਰਾਂ ਦਾ ਨਰਕ ਵਿਚੋਂ ਛੁਟਕਾਰਾ ਹੋ ਜਾਂਦਾ। ਪਾਰਖੂ ਕਬੂਤਰਬਾਜ਼ ਉਨ੍ਹਾਂ ਨੂੰ ਹਾਲ ਬਾਜ਼ਾਰੋਂ ਮੁੱਲ ਲੈ ਜਾਂਦੇ ਤੇ ਇਕ ਵਾਰ ਫਿਰ ਉਨ੍ਹਾਂ ਦੀ ਦੋ ਵੇਲਿਆਂ ਦੀ ਰੋਜ਼ੀ ਤੇ ਸੁੱਚੇ ਪਾਣੀ ਦੀ ਗਰੰਟੀ ਹੋ ਜਾਂਦੀ।
ਖਾਲਸਾ ਕਾਲਜ, ਅੰਮ੍ਰਿਤਸਰ ਜਾਣ ਪਿੱਛੋਂ ਨਾਰਲੀ, ਖਾਲੜੇ ਵਾਲੇ ਪਾਸਿਉਂ ਰਤਨ ਢਿੱਲੋਂ ਮੇਰਾ ਆੜੀ ਬਣ ਗਿਆ। ਪਿੰਡ ਉਹਦਾ ਮਾਹਣੇ ਮੱਲ੍ਹੀਆਂ ਸੀ। ਉਹਨੇ ਬੜੀ ਛੋਟੀ ਉਮਰ ਤੋਂ ਹੀ ਕਬੂਤਰ ਰੱਖੇ ਹੋਏ ਸਨ। ਕਬੂਤਰਾਂ ਨੂੰ ਦਾਣਾ-ਪਾਣੀ ਉਹ ਖੁੱਲ੍ਹਾ ਪਾਉਂਦਾ ਸੀ। ਸਕੂਲ ਜਾਣ ਤੋਂ ਪਹਿਲਾਂ ਆਪਣੀ ਮਾਤਾ ਨੂੰ ਕਹਿ ਜਾਂਦਾ, “ਮਾਤਾ, ਤੂੰ ਰੋਟੀਆਂ ਦੇ ਭੋਰੇ ਕਰ ਛੱਡੀਂ, ਪਰ ਪਾਊਂ ਮੈਂ ਆਪ ਆ ਕੇ ਕਬੂਤਰਾਂ ਨੂੰ।” ਹੌਲੀ-ਹੌਲੀ ਉਹਦੇ ਕਬੂਤਰਾਂ ਨੂੰ ਪਤਾ ਲੱਗ ਗਿਆ ਕਿ ਉਹ ਖਾਲਸਾ ਹਾਈ ਸਕੂਲ ਤੋਂ ਕਿਸ ਵਕਤ ਘਰ ਆਉਂਦਾ ਹੈ। ਕਬੂਤਰਾਂ ਨੂੰ ਜਿਵੇਂ ਘੜੀ ਦਾ ਵਕਤ ਵੇਖਣਾ ਆ ਗਿਆ ਹੋਵੇ। ਉਹ ਉਹਦੇ ਆਉਣ ਸਮੇਂ ਸੜਕ ਵੱਲ ਉਡ-ਉਡ ਜਾਂਦੇ। ਜਦੋਂ ਘਰ ਆਉਂਦਾ ਤਾਂ ਉਹਦੇ ਹੱਥਾਂ ਵਿਚੋਂ ਵੀ ਭੋਰੇ ਖੋਹ ਕੇ ਲੈ ਜਾਂਦੇ।
ਖੈਰ, ਸ਼ਰਤ ਵਾਲਾ ਦਿਨ ਆ ਗਿਆ। ਮੈਂ ਤੇ ਜੀਤਾ ਮਿਥੇ ਹੋਏ ਵਕਤ ਤੋਂ ਰਤਾ ਪਹਿਲਾਂ ਹੀ ਲੱਛੂ ਬਾਣੀਏਂ ਦੇ ਖੁੱਡੇ ‘ਤੇ ਪਹੁੰਚ ਗਏ। ਨਵੰਬਰ ਦਾ ਮਹੀਨਾ ਸੀ। ਲੱਛੂ ਨੇ ਸਾਨੂੰ ਦੋਹਾਂ ਨੂੰ ਪੂਰੇ ਇੱਜ਼ਤ ਸਤਿਕਾਰ ਨਾਲ ਖੁੱਡੇ ਦੇ ਨੇੜੇ ਮੰਜਾ ਡਾਹ ਕੇ ਬਿਠਾ ਦਿੱਤਾ। ਫਿਰ ਕਹਿਣ ਲੱਗਾ, “ਜੱਜ ਮਿੱਤਰੋ! ਕਬੂਤਰ ਉਡਾ ਕੇ ਮੈਂ ਬਰੇਕਫਾਸਟ ਦਾ ਇੰਤਜ਼ਾਮ ਕਰੂੰ। ਮੇਰੇ ਕੋਠੇ ਨੂੰ ਆਪਣਾ ਘਰ ਸਮਝੋ। ਤੁਹਾਡੀ ਟਹਿਲ-ਸੇਵਾ ਪੂਰੀ ਹੋਊ।”
ਲੱਛੂ ਨੇ ਆਪਣੇ ਪੰਜ ਇਨਾਮੀ ਕਬੂਤਰ ਖੁੱਡੇ ਵਿਚੋਂ ਕੱਢੇ ਤੇ ਖੁੱਡੇ ਉਪਰਲੀਆਂ ਫੱਟੀਆਂ ‘ਤੇ ਬਿਠਾ ਦਿੱਤੇ। ਫਿਰ ਢਾਂਗਾ ਫੜਿਆ ਤੇ ਕਾਲੇ ਰੰਗ ਦਾ ਰੁਮਾਲ ਢਾਂਗੇ ਉਪਰ ਬੰਨ੍ਹ ਦਿੱਤਾ। ਫਿਰ ਸਾਡੇ ਕੋਲੋਂ ਵਕਤ ਪੁੱਛ ਕੇ ਪੂਰੇ ਵਕਤ ‘ਤੇ ਕਾਲਾ ਢਾਂਗਾ ਕਬੂਤਰਾਂ ਨੂੰ ਵਿਖਾ ਕੇ ਉਡਾ ਦਿੱਤਾ। ਕੋਈ ਪੰਜ ਕੁ ਮਿੰਟਾਂ ਵਿਚ ਕਬੂਤਰ ਅਸਮਾਨ ਵੱਲ ਚਾਲੇ ਪਾ ਗਏ।
ਲੱਛੂ ਆਪਣੇ ਛੋਟੇ ਭਰਾ ਨੂੰ ਸਾਡੇ ਕੋਲ ਬਿਠਾ ਕੇ ਆਪ ਹਲਵਾਈ ਦੀ ਦੁਕਾਨ ਤੋਂ ਸਾਡਾ ਬਰੇਕਫਾਸਟ ਲੈਣ ਚਲਾ ਗਿਆ। ਭਲਵਾਨ ਦੇ ਕੋਠੇ ਉਹਨੇ ਜਿਹੜੇ ਦੋ ਜੱਜ ਭੇਜੇ, ਉਹ ਲੱਛੂ ਦੇ ਆੜੀ ਸਨ। ਸਾਡਾ ਉਨ੍ਹਾਂ ਨਾਲ ਕੋਈ ਤੁਆਲਕ ਨਹੀਂ ਸੀ। ਲੱਛੂ ਹਲਵਾਈਆਂ ਦੇ ਮੁੰਡੇ ਨੂੰ ਸਾਡਾ ਬਰੇਕਫਾਸਟ ਚੁਕਾ ਕੇ ਕੋਈ ਘੰਟੇ ਵਿਚ ਮੁੜਿਆ। ਉਹ ਪੂਰੀਆਂ, ਛੋਲੇ ਤੇ ਕੜੇ ਵਾਲੇ ਤਿੰਨ ਗਲਾਸ ਲੱਸੀ ਦੇ ਲੈ ਕੇ ਹਾਜ਼ਰ ਹੋਇਆ। ਦੋ ਸਾਡੇ ਤੇ ਤੀਜਾ ਆਪਣੇ ਛੋਟੇ ਭਰਾ ਲਈ। ਅਸਮਾਨ ਵਿਚ ਉਡਦੇ ਕਬੂਤਰ ਵੇਖ ਕੇ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ, “ਮੇਰਾ ਖਿਆਲ ਹੈ ਕਿ ਮੇਰੇ ਕਬੂਤਰ ਬਾਜ਼ੀ ਜਿੱਤਣਗੇ।”
ਅਸਾਂ ਬਰੇਕਫਾਸਟ ਛਕਿਆ ਤੇ ਲੱਸੀ ਪੀਤੀ। ਉਨੀ ਦੇਰ ਨੂੰ ਹਲਵਾਈ ਦਾ ਮੁੰਡਾ ਭਾਂਡੇ ਲੈਣ ਆ ਗਿਆ। ਲੱਛੂ ਨੇ ਉਹਨੂੰ ਭਾਂਡੇ ਚੁਕਾ ਕੇ ਕਿਹਾ, “ਘੰਟੇ ਤੱਕ ਚਾਰ ਕੱਪ ਚਾਹ ਦੇ ਲੈ ਕੇ ਆ ਜਾਈਂ।” ਅਸੀਂ ਜ਼ੋਰ ਲਾਇਆ ਕਿ ਚਾਹ ਦੀ ਲੋੜ ਨਹੀਂ। ਲੱਛੂ ਕਹਿਣ ਲੱਗਾ, “ਮੈਂ ਚਾਹ ਤੋਂ ਬਿਨਾਂ ਬਰੇਕਫਾਸਟ ਅਧੂਰਾ ਸਮਝਦਾਂ।”
ਹੁਣ ਅਸੀਂ ਚਾਰੇ ਕਬੂਤਰਾਂ ਵੱਲ ਵੇਖਣ ਲੱਗ ਪਏ। ਕਬੂਤਰਾਂ ਵਾਲੇ ਨੂੰ ਸਾਰੇ ਕਬੂਤਰ ਹਰ ਘੰਟੇ ਪਿੱਛੋਂ ਅਸਮਾਨ ਵਿਚ ਹਾਜ਼ਰ ਵਿਖਾਉਣੇ ਪੈਂਦੇ। ਜੇ ਕੋਈ ਕਬੂਤਰ ਘੰਟੇ ਪਿੱਛੋਂ ਵੀ ਅਸਮਾਨ ਵਿਚ ਨਾ ਦਿੱਸੇ ਤਾਂ ਜੱਜ ਉਸ ਨੂੰ ‘ਕੱਟ ਗਿਆ’ ਕਰਾਰ ਦੇ ਦਿੰਦੇ। ਜੇ ਕਿਤੇ ਭੁੱਲਿਆ-ਵਿੱਸਰਿਆ ਦੋ-ਤਿੰਨ ਘੰਟੇ ਪਿੱਛੇ ਕਿਤਿਓਂ ਹਾਜ਼ਰ ਹੋ ਜਾਏ ਤਾਂ ਉਹ ਸ਼ਰਤ ਦਾ ਹਿੱਸਾ ਨਹੀਂ ਸੀ ਸਮਝਿਆ ਜਾਂਦਾ। ਅਜਿਹਾ ਦੋ ਹਾਲਾਤ ਵਿਚ ਸੰਭਵ ਹੈ- ਪਹਿਲੀ, ਅਸਮਾਨ ਵਿਚੋਂ ਉਹਨੂੰ ਕਿਸੇ ਬਾਜ਼ ਜਾਂ ਬਹਿਰੀ ਨੇ ਬੋਚ ਲਿਆ ਹੋਵੇ ਤੇ ਖਾਣ ਲਈ ਉਹਨੂੰ ਆਪਣੇ ਆਲ੍ਹਣੇ ਵਿਚ ਲੈ ਗਏ ਹੋਣ। ਦੂਜਾ, ਉਹ ਕਬੂਤਰ ਥੱਕ ਕੇ ਆਪਣਾ ਘਰ ਭੁੱਲ ਗਿਆ ਹੋਵੇ ਤੇ ਸ਼ਹਿਰ ਦੇ ਕਿਸੇ ਹੋਰ ਉਚੇ ਕੋਠੇ ‘ਤੇ ਬੈਠਾ ਆਰਾਮ ਕਰ ਰਿਹਾ ਹੋਵੇ। ਘਰ ਭੁੱਲਣ ਦਾ ਚਾਂਸ ਬਹੁਤ ਘੱਟ ਹੁੰਦਾ ਸੀ।
ਦੁਪਹਿਰੇ ਦੋ ਕੁ ਵਜੇ ਤਾਰਾ ਚੰਦ ਨੇ ਆਪਣਾ ਸਾਈਕਲ ਦੇ ਕੇ ਸਵਰਨ ਨੂੰ ਪਹਿਲਾਂ ਭਲਵਾਨ ਦੇ ਕੋਠੇ ਭੇਜਿਆ ਤੇ ਫਿਰ ਸਾਡੇ ਵੱਲ, ਇਹ ਪਤਾ ਲੈਣ ਲਈ ਕਿ ਦੋਹਾਂ ਧਿਰਾਂ ਦੇ ਕਬੂਤਰ ਕਿਸ ਹਾਲਤ ਵਿਚ ਨੇ। ਸਵਰਨ ਨੇ ਆ ਕੇ ਦੱਸਿਆ ਕਿ ਹੁਣ ਭਲਵਾਨ ਦੇ ਚਾਰ ਹੀ ਕਬੂਤਰ ਉਡਾਰੀ ਵਿਚ ਨੇ। ਪੰਜਵਾਂ ਇਕ ਘੰਟਾ ਪੰਦਰਾਂ ਮਿੰਟ ਤੱਕ ਵਖਾਲੀ ਨਾ ਦੇਣ ਕਰ ਕੇ ਜੱਜਾਂ ਨੇ ‘ਕੱਟ ਗਿਆ’ ਕਰਾਰ ਦੇ ਦਿੱਤਾ ਹੈ, ਪਰ ਭਲਵਾਨ ਦਾ ਹੌਸਲਾ ਬੁਲੰਦ ਏ। ਸਾਡੇ ਕੋਲ ਅੱਧਾ ਘੰਟਾ ਬੈਠ ਕੇ ਸਵਰਨ, ਤਾਰਾ ਚੰਦ ਨੂੰ ਸਾਰੀ ਰਿਪੋਰਟ ਦੇਣ ਲਈ ਚਲਾ ਗਿਆ। ਜਾਂਦਾ ਹੋਇਆ ਕਹਿ ਗਿਆ ਕਿ ਹੁਣ ਚਾਰ ਵਜੇ ਤੋਂ ਪਿੱਛੋਂ ਦੂਜਾ ਗੇੜਾ ਮਾਰੂੰ।
ਲੱਛੂ ਦੇ ਕਬੂਤਰ ਇਕ-ਇਕ ਕਰ ਕੇ ਚਾਰ ਵਜੇ ਉਤਰਨੇ ਸ਼ੁਰੂ ਹੋਏ ਤੇ ਆਖਰੀ ਪੰਜਵਾਂ ਕਬੂਤਰ ਚਾਰ ਵੱਜ ਕੇ ਪੈਂਤੀ ਮਿੰਟ ਉਤੇ ਆਣ ਬੈਠਾ। ਅਸਾਂ ਦੋਹਾਂ ਨੇ ਲੱਛੂ ਤੇ ਉਹਦੇ ਛੋਟੇ ਭਰਾ ਨੂੰ ਘੜੀਆਂ ਵਿਖਾ ਕੇ ਆਖਰੀ ਕਬੂਤਰ ਦਾ ਉਤਾਰਾ ਨੋਟ ਕਰ ਲਿਆ। ਹੁਣ ਅਸੀਂ ਚਾਰੇ ਬੜੀ ਉਤਸੁਕਤਾ ਨਾਲ ਸਵਰਨ ਨੂੰ ਉਡੀਕਣ ਲੱਗੇ। ਉਹ ਸਾਡੇ ਪਾਸੇ ਦਾ ਪਤਾ ਲੈਣ ਲਈ ਭਲਵਾਨ ਦੇ ਖੁੱਡੇ ਤੋਂ ਪੰਜ ਵਜੇ ਤੁਰਿਆ। ਉਦੋਂ ਤੱਕ ਭਲਵਾਨ ਦੇ ਤਿੰਨ ਕਬੂਤਰ ਉੱਤਰ ਆਏ ਸਨ, ਚੌਥਾ ਪਹਿਲਾਂ ਹੀ ਕੱਟਿਆ ਗਿਆ ਸੀ। ਪੰਜਵਾਂ, ਜ਼ਾਰਾ ਕਬੂਤਰ (ਸ਼ਾਹ ਕਾਲੇ ਰੰਗ ਦਾ) ਜਿਸ ‘ਤੇ ਭਲਵਾਨ ਦੀ ਵੱਡੀ ਆਸ ਸੀ, ਅਜੇ ਵੀ ਉਡ ਰਿਹਾ ਸੀ।
ਸਵਰਨ ਸਾਡੇ ਪਾਸੇ ਸਾਢੇ ਪੰਜ ਵਜੇ ਪੁੱਜਾ ਤੇ ਭਲਵਾਨ ਦੇ ਪੰਜਵੇਂ ਕਬੂਤਰ ਦੀ ਅਜੇ ਵੀ ਉਡਦੇ ਹੋਣ ਦੀ ਖਬਰ ਦਿੱਤੀ। ਇਹ ਸੁਣ ਕੇ ਲੱਛੂ ਦਾ ਹੌਸਲਾ ਪਸਤ ਹੋ ਗਿਆ। ਲੱਛੂ ਨੇ ਆਪਣੇ ਛੋਟੇ ਭਰਾ ਨੂੰ ਝੋਲਾ ਲਿਆਉਣ ਲਈ ਭੇਜਿਆ। ਉਸ ਨੇ ਹਾਰੇ ਹੋਏ ਪੰਜੇ ਕਬੂਤਰ ਝੋਲੇ ਵਿਚ ਪਾ, ਨਾਲ 50 ਰੁਪਏ ਜੇਬ ਵਿਚੋਂ ਕੱਢ ਕੇ ਸਵਰਨ ਨੂੰ ਫੜਾ ਦਿੱਤੇ ਤੇ ਨਾਲ ਹੀ ਸਾਨੂੰ ਸੁਣਾ ਕੇ ਕਹਿ ਦਿੱਤਾ, “ਸਵਰਨ ਭਾਈ, ਜੱਜਾਂ ਦੀ ਹਾਜ਼ਰੀ ਵਿਚ ਪੈਸੇ ਤੇ ਕਬੂਤਰ ਤੈਨੂੰ ਪਹੁੰਚ ਗਏ। ਤੂੰ ਹੁਣ ਭਲਵਾਨ ਨੂੰ ਪਹੁੰਚਦੇ ਕਰ ਦੇਈਂ ਤੇ ਉਹਨੂੰ ਮੇਰੇ ਵੱਲੋਂ ਵਧਾਈ ਵੀ ਦੇਵੀਂ।”
ਜੀਤਾ, ਮੈਂ ਤੇ ਸਵਰਨ ਪੈਸੇ ਤੇ ਕਬੂਤਰ ਲੈ ਕੇ ਲੱਛੂ ਤੇ ਉਸ ਦੇ ਭਰਾ ਨਾਲ ਹੱਥ ਮਿਲਾ ਕੇ ਪੌੜੀਆਂ ਉਤਰੇ ਤੇ ਬਾਜ਼ਾਰ ਦੇ ਰਾਹ ਪੈ ਗਏ। ਭਲਵਾਨ ਦੇ ਘਰ ਪਹੁੰਚੇ ਤਾਂ ਸਾਡੇ ਜਾਂਦਿਆਂ ਨੂੰ ਭਲਵਾਨ ਦਾ ਲਾਹੌਰ ਵਾਲਾ ਉਸਤਾਦ ਵੀ ਉਸ ਦੇ ਨਾਲ ਬੈਠਾ ਸੀ। ਸ਼ਰਤ ਤੈਅ ਹੋਣ ਤੋਂ ਬਾਅਦ ਖੁਸ਼ੀ ਵਿਚ ਆਏ ਭਲਵਾਨ ਨੇ ਉਸਤਾਦ ਨੂੰ ਚਿੱਠੀ ਪਾ ਦਿੱਤੀ ਸੀ, ਉਜਾੜੇ ਪਿੱਛੋਂ ਇਹ ਮੇਰੀ ਪਹਿਲੀ ਸ਼ਰਤ ਹੈ। ਜੇ ਤੁਸੀਂ ਵੀ ਆ ਜਾਓ ਤਾਂ ਜਿੱਤ-ਹਾਰ ਦੀ ਖੁਸ਼ੀ ਇਕੱਠੇ ਮਨਾਈਏ।
ਭਲਵਾਨ ਦਾ ਉਸਤਾਦ ਸ਼ੌਕਤ ਅਲੀ ਵਿਰਕ ਸਾਨੂੰ ਤਿੰਨਾਂ ਨੂੰ ਜੱਫੀ ਪਾ ਕੇ ਮਿਲਿਆ। ਫਿਰ ਉਹਨੇ ਪੰਜਾਂ ਕਬੂਤਰਾਂ ਦੇ ਪਰ ਤੇ ਅੱਖਾਂ ਇਕ-ਇਕ ਕਰ ਕੇ ਵੇਖੀਆਂ ਤੇ ਭਲਵਾਨ ਨੂੰ ਕਹਿਣ ਲੱਗਾ, “ਭਲਵਾਨਾ! ਕਬੂਤਰ ਬੜੇ ਮਾਅਰਕੇ ਦੇ ਨੇ, ਪਤਾ ਨਹੀਂ ਕਿਸ ਤਰ੍ਹਾਂ ਹਾਰ ਗਏ।” ਭਲਵਾਨ ਨੇ ਮਜ਼ਾਕ ਦੇ ਅੰਦਾਜ਼ ਵਿਚ ਜਵਾਬ ਦਿੱਤਾ, “ਉਸਤਾਦ, ਜੇ ਇਹ ਨਾ ਹਾਰਦੇ ਤਾਂ ਮੈਂ ਕਿਵੇਂ ਜਿੱਤਦਾ? ਮੈਨੂੰ ਉਜੜੇ ਰਫ਼ਿਊਜੀ ਨੂੰ ਪੰਜਾਹ ਰੁਪਏ ਤੇ ਪੰਜ ਕਬੂਤਰਾਂ ਦਾ ਹੋਰ ਡੰਨ ਪੈ ਜਾਣਾ ਸੀ।”
ਉਨ੍ਹਾਂ ਦਿਨਾਂ ਤੋਂ 1970 ਤੱਕ ਸ਼ਹਿਰਾਂ ਵਿਚ ਸ਼ਰਤਾਂ ਦੀ ਰਕਮ ਪੱਚੀ, ਪੰਜਾਹ ਤੇ ਸੌ ਤੱਕ ਹੁੰਦੀ ਸੀ। ਅੱਜ ਕੱਲ੍ਹ ਪੈਸੇ ਦੇ ਫੈਲਾਓ ਕਾਰਨ ਇਹ ਹਜ਼ਾਰਾਂ ਤੇ ਮਾਲਵੇ ਦੇ ਕੁਝ ਪਿੰਡਾਂ ਵਿਚ ਲੱਖਾਂ ਤੱਕ ਪਹੁੰਚ ਗਈ ਹੈ।
ਮਾਝੇ ਵਿਚ ਪੱਟੀ, ਤਰਨਤਾਰਨ ਤੇ ਖਾਲੜੇ ਵਾਲੀ ਬੈਲਟ ਵਿਚ ਕਈ ਕਬੂਤਰਬਾਜ਼ ਉਡਾਉਣ ਤੋਂ ਪਹਿਲਾਂ ਕਬੂਤਰਾਂ ਨੂੰ ਥੋੜ੍ਹੀ ਜਿਹੀ ਅਫੀਮ ਵੀ ਦੇ ਦਿੰਦੇ ਹਨ। ਇਸ ਦਾ ਉਡਣ ਵਿਚ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ, ਕੁਝ ਨਹੀਂ ਕਿਹਾ ਜਾ ਸਕਦਾ। ਅੰਮ੍ਰਿਤਸਰ ਵਿਚ ਉਸਤਾਦ ਹੁਰੀਂ ਆਪਣੇ ਸ਼ਾਗਿਰਦਾਂ ਤੇ ਆਪਣੀਆਂ ਸ਼ਰਤਾਂ ਵਿਚ ਕੁਝ ਬਦਾਮ ਰਾਤ ਪਾਣੀ ਵਿਚ ਭਿਉਂ ਕੇ ਸਵੇਰੇ ਚੱਟੂ ਵਿਚ ਮਸਲ ਕੇ ਵਿਚ ਪਤਾ ਨਹੀਂ ਕੀ ਪਾਉਂਦੇ ਤੇ ਉਨ੍ਹਾਂ ਦੀਆਂ ਗੋਲੀਆਂ ਬਣਾ ਕੇ ਉਡਾਉਣ ਤੋਂ ਪਹਿਲਾਂ ਕਬੂਤਰਾਂ ਨੂੰ ਚਾਰ ਦਿੰਦੇ ਸਨ, ਪਰ ਉਨ੍ਹਾਂ ਦੇ ਫਾਇਦੇ ‘ਤੇ ਵੀ ਸ਼ੱਕ ਹੈ। ਦੋ ਵਾਰ ਉਨ੍ਹਾਂ ਉਹ ਗੋਲੀਆਂ ਮੇਰੇ ਹੱਥੀਂ ਤਾਰਾ ਚੰਦ ਦੇ ਕਬੂਤਰਾਂ ਲਈ ਭੇਜੀਆਂ। ਦੋਵੇਂ ਵਾਰ ਉਹਦੇ ਕਬੂਤਰ ਹਾਰ ਗਏ।
ਮਿੱਕੀ ਕਬੂਤਰਾਂ ਵਾਲਾ ਮਾਨਸਾ ਜ਼ਿਲ੍ਹੇ ਵਿਚ ਗਾਮੀਵਾਲਾ ਪਿੰਡ ਦਾ ਵਾਸੀ ਹੈ। ਪੰਜਾਬ ਦੀ ਤਿੰਨ ਸੂਬਿਆਂ ਵਿਚ ਵੰਡ ਤੋਂ ਪਹਿਲਾਂ ਇਹ ਪਿੰਡ ਬਠਿੰਡੇ ਜ਼ਿਲ੍ਹੇ ਵਿਚ ਸੀ। ਬੁਢਲਾਡੇ ਤੋਂ ਰਤੀਏ ਨੂੰ ਜਾਂਦੀ ਸੜਕ ‘ਤੇ ਇਹ ਬੋਹਾ ਤੋਂ ਕੋਈ ਦੋ ਕੁ ਮੀਲ ਦੀ ਦੂਰੀ ਉਤੇ ਹੈ। ਮਿੱਕੀ ਇਸ ਪਿੰਡ ਦੇ ਵੱਡੇ ਜ਼ਿਮੀਂਦਾਰਾਂ ਵਿਚੋਂ ਹੈ। ਮੁਗਲ ਸ਼ਹਿਜ਼ਾਦਿਆਂ ਵਾਂਗ ਜਦੋਂ ਮਿੱਕੀ ਦੀ ਹਿੱਕ ਵਿਚ ਕਬੂਤਰਬਾਜ਼ੀ ਦਾ ਫੁੱਲ ਖਿੜਿਆ ਤਾਂ ਉਸ ਵਾਹੀ ਨੂੰ ਤਿਲਾਂਜਲੀ ਦੇ ਦਿੱਤੀ ਤੇ ਪੱਕਾ ਕਬੂਤਰਬਾਜ਼ ਬਣ ਗਿਆ। ਮਿੱਕੀ ਦੀਆਂ ਸ਼ਰਤਾਂ ਇਕ ਲੱਖ ਤੋਂ ਸ਼ੁਰੂ ਹੋ ਕੇ ਪੰਜ-ਪੰਜ ਲੱਖ ਤੱਕ ਜਾਂਦੀਆਂ ਹਨ। ਉਹਨੇ ਦੋ ਨੌਕਰ ਸਿਰਫ ਕਬੂਤਰ ਸਾਂਭਣ ਲਈ ਹੀ ਰੱਖੇ ਹੋਏ ਹਨ। ਆਪ ਉਹ ਪਟਿਆਲੇ ਕੋਠੀ ਵਿਚ ਰਹਿੰਦਾ ਹੈ। ਉਹਦੇ ਕਬੂਤਰ ਏਅਰ ਕੰਡੀਸ਼ਨ ਮਕਾਨਾਂ ਵਿਚ ਰਹਿੰਦੇ ਹਨ। ਉਹ ਇਕ-ਦੋ ਬੋਰੀਆਂ ਬਦਾਮਾਂ ਦੀਆਂ ਕਬੂਤਰਾਂ ਲਈ ਜਮ੍ਹਾਂ ਰੱਖਦਾ ਹੈ।
ਮਿੱਕੀ ਕਬੂਤਰਬਾਜ਼ੀ ਦੇ ਗੁਰ ਦਾ ਸ਼ਾਹਸਵਾਰ ਹੈ ਤੇ ਕਬੂਤਰਬਾਜ਼ੀ ਦਾ ਬਾਦਸ਼ਾਹ। ਉਹਨੇ ਕਬੂਤਰਬਾਜ਼ੀ ਵਿਚ ਬਿਲਕੁਲ ਨਵੀਂ ਕਾਢ ਕੱਢੀ ਹੈ ਜੋ ਪੰਜਾਬ ਵਿਚ ਪਹਿਲਾਂ ਨਹੀਂ ਸੀ। ਸ਼ਰਤਾਂ ਲਾਉਣ ਲਈ ਮਿੱਕੀ ਉਡਾਉਣ ਵਾਲੇ ਕਬੂਤਰ ਖੁੱਲ੍ਹੇ ਪਿੰਜਰੇ ਵਿਚ ਪਾ ਕੇ ਕਾਰ ਵਿਚ ਰੱਖ ਕੇ ਸ਼ਰਤਾਂ ਵਾਲੀ ਥਾਂ ‘ਤੇ ਲੈ ਜਾਂਦਾ ਹੈ। ਉਥੇ ਇਕ ਵੱਡ-ਅਕਾਰੀ ਤੰਬੂ ਟਾਈਪ ਚਾਨਣੀ ਤਾਣ ਕੇ ਉਪਰ ਲਾਲ ਰੰਗ ਦੀ ਚਾਦਰ ਪਾ ਕੇ ਕਬੂਤਰ ਉਥੋਂ ਉਡਾਉਂਦਾ ਹੈ ਅਤੇ ਉਥੇ ਹੀ ਉਹ ਵਾਪਸ ਆਉਂਦੇ ਹਨ। ਉਹਦੇ ਕਬੂਤਰ ਕਿਤੇ ਹਾਰਨ ਦੀ ਗੁੰਜਾਇਸ਼ ਨਹੀਂ। ਮਿੱਕੀ ਮਾਲਵੇ ਤੇ ਪੰਜਾਬ ਦਾ ਸਿਰਮੌਰ ਕਬੂਤਰਬਾਜ਼ ਹੈ।
ਦੁੱਖ ਦੀ ਗੱਲ ਹੈ ਕਿ ਮੁਗਲ ਬਾਦਸ਼ਾਹ ਦੇ ਦੌਰ ਦਾ ਇਹ ਸ਼ਾਹੀ ਸ਼ੌਕ ਹੁਣ ਕਬੂਤਰਬਾਜ਼ੀ ਨਾਲੋਂ ਵੱਧ ਜੂਏਬਾਜ਼ੀ ਦੇ ਮਾਰੂ ਰੋੜ੍ਹ ਵਿਚ ਰੁੜ੍ਹਨਾ ਸ਼ੁਰੂ ਹੋ ਗਿਆ ਹੈ ਤੇ ਗਰੀਬੜੇ ਕਬੂਤਰਬਾਜ਼ ਇਸ ਵਿਚੋਂ ਮਨਫੀ ਹੋ ਰਹੇ ਹਨ।