ਸ਼੍ਰੋਮਣੀ ਅਕਾਲੀ ਦਲ ਦੇ ਰੰਗ-ਢੰਗ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਪਿੰਡ ਝੱਬਰ ਦਾ ਗੱਭਰੂ ਕਰਤਾਰ ਸਿੰਘ ਚੋਰੀਆਂ-ਡਕੈਤੀਆਂ ਕਾਰਨ ਮਸ਼ਹੂਰ ਹੋ ਗਿਆ ਸੀ ਜਿਸ ਦੇ ਗਰੋਹ ਵਿਚ ਅੱਧੀ ਦਰਜਨ ਜੁਆਨ ਸਨ। ਹਨੇਰੀ ਰਾਤ ਗਈ ਘੋੜੀਆਂ, ਮੱਝਾਂ, ਬਲਦ ਚੋਰੀ ਕਰਦੇ, ਕਿਤੇ ਦੂਰ-ਦੁਰਾਡੇ ਵੇਚ ਆਉਂਦੇ। ਗਰੋਹ ਘਰੋਂ ਨਿਕਲਿਆ, ਅਜੇ ਚੰਦ ਛੁਪਿਆ ਨਹੀਂ ਸੀ। ਪਿੰਡ ਕੋਈ ਸਿੰਘ ਸਭੀਆ ਬਾਬਾ ਸ਼ਾਮ ਦੇ ਦੀਵਾਨ ਵਿਚ ਗੁਰੂ-ਜਸ ਸੁਣਾ ਰਿਹਾ ਸੀ। ਕਰਤਾਰ ਸਿੰਘ ਝੱਬਰ ਨੇ ਸਾਥੀਆਂ ਨੂੰ ਕਿਹਾ, ਚੰਨ ਡੁੱਬਣ ਤੱਕ ਕਥਾ ਸੁਣਦੇ ਹਾਂ, ਫਿਰ ਮਿਸ਼ਨ ‘ਤੇ ਨਿਕਲਾਂਗੇ। ਮੱਥਾ ਟੇਕ ਕੇ ਦੀਵਾਨ ਵਿਚ ਬੈਠ ਗਏ।

ਘੰਟੇ ਬਾਅਦ ਚੰਦ ਛਿਪ ਗਿਆ। ਸਾਥੀਆਂ ਨੇ ਉਠਾਇਆ, ਕਿਹਾ, ਚੱਲੀਏ? ਉਸ ਨੇ ਕਿਹਾ, ਆਪਾਂ ਨੂੰ ਇਹ ਕੰਮ ਸੋਭਦਾ ਨ੍ਹੀਂ। ਆਪਣਾ ਗੁਰੂ ਬਾਬਾ ਇਸ ਨੂੰ ਪਸੰਦ ਨ੍ਹੀਂ ਕਰਦਾ। ਸਾਥੀ ਮਖੌਲ ਕਰਨ ਲੱਗੇ ਤਾਂ ਕਿਹਾ, ਤੁਸੀਂ ਜੋ ਕਰਨੈ ਕਰੋ ਭਾਈਉ, ਮੈਂ ਨ੍ਹੀਂ ਜਾਣਾ ਤੁਹਾਡੇ ਨਾਲ। ਬਾਕੀ ਚਲੇ ਗਏ ਤਾਂ ਦੀਵਾਨ ਦੀ ਸਮਾਪਤੀ ‘ਤੇ ਉਹ ਬਾਬਾ ਜੀ ਨੂੰ ਮਿਲਿਆ ਤੇ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ। ਬਾਬਿਆਂ ਪੁਛਿਆ, ਪਾਠ ਕਰ ਲੈਨੈਂ? ਕਰਤਾਰ ਨੇ ਕਿਹਾ, ਨਾ ਜੀ ਮੈ ਤਾਂ ਕੋਰਾ ਅਨਪੜ੍ਹ ਆਂ। ਬਾਬਾ ਜੀ ਨੇ ਕਿਹਾ, ਪਹਿਲਾਂ ਗੁਰਮੁਖੀ ਸਿੱਖ, ਫਿਰ ਅੰਮ੍ਰਿਤ ਦਾ ਹੱਕਦਾਰ ਹੋਏਂਗਾ। ਅਸੀਂ ਗੁਰਮੁਖੀ ਵੀ ਸਿਖਾ ਰਹੇ ਹਾਂ। ਮਹੀਨੇ ਵਿਚ ਕਰਤਾਰ ਗੁਰਮੁਖੀ ਪੜ੍ਹਨੀ-ਲਿਖਣੀ ਸਿੱਖ ਗਿਆ ਤਾਂ ਅੰਮ੍ਰਿਤ ਛਕਿਆ।
ਅਖਬਾਰ ਪੜ੍ਹਨ ਲੱਗ ਪਿਆ ਤਾਂ ਜਾਣਿਆ ਕਿ ਮਹੰਤ ਇਤਿਹਾਸਕ ਗੁਰੂ ਘਰਾਂ ਦੀ ਬੇਅਦਬੀ ਕਰ ਰਹੇ ਹਨ। ਆਪ ਜਾ ਕੇ ਅੱਖੀਂ ਦੇਖਿਆ ਕਿ ਤਰਨ ਤਾਰਨ ਸਾਹਿਬ ਲੰਗਰ ਅਤੇ ਕੜਾਹ-ਪ੍ਰਸ਼ਾਦਿ ਕਰਨ ਦਾ ਠੇਕਾ ਜਿਸ ਹਲਵਾਈ ਨੂੰ ਦਿੱਤਾ ਹੋਇਆ ਹੈ, ਇਕ ਹੱਥ ਨਾਲ ਕੜਾਹੇ ਵਿਚ ਖੁਰਚਣਾ ਫੇਰ ਰਿਹੈ, ਦੂਜੇ ਹੱਥ ਬੀੜੀ ਫੜੀ ਸੂਟੇ ਲਾ ਰਿਹੈ।
ਗੁਰੂ ਚਰਨਾਂ ਦਾ ਧਿਆਨ ਧਰਕੇ ਅਖਬਾਰ ਵਿਚ ਇਸ਼ਤਿਹਾਰ ਦੇ ਦਿੱਤਾ ਕਿ ਆਉਂਦੀ ਸੰਗਰਾਂਦ ਅਕਾਲ ਤਖਤ ਸਾਹਿਬ ਵਿਖੇ ਉਹ ਸੱਜਣ ਪੁਜਣ ਜਿਹੜੇ ਬੇਅਦਬੀ ਰੋਕਣ ਦੇ ਇਛੁਕ ਹਨ।
ਇਹ ਘਟਨਾ ਇਕ ਸਦੀ ਪਹਿਲਾਂ ਦੀ ਹੈ। ਸੋਚਦਾ ਰਿਹਾ, ਕੋਈ ਆ ਜਾਏਗਾ? ਪੱਚੀ ਸਿੱਖ ਵੀ ਆ ਜਾਣ, ਕੰਮ ਚਲ ਸਕਦੈ। ਪੜ੍ਹੇ-ਲਿਖੇ ਆਉਣਗੇ ਨ੍ਹੀਂ, ਅਨਪੜ੍ਹਾਂ ਨੇ ਇਸ਼ਤਿਹਾਰ ਨਹੀਂ ਪੜ੍ਹ ਸਕਣਾ।
ਗਜ਼ਬ ਹੋ ਗਿਆ, ਮਿਥੇ ਦਿਨ 200 ਤੋਂ ਵੱਧ ਸਿੱਖ ਪੁੱਜ ਗਏ ਜਿਨ੍ਹਾਂ ਵਿਚ ਸ਼ ਤੇਜਾ ਸਿੰਘ ਸਮੁੰਦਰੀ ਅਤੇ ਪਿੰ੍ਰæ ਤੇਜਾ ਸਿੰਘ ਵੀ ਸਨ। ਸਭ ਦੇ ਸਭ ਹਮ-ਖਿਆਲ। ਕਰਤਾਰ ਸਿੰਘ ਝੱਬਰ ਨੇ ਕਿਹਾ, ਸਿਰਲੱਥ ਯੋਧਿਆਂ ਦਾ ਆਪਣਾ ਇਕ ਜਥਾ ਹੋਵੇਗਾ, ਬੇ-ਝਿਜਕ, ਬੇਖੌਫ। ਉਸ ਦਾ ਨਾਂ ਕੀ ਰੱਖੀਏ? ਕਿਸੇ ਨੇ ਕਿਹਾ, ਖਾਲਸਾ ਸੇਵਕ ਜਥਾ। ਝੱਬਰ ਨੇ ਕਿਹਾ, ਇਹ ਕੁਝ ਨਰਮ ਜਿਹਾ ਨਾਮ ਹੈ। ਜਲ ਛਕਾਉਣ, ਜੋੜਿਆਂ ਦੀ ਸੇਵਾ ਕਰਨੀ ਹੋਵੇ, ਇਹ ਨਾਮ ਠੀਕ ਹੈ। ਨਾਮ ਹੋਵੇ ਜੋ ਮੁਰਦਿਆਂ ਵਿਚ ਜਾਨ ਪਾ ਦਏ। ਸੰਗਤ ਨੇ ਕਿਹਾ, ਸਿੰਘ ਸਾਹਿਬ ਤੁਸੀਂ ਦਸੋ ਕੋਈ ਨਾਂ? ਝੱਬਰ ਨੇ ਕਿਹਾ, ਅਕਾਲੀ ਦਲ ਠੀਕ ਰਹੇਗਾ? ਸਭ ਮੰਨ ਗਏ, ਬਸ ਏਨਾ ਹੋਇਆ ਕਿ ਇਸ ਦੇ ਅੱਗੇ ਸ਼੍ਰੋਮਣੀ ਲਫਜ਼ ਹੋਰ ਜੋੜ ਦਿਤਾ। ਪ੍ਰਵਾਨਗੀ ਦਾ ਜੈਕਾਰਾ। ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।
ਇਥੋਂ ਅਕਾਲੀ ਮੋਰਚਿਆਂ ਦਾ ਸ਼ਾਨਦਾਰ ਇਤਿਹਾਸ ਸ਼ੁਰੂ ਹੁੰਦਾ ਹੈ। ਪਹਿਲੋਂ ਅਕਾਲੀ ਨੀਲੀਆਂ ਦਸਤਾਰਾਂ ਸਜਾਇਆ ਕਰਦੇ, ਸਮੁੰਦਰ ਅਤੇ ਅਸਮਾਨ ਦਾ ਚਿੰਨ੍ਹ। ਨੀਲੇ ਦੇ ਸਵਾਰ ਗੁਰੂ ਗੋਬਿੰਦ ਸਿੰਘ ਦੇ ਬਾਣੇ ਦਾ ਰੰਗ। ਫਿਰ ਜੈਤੋ ਅਤੇ ਨਨਕਾਣਾ ਵਿਚ ਸ਼ਹਾਦਤਾਂ ਵਧੀਕ ਹੋ ਗਈਆਂ ਤਾਂ ਰੋਸ ਵਜੋਂ ਕਾਲੇ ਰੰਗ ਦੀਆਂ ਦਸਤਾਰਾਂ ਅਤੇ ਕਾਲੇ ਰੰਗ ਦੇ ਦੁਪੱਟੇ ਸਜਾਏ।
ਹੁਣ ਅਕਾਲੀ ਦਲ ਕਿਤੇ ਕਾਨਫਰੰਸ ਕਰਦਾ ਹੈ ਤਾਂ ਕਾਲੇ ਰੰਗ ਦੀ ਦਸਤਾਰ ਤਾਂ ਦਰਕਿਨਾਰ, ਤਲਾਸ਼ੀ ਲਈ ਜਾਂਦੀ ਹੈ ਕਿਤੇ ਕਿਸੇ ਦੀ ਜੇਬ ਵਿਚ ਕਾਲੇ ਰੰਗ ਦਾ ਰੁਮਾਲ ਤਾਂ ਨਹੀਂ, ਕਾਲੇ ਰੰਗ ਦੀਆਂ ਜੁਰਾਬਾਂ ਤਾਂ ਨਹੀਂ ਪਾਈਆਂ ਹੋਈਆਂ? ਕਿਤੇ ਕੋਈ ਪਾਗਲ ਕਾਲੀ ਲੀਰ ਹਿਲਾ ਕੇ ਵਿਘਨ ਨਾ ਪਾ ਦਏ!
ਮੈਨੂੰ ਨੀਲਾ ਰੰਗ ਚੰਗਾ ਲਗਦੈ, ਸਮਝੋ ਸਾਲ ਵਿਚ ਅੱਧੇ ਦਿਨ ਨੀਲੀ ਪੱਗ ਬੰਨ੍ਹਦਾ ਹਾਂ। ਹੁਣ ਮੇਰੀ ਬੀਵੀ ਨੇ ਨੀਲੀ ਪੱਗ ਲੁਕਾ ਦਿੱਤੀ ਹੈ, ਬੰਨ੍ਹਣ ਨਹੀਂ ਦਿੰਦੀ, ਕਹਿੰਦੀ ਹੈ ਅਕਾਲੀ ਸਮਝ ਕੇ ਲੋਕ ਕੁਟ ਦੇਣਗੇ, ਤੁਹਾਡੇ ਕੋਲ ਕਿਹੜਾ ਗਾਰਦ ਐ। ਬੰਨ੍ਹੀ ਜਾਇਉ ਸਿਰ ‘ਤੇ ਪੱਟੀਆਂ!
ਅਕਾਲੀ ਦਲ ਦਾ ਐਲਾਨ ਹੋਇਆ ਕਰਦਾ ਸੀ ਕਿ ਫੌਜ ਤਾਂ ਕੀ ਪੁਲਿਸ ਵੀ ਗੁਰੂ ਘਰਾਂ ਵਿਚ ਨਹੀਂ ਵੜਨੀ ਚਾਹੀਦੀ। ਧਿਆਨ ਸਿੰਘ ਮੰਡ ਪੰਥ ਦੇ ਨਾਂ ਸੰਦੇਸ਼ ਪੜ੍ਹ ਗਿਆ ਤਾਂ ਸ੍ਰæੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਬਿਆਨ ਛਪਿਆ, ਪੁਲਿਸ ਨੇ ਦਰਬਾਰ ਸਾਹਿਬ ਵਿਚ ਇੰਤਜ਼ਾਮ ਠੀਕ ਕੀਤੇ ਹੀ ਨਹੀਂ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਸੰਗਤ ਨੇ ਥਾਂ ਥਾਂ ਸ਼ਾਂਤਮਈ ਧਰਨੇ ਦਿਤੇ। ਧਰਨਿਆਂ ਵਿਚ ਲੋਕ ਜੋੜੇ ਉਤਾਰ ਕੇ ਨਹੀਂ ਬੈਠਿਆ ਕਰਦੇ। ਨੰਗੇ ਪੈਰੀਂ ਬੈਠ ਕੇ ਸੰਗਤ ਸਤਿਨਾਮ ਦਾ ਜਾਪ ਕਰਦੀ ਰਹੀ। ਗੁਰਦੁਆਰਿਆਂ ਵਿਚੋਂ ਜਿਹੜਾ ਲੰਗਰ ਆਉਂਦਾ, ਸੰਗਤ ਅਤੇ ਪੁਲਿਸ ਮੁਲਾਜ਼ਮ ਰਲ ਕੇ ਛਕਦੇ। ਲੰਗਰ ਵਰਤਾਉਂਦੇ ਦੋ ਜੁਆਨ ਪੁਲਿਸ ਨੇ ਗੋਲੀਆਂ ਨਾਲ ਫੁੰਡ ਦਿਤੇ। ਕਸੂਰਵਾਰ ਕੌਣ?
ਮੈਂ ਨਾਗਸੈਨ ਨੂੰ ਪੁਛਿਆ, ਖਾਲਸਾ ਪੰਥ ਦਾ ਇਸ ਵੇਲੇ ਕੋਈ ਲੀਡਰ ਨਹੀਂ, ਤਾਂ ਵੀ ਪਿੰਡ ਚੱਬੇ (ਅੰਮ੍ਰਿਤਸਰ) ਦੋ ਲੱਖ ਤੋਂ ਵੱਧ ਸੰਗਤ ਕਿਵੇਂ ਪੁੱਜ ਗਈ?
ਉਸ ਨੇ ਉਤਰ ਦਿੱਤਾ, ਲੀਡਰ ਸੱਦਾ ਦਿੰਦੇ, ਕਿਸੇ ਨੇ ਨਹੀਂ ਜਾਣਾ ਸੀ। ਗੁਰੂ ਪੰਥ ਇਸ ਲਈ ਪੁੱਜਾ ਕਿਉਂਕਿ ਗੁਰੂ ਗ੍ਰੰਥ ਦੀ ਬੇਅਦਬੀ ਹੋਈ ਸੀ। ਰੂਹ ਦੀ ਰੱਖਿਆ ਵਾਸਤੇ ਜਿਸਮ ਉਧਰ ਨੂੰ ਤੁਰ ਪਏ। ਪੰਥ ਅੱਗੇ ਅੱਗੇ ਤੁਰ ਪਿਆ, ਲੀਡਰਾਂ ਨੂੰ ਉਸ ਪਿਛੇ ਤੁਰਨ ਦਾ ਸਲੀਕਾ ਨਹੀਂ ਅਜੇ ਆਇਆ।