ਗੁਲਜ਼ਾਰ ਸੰਧੂ
ਅਸਾਮ ਦੇ ਰਾਜਪਾਲ ਪੀ ਬੀ ਅਚਾਰੀਆ ਨੇ ਹਿੰਦੁਸਤਾਨ ਕੇਵਲ ਹਿੰਦੂਆਂ ਦਾ ਕਹਿ ਕੇ ਅਤਿਅੰਤ ਬੇਸਮਝੀ ਦਾ ਸਬੂਤ ਦਿੱਤਾ ਹੈ। ਜਾਪਦਾ ਹੈ ਕਿ ਉਸ ਨੇ ਸੁਤੰਤਰ ਭਾਰਤ ਦਾ ਸੰਵਿਧਾਨ ਨਹੀਂ ਪੜ੍ਹਿਆ ਜਿਸ ਦੀ ਉਹ ਸਹੁੰ ਚੁੱਕ ਕੇ ਰਾਜਪਾਲ ਬਣਿਆ ਹੈ। ਉਹ ਸਰ ਮੁਹੰਮਦ ਇਕਬਾਲ, ਜਿਸ ਨੇ ਇਥੋਂ ਦੇ ਵਸਨੀਕਾਂ ਦੀ ਸ਼ਾਨ ਵਿਚ ਲਿਖਿਆ ਸੀ, ਨੂੰ ਵੀ ਭੁੱਲ ਗਿਆ ਲੱਗਦਾ ਹੈ:
ਹਿੰਦੀ ਹੈਂ ਹਮ ਵਤਨ ਹੈ ਹਿੰਦੁਸਤਾਂ ਹਮਾਰਾ
ਏਡੀ ਉਚੀ ਪਦਵੀ ‘ਤੇ ਬਿਰਾਜਮਾਨ ਪੀ ਬੀ ਆਚਾਰੀਆ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਵੀ 26 ਨਵੰਬਰ ਦਾ ਦਿਨ ਸੰਵਿਧਾਨ ਦਿਵਸ ਵਜੋਂ ਮਨਾਇਆ ਹੈ। ਸੰਨ 1949 ਦੀ 26 ਨਵੰਬਰ ਨੂੰ ਭਾਰਤ ਦੇ ਅਜੋਕੇ ਸੰਵਿਧਾਨ ਨੂੰ ਪ੍ਰਵਾਨ ਕੀਤਾ ਸੀ ਜੋ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ।
ਜੇ ਸੱਚ ਪੁੱਛੋ ਤਾਂ ਆਪਣੇ ਆਪ ਨੂੰ ḔਹਿੰਦੀḔ ਕਹਿਣ ਵਾਲਾ ਇਕਬਾਲ ਵੀ ਅਚਾਰੀਆ ਵਾਂਗ ਮੁਹੰਮਦ ਅਲੀ ਜਿਨਾਹ ਦੇ ਪਿੱਛੇ ਲੱਗ ਕੇ 1947 ਤੋਂ ਬਹੁਤ ਪਹਿਲਾਂ ਆਪਣੇ ਲਿਖੇ ਨੂੰ ਹੇਠਲੇ ਵਾਕ ਵਿਚ ਬਦਲ ਚੁੱਕਾ ਸੀ:
ਮੁਸਲਮ ਹੈਂ ਹਮ ਵਤਨ ਹੈ ਸਾਰਾ ਜਹਾਂ ਹਮਾਰਾ।
æææਤੇ ਹੁਣ ਸ਼ਾਇਦ ਇਹ ਪੀ ਬੀ ਅਚਾਰੀਆ ਦੀ ਵਾਰੀ ਸੀ।
ਅਸੀਂ ਅਸਾਮ ਦੇ ਮੁੱਖ ਮੰਤਰੀ ਤਰੁਨ ਗੋਗੋਈ ਦੇ ਸਹਿਜ ਦੇ ਵਾਰੇ ਵਾਰੇ ਜਾਂਦੇ ਹਾਂ ਜਿਸ ਨੇ ਆਪਣੇ ਰਾਜ ਤੋਂ ਆਚਾਰੀਆ ਨੂੰ ਚਲਦੇ ਕਰਨ ਦੀ ਵੱਡੀ ਮੰਗ ਨਹੀਂ ਮੰਗੀ। ਚਾਹੀਦਾ ਤਾਂ ਇਹ ਹੈ ਕਿ ਅਜਿਹੇ ਬੇਸਮਝ ਬੰਦੇ ਨੂੰ ਕਿਸੇ ਵੀ ਅਜਿਹੀ ਪਦਵੀ ‘ਤੇ ਨਹੀਂ ਰੱਖਣਾ ਚਾਹੀਦਾ ਜਿਸ ਉਤੇ ਬੈਠ ਕੇ ਉਹ ਦੁਨੀਆਂ ਭਰ ਦੇ ਹਿੰਦੂਆਂ ਨੂੰ ਸੱਦਾ ਦੇ ਸਕੇ ਕਿ ਭਾਰਤ ਨੂੰ ਆਪਣਾ ਦੇਸ਼ ਸਮਝਣ ਤੇ ਏਧਰ ਨੂੰ ਚਾਲੇ ਪਾ ਲੈਣ।
ਜੇ ਭੂਗੋਲ ਤੇ ਇਤਿਹਾਸ ਦੇ ਅਣਜਾਣਪੁਣੇ ਨੂੰ ਨਾ ਵੀ ਰਿੜਕੀਏ ਤਾਂ ਉਸ ਨੂੰ ਭਾਰਤ ਦੇ ਸੰਵਿਧਾਨ ਦੀ ਜਾਣਕਾਰੀ ਤਾਂ ਨਹੀਂ ਭੁੱਲੀ ਜਿਸ ਦੀ ਸਹੁੰ ਖਾ ਕੇ ਉਸ ਨੇ ਰਾਜਪਾਲ ਦੀ ਪਦਵੀ ਸੰਭਾਲੀ ਸੀ। ਸੈਕੂਲਰ ਸੰਵਿਧਾਨ ਦੇ ਸਹੁੰ ਚੁੱਕਣ ਵਾਲੇ ਵਿਅਕਤੀ ਤੋਂ ਇਹ ਸ਼ਬਦ ਸੁਣਨੇ ਕਿੰਨੇ ਹਾਸੋਹੀਣੇ ਹਨ ਕਿ ਮੁਸਲਮਾਨ ਨੂੰ ਪੂਰੀ ਖੁੱਲ੍ਹ ਹੈ ਕਿ ਉਹ ਜਿੱਥੇ ਜੀ ਕਰੇ ਚਲੇ ਜਾਣ।
ਮਹੀਪ ਸਿੰਘ ਦਿੱਲੀ ਤੇ ਮਨਮੀਤ ਸਿੰਘ ਭੁੱਲਰ ਦੇ ਤੁਰ ਜਾਣ ‘ਤੇ: ਮੈਨੂੰ ਉਘੇ ਲੇਖਕ ਮਹੀਪ ਸਿੰਘ ਤੇ ਕੈਲਗਰੀ (ਕੈਨੇਡਾ) ਦੇ ਨੌਜਵਾਨ ਵਿਧਾਇਕ ਮਨਮੀਤ ਸਿੰਘ ਭੁੱਲਰ ਦੇ ਤੁਰ ਜਾਣ ਨੇ ਬੜਾ ਉਦਾਸ ਕੀਤਾ। ਮਹੀਪ ਸਿੰਘ ਮੇਰਾ ਦਿੱਲੀ ਰਹਿਣ ਸਮੇਂ ਮਿੱਤਰ ਸੀ ਜਿੱਥੇ ਮੈਂ ਜ਼ਿੰਦਗੀ ਦਾ ਅਤਿਅੰਤ ਉਪਜਾਊ ਭਾਗ ਜੀਵਿਆ। ਮਨਮੀਤ ਸਿੰਘ ਭੁੱਲਰ ਅਜਿਹਾ ਹੋਣਹਾਰ ਨੌਜਵਾਨ ਸੀ ਜਿਸ ਨੇ ਕੈਨੇਡਾ ਦੇ ਸਿਆਸੀ ਜੀਵਨ ਵਿਚ ਵੱਡੀਆਂ ਮੱਲਾਂ ਮਾਰਨੀਆਂ ਸਨ। ਉਸ ਦੀ ਮੌਤ ਵੀ ਉਸ ਵੇਲੇ ਹੋਈ ਜਦੋਂ ਉਹ ਰਸਤੇ ਵਿਚ ਫਸੇ ਉਸ ਡਰਾਈਵਰ ਨੂੰ ਜਿੱਲ੍ਹਣ ਵਿਚੋਂ ਨਿਕਲਣ ਦਾ ਢੰਗ ਤਰੀਕਾ ਦੱਸ ਰਿਹਾ ਸੀ ਜਿਸ ਨੂੰ ਉਹ ਉਕਾ ਹੀ ਨਹੀਂ ਸੀ ਜਾਣਦਾ।
ਹਿੰਦੀ ਅਤੇ ਪੰਜਾਬੀ ਦੇ ਪਾਠਕਾਂ ਲਈ ਮਹੀਪ ਸਿੰਘ ਓਪਰਾ ਨਾਂ ਨਹੀਂ ਜਿਸ ਨੂੰ ਦਰਜਨਾਂ ਪੁਸਤਕਾਂ ਦਾ ਰਚੈਤਾ ਹੋਣ ਉਪਰੰਤ ਹਰਵਿੰਦਰ ਸਿੰਘ ਹੰਸਪਾਲ ਵਲੋਂ ਸਥਾਪਿਤ ਕੀਤੀ ਵਰਲਡ ਪੰਜਾਬੀ ਕਾਨਫਰੰਸ ਵਿਚ ਉਸ ਦੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕੀਤਾ। ਦਿੱਲੀ ਦੇ 15 ਅਗਸਤ ਤੇ 26 ਜਨਵਰੀ ਵਾਲੇ ਮਹਾਨ ਸਮਾਗਮਾਂ ਉਤੇ ਹਿੰਦੀ ਵਿਚ ਕੁਮੈਂਟਰੀ ਕਰਨ ਵਾਲਾ ਕੋਈ ਹੋਰ ਪੰਜਾਬ ਤਾਂ ਕੀ ਪੂਰੇ ਭਾਰਤ ਵਿਚ ਨਹੀਂ ਸੀ।
ਮਹੀਪ ਸਿੰਘ ਤੇ ਮਨਮੀਤ ਸਿੰਘ ਦੋਵੇਂ ਕੇਸਾਧਾਰੀ ਤੇ ਪਗੜੀਧਾਰੀ ਸਿੱਖ ਸਨ। ਪਹਿਲਾ 85 ਵਰ੍ਹੇ ਦਾ ਸੀ ਤੇ ਦੂਜਾ 35 ਦਾ। ਦੋਵਾਂ ਦੀ ਉਮਰ ਵਿਚ ਅੱਧੀ ਸਦੀ ਦਾ ਅੰਤਰ ਸੀ ਤੇ ਕਾਰਜ ਖੇਤਰ ਵਿਚ ਹਜ਼ਾਰਾਂ ਮੀਲਾਂ ਦੀ ਦੂਰੀ। ਕੁਦਰਤ ਨੇ ਆਪਣਾ ਮਾਰੂ ਹਥਿਆਰ ਵਰਤ ਕੇ ਦੋਵਾਂ ਨੂੰ ਇੱਕ ਦੂਜੇ ਦੇ ਸਾਨੀ ਬਣਾ ਦਿੱਤਾ। ਇਸ ਭਾਣੇ ਨੂੰ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।
ਗੁੜ ਖਾਵੀਂ ਪੂਣੀ ਕੱਤੀਂ: ਹਰਿਆਣਾ ਦੇ ਜੀਂਦ ਜ਼ਿਲ੍ਹੇ ਤੋਂ ਆਈਆਂ ਮੀਡੀਆਂ ਰਿਪੋਰਟਾਂ ਸਾਨੂੰ ਪੰਜਾਬ ਦੇ ਉਨ੍ਹਾਂ ਸਮਿਆਂ ਵਿਚ ਲੈ ਵੜੀਆਂ ਹਨ ਜਦ ਗਰੀਬ ਕਿਸਾਨੀ ਤਾਂ ਕੀ ਰੱਜੇ-ਪੁੱਜੇ ਲੋਕ ਵੀ ਧੀਆਂ ਨੂੰ ਜੰਮਦੀਆਂ ਨੂੰ ਮਾਰ ਦਿੰਦੇ ਸਨ। ਨਤੀਜੇ ਵਜੋਂ ਪੁੰਨ ਦੇ ਵਿਆਹਵਾਂ ਤੋਂ ਬਿਨਾਂ ਵੱਟੇ-ਸੱਟੇ ਦੇ ਵਿਆਹ ਹੀ ਨਹੀਂ, ਮੁੱਲ ਦੇ ਵਿਆਹ ਵੀ ਘੱਟ ਨਹੀਂ ਸਨ। ਇਸ ਸਭ ਕਾਸੇ ਦੀਆਂ ਜੜ੍ਹਾਂ ਉਸ ਰੀਤ ਵਿਚ ਸਨ ਜੋ ਮਾਪਿਆਂ ਨੇ ਧੀਆਂ ਮਾਰਨ ਲਈ ਅਪਨਾ ਰੱਖੀ ਸੀ। ਉਹ ਨਵ ਜੰਮੀ ਬਾਲੜੀ ਨੂੰ ਮਿੱਟੀ ਵਿਚ ਦਫਨਾਉਣ ਤੋਂ ਪਹਿਲਾਂ ਉਸ ਦੇ ਮੂੰਹ ਵਿਚ ਗੁੜ ਦੀ ਰੋੜੀ ਪਾ ਕੇ ਉਹਦੇ ਹੱਥ ਰੂੰ ਦੀ ਪੂਣੀ ਫੜਾ ਕੇ ਕਹਿ ਛਡਦੇ ਸਨ:
ਗੁੜ ਖਾਵੀਂ ਪੂਣੀ ਕੱਤੀਂ।
ਆਪ ਨਾ ਆਵੀਂ ਵੀਰਾਂ ਨੂੰ ਘੱਤੀ।
ਅੱਜ ਦੀਆਂ ਧੀਆਂ ਤਾਂ ਪੜ੍ਹ-ਲਿਖ ਕੇ ਵੀਰਾਂ ਦੇ ਬਰਾਬਰ ਕੰਮ ਕਰਦੀਆਂ ਤੇ ਬਰਾਬਰ ਦਾ ਜੀਵਨ ਜਿਉਂਦੀਆਂ ਹਨ। ਮੇਰਾ ਜਨਮ ਅਣਵੰਡੇ ਤੋਂ ਵੱਡ ਆਕਾਰੀ ਪੰਜਾਬ ਵਿਚ ਹੋਇਆ। ਅਸੀਂ ਉਸ ਪੰਜਾਬ ਦੀਆਂ ਰਹੁ ਰੀਤਾਂ ਨੂੰ ਬਹੁਤ ਪਿੱਛੇ ਛੱਡ ਆਏ ਹਾਂ। ਸਾਡੇ ਹਰਿਆਣਵੀ ਭਰਾ ਸਾਥੋਂ ਏਨੇ ਪਿੱਛੇ ਹਨ, ਕਦੀ ਸੋਚਿਆ ਵੀ ਨਹੀਂ ਸੀ। ਉਪਰ ਵਾਲਾ ਇਨ੍ਹਾਂ ਨੂੰ ਸੁਮੱਤ ਬਖਸ਼ੇ।
ਅੰਕਿਤਾ: ਸੁਰਜੀਤ ਪਾਤਰ
ਪੈਸਾ ਧੇਲਾ, ਜੱਗ ਝਮੇਲਾ, ਰੌਣਕ ਮੇਲਾ, ਮੈਂ ਮੇਰੀ
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ।
ਜਿਹੜੀ ਰੁੱਤ ਨੂੰ ḔਉਮਰਾḔ ਕਹਿੰਦੇ, ਉਸ ਦੀ ਠੰਢ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ, ਰਹਿਣ ਵਿਚਾਰੇ ਠਰਦੇ ਲੋਕ।
ਇਹ ਇੱਕ ਧੁਖਦਾ ਰੁੱਖ ਆਇਆ ਹੈ, ਇਹ ਆਈ ਧੁਨ ਮਾਤਮ ਦੀ
ਇਨ੍ਹਾਂ ਲਈ ਦਰਵਾਜ਼ੇ ਖੋਲ੍ਹੋ, ਇਹ ਤਾਂ ਆਪਣੇ ਘਰ ਦੇ ਲੋਕ।