ਦੁਖੀ ਡਰਾਈਵਰ ਦਾ ਇਕਬਾਲੀਆ ਬਿਆਨ

‘ਦੁਖੀ ਡਰਾਈਵਰ ਦਾ ਇਕਬਾਲੀਆ ਬਿਆਨ’ ਵਿਚ ਪਰਵਾਸੀਆਂ ਦੇ ਅਜਿਹੇ ਅਹਿਸਾਸ ਪਰੋਏ ਮਿਲਦੇ ਹਨ ਜਿਹੜੇ ਆਮ ਕਰ ਕੇ ਘੱਟ ਹੀ ਸਾਹਮਣੇ ਆਉਂਦੇ ਹਨ। ਇਹ ਉਹ ਅਹਿਸਾਸ ਹਨ ਜਿਹੜੇ ਕੋਈ ਬੰਦਾ ਸਿਰਫ ਆਪਣੇ ਨਾਲ ਸਾਂਝਾ ਕਰਦਾ ਹੈ। ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ਇਹ ਅਹਿਸਾਸ ਗਹਿਰਾਈ ਵਿਚ ਜਾ ਕੇ ਕਲਮ ਦੀ ਨੋਕ ਵਿਚੋਂ ਕੱਢੇ ਹਨ।

ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ। ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ

ਹਰਪ੍ਰੀਤ ਸਿੰਘ ਸੇਖਾ
ਫੋਨ: 778-231-1189

ਉਮਰ ਮੇਰੀ ਸੱਠ ਸਾਲ ਤੋਂ ਉਪਰ ਹੈ। ਮੈਂ 1976 ਵਿਚ ਡਾਊਨ-ਟਾਊਨ ਦੀ ਕੰਪਨੀ ਨਾਲ ਟੈਕਸੀ ਚਲਾਉਣ ਲੱਗਾ ਸੀ। ਉਦੋਂ ਮੈਂ ਪਾਰਟ ਟਾਈਮ ਟੈਕਸੀ ਚਲਾਉਂਦਾ ਸੀ। ਪੱਕਾ ਕੰਮ ਮੇਰਾ ਬੇਕਰੀ ਵਿਚ ਸੀ। ਉਦੋਂ ਉਸ ਟੈਕਸੀ ਕੰਪਨੀ ਵਿਚ ਆਪਣੇ ਬੰਦੇ ਬਹੁਤ ਘੱਟ ਹੁੰਦੇ ਸੀ। ਜਦੋਂ ਮੈਂ ਪਹਿਲੇ ਦਿਨ ਟੈਕਸੀ ਦਾ ਕੰਮ ਮੰਗਣ ਗਿਆ ਤਾਂ ਮੇਰੇ ਕੱਪੜੇ-ਲੱਤੇ ਦੇਖ ਕੇ ਕੰਪਨੀ ਦਾ ਮੈਨੇਜਰ ਕਹਿੰਦਾ, ਇਹ ਕੰਮ ਤੇਰੇ ਕਰਨ ਵਾਲਾ ਨ੍ਹੀਂ। ਉਦੋਂ ਟੈਕਸੀ ਚਲਾਉਣ ਦਾ ਕੰਮ ਬਹੁਤ ਖਤਰਨਾਕ ਹੁੰਦਾ ਸੀ। ਡਰਾਈਵਰ ਰਫ਼-ਟਫ਼ ਕਿਸਮ ਦੇ ਬੰਦੇ ਹੁੰਦੇ ਸੀ, ਜਿਹੜੇ ਕਿਸੇ ਦੇ ਦੋ ਘਸੁੰਨ ਲਾਉਣ ਜੋਗੇ ਵੀ ਹੁੰਦੇ ਜਾਂ ਕਿਸੇ ਤੋਂ ਚਾਰ ਘਸੁੰਨ ਖਾ ਵੀ ਸਕਦੇ ਹੁੰਦੇ। ਮੇਰੀ ਕਾਠੀ ਛੋਟੀ ਐ। ਮੇਰੇ ਕੱਪੜੇ ਵੀ ਹੁਣ ਵਾਂਗ ਸਾਫ਼-ਸੁਥਰੇ ਸੀ (ਉਸ ਦੇ ਡਰੈੱਸ ਪੈਂਟ ਅਤੇ ਸ਼ਰਟ ਪਾਈ ਹੋਈ ਸੀ)। ਉਸ ਕੰਪਨੀ ਵਿਚ ਮੈਂ ਪਾਰਟ ਟਾਈਮ ਤਿੰਨ ਸਾਲ ਨੌਕਰੀ ਕੀਤੀ।
ਦੋ-ਦੋ ਨੌਕਰੀਆਂ ਕਰ ਕੇ ਡਾਲਰ ਜੋੜੇ। ਫਿਰ ਮੇਰਾ ਵਿਆਹ ਹੋ ਗਿਆ। ਕਦੇ-ਕਦਾਈਂ ਫਿਰ ਵੀ ਮੈਂ ਟੈਕਸੀ ਚਲਾ ਆਉਂਦਾ। ਫਿਰ ਮੈਂ 1986 ਤੋਂ 1991 ਤੱਕ ਕਿਸੇ ਹੋਰ ਕੰਪਨੀ ਦੀ ਟੈਕਸੀ ਚਲਾਈ। ਉਥੇ ਵੀ ਮੈਂ ਪਾਰਟ-ਟਾਈਮ ਹੀ ਟੈਕਸੀ ਚਲਾਈ। ਫਿਰ ਹਾਲਾਤ ਇੱਦਾਂ ਦੇ ਬਣੇ ਕਿ ਮੇਰੀ ਬੇਕਰੀ ਵਾਲੀ ਨੌਕਰੀ ਵੀ ਜਾਂਦੀ ਲੱਗੀ ਤੇ ਟੈਕਸੀ ਵਾਲੀ ਵੀ। ਟੈਕਸੀ ‘ਚ ਮੇਰੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਸੀ। ਮੈਨੇਜਰ ਨੇ ਮੈਨੂੰ ਕੱਢ ਦਿੱਤਾ; ਕਹਿੰਦਾ, ਤੂੰ ਕਿਸੇ ਸਵਾਰੀ ਨਾਲ ਮਿਸ-ਬੀਹੇਵ ਕੀਤਾ ਸੀ। ਫਿਰ ਮੈਂ ਇਕ ਹੋਰ ਟੈਕਸੀ ਕੰਪਨੀ ਵਿਚ ਚਲਿਆ ਗਿਆ। ਉਥੇ 2008 ਤੱਕ ਰਿਹਾ। ਉਸ ਟੈਕਸੀ ਕੰਪਨੀ ਦਾ ਪਹਿਲਾਂ ਮਾਲਕ ਕੋਈ ਗੋਰਾ ਸੀ। ਜਦੋਂ ਉਹ ਵੇਚ ਗਿਆ ਤਾਂ ਫਿਰ ਆਪਣੇ ਬੰਦਿਆਂ ਨੇ ਟੈਕਸੀਆਂ ਖਰੀਦ ਲਈਆਂ। ਮੇਰੇ ਕੋਲ ਵੀ ਆਵਦੀ ਟੈਕਸੀ ਸੀ। ਫਿਰ ਮੈਂ ਵੇਚ ਦਿੱਤੀ।
ਟੈਕਸੀ ਨੇ ਮੈਨੂੰ ਸ਼ਰਾਬ ਤੇ ਰੰਨਾਂ ਦੀ ਆਦਤ ਪਾ’ਤੀ। ਕਈ ਵਾਰ ਇੱਦਾਂ ਹੋਣਾ ਕਿ ਪੁਲਿਸ ਨੇ ਮੈਨੂੰ ਸ਼ਰਾਬੀ ਹੋਏ ਨੂੰ ਘਰ ਛੱਡ ਕੇ ਜਾਣਾ ਜਾਂ ਹਸਪਤਾਲ। ਇੱਕ ਵਾਰੀ ਮੈਂ ਮਸਾਜ-ਪਾਰਲਰ ‘ਤੇ ਗਿਆ ਹੀ ਸ਼ਰਾਬੀ ਹੋ ਕੇ ਸੌਂ ਗਿਆ। ਫਿਰ ਪੁਲੀਸ ਘਰ ਛੱਡ ਕੇ ਗਈ। ਮੈਂ ਕਦੇ ਸ਼ਰਾਬ ਪੀ ਕੇ ਟੈਕਸੀ ਨਹੀਂ ਚਲਾਈ, ਫਿਰ ਵੀ ਮੇਰਾ ਪੁਲਿਸ ਰਿਕਾਰਡ ਬਣ ਗਿਆ। ਜਦੋਂ ਮੈਂ ਸਿਟੀ ਹਾਲ ਸ਼ੋਫਰ ਪਰਮਿਟ ਰੀਨਿਊ ਕਰਵਾਉਣ ਗਿਆ ਤਾਂ ਉਨ੍ਹਾਂ ਮੇਰਾ ਪਰਮਿਟ ਰੀਨਿਊ ਨਾ ਕੀਤਾ। ਮੈਂ ਕਿਸੇ ਹੋਰ ਸ਼ਹਿਰ ਦੀ ਟੈਕਸੀ ਕੰਪਨੀ ਵਿਚ ਚਲਾ ਗਿਆ। ਉਸ ਮਿਊਂਸਪਿਲਟੀ ਦੇ ਸਿਟੀ ਹਾਲ ਵਾਲੇ ਕਹਿੰਦੇ, ਆਪਣੇ ਡਾਕਟਰ ਤੋਂ ਨੋਟ ਲਿਖਵਾ ਕੇ ਲਿਆ। ਡਾਕਟਰ ਨੇ ਲਿਖ ਦਿੱਤਾ, ਇਸ ਨੂੰ ਮਨੋਵਿਗਿਆਨੀ ਤੋਂ ਕੌਂਸਲਿੰਗ ਦੀ ਜ਼ਰੂਰਤ ਹੈ। ਕੌਂਸਲਿੰਗ ਕਰਵਾ ਕੇ ਮੈਂ ਫਿਰ ਗਿਆ ਤਾਂ ਉਨ੍ਹਾਂ ਮੈਨੂੰ ਛੇ ਮਹੀਨੇ ਲਈ ਪਰਮਿਟ ਦੇ ਦਿੱਤਾ। ਹੁਣ ਮੈਂ ਬਾਹਰ ਨ੍ਹੀਂ ਪੀਂਦਾ। ਜੇ ਨਾ ਪੀਵਾਂ ਤਾਂ ਮਹੀਨਾ-ਮਹੀਨਾ, ਦੋ-ਦੋ ਮਹੀਨੇ ਨ੍ਹੀਂ ਪੀਂਦਾ; ਜਦੋਂ ਲੱਗ ਜਾਵਾਂ, ਫਿਰ ਹਫ਼ਤਾ-ਹਫ਼ਤਾ ਪੀਂਦਾ ਰਹਿੰਨੈ। ਜਿਹੜੇ ਮਹੀਨੇ-ਦੋ ਮਹੀਨਿਆਂ ‘ਚ ਪੈਸੇ ਬਣਾਏ ਹੁੰਦੇ ਆ, ਉਹ ਮੁਕਾ ਕੇ ਸਾਹ ਲੈਨਾਂ। ਉਠਣ ਸਾਰ ਹੀ ਘਰ ਦੇ ਨਾਲ ਮਸਾਜ-ਪਾਰਲਰ ਹੈ, ਉਥੇ ਚਲਿਆ ਜਾਨੈ। ਕਈ ਵਾਰੀ ਤਾਂ ਉਥੇ ਸਿਰਫ਼ ਗੱਲਾਂ ਮਾਰ ਕੇ ਮੁੜ ਆਉਨੈਂ, ਪਰ ਉਹ ਦੋ ਸੌ ਤੋਂ ਘੱਟ ਮੁੜਨ ਨ੍ਹੀਂ ਦਿੰਦੀਆਂ। ਆਉਂਦਾ ਹੋਇਆ ਠੇਕੇ ਤੋਂ ਬੋਤਲ ਫੜ ਲਿਆਉਨਾਂ। ਫਿਰ ਪੀਂਦਾ ਰਹਿੰਨੈ। ਜਦੋਂ ਹੌਲ ਉੱਠਦਾ, ਫਿਰ ਮਸਾਜ-ਪਾਰਲਰ ਚਲਿਆ ਜਾਨੈ। ਆਪਣੇ-ਆਪ ਨੂੰ ਰੋਕ ਨ੍ਹੀਂ ਹੁੰਦਾ। ਜਦੋਂ ਠੀਕ ਹੁੰਨੈ, ਉਦੋਂ ਬਹੁਤ ਅਰਦਾਸਾਂ ਕਰਦੈਂ, ਬਈ ਰੱਬਾ! ਮੇਰਾ ਮਾੜੀਆਂ ਆਦਤਾਂ ਤੋਂ ਖਹਿੜਾ ਛੁਡਾ (ਅੱਖਾਂ ਭਰ ਆਉਂਦਾ ਹੈ)। ਡਾਕਟਰ ਦੇ ਮੈਂ ਡਰਦਾ ਜਾਂਦਾ ਨ੍ਹੀਂ, ਬਈ ਉਸ ਨੇ ਫਿਰ ਜੇ ਸਿਟੀ ਹਾਲ ਵਾਲਿਆਂ ਨੂੰ ਆਖ ਦਿੱਤਾ ਕਿ ਇਹ ਸ਼ਰਾਬੀ ਹੈ, ਤਾਂ ਮੇਰੀ ਇਹ ਨੌਕਰੀ ਵੀ ਜਾਂਦੀ ਲੱਗਣੀ ਆ। ਜਦੋਂ ਮੈਨੂੰ ਦੌਰਾ ਪੈਂਦਾ, ਉਦੋਂ ਟੈਕਸੀ ਖੜ੍ਹੀ ਰਹਿੰਦੀ ਐ। ਖੜ੍ਹੀ ਦਾ ਖਰਚਾ ਮੇਰੇ ਸਿਰ ਪਈ ਜਾਂਦਾ। ਜਦੋਂ ਫਿਰ ਚਲਾਉਣ ਲੱਗਦਾਂ ਤਾਂ ਪਿਛਲਾ ਘਾਟਾ ਵੀ ਪੂਰਾ ਕਰਨਾ ਪੈਂਦਾ। ਘਰਦਿਆਂ ਨੂੰ ਹੁਣ ਮੈਂ ਨ੍ਹੀਂ ਦਿੰਦਾ ਕੁਝ। ਪਹਿਲਾਂ ਬਥੇਰਾ ਦੇ ਦਿੱਤਾ। ਸੱਤੇ ਦਿਨ ਬਾਰਾਂ-ਬਾਰਾਂ ਘੰਟੇ ਕੰਮ ਕਰਦਾ ਸੀ। ਹੁਣ ਤਾਂ ਆਵਦੇ ਜੋਗਾ ਕਰਦਾਂ। ਬੱਚੇ ਆ ਤਿੰਨ। ਕੁੜੀ ਬੱਤੀਆਂ ਸਾਲਾਂ ਦੀ ਆ। ਉਹ ਅੱਡ ਰਹਿੰਦੀ ਆ। ਵਿਚਕਾਰਲਾ ਮੁੰਡਾ ਆਵਦਾ ਅੱਡ ਰਹਿੰਦਾ। ਛੋਟਾ ਸਾਡੇ ਨਾਲ ਰਹਿੰਦਾ। ਪਰਿਵਾਰ ਮੇਰਾ ਬਹੁਤ ਚੰਗਾ। ਉਨ੍ਹਾਂ ਨੂੰ ਪਤਾ, ਬਈ ਮੈਂ ਰੰਡੀਆਂ ਦੇ ਜਾਨੈ। ਸ਼ਰਾਬ ਪੀਨੈ। ਘਰਵਾਲੀ ਮੇਰੀ ਅੰਤਾਂ ਦੀ ਚੰਗੀ ਐ। ਉਹਨੂੰ ਇਉਂ ਆ, ਬਈ ਹੁਣ ਮੈਂ ਘਰੇ ਲਿਆ ਕੇ ਪੀਨੈ। ਬਾਹਰੋਂ ਪਏ ਨੂੰ ਪੁਲਿਸ ਨ੍ਹੀਂ ਚੁੱਕ ਕੇ ਲਿਆਉਂਦੀ।
ਟੈਕਸੀ ਚਲਾਉਂਦਿਆਂ ਵੀ ਮਨ ਬਹੁਤ ਡੋਲਦੈ, ਜਦੋਂ ਕੋਈ ਸੈਕਸੀ ਤੀਵੀਂ ਨਾਲ ਆ ਬੈਠੇ; ਪਰ ਬਹੁਤ ਸਾਵਧਾਨੀ ਵਰਤਣੀ ਪੈਂਦੀ ਆ। ਜੌਬ ਜਾਣ ਦਾ ਡਰ ਰਹਿੰਦੈ। ਬਹੁਤ ਸੰਭਲ ਕੇ ਕਈ ਵਾਰੀ ਪੁੱਛ ਵੀ ਲਈਦੈ। ਜੇ ਅਗਲੀ ਮੰਨ ਜਾਵੇ ਤਾਂ ਠਕਿ, ਨਹੀਂ ਫਿਰ ਆਖ ਦੇਈਦੈ, ਬਈ ਆਈ ਐਮ ਸੌਰੀ। ਮੈਨੂੰ ਤੀਵੀਆਂ ਨਾਲ ਗੱਲ ਕਰਨ ਦਾ ਬਹੁਤ ਤਰੀਕਾ ਆ। ਇਕ ਵਾਰੀ ਫਸਿਆ ਸੀ, ਉਹ ਵੀ ਉਸ ਤੀਵੀਂ ਦੇ ਮੁੰਡੇ ਕਰ ਕੇ। ਉਹ ਗੱਲ ਇਉਂ ਹੋਈ ਕਿ ਸਿਆਣੀ ਉਮਰ ਦੀ ਕੋਈ ਤੀਵੀਂ ਰੋਜ਼ ਟੈਕਸੀ ਸੱਦਦੀ ਸੀ। ਉਹਨੂੰ ਗੱਲਾਂ ਸੁਣਨ ਦਾ ਭੁਸ ਸੀ। ਉਹ ਪੁੱਛਿਆ ਕਰੇ, ਵੀਕ ਐਂਡ ‘ਤੇ ਤੂੰ ਕੀ ਕਰਦਾ ਹੁੰਨੈ? ਮੈਂ ਮਸਾਲਾ ਲਾ ਕੇ ਗੱਲਾਂ ਸੁਣਾ ਦੇਣੀਆਂ- ਦਾਰੂ ਪੀ ਕੇ ਤੀਵੀ ਨਾਲ ਇੱਦਾਂ-ਇੱਦਾਂ ਕੀਤਾ। ਇਕ ਦਿਨ ਕਹਿੰਦੀ, ਮੇਰੇ ਨਾਲ ਬੈਠ ਕੇ ਵੀ ਪੀ।
ਫਿਰ ਸਾਡੀ ਗੱਲ ਖੁੱਲ੍ਹ ਗਈ। ਉਹਨੇ ਨਿੱਤ ਮੈਨੂੰ ਸੱਦ ਲਿਆ ਕਰਨਾ। ਉਸ ਤੀਵੀਂ ਦਾ ਤੀਹਾਂ ਸਾਲਾਂ ਦਾ ਮੁੰਡਾ ਸੀ। ਉਹ ਉਹਦੇ ਨਾਲ ਹੀ ਰਹਿੰਦਾ ਸੀ। ਇਕ ਦਿਨ ਉਹਨੇ ਟੈਕਸੀ ਦੇ ਦਫ਼ਤਰ ਫੋਨ ਕਰ ਦਿੱਤਾ ਕਿ ਥੋਡਾ ਡਰਾਈਵਰ ਕੰਮ ਦੌਰਾਨ ਮੇਰੀ ਮਾਂ ਕੋਲ ਆਉਂਦੈ। ਮੇਰੀ ਮਾਂ ਸੱਠਾਂ-ਪੈਂਹਟਾਂ ਸਾਲਾਂ ਦੀ ਆ। ਕੰਪਨੀ ਨੇ ਮੈਨੂੰ ਵਾਰਨਿੰਗ ਦੇ ਦਿੱਤੀ ਕਿ ਟੈਕਸੀ ਚਲਾਉਂਦਿਆਂ ਇੱਦਾਂ ਨ੍ਹੀਂ ਕਰ ਸਕਦਾ। ਫਿਰ ਮੈਂ ਇਸ ਗੱਲੋਂ ਸਾਵਧਾਨ ਹੋ ਗਿਆ। ਜਦੋਂ ਕਿਸੇ ਨੇ ‘ਹਾਂ’ ਕਰਨੀ, ਮੈਂ ਟੈਕਸੀ ਪਾਰਕ ਕਰ ਦੇਣੀ ਤੇ ਆਪਣੀ ਪਰਾਈਵੇਟ ਕਾਰ ‘ਚ ਲੈ ਜਾਣਾ। ਜਦੋਂ ਤੁਹਾਨੂੰ ਇਹ ਬਾਣ ਪੈ ਜਾਵੇ ਨਾ, ਫਿਰ ਥੋਡਾ ਨਿੱਤ ਨਵੀਂ ਭਾਲਣ ਨੂੰ ਜੀਅ ਕਰਦੈ। ਕਦੇ ਗੋਰੀ, ਕਦੇ ਕਾਲੀ, ਕਦੇ ਚੀਨਣ। ਟੈਕਸੀ ‘ਚ ਬਥੇਰੀਆਂ ਮਿਲ ਜਾਂਦੀਆਂ, ਪਰ ਥੋਨੂੰ ਪੁੱਛਣ ਦਾ ਤਰੀਕਾ ਆਉਣਾ ਚਾਹੀਦਾ।
ਆਪਾਂ ਇੱਕ-ਅੱਧੀ ਤਾਂ ਰੱਖੀਦੀ ਈ ਆ, ਪਰ ਫਿਰ ਵੀ ਜੀਅ ਨ੍ਹੀਂ ਭਰਦਾ। ਬਾਣ ਇਹ ਮੈਨੂੰ ਟੈਕਸੀ ਨੇ ਪਾਈ ਆ। ਕਈ ਵਾਰੀ ਲੱਗਦੈ, ਜੇ ਟੈਕਸੀ ‘ਚ ਨਾ ਪੈਂਦਾ ਤਾਂ ਇਹ ਬਾਣ ਤਾਂ ਨਾ ਪੈਂਦੀ। ਮੈਂ ਦੁਖੀ ਬਹੁਤ ਹੁੰਨਂੈ ਆਪਣੀ ਇਸ ਆਦਤ ਤੋਂ, ਪਰ ਛੱਡ ਨਹੀਂ ਹੁੰਦੀ। ਅੱਜ ਪੂਰਾ ਹਫ਼ਤਾ ਹੋ ਗਿਆ ਘਰ ਬੈਠੇ ਨੂੰ। ਪਤਾ ਈ ਨ੍ਹੀਂ ਲੱਗਦਾ, ਕਦੇ-ਕਦੇ ਕੀ ਹੋ ਜਾਂਦਾ। ਕੁਸ਼ ਕਰਨ ਨੂੰ ਜੀਅ ਨ੍ਹੀਂ ਕਰਦਾ। ਨਾ ਬਾਹਰ ਨਿਕਲਣ ਨੂੰ, ਨਾ ਕਿਸੇ ਨੂੰ ਮਿਲਣ-ਗਿਲਣ ਨੂੰ। ਦਿਨ-ਰਾਤ ਦਾਰੂ ਪੀਵੀ ਜਾਨੈ। ਵਿਚ-ਵਿਚ ਮਸਾਜ-ਪਾਰਲਰ ਜਾ ਆਉਨੈਂ। ਪੈਸੇ ਸਾਰੇ ਮੁੱਕ ਗਏ ਆ। ਕੱਲ੍ਹ ਛੋਟੇ ਮੁੰਡੇ ਨੇ ਮੈਥੋਂ ਸਤੇ ਨੇ ਕੰਧ ‘ਚ ਘਸੁੰਨ ਮਾਰ ਕੇ ਮੋਰੀ ਕਰ ਦਿੱਤੀ। ਮੇਰਾ ਮਨ ਭਰ-ਭਰ ਆਉਂਦੈ ਕਿ ਮੈਂ ਕਿੰਨਾ ਦੁੱਖ ਦਿੰਨੈ ਸਾਰਿਆਂ ਨੂੰ। ਅੱਜ ਨ੍ਹੀਂ ਪੀਤੀ। ਕੱਲ੍ਹ ਨੂੰ ਕੰਮ ‘ਤੇ ਜਾਊਂਗਾ। ਰੱਬ ਅੱਗੇ ਅਰਦਾਸ ਐ ਕਿ ਮੇਰਾ ਮਨ ਨਾ ਡੋਲੇ ਕੱਲ੍ਹ ਤੱਕ।