‘ਨਾਨਕ ਨਾਮ ਜਹਾਜ਼ ਹੈ’ ਫਿਲਮ ਸਾਢੇ ਚਾਰ ਦਹਾਕੇ ਪਹਿਲਾਂ 15 ਅਪਰੈਲ 1969 ਨੂੰ ਰਿਲੀਜ਼ ਕੀਤੀ ਗਈ ਸੀ ਜਦੋਂ ਗੁਰੂ ਨਾਨਕ ਦਾ ਪੰਜ ਸੌ ਸਾਲਾ ਜਨਮ ਦਿਵਸ ਪੁਰਬ ਮਨਾਇਆ ਜਾ ਰਿਹਾ ਸੀ। ਐਤਕੀਂ ਗੁਰੂ ਨਾਨਕ ਦੇ ਪੁਰਬ ਮੌਕੇ ਇਹ ਫਿਲਮ ਇਕ ਵਾਰ ਫਿਰ 27 ਨਵੰਬਰ 2015 ਨੂੰ ਰਿਲੀਜ਼ ਕੀਤੀ ਗਈ।
ਇਸ ਫਿਲਮ ਨੂੰ 1970 ਵਿੱਚ ਸਰਵੋਤਮ ਪੰਜਾਬੀ ਫਿਲਮ ਅਤੇ ਸਰਵੋਤਮ ਸੰਗੀਤ ਦੇ ਕੌਮੀ ਪੁਰਸਕਾਰ ਮਿਲੇ ਸਨ। ਇਸ ਫਿਲਮ ਬਾਰੇ ਸਿਮਰਨ ਕੌਰ ਨੇ ਕੁਝ ਤੱਥ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਸਾਂਝੇ ਕੀਤੇ ਹਨ। -ਸੰਪਾਦਕ
ਸਿਮਰਨ ਕੌਰ
ਪੰਜਾਬੀ ਫਿਲਮ Ḕਨਾਨਕ ਨਾਮ ਜਹਾਜ਼ ਹੈḔ ਦਾ ਜਾਦੂ ਇਕ ਵਾਰ ਫਿਰ ਚੱਲਿਆ ਹੈ। ਇਕ ਵਾਰ ਫਿਰ 1969 ਵਿਚ ਸਾਹਮਣੇ ਆਈ ਕਹਾਣੀ ਸੁਣਾਈ ਗਈ ਹੈ। ਇਹ ਫਿਲਮ 1969 ਵਿਚ ਗੁਰੂ ਨਾਨਕ ਦੇਵ ਦੀ 5ਵੀਂ ਜਨਮ ਸ਼ਤਾਬਦੀ ਮੌਕੇ ਰਿਲੀਜ਼ ਕੀਤੀ ਗਈ ਸੀ ਅਤੇ ਉਦੋਂ ਇਹ ਫਿਲਮ ਦੇਖਣ ਲੋਕ ਹੁੰਮ-ਹੁਮਾ ਕੇ ਥਿਏਟਰਾਂ ਵਿਚ ਗਏ ਸਨ। ਇਸ ਫਿਲਮ ਅਤੇ ਇਸ ਫਿਲਮ ਪੇਸ਼ ਸੁਨੇਹਾ ਦਾ ਜ਼ੋਰ ਇੰਨਾ ਜ਼ੋਰਦਾਰ ਸੀ ਕਿ ਲੋਕ ਥਿਏਟਰਾਂ ਵਿਚ ਫਿਲਮ ਦੇਖਣ ਜਾਣ ਸਮੇਂ ਜੁੱਤੀ ਲਾਹ ਕੇ ਜਾਂਦੇ ਸਨ। ਬਹੁਤ ਸਾਰੇ ਥਾਂਈਂ ਤਾਂ ਲੰਗਰ ਲਾਉਣ ਦੀਆਂ ਖਬਰਾਂ ਵੀ ਆਈਆਂ ਸਨ।
ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ, ਤਾਂ ਮੁਲਕ ਨੂੰ ਆਜ਼ਾਦ ਹੋਇਆਂ ਭਾਵੇਂ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਸੀ, ਪਰ 1947 ਦੀ ਵੰਡ ਵੇਲੇ ਜੋ ਜ਼ਖਮ ਲੋਕਾਂ ਦੇ ਦਿਲਾਂ ਉਤੇ ਲੱਗੇ ਸਨ, ਉਹ ਅਜੇ ਆਠਰੇ ਨਹੀਂ ਸਨ। ਵੰਡ ਦੀ ਕਤਲੋ-ਗਾਰਤ ਅਜੇ ਲੋਕਾਂ ਦੇ ਹਿਰਦਿਆਂ ਵਿਚ ਖੌਰੂ ਪਾ ਰਹੀ ਸੀ ਅਤੇ ਇਸ ਫਿਲਮ ਦੀ ਕਹਾਣੀ ਦਾ ਪਿਛੋਕੜ ਇਹੀ ਵੰਡ ਵਾਲਾ ਸਮਾਂ ਸੀ। ਇਸ ਫਿਲਮ ਦੀ ਕਹਾਣੀ ਅੰਮ੍ਰਿਤਸਰ ਵਿਚ ਵੱਸਦੇ ਇਕ ਪਰਿਵਾਰ ਦੀ ਕਹਾਣੀ ਹੈ। ਗੁਰਮੁਖ ਸਿੰਘ (ਪ੍ਰਿਥਵੀ ਰਾਜ ਕਪੂਰ) ਗੁਰਾਂ ਦੇ ਚਰਨਾਂ ਵਿਚ ਰਹਿਣ ਵਾਲਾ ਸਿੱਖ ਹੈ। ਉਸ ਦਾ ਪੁੱਤਰ ਗੁਰਮੀਤ (ਅਦਾਕਾਰ ਸੋਮ ਦੱਤ ਜੋ ਸੁਨੀਲ ਦੱਤ ਦਾ ਭਰਾ ਸੀ) ਵੀ ਆਪਣੇ ਪਿਤਾ ਵਾਂਗ ਹੀ ਰੱਬ ਰਜ਼ਾ ਵਿਚ ਰਹਿਣ ਵਾਲਾ ਬੰਦਾ ਹੈ। ਗੁਰਮੁਖ ਦੇ ਕਾਰੋਬਾਰੀ ਭਾਈਵਾਲ ਪ੍ਰੇਮ ਸਿੰਘ ਅਤੇ ਉਸ ਦੀ ਪਤਨੀ ਦੀਆਂ ਲਾਲਸਾਵਾਂ ਕਾਰਨ ਇਕ ਦਿਨ ਗੁਰਮੀਤ ਸਿੰਘ ਦੀਆਂ ਅੱਖਾਂ ਦੀ ਲੋਅ ਗੁਆਚ ਜਾਂਦੀ ਹੈ। ਇਹ ਘਟਨਾ ਚਰਨਜੀਤ ਕੌਰ ਚੰਨੀ (ਵਿਮੀ) ਕਾਰਨ ਹੁੰਦੀ ਹੈ। ਮਗਰੋਂ ਜਦੋਂ ਪਰਿਵਾਰ ਦੇ ਕੁਝ ਜੀਅ ਤੀਰਥ ਯਾਤਰਾ ਉਤੇ ਨਿਕਲਦੇ ਹਨ ਤਾਂ ਚੰਨੀ ਮੁੰਡਿਆਂ ਵਾਲਾ ਭੇਸ ਵਟਾ ਕੇ ਗੁਰਮੀਤ ਦੇ ਸੰਗ ਰਹਿੰਦੀ ਹੈ। ਆਖਰਕਾਰ ਕ੍ਰਿਸ਼ਮਾ ਵਾਪਰਦਾ ਹੈ ਅਤੇ ਗੁਰਮੀਤ ਦੀਆਂ ਅੱਖਾਂ ਦੀ ਲੋਅ ਪਰਤ ਆਉਂਦੀ ਹੈ। ਇਸ ਫਿਲਮ ਦੀ ਕਹਾਣੀ ਬੱਸ ਇੰਨੀ ਕੁ ਹੀ ਹੈ, ਪਰ ਇਸ ਵਿਚ ਜਿਹੜਾ ਦਰਦ ਪਰੋਇਆ ਗਿਆ ਹੈ, ਉਹ ਆਮ ਨਹੀਂ; ਬਹੁਤ ਦੂਰ ਅਤੇ ਦੇਰ ਤੱਕ ਮਾਰ ਕਰਦਾ ਹੈ।
ਇਸ ਫਿਲਮ ਦੇ ਸੰਗੀਤ ਬਾਰੇ ਉਚੇਚੀ ਗੱਲ ਕਰਨੀ ਬਣਦੀ ਹੈ। ਫਿਲਮ ਦਾ ਸੰਗੀਤ ਐਸ਼ ਮਹਿੰਦਰ ਨੇ ਦਿੱਤਾ ਸੀ ਜਿਨ੍ਹਾਂ ਦਾ ਅਸਲ ਨਾਂ ਸੀ- ਮਹਿੰਦਰ ਸਿੰਘ ਸਰਨਾ। ਉਹ ਪਹਿਲਾਂ-ਪਹਿਲ ਗਾਇਕ ਬਣਨਾ ਚਾਹੁੰਦੇ ਸਨ ਅਤੇ ਉਨ੍ਹਾਂ ਭਾਈ ਸਮੁੰਦ ਸਿੰਘ ਤੋਂ ਕਲਾਸੀਕਲ ਸੰਗੀਤ ਦੀ ਸਿਖਿਆ ਹਾਸਲ ਕੀਤੀ ਸੀ। ਮਗਰੋਂ ਉਹ ਬਨਾਰਸ (ਹੁਣ ਵਾਰਾਣਸੀ) ਵੀ ਗਏ ਜੋ ਉਸ ਵਕਤ ਸੰਗੀਤ ਦਾ ਗੜ੍ਹ ਸੀ। ਇਸ ਫਿਲਮ ਵਿਚ ਪ੍ਰਿਥਵੀ ਰਾਜ ਕਪੂਰ, ਵਿਮੀ, ਨਿਸ਼ੀ ਤੇ ਸੋਮ ਦੱਤ ਤੋਂ ਇਲਾਵਾ ਆਈæਐਸ਼ ਜੌਹਰ, ਸੁਰੇਸ਼, ਰਮਾਇਣ ਤਿਵਾੜੀ ਵਰਗੇ ਕਲਾਕਾਰਾਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ ਸਨ। ਇਸ ਮਿਸਾਲੀ ਫਿਲਮ ਦੇ ਡਾਇਰੈਕਟਰ ਰਾਮ ਮਹੇਸ਼ਵਰੀ ਸਨ ਅਤੇ ਆਜ਼ਾਦੀ ਤੋਂ ਬਾਅਦ ਪੰਜਾਬੀ ਦੀ ਇਹ ਪਹਿਲੀ ਵੱਡੀ ਹਿੱਟ ਫਿਲਮ ਸੀ। ਫਿਲਮ ਨੇ ਅੱਜ ਵੀ ਆਪਣਾ ਕ੍ਰਿਸ਼ਮਾ ਦਿਖਾਇਆ ਹੈ। ਨੌਜਵਾਨ ਵਰਗ ਨੇ ਵੀ ਇਸ ਫਿਲਮ ਨੂੰ ਖੂਬ ਹੁੰਗਾਰਾ ਭਰਿਆ ਹੈ। ਇਹ ਫਿਲਮ ਪੰਜਾਬ ਦੇ ਇਤਿਹਾਸ ਦਾ ਅਹਿਮ ਅੰਗ ਹੋ ਨਿਬੜੀ ਹੈ।