ਕੁਲਦੀਪ ਕੌਰ
ਫਿਲਮਸਾਜ਼ ਸਈਦ ਅਖਤਰ ਮਿਰਜ਼ਾ ਦੀ ਫਿਲਮ ‘ਮੋਹਨ ਜੋਸ਼ੀ ਹਾਜ਼ਿਰ ਹੋ’ ਵਿਚ ਬਜ਼ੁਰਗ ਜੋੜੇ ਦੀ ਭੂਮਿਕਾ ਵਿਚ ਹੰਢੇ-ਵਰਤੇ ਕਲਾਕਾਰ ਭੀਸ਼ਮ ਸਾਹਨੀ ਅਤੇ ਦੀਨਾ ਪਾਠਕ ਸਨ। ਫਿਲਮ ਦੀ ਕਹਾਣੀ ਅਨੁਸਾਰ ਇਹ ਬਜ਼ੁਰਗ ਜੋੜਾ ਮੁੰਬਈ ਦੀ ਕਿਸੇ ਪੁਰਾਣੀ ਚਾਲ ਵਿਚ ਰਹਿੰਦੇ ਹਨ ਅਤੇ ਚਾਲ ਦੇ ਮਾੜੇ ਹਾਲਾਤ ਲਈ ਪ੍ਰਾਪਰਟੀ ਡੀਲਰ ਕੁੰਦਨ ਕਪਾਡੀਆ (ਅਮਜਦ ਖਾਨ) ‘ਤੇ ਮੁਕੱਦਮਾ ਕਰ ਦਿੰਦੇ ਹਨ।
ਕੁੰਦਨ ਕਪਾਡੀਆ ਘਾਗ ਕਿਸਮ ਦਾ ਬੰਦਾ ਹੈ ਜਿਹੜਾ ਚਾਲ ਹੇਠਲੀ ਜ਼ਮੀਨ ਵੇਚਣ ਤੇ ਇਸ ਵਿਚ ਵਸਦੇ ਬਾਸ਼ਿੰਦਿਆਂ ਨੂੰ ਬੇਘਰ ਕਰਨ ‘ਤੇ ਉਤਾਰੂ ਹੈ। ਮੁਕੱਦਮਾ ਲੜਨ ਲਈ ਇਹ ਬਜ਼ੁਰਗ ਦੋ ਵਕੀਲਾਂ (ਨਸੀਰੂਦੀਨ ਸ਼ਾਹ ਤੇ ਸਤੀਸ਼ ਸ਼ਾਹ) ਨੂੰ ਜ਼ਿੰਮੇਵਾਰੀ ਸੌਂਪਦੇ ਹਨ। ਇਸ ਤੋਂ ਬਾਅਦ ਫਿਲਮ ਦੀ ਪੂਰੀ ਪਟਕਥਾ ਭਾਰਤੀ ਨਿਆਂ ਪ੍ਰਬੰਧ ਦਾ ਹੀਜ-ਪਿਆਜ਼ ਫਰੋਲਣ ਦੇ ਇਰਦ-ਗਿਰਦ ਘੁੰਮਦੀ ਹੈ। ਇਹ ਨਿਆਂ ਪ੍ਰਬੰਧ ਲਾਲ ਫੀਤਾਸ਼ਾਹੀ, ਭ੍ਰਿਸ਼ਟਾਚਾਰ ਤੇ ਗਵਾਹਾਂ ਨੂੰ ਖੁਰਦ-ਬੁਰਦ ਕਰਨ ਦਾ ਇਸ ਹੱਦ ਤੱਕ ਸ਼ਿਕਾਰ ਹੈ ਕਿ ਪੂਰਾ ਮੁਕੱਦਮਾ ਮਜ਼ਾਕ ਬਣ ਕੇ ਰਹਿ ਜਾਂਦਾ ਹੈ ਤੇ ਇਨਸਾਫ ਦਾ ਤਰਾਜੂ ਡੋਲ ਜਾਂਦਾ ਹੈ। ਫਿਲਮ ਦੀ ਪਟਕਥਾ ਬੇਹੱਦ ਗੁੰਦਵੀਂ ਹੈ ਅਤੇ ਇਸ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਗਈ ਹੈ ਕਿ ਸਿਨੇਮਾ ਵਿਚ ਬੈਠਾ ਦਰਸ਼ਕ ਆਪਣੇ-ਆਪ ਵਿਚ ਖੁਦ ਮੁਕੱਦਮਾ ਹਾਰ ਗਿਆ ਮਹਿਸੂਸ ਕਰਦਾ ਹੈ।
ਮੁਕੱਦਮਾ ਅਦਾਲਤ ਦੇ ਅੰਦਰ ਅਤੇ ਬਾਹਰ, ਦੋਹੀਂ ਥਾਈਂ ਲੜਿਆ ਜਾ ਰਿਹਾ ਹੈ। ਅਦਾਲਤ ਵਿਚ ਜੋੜੇ ਦੇ ਦੋਵੇਂ ਵਕੀਲ ਕੁੰਦਨ ਕਪਾਡੀਆ ਦੀ ਵਕੀਲ (ਰੋਹਿਣੀ ਹਤੰਗੜੀ) ਨਾਲ ਮਿਲ ਜਾਂਦੇ ਹਨ। ਤਿੰਨਾਂ ਦੀ ਮਿਲੀਭੁਗਤ ਕਾਰਨ ਬਜ਼ੁਰਗਾਂ ਦੀ ਜ਼ਿੰਦਗੀ ਘੁੰਮਣਘੇਰੀ ਵਿਚ ਫਸ ਜਾਂਦੀ ਹੈ ਜਿਥੇ ਉਹ ਇਨਸਾਫ ਦੀ ਤਾਂਘ ਵਿਚ ਆਪਣੀ ਕੁੱਲ ਜਮਾਂ-ਪੂੰਜੀ ਦੇ ਨਾਲ-ਨਾਲ ਮਨ ਦੀ ਸ਼ਾਂਤੀ ਵੀ ਗੁਆ ਬੈਠਦੇ ਹਨ। ਅਦਾਲਤ ਤੋਂ ਬਾਹਰ ਲੜਿਆ ਜਾ ਰਿਹਾ ਮੁਕੱਦਮਾ ਜ਼ਿਆਦਾ ਕਰੂਰ ਹੈ ਜਿਥੇ ਬਜ਼ੁਰਗਾਂ ਦੀ ਸਾਫਗੋਈ, ਇਨਸਾਫ ਲਈ ਤਾਂਘ ਅਤੇ ਉਨ੍ਹਾਂ ਦੀ ਮੁਕੱਦਮਾ ਲੜਨ ਦੀ ਜ਼ਿੱਦ ਨੂੰ ਉਨ੍ਹਾਂ ਦੀ ਮੂਰਖਤਾ ਗਿਣਿਆ ਜਾ ਰਿਹਾ ਹੈ। ਅਦਾਲਤ ਦੇ ਅੰਦਰ ਉਹ ਜੱਜ ਅੱਗੇ ਆਪਣਾ ਰੋਣਾ ਰੋ ਸਕਦੇ ਹਨ, ਪਰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਢੀਠਤਾਈ ਅਤੇ ਤਨਜ਼ਾਂ ਦਾ ਸਾਹਮਣਾ ਉਨ੍ਹਾਂ ਦਾ ਅਸਲ ਇਮਤਿਹਾਨ ਹੋ ਨਿਬੜਦਾ ਹੈ।
ਫਿਲਮ ਮੁੰਬਈ ਸ਼ਹਿਰ ਦੇ ਕਿਰਦਾਰ ਵਿਚਲੀਆਂ ਪੇਚੀਦਗੀਆਂ ਨੂੰ ਬਹੁਤ ਖੂਬਸੂਰਤੀ ਨਾਲ ਫੜਦੀ ਹੈ। ਕੀ ਕਿਸੇ ਸ਼ਹਿਰ ਦੇ ਬਾਸ਼ਿੰਦੇ ਇੱਦਾਂ ਦੀ ਹੀ ਹੋਣੀ ਦਾ ਸ਼ਿਕਾਰ ਬਣਦੇ ਹਨ ਜਿਦਾਂ ਦਾ ਸ਼ਹਿਰ ਉਨ੍ਹਾਂ ਨੇ ਸਿਰਜਿਆ ਹੁੰਦਾ ਹੈ; ਜਾਂ ਸ਼ਹਿਰ ਨੂੰ ਸਿਰਜਦਾ ਕੋਈ ਹੋਰ ਹੈ, ਚਲਾਉਂਦਾ ਕੋਈ ਹੋਰ ਹੈ; ਭੁਗਤਦਾ ਕੋਈ ਹੋਰ ਹੈ ਤੇ ਮਾਣਦਾ ਕੋਈ ਹੋਰ ਹੈ? ਬੇਇਨਸਾਫੀ ਦੀ ਜ਼ੱਦ ਵਿਚ ਆਏ ਲੋਕਾਂ ਲਈ ਸ਼ਹਿਰ ਨਾਲ ਲਗਾਉ ਦੇ ਮਾਅਨੇ ਕਿਵੇਂ ਬਦਲ ਜਾਂਦੇ ਹਨ, ਫਿਲਮ ਇਸ ਦਾ ਪੁਖਤਾ ਦਸਤਾਵੇਜ਼ ਹੈ।
ਫਿਲਮ ਦਾ ਅੰਤ ਬਹੁਤ ਉਦਾਸ ਕਰਨ ਵਾਲਾ ਹੈ। ਜਦੋਂ ਵਰ੍ਹਿਆਂ ਬੱਧੀ ਮੁਕੱਦਮਾ ਲੜਨ ਤੋਂ ਬਾਅਦ ਜੱਜ ਚਾਲ ਦੀ ਮਾੜੀ ਹਾਲਤ ਦਾ ਜ਼ਾਇਜ਼ਾ ਲੈਣ ਚਾਲ ਵਿਚ ਆਉਂਦਾ ਹੈ ਤਾਂ ਪ੍ਰਾਪਰਟੀ ਡੀਲਰ ਕੁੰਦਨ ਕਪਾਡੀਆ ਦੇ ਗੁੰਡੇ ਚਾਲ ਦੀ ਲੀਪਾ-ਪੋਚੀ ਕਰ ਦਿੰਦੇ ਹਨ। ਜੱਜ ਨੂੰ ਚਾਲ ਸਾਬਤੀ-ਸਬੂਤੀ ਨਜ਼ਰ ਆਉਂਦੀ ਹੈ। ਦਰਸ਼ਕਾਂ ਦਾ ਗਲਾ ਭਰ ਆਉਂਦਾ ਹੈ। ਬਜ਼ੁਰਗ ਕੋਲ ਹੋਰ ਕੋਈ ਚਾਰਾ ਨਾ ਹੋਣ ਕਾਰਨ ਉਹ ਧੱਕਾ ਮਾਰ ਕੇ ਆਰਜ਼ੀ ਢਾਂਚੇ ਢਾਹ ਦਿੰਦਾ ਹੈ। ਇਸ ਤਰੱਦਦ ਵਿਚ ਉਹ ਢਾਂਚੇ ਦੇ ਮਲਬੇ ਥੱਲੇ ਆ ਕੇ ਦਮ ਤੋੜ ਦਿੰਦਾ ਹੈ। ਇਸ ਦੇ ਨਾਲ ਹੀ ਇਹ ਬਜ਼ੁਰਗ, ਜੱਜ ਅੱਗੇ ਆਪਣੀ ਲਾਸ਼ ਦੁਆਰਾ ਸਮਿਆਂ ਦੀ ਕਰੂਰ ਹਕੀਕਤ ਢੇਰੀ ਕਰ ਦਿੰਦਾ ਹੈ। ਦਰਸ਼ਕ ਫਿਲਮ ਵਿਚ ਪਈ ਨਿਆਂ ਦੀ ਲਾਸ਼ ਚੁੱਕਣ ਵਾਲਿਆਂ ਦੀ ਉਡੀਕ ਕਰਦਾ ਹੈ। ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਇਸ ਦੇ ਅਦਾਕਾਰਾਂ ਦੀ ਖਾਸ ਪ੍ਰਸੰਸਾ ਹੋਈ ਸੀ। ਦੀਪਤੀ ਨਵਲ, ਮੋਹਨ ਗੋਖਲੇ, ਅਰਵਿੰਦ ਦੇਸ਼ਪਾਂਡੇ, ਰੋਹਿਣੀ ਹਤੰਗੜੀ, ਪੰਕਜ ਕਪੂਰ ਆਦਿ ਨੇ ਆਪਣੀਆਂ ਭੂਮਿਕਾਵਾਂ ਨਾਲ ਪੂਰਾ ਇਨਸਾਫ ਹੀ ਨਹੀਂ ਕੀਤਾ, ਸਗੋਂ ਫਿਲਮ ਇਤਿਹਾਸ ਵਿਚ ਨਵਾਂ ਵਰਕਾ ਜੋੜਿਆ।