ਰੁਮਾਂਟਕ ਤੇ ਰੁਮਾਂਚਕ

ਬਲਜੀਤ ਬਾਸੀ
ਰੁਮਾਂਟਕ ਤੇ ਰੁਮਾਂਚਕ ਸ਼ਬਦਾਂ ਨੂੰ ਕ੍ਰਮਵਾਰ ਰੋਮਾਂਟਕ ਤੇ ਰੋਮਾਂਚਕ ਵੀ ਲਿਖਿਆ ਜਾਂਦਾ ਹੈ। ਇਕਸਾਰਤਾ ਰੱਖਣ ਦੇ ਇਰਾਦੇ ਨਾਲ ਮੈਂ ਅਗਾਂਹ ਇਨ੍ਹਾਂ ਨੂੰ ਰੁਮਾਂਟਕ ਤੇ ਰੁਮਾਂਚਕ ਹੀ ਲਿਖਾਂਗਾ। ਇਨ੍ਹਾਂ ਸ਼ਬਦਾਂ ਨੂੰ ਕਈ ਲੋਕ ਇਕੋ ਅਰਥ ਵਾਲੇ ਸਮਝਦੇ ਹੋਏ ਇਕ ਦੂਜੇ ਦੇ ਬਦਲ ਵਜੋਂ ਵਰਤ ਲੈਂਦੇ ਹਨ। ਖਾਸ ਤੌਰ ‘ਤੇ ਰੁਮਾਂਚਕ ਨੂੰ ਰੁਮਾਂਟਕ ਦੇ ਬਦਲ ਵਜੋਂ ਆਮ ਹੀ ਲਿਖਿਆ ਮਿਲਦਾ ਹੈ। ਮਿਸਾਲ ਵਜੋਂ, “ਗਰਮੀਆਂ ਦੇ ਦਿਨਾਂ ‘ਚ ਹਵਾਹਾਰੇ ਸਟੇਜ ਲੱਗੀ ਹੋਈ ਸੀ। ਸਾਰਾ ਕੁਝ ਤਾਂ ਯਾਦ ਨਹੀਂ ਪਰ ਮਾਹੌਲ ਬੜਾ ਰੁਮਾਂਚਕ ਸੀ।” ਇਸੇ ਤਰ੍ਹਾਂ ਰੁਮਾਂਟਕ ਕਾਮਿਡੀ ਨੂੰ ਆਮ ਹੀ ਰੁਮਾਂਚਕ ਕਾਮਿਡੀ ਲਿਖ ਦਿਤਾ ਜਾਂਦਾ ਹੈ। ਅਸਲ ਵਿਚ ਇਨ੍ਹਾਂ ਦੋਹਾਂ ਸ਼ਬਦਾਂ ਦੇ ਸਰੋਤ ਵੱਖੋ ਵੱਖਰੇ ਹਨ ਜਿਸ ਕਾਰਨ ਅਰਥਾਂ ਵਿਚ ਵੀ ਭਿੰਨਤਾ ਹੈ। ਪਰ ਤਾਂ ਵੀ ਕਿਤੇ ਕਿਤੇ ਇਨ੍ਹਾਂ ਦੀ ਆਪਸ ਵਿਚ ਕਰੰਘੜੀ ਵੀ ਪਈ ਹੋਈ ਹੈ ਜਿਸ ਕਾਰਨ ਭੁਲੇਖੇ ਦੀ ਗੁੰਜਾਇਸ਼ ਬਣੀ ਹੋਈ ਹੈ।
ਰੁਮਾਂਟਕ ਸ਼ਬਦ ਸਿਧਾ ਅੰਗਰੇਜ਼ੀ ਤੋਂ ਆਇਆ ਹੈ ਜੋ ਰੁਮਾਂਸ ਸ਼ਬਦ ਦਾ ਵਿਸ਼ੇਸ਼ਣ ਹੈ। ਜੇ ਸਿਧੀ ਤੇ ਮੋਟੀ ਜਿਹੀ ਗੱਲ ਕਰਨੀ ਹੋਵੇ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਰੁਮਾਂਟਕ ਸ਼ਬਦ ਅੰਤਮ ਤੌਰ ‘ਤੇ ਇਟਲੀ ਦੇ ਸ਼ਹਿਰ ‘ਰੋਮ’ ਨਾਲ ਜਾ ਜੁੜਦਾ ਹੈ। ਇਹ ਜੋੜ ਕਿਵੇਂ ਹੈ, ਏਹੀ ਘੁੰਡੀ ਖੋਲ੍ਹਣ ਵਾਲੀ ਹੈ। ਰੋਮਨ ਸਾਮਰਾਜ ਅਧੀਨ ਜਿਸ ਜਿਸ ਪਰਦੇਸ਼ ਵਿਚ ਰੋਮਨ ਫੌਜੀ, ਵਪਾਰੀ, ਪ੍ਰਸ਼ਾਸਕ, ਗੁਲਾਮ ਤੇ ਹੋਰ ਆਮ ਲੋਕ ਗਏ ਉਥੇ ਉਥੇ ਇਨ੍ਹਾਂ ਦੀਆਂ ਭਾਸ਼ਾਵਾਂ ਗਈਆਂ ਜੋ ਮੂਲ ਰੂਪ ਵਿਚ ਬੋਲਚਾਲ ਵਾਲੀ ਲਾਤੀਨੀ ਭਾਸ਼ਾ ਸੀ। ਪੰਜਵੀਂ ਸਦੀ ਤੱਕ ਇਨ੍ਹਾਂ ਬੋਲਣਹਾਰਿਆਂ ਨੇ ਹਿੰਦ-ਆਰੀਆ ਭਾਸ਼ਾ ਪਰਿਵਾਰ ਦੇ ਨਵੇਂ ਠੁਕ ਵਾਲੇ ਇਕ ਵੱਖਰੇ ਉਪ ਭਾਸ਼ਾ ਪਰਿਵਾਰ ਨੂੰ ਜਨਮ ਦਿੱਤਾ ਜੋ ਰੋਮ ਦੇ ਨਾਂ ਤੇ ‘ਰੋਮਾਂਸ’ ਵਜੋਂ ਜਾਣਿਆ ਜਾਣ ਲੱਗਾ। ਇਸ ਉਪ-ਪਰਿਵਾਰ ਵਿਚ ਫਰਾਂਸੀਸੀ, ਸਪੈਨਿਸ਼, ਪੁਰਤਗਾਲੀ, ਰੁਮਾਨੀਅਨ, ਇਤਾਲਵੀ ਸਮੇਤ ਤਿੰਨ-ਚਾਰ ਦਰਜਨ ਭਾਸ਼ਾਵਾਂ ਸ਼ਾਮਿਲ ਹਨ। ਲਾਤੀਨੀ ਰੋਮ ਦੇ ਆਸਪਾਸ ਦੇ ਲੋਕਾਂ ਦੀ ਭਾਸ਼ਾ ਸੀ। ਚੌਧਵੀਂ ਸਦੀ ਵਿਚ ਰੋਮਾਂਸ ਦਾ ਅੰਗਰੇਜ਼ੀ ਵਿਚ ਇਕ ਹੋਰ ਅਰਥ ਉਭਰਿਆ, ‘ਸੂਰਮਿਆਂ ਦੇ ਕਾਰਨਾਮਿਆਂ ਦੀਆਂ ਕਹਾਣੀਆਂ।’ ਅਸਲ ਵਿਚ ਮਧਯੁਗੀ ਰੋਮ ਵਿਚ ਵੀਰਤਾ ਭਰੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਸਨ। ਸੋ ਰੁਮਾਂਸ ਸ਼ਬਦ ਦੀ ਕ੍ਰਿਆ ਦਾ ਮਤਲਬ ਹੁੰਦਾ ਸੀ, ‘ਰੋਮ ਦੇ ਵੀਰ ਰਸੀ ਕਿੱਸਿਆਂ ਵਾਂਗ ਲਿਖਣਾ।’ ਇਸ ਲਿਹਾਜ ਨਾਲ ਪੰਜਾਬੀ ਦੀਆਂ ਪ੍ਰੀਤ ਕਹਾਣੀਆਂ ਜਾਂ ਕਿੱਸਿਆਂ ਨੂੰ ਵੀ ਰੋਮਾਂਸ ਕਿਹਾ ਜਾਂਦਾ ਹੈ। ਬਾਅਦ ਵਿਚ ਇਸ ਦਾ ਭਾਵ ਪਿਆਰ ਕਹਾਣੀ ਵੀ ਹੋ ਗਿਆ। ਉਨ੍ਹਾਂ ਜ਼ਮਾਨਿਆਂ ਵਿਚ ਪਿਆਰ ਜਿਹੇ ਜੋਖਿਮ ਭਰੇ ਕੰਮ ਕਰਨੇ ਹਮਾਤੜਾਂ ਦੇ ਵੱਸ ਦਾ ਰੋਗ ਨਹੀਂ ਸੀ ਬਲਕਿ ਵੱਡੇ ਵਡੇ ਵੀਰ ਯੋਧੇ ਹੀ ਇਹ ਕੰਮ ਸਹੇੜ ਸਕਦੇ ਸਨ।
ਉਨ੍ਹੀਵੀਂ-ਵੀਹਵੀਂ ਸਦੀ ਦੌਰਾਨ ਯੂਰਪੀ ਸਾਹਿਤ ਤੇ ਕਲਾ ਵਿਚ ਚੱਲੀ ਰੁਮਾਂਸਵਾਦੀ ਲਹਿਰ ਦੇ ਫਲਸਰੂਪ ਸਾਹਿਤ ਤੇ ਕਲਾ ਵਿਚ ਕਲਪਨਾ, ਕੁਦਰਤ ਪਿਆਰ, ਅਦਭੁਤਤਾ, ਪ੍ਰਤੀਕਵਾਦ, ਮਿਥਾਂ ਤੇ ਸਾਧਾਰਨ ਜੀਵਨ ਦੇ ਚਿਤਰਣ ਦਾ ਰੁਝਾਨ ਵਧਿਆ ਤੇ ਇਹੋ ਜਿਹੇ ਗੁਣਾਂ ਵਾਲੀਆਂ ਕਿਰਤਾਂ ਨੂੰ ਰੁਮਾਂਸਵਾਦੀ ਕਿਹਾ ਜਾਣ ਲੱਗਾ। ਉਨ੍ਹੀਵੀਂ ਸਦੀ ਦੇ ਅਖੀਰ ਵਿਚ ਰੁਮਾਂਸ ਦਾ ਅਰਥ ਆਦਰਸ਼ ਵੀ ਹੋ ਗਿਆ ਤੇ ਬਾਅਦ ਵਿਚ ਇਸ ਨੇ ਇਸ਼ਕ, ਪਿਆਰ, ਮੁਹੱਬਤ ਆਦਿ ਜਿਹਾ ਅਰਥ ਗ੍ਰਹਿਣ ਕਰ ਲਿਆ ਜੋ ਹੁਣ ਤੱਕ ਇਸ ਦਾ ਮੁਖ ਅਰਥ ਹੈ। ਸਿੱਟੇ ਵਜੋਂ ਇਸ ਤੋਂ ਬਣੇ ‘ਰੋਮੈਂਟਿਕ’ ਦਾ ਮੁਢਲਾ ਅਰਥ ‘ਵੀਰਤਾ ਭਰੀਆਂ ਕਹਾਣੀਆਂ ਵਰਗਾ’ ਵੀ ਵਿਗਸਦਾ ਵਿਗਸਦਾ ‘ਆਦਰਸ਼ਕ ਪਿਆਰ ਵਾਲਾ’ ਹੋ ਗਿਆ। ਪਿਆਰ ਵਿਚ ਆਦਮੀ ਆਦਰਸ਼ਕ ਜਿਹੀ ਖਿਆਲੀ ਦੁਨੀਆਂ ਵਿਚ ਰਹਿੰਦਾ ਹੈ। ਇਸ ਲਈ ਕਿਸੇ ਵੀ ਔਖੇ ਆਦਰਸ਼ ਦੀ ਲਗਨ ਰਖਣ ਦੀ ਸਥਿਤੀ ਨੂੰ ਵੀ ਅਤੇ ਦੁਰਗਮ, ਭੂਤ ਜਾਂ ਭਵਿਖ ਦੀ ਹੀ ਕਲਪਨਾ ਕਰੀ ਜਾਣ ਦੀ ਸਥਿਤੀ ਨੂੰ ਵੀ ਰੁਮਾਂਟਕ ਬਿਰਤੀ ਕਿਹਾ ਜਾਣ ਲੱਗਾ। ਪੰਜਾਬੀ ਵਿਚ ਇਸ਼ਕ ਕਰਨਾ ਨੂੰ ਰੁਮਾਂਸ ਲੜਾਉਣਾ ਦੀ ਉਕਤੀ ਮਿਲ ਗਈ। ਭਾਰਤ ਵਿਚ ਰੋਮ ਸ਼ਹਿਰ ਨੂੰ ਰੂਮ ਵੀ ਕਿਹਾ ਜਾਂਦਾ ਰਿਹਾ ਹੈ, ਇਸ ਲਈ ਰੁਮਾਂਟਕ ਲਈ ਭਾਰਤੀ ਭਾਸ਼ਾਵਾਂ ਵਿਚ ਰੁਮਾਨੀ ਤੇ ਰੁਮਾਂਸ/ ਰੁਮਾਂਸਵਾਦ ਲਈ ਰੁਮਾਨੀਅਤ ਸ਼ਬਦ ਵੀ ਚਲਦੇ ਰਹੇ ਹਨ। ਰੋਮਾਨੀਆ, ਰੋਮੀਓ ਤੇ ਰੂਮੀ ਨਾਮ ਰੋਮ ਤੋਂ ਬਣੇ ਹਨ।
ਰੁਮਾਂਚਕ ਵਿਸ਼ੇਸ਼ਣ ਦਾ ਅਰਥ ਹੈ-ਸਨਸਨੀਖੇਜ਼, ਉਤੇਜਨਾ ਭਰਪੂਰ। ਇਹ ਤੇਜ਼ੀ ਨਾਲ ਮੋੜ ਘੇੜ ਜਾਂ ਉਤਰਾ-ਚੜ੍ਹਾ ਵਾਲੀ ਸਥਿਤੀ, ਘਟਨਾ ਜਾਂ ਵਰਤਾਰਾ ਆਦਿ ਵੱਲ ਸੰਕੇਤ ਕਰਦਾ ਹੈ। ਅਜਿਹੇ ਅਨੁਭਵ ਦੌਰਾਨ ਤੁਸੀਂ ਅੱਖ ਨਹੀਂ ਝਮਕ ਸਕਦੇ, ਸਾਹ ਵੀ ਜਾਣੋਂ ਉਪਰ ਦਾ ਉਪਰ ਹੀ ਰਹਿੰਦਾ ਹੈ। ਮੁਕਦੀ ਗੱਲ ਕਿ ਬੰਦੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਅੱਜ ਕਲ੍ਹ ਕ੍ਰਿਕਟ ਜਿਹੇ ਟਕਰਾਵੇਂ ਮੈਚ ਦੇ ਵਰਣਨ ਕਰਦੀਆਂ ਖਬਰਾਂ ਵਿਚ ਇਹ ਵਿਸ਼ੇਸ਼ਣ ਆਮ ਹੀ ਵਰਤਿਆ ਮਿਲਦਾ ਹੈ, ਜਿਵੇਂ ਭਾਰਤ ਤੇ ਪਕਿਸਤਾਨ ਦਾ ਰੋਮਾਂਚਕ ਮੈਚ। ਪਿਆਰ ਵਾਲੀ ਰੁਮਾਂਟਕ ਸਥਿਤੀ ਵਿਚ ਵਿਚਰਦਾ ਮਨੁਖ ਵੀ ਅਕਸਰ ਤਨ ਮਨ ਵਿਚ ਝਰਨਾਹਟ ਫਿਰਦੀ ਮਲੂਮ ਕਰਦਾ ਹੈ, ਇਸ ਲਈ ਇਸ ਨੂੰ ਰੁਮਾਂਚਕ ਕਹਿ ਦਿੱਤਾ ਜਾਂਦਾ ਹੈ। ਪਰ ਆਮ ਤੌਰ ‘ਤੇ ਇਹ ਘਚੋਲਾ ਸ਼ਬਦ ਦੀ ਬੇਸਮਝੀ ਕਾਰਨ ਪੈਦਾ ਹੋਇਆ ਹੈ। ਅਸਲ ਵਿਚ ਰੁਮਾਂਚ ਸ਼ਬਦ ਦੀ ਅੰਗਲੀ-ਸੰਗਲੀ ਵੀ ‘ਰੋਮ’ ਸ਼ਬਦ ਨਾਲ ਜਾ ਪੈਂਦੀ ਹੈ ਪਰ ਇਟਲੀ ਵਾਲੇ ਰੋਮ ਨਾਲ ਨਹੀਂ। ਇਥੇ ਇਸ਼ਾਰਾ ਸਾਡੇ ਸਾਰੇ ਸਰੀਰ ਤੇ ਉਗੇ ‘ਰੋਮ’ ਹੀ ਕਹਾਉਂਦੇ ਮਹੀਨ ਵਾਲਾਂ ਵੱਲ ਹੈ। “ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ” -ਗੁਰੂ ਅਰਜਨ ਦੇਵ। ਅਰਥਾਤ ਹੇ ਪ੍ਰਭੂ ਪਿਆਰੇ ਤੇਰੇ ਲੱਖ ਕਰੋੜ ਗੁਣ ਤੇਰੇ ਇਕ ਰੋਮ ਦੀ ਵਡਿਆਈ ਜਿੰਨੇ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਵਿਚ ਬਹੁਤੇ ਵਾਲਾਂ ਜਾਂ ਉਨ ਲਈ ਰੋਮਾਵਲੀ ਸ਼ਬਦ ਵੀ ਆਇਆ ਹੈ, “ਧਨਿ ਧਨਿ ਮੇਘਾ ਰੋਮਾਵਲੀ” -ਭਗਤ ਨਾਮਦੇਵ। ਅਰਥਾਤ ਘਣੀ ਉਨ ਵਾਲੀ ਭੇਡ ਦੇ ਸਦਕੇ ਜਾਂਦਾ ਹਾਂ।
ਸੰਸਕ੍ਰਿਤ ਵਿਚ ਰੋਮ ਦਾ ਰੂਪ ਹੈ, ‘ਰੋਮਨ’ ਜਿਸ ਦੇ ਹੋਰ ਅਰਥ ਹਨ-ਪੰਛੀ ਦੇ ਲੂੰ, ਮੱਛੀ ਦੇ ਖੰਬੜੇ। ਇਸ ਦਾ ਅਰਥ ਉਨ ਤੇ ਬੁਰ ਵੀ ਹੈ। ਜਦ ਕੋਈ ਸਨਸਨੀਖੇਜ਼ ਘਟਨਾ ਵਾਪਰਦੀ ਹੈ ਤਾਂ ਇਹ ਵਾਲ ਅਰਥਾਤ ਰੋਮ ਖੜੇ ਹੋ ਜਾਂਦੇ ਹਨ। ਇਸੇ ਸਥਿਤੀ ਤੋਂ ਰੋਮਾਂਚਕ ਸ਼ਬਦ ਬਣਿਆ ਭਾਵ ਜੋ ਰੋਮ ਖੜੇ ਕਰ ਦੇਵੇ। ਰੋਮਾਂਚ=ਰੋਮ+ਅੰਚ। ਅੰਚ ਦਾ ਅਰਥ ਘੁੰਗਰਾਲੇ ਹੋਣਾ ਹੈ ਪਰ ਇਹ ਸ਼ਬਦਾਂਗ ਇਸ ਸ਼ਬਦ ਤੋਂ ਬਿਨਾਂ ਹੋਰ ਕਿਧਰੇ ਨਹੀਂ ਮਿਲਦਾ। ਉਂਜ ਇਸ ਸ਼ਬਦ ਦੀ ਆਮ ਸਮਝ ਸਰੀਰ ਦੇ ਮੁਸਾਮ ਹਨ ਜਿਨ੍ਹਾਂ ਵਿਚ ਕਿ ਇਹ ਰੋਮ ਉਗਦੇ ਹਨ। ਸ਼ਾਇਦ ਭਗਤ ਕਬੀਰ ਦੇ ਇਨ੍ਹਾਂ ਸ਼ਬਦਾਂ ਵਿਚ ਏਹੀ ਭਾਵ ਹੈ, “ਰੋਮ ਰੋਮ ਮਹਿ ਬਸਹਿ ਮੁਰਾਰਿ॥” ਅਸਲ ਵਿਚ ‘ਲੂੰ’ ਸ਼ਬਦ ਵੀ ਰੋਮ ਦਾ ਹੀ ਵਿਕਸਿਤ ਰੂਪ ਹੈ, ਇਥੇ ‘ਰ’ ਧੁਨੀ ‘ਲ’ ਵਿਚ ਬਦਲ ਗਈ ਹੈ। ਇਸ ਪ੍ਰਕਾਰ ਸੰਸਕ੍ਰਿਤ ਵਿਚ ਰੋਮਨ ਦਾ ਵਿਕਸਿਤ ਰੂਪ ‘ਲੋਮਨ’ ਹੋ ਗਿਆ। ਸੰਸਕ੍ਰਿਤ ਵਿਚ ਰੋਮਾਂਚ ਦਾ ਬਦਲਿਆ ਰੂਪ ਲੋਮਾਂਚ ਵੀ ਮਿਲਦਾ ਹੈ ਜਿਸ ਦਾ ਅਰਥ ਹੈ ਡਰ ਆਦਿ ਕਾਰਨ ਲੂੰਆਂ ਦਾ ਖੜੇ ਹੋ ਜਾਣਾ, ਕੰਬਣੀ, ਕਪਕਪੀ। ਰੋਮ ਤੋਂ ਰੋਮਕ ਬਣਦਿਆਂ ਇਸ ਦਾ ਇਕ ਰੂਪ ਰੌਂਗਟ ਵੀ ਹੋ ਗਿਆ। ਪਿਛੇ ਚਰਚਿਤ ਮੁਹਾਵਰੇ ਦਾ ਇਕ ਹੋਰ ਰੂਪ ‘ਰੌਂਗਟੇ ਖੜੇ ਹੋ ਜਾਣਾ’ ਵੀ ਮਿਲਦਾ ਹੈ।
ਇਸ ਤੋਂ ਪਹਿਲਾਂ ਕਿ ਅਸੀਂ ‘ਲੂੰ ਕੰਡੇ ਖੜੇ ਹੋਣ’ ਪਿਛੇ ਸਰੀਰ-ਵਿਗਿਆਨਕ ਤੇ ਕ੍ਰਮ-ਵਿਕਾਸੀ ਕਾਰਨ ਲੱਭੀਏ, ਮੁਹਾਵਰੇ ਵਿਚ ਵਰਤੇ ਗਏ ‘ਕੰਡੇ’ ਸ਼ਬਦ ਵੱਲ ਧਿਆਨ ਦੇਈਏ। ਕੀ ਇਥੇ ਭਾਵ ਲੂੰਆਂ ਦੇ ਕੰਡੇ ਦੀ ਤਰ੍ਹਾਂ ਖੜੇ ਹੋ ਜਾਣ ਤੋਂ ਹੈ? ਫਿਰ ਤਾਂ ‘ਲੂੰ ਕੰਡੇ ਹੋਣਾ’ ਮੁਹਾਵਰਾ ਹੋਣਾ ਚਾਹੀਦਾ ਸੀ। ਦਰਅਸਲ ਇਥੇ ਕੰਡੇ ਦਾ ਅਰਥ ਵੀ ਖੜੇ ਲੂੰ ਹੀ ਹੈ, ਭਾਵੇਂ ਕਿਸੇ ਪੰਜਾਬੀ ਕੋਸ਼ ਵਿਚ ਮੈਨੂੰ ਇਹ ਅਰਥ ਨਹੀਂ ਲੱਭੇ। ਅਸੀਂ ਇਕੋ ਅਰਥ ਲਈ ਵਰਤੇ ਜਾਂਦੇ ਦੋ ਵਖਰੇ ਵਖਰੇ ਸ਼ਬਦ ਜੋੜ ਕੇ ਆਮ ਹੀ ਦੁਰੁਕਤੀ ਬਣਾ ਲੈਂਦੇ ਹਾਂ ਜਿਵੇਂ ਚਿੱਠੀ ਪੱਤਰ, ਜਲ ਪਾਣੀ, ਰੋਟੀ ਟੁਕ ਆਦਿ। ਲੂੰ ਕੰਡੇ ਵੀ ਮੈਨੂੰ ਇਸੇ ਤਰ੍ਹਾਂ ਲਗਦਾ ਹੈ। ਇੰਜ ਲਗਦਾ ਹੈ, ਕੰਡੇ ਸ਼ਬਦ ਦੇ ਲੂੰ, ਵਾਲ ਹੋਣ ਵਾਲੇ ਅਰਥ ਪੰਜਾਬੀ ਵਿਚੋਂ ਅਲੋਪ ਹੋ ਗਏ ਹਨ। ਆਪਣੇ ਵਿਚਾਰ ਦੀ ਪੁਸ਼ਟੀ ਲਈ ਮੈਨੂੰ ਦੋ ਮਿਸਾਲਾਂ ਮਿਲੀਆਂ ਹਨ। ਸੰਸਕ੍ਰਿਤ ਵਿਚ ਕੰਟਕ ਅਤੇ ਮਰਾਠੀ ਵਿਚ ਕਾਂਟਾ ਸ਼ਬਦਾਂ ਦੇ ਅਰਥ ‘ਵਾਲਾਂ ਦਾ ਖੜਾ ਹੋਣ’ ਮਿਲਦਾ ਹੈ।
ਠੰਡੇ ਪਾਣੀ ਵਿਚੋਂ ਨਿਕਲਣ ਸਮੇਂ, ਕੋਈ ਪੁਰਾਣਾ ਗੀਤ ਜਾਂ ਭਾਵੁਕ ਅਨੁਭਵ ਯਾਦ ਆ ਜਾਣ ਨਾਲ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਹਨ, ਸਰੀਰ ਵਿਚ ਝੁਣਝੁਣੀ ਛਿੜ ਜਾਂਦੀ ਹੈ। ਡਰ ਦੇ ਮਾਰੇ ਵੀ ਰੌਂਗਟੇ ਖੜੇ ਹੋ ਜਾਂਦੇ ਹਨ। ਰੋਮਾਂ ਦੇ ਹੇਠਾਂ ਮਹੀਨ ਪੱਠੇ ਹੁੰਦੇ ਹਨ। ਕਿਸੇ ਉਕਸਾਊ ਘਟਨਾ ਦੇ ਪ੍ਰਤੀਕਰਮ ਵਜੋਂ ਇਹ ਪੱਠੇ ਸੁੰਗੜ ਜਾਂਦੇ ਹਨ ਜਿਸ ਕਾਰਨ ਲੂੰ ਖੜੇ ਹੋ ਜਾਂਦੇ ਹਨ। ਖੜੇ ਵਾਲ ਜਾਨਵਰਾਂ ਨੂੰ ਗਰਮੀ ਸਰਦੀ ਤੋਂ ਬਚਾਉਦੇ ਹਨ। ਕਿਸੇ ਸ਼ਿਕਾਰੀ ਜਾਨਵਰ ਵਲੋਂ ਹਮਲੇ ਦੀ ਸਥਿਤੀ ਵਿਚ ਕਈ ਸ਼ਿਕਾਰ ਹੋਣ ਵਾਲੇ ਜਾਨਵਰਾਂ ਦੇ ਵਾਲ ਕੁਦਰਤੀ ਤੌਰ ‘ਤੇ ਬਚਾਅ ਵਜੋਂ ਖੜੇ ਹੋ ਜਾਂਦੇ ਹਨ। ਇਹ ਖੜੇ ਵਾਲ ਉਸ ਜਾਨਵਰ ਨੂੰ ਵਡਰੂਪੀ ਤੇ ਡਰਾਉਣਾ ਬਣਾ ਦਿੰਦੇ ਹਨ, ਸਿੱਟੇ ਵਜੋਂ ਸ਼ਿਕਾਰੀ ਜਾਨਵਰ ਭਜ ਜਾਂਦਾ ਹੈ। ਕੰਡੇਰਨੇ ਦੇ ਕੰਡੇ ਵੀ ਇਹੀ ਬਚਾਉ ਦਾ ਕੰਮ ਕਰਦੇ ਹਨ। ਲੱਖਾਂ ਕਰੋੜਾਂ ਸਾਲ ਪਹਿਲਾਂ ਮਨੁਖ ਦੇ ਸਰੀਰ ਵਿਚ ਵੀ ਵੱਡੇ ਵੱਡੇ ਵਾਲ ਅਰਥਾਤ ਜੱਤ ਹੁੰਦੀ ਸੀ। ਪਰਾ-ਮਨੁਖ ਦੀ ਇਹ ਜੱਤ ਜਾਨਵਰ ਦੀ ਤਰ੍ਹਾਂ ਹੀ ਖੜੀ ਹੋ ਕੇ ਉਸ ਦੀ ਦਿਖ ਵਿਰਾਟ ਅਤੇ ਭਿਅੰਕਰ ਬਣਾ ਦਿੰਦੀ ਸੀ। ਕ੍ਰਮ-ਵਿਕਾਸ (ਐਵੋਲਿਊਸ਼ਨ) ਕਾਰਨ ਹੌਲੇ ਹੌਲੇ ਇਹ ਜੱਤ ਛੋਟੀ ਹੁੰਦੀ ਗਈ ਤੇ ਅਖੀਰ ਲੂੰ ਹੀ ਰਹਿ ਗਏ। ਜਿਨੈਟਿਕ ਕਾਰਨਾਂ ਕਰਕੇ ਅਜ ਵੀ ਇਹ ਲੂੰ ਖੜੇ ਹੁੰਦੇ ਹਨ ਪਰ ਇਹ ਆਪਣਾ ਮੁਢਲਾ ਪ੍ਰਕਾਰਜ ਖੋ ਬੈਠੇ ਹਨ।
ਇਕ ਵਿਚਾਰ ਹੈ ਕਿ ‘ਰੋਮ’ ਜਾਂ ‘ਲੂੰ’ ਸ਼ਬਦ ਦਾ ਧਾਤੂ ‘ਰਹੁ’ ਹੈ ਜਿਸ ਦਾ ਅਰਥ ਵਧਣਾ, ਚੜ੍ਹਨਾ ਹੈ। ਇਸ ਤੋਂ ਚੜ੍ਹਨ ਦੇ ਅਰਥਾਂ ਵਾਲੇ ਸ਼ਬਦ ਆਰੋਹਣ, ਆਰੋਹੀ (ਜਿਵੇਂ ਪਰਬਤ ਆਰੋਹਨ) ਬਣੇ ਹਨ। ਰੋਮ (ਵਾਲਾਂ) ਦੇ ਸਬੰਧ ਵਿਚ ਇਸ ਦਾ ਭਾਵ ਹੋਵੇਗਾ, ਉਹ ਚੀਜ਼ ਜੋ ਕਿਸੇ ਜਾਨਵਰ ਦੇ ਸਰੀਰ ‘ਤੇ ਚੜ੍ਹੀ ਹੋਈ ਜਾਂ ਵਧੀ ਹੋਈ ਹੈ। ਪਰ ਇਹ ਵਿਵਾਦੀ ਮਾਮਲਾ ਹੈ, ਜੇ ਅਜਿਹਾ ਹੋਵੇ ਤਾਂ ਇਸ ਸ਼ਬਦ ਦੇ ਹੋਰ ਹਿੰਦ-ਆਰਿਆਈ ਭਾਸ਼ਾਵਾਂ ਵਿਚ ਅਨੇਕਾਂ ਸੁਜਾਤੀ ਸ਼ਬਦ ਲੱਭਣਗੇ। ਪੰਜਾਬੀ ਦੇ ਕੁਝ ਹੋਰ ਸ਼ਬਦ ਵੀ ਇਸੇ ਪਿਛੋਕੜ ਤੋਂ ਬਣੇ ਹਨ। ਮਿਸਾਲ ਵਜੋਂ ਵੇਲੀ ਹੋਈ ਕਪਾਹ ਲਈ ਵਰਤਿਆ ਜਾਂਦਾ ਸ਼ਬਦ ਰੂੰ ਜਾਂ ਰੂਈਂ, ਲੂਈਂ, ਲੋਈ, ਅਲੂਆਂ (ਕਿਸ਼ੋਰ ਉਮਰ ਦਾ, ਜਿਸ ਦੀ ਮੱਸ ਨਹੀਂ ਫੁੱਟੀ)। ਗਰਦਨ ਤੇ ਵਾਲ ਹੋਣ ਦੇ ਭਾਵ ਤੋਂ ਲੂੰਬੜੀ ਸ਼ਬਦ ਬਣਿਆ।

1 Comment

  1. ਪਿਆਰੇ ਬਾਸੀ ਜੀ। ਤੁਹਾਡੇ ਵੱਡਮੁੱਲੇ ਲੇਖ ਲਗਾਤਾਰ ਪੜ੍ਹ ਰਿਹਾ ਹਾਂ। ਏਸ ਲੇਖ ‘ਚ ਤੁਸੀਂ ਲਿਖਿਆ ਹੈ: “ਬੰਦੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ।” ਕੀ ਇਹ ਇਵੇਂ ਠੀਕ ਹੈ ਜਾਂ ਫਿਰ ਕਹਿਣਾ ਚਾਹੀਦਾ ਹੈ,”ਬੰਦੇ ਦੇ ਲੂੰ ਕੰਡੇ ਹੋ ਜਾਂਦੇ ਹਨ।”? ਮੈਨੂੰ ਲਗਦਾ ਹੈ ਕਿ ਲੂੰਆਂ ਦੇ ਕੰਡੇ ਹੋ ਜਾਣ ‘ਚ ਖੜੇ ਦਾ ਭਾਵ ਪਹਿਲੋਂ ਹੀ ਮੌਜੂਦ ਹੈ। ਸ਼ੰਕਾ ਨਵਰਿਤ ਕਰਨਾ ਜੀ।
    ਜ਼ਿੰਦਾਬਾਦ!!

Leave a Reply

Your email address will not be published.