ਪੰਜਾਬ ‘ਚ ਸਿਆਸੀ ਧਿਰਾਂ ਨੇ ਮੋਰਚੇ ਸੰਭਾਲੇ

ਬਠਿੰਡਾ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਮਾਹੌਲ ਜ਼ਰਾ ਕੁ ਲੀਹ ਉਤੇ ਆਉਂਦੇ ਹੁੰਦੇ ਸਾਰ ਹੀ ਸਿਆਸੀ ਧਿਰਾਂ ਨੇ ਮੋਰਚੇ ਸਾਂਭ ਲਏ ਹਨ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕ ਰੋਹ ਦਾ ਸ਼ਿਕਾਰ ਹੋਈ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਤਕਰੀਬਨ ਡੇਢ ਮਹੀਨੇ ਪਿੱਛੋਂ ਬਠਿੰਡੇ ਵਿਚ ਸਦਭਾਵਨਾ ਰੈਲੀ ਦੌਰਾਨ ਖੁੱਲ੍ਹ ਕੇ ਵਿਚਰੀ। ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਠਿੰਡਾ ਵਿਚ ਬਰਾਬਰ ਦੀ ਰੈਲੀ ਕਰਨ ਦੀ ਚੁਣੌਤੀ ਸਵੀਕਾਰ ਕਰ ਲਈ ਹੈ।

ਆਮ ਆਦਮੀ ਪਾਰਟੀ (ਆਪ) ਦੇ ਮੁੱਖ ਅਹੁਦਿਆਂ ਤੋਂ ਖੁਦ ਹੀ ਫਾਰਗ ਹੋਏ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦੀਆਂ ਪੰਜਾਬ ਵਿਚ ਵਧੀਆਂ ਸਰਗਰਮੀਆਂ ਉਤੇ ਵੀ ਸਿਆਸੀ ਧਿਰਾਂ ਵੱਲੋਂ ਨਿਗ੍ਹਾ ਰੱਖੀ ਜਾ ਰਹੀ ਹੈ। ਕੁਝ ਸਿਆਸੀ ਹਲਕੇ ਸ਼ ਫੂਲਕਾ ਨੂੰ ਪੰਜਾਬ ਵਿਚ ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਨ ਦੇ ਯਤਨ ਦੱਸ ਰਹੇ ਹਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਨੂੰ ਆਪਣਾ ਅਗਲਾ ਨਿਸ਼ਾਨਾ ਦੱਸਿਆ ਹੈ।
ਸੂਬੇ ਵਿਚ ਮੁੱਖ ਵਿਰੋਧੀ ਧਿਰਾਂ- ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ, ਇਸ ਵਾਰ ਖਾਲਿਸਤਾਨ ਦਾ ਠੱਪਾ ਇਕ-ਦੂਜੇ ਸਿਰ ਲਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ। ਹਾਕਮ ਧਿਰ ਵੱਲੋਂ ਬਠਿੰਡੇ ਵਿਚ ਕੀਤੀ ਸਦਭਾਵਨਾ ਰੈਲੀ ਵਿਚ ਵੀ ਕਾਂਗਰਸ ਨੂੰ ਖਾਲਿਸਤਾਨੀ ਪੱਖੀ ਸਾਬਤ ਕਰਨ ਲਈ ਟਿੱਲ ਲਾਇਆ ਗਿਆ। ਦੋਵੇਂ ਧਿਰਾਂ ਵੱਲੋਂ ਇਕ-ਦੂਜੇ ਉਤੇ ਖਾੜਕੂਵਾਦ ਨੂੰ ਮੁੜ ਸੁਰਜੀਤ ਕਰਨ ਦਾ ਦੋਸ਼ ਲਾਉਂਦਿਆਂ ਰਾਸ਼ਟਰਪਤੀ ਕੋਲ ਵੀ ਪਹੁੰਚ ਕੀਤੀ ਜਾ ਚੁੱਕੀ ਹੈ। ਦਰਅਸਲ, 10 ਨਵੰਬਰ ਨੂੰ ਪੰਥਕ ਧਿਰਾਂ ਵੱਲੋਂ ਸੱਦੇ ਸਰਬੱਤ ਖਾਲਸਾ ਵਿਚ ਮਿਸਾਲੀ ਇਕੱਠ ਹੋਇਆ ਸੀ, ਪਰ ਇਸ ਇਕੱਠ ਵਿਚ ਲਏ ਫੈਸਲਿਆਂ ਨੇ ਹੁੰਮ-ਹੁਮਾ ਕੇ ਪੁੱਜੇ ਲੋਕਾਂ ਨੂੰ ਨਿਰਾਸ਼ ਹੀ ਕੀਤਾ। ਸਮਾਗਮ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਲਾਉਣ ਸਮੇਤ ਪਾਸ ਕੀਤੇ ਮਤਿਆਂ ਨੂੰ ਪੰਜਾਬ ਵਿਚ ਮੁੜ ਅਸ਼ਾਂਤੀ ਫੈਲਾਉਣ ਦੀ ਨਿਗ੍ਹਾ ਨਾਲ ਵੇਖਿਆ ਗਿਆ। ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇਹ ਗੱਲ ਸਮਝਣ ਵਿਚ ਦੇਰ ਨਾ ਲਾਈ ਕਿ ਲੋਕ ਸ਼ਾਂਤ ਮਾਹੌਲ ਚਾਹੁੰਦੇ ਹਨ ਤੇ ਖਾਲਿਸਤਾਨ ਦਾ ਮੁੱਦਾ ਰਾਹ ਵਿਚ ਰੋੜਾ ਬਣ ਸਕਦਾ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖਾਲਿਸਤਾਨ ਦੀ ਮੰਗ ਉਤੇ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜਨ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਖਾਲਿਸਤਾਨ ਦੀ ਹਮਾਇਤ ਵਿਚ ਖੜ੍ਹਨ ਦੇ ਦਿਨ ਚੇਤੇ ਕਰਵਾ ਰਹੇ ਹਨ।
ਅਸਲ ਵਿਚ, ਸਰਬੱਤ ਖਾਲਸਾ ਵਿਚ ਮਿਸਾਲੀ ਇਕੱਠ ਵੀ ਬਾਦਲ ਧਿਰ ਲਈ ਚੁਣੌਤੀ ਬਣ ਗਿਆ ਸੀ। ਕੁਝ ਕਾਂਗਰਸ ਆਗੂਆਂ ਦੀ ਫੋਨ ਟੈਪਿੰਗ ਦੇ ਆਧਾਰ ‘ਤੇ ਹਾਕਮ ਧਿਰ ਇਹ ਦਾਅਵਾ ਕਰ ਕੇ ਘਿਰ ਗਈ ਸੀ ਕਿ ਇਹ ਇਕੱਠ ਕਾਂਗਰਸੀਆਂ ਦੇ ਕਹਿਣ ‘ਤੇ ਹੋਇਆ ਹੈ। ਕਾਂਗਰਸ ਨੇ ਵੀ ਅਕਾਲੀਆਂ ਦੇ ਇਸ ਦਾਅਵੇ ਨੂੰ ਖਿੜੇ ਮੱਥੇ ਕਬੂਲ ਲਿਆ ਸੀ।
ਅਕਾਲੀ ਦਲ ਵੱਲੋਂ ਬਠਿੰਡੇ ਵਿਚ ਭਾਵੇਂ ਸਦਭਾਵਨਾ ਦੇ ਨਾਂ ‘ਤੇ ਰੈਲੀ ਕੀਤੀ ਗਈ ਸੀ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਾਸ਼ਣਾਂ ਦੀ ਭਾਸ਼ਾ ਸਦਭਾਵਨਾ ਵਾਲੀ ਨਹੀਂ ਸੀ।
ਹਾਕਮ ਧਿਰ ਨੇ ਕਾਂਗਰਸ ਨੂੰ ਪੰਜਾਬ ਵਿਰੋਧੀ ਸਾਬਤ ਕਰਨ ਲਈ ਪੂਰੀ ਵਾਹ ਲਾ ਦਿੱਤੀ, ਹਾਲਾਂਕਿ ਇਸ ਰੈਲੀ ਦਾ ਮੰਤਵ ਸਿੱਖ ਹਿਰਦਿਆਂ ਵਿਚ ਪੈਦਾ ਹੋਏ ਰੋਸ ਨੂੰ ਸਹੀ ਦਿਸ਼ਾ ਦੇ ਕੇ ਭਾਈਚਾਰਕ ਸਾਂਝ ਨੂੰ ਪਰਪੱਕ ਕਰਨਾ ਸੀ। ਮੁੱਖ ਮੰਤਰੀ ਭਾਵੇਂ ਦਾਅਵਾ ਕਰ ਰਹੇ ਸਨ ਕਿ ਇਹ ਰੈਲੀ ਸਿਆਸੀ ਨਹੀਂ ਬਲਕਿ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਹੈ, ਪਰ ਸੁਖਬੀਰ ਸਿੰਘ ਬਾਦਲ ਇਸ ਰੈਲੀ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਜੰਗ ਦਾ ਆਗਾਜ਼ ਦੱਸ ਰਹੇ ਸਨ। ‘ਰਾਜ ਕਰਾਂਗੇ 25 ਸਾਲ’ ਦੇ ਲੱਗੇ ਨਾਅਰੇ ਵੀ ਰੈਲੀ ਦੇ ਸਦਭਾਵਨਾ ਵਾਲੇ ਮੰਤਵ ਦੀ ਥਾਂ ਸਿਆਸੀ ਮਨੋਰਥ ਦੀ ਹਾਮੀ ਭਰਦੇ ਰਹੇ। ਕਪਾਹ ਪੱਟੀ ਵਿਚ ਹੋਈ ਰੈਲੀ ਵਿਚੋਂ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਗਾਇਬ ਸਨ, ਜਦੋਂਕਿ ਕੈਬਨਿਟ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੂੰ ਸਟੇਜ ਤੋਂ ਬੋਲਣ ਦਾ ਮੌਕਾ ਨਾ ਮਿਲਿਆ।
_____________________________________
ਭਲਾ ਇਹ ਕੇਹੀ ਸਦਭਾਵਨਾ?
ਚੰਡੀਗੜ੍ਹ: ਪੰਜਾਬ ਵਿਚ ਤਲਖ ਮਾਹੌਲ ਪਿੱਛੋਂ ਸ਼ਾਂਤੀ ਬਹਾਲੀ ਦੇ ਨਾਂ ‘ਤੇ ਹਾਕਮ ਧਿਰ ਜਿਥੇ ਸਦਭਾਵਨਾ ਰੈਲੀਆਂ ਵਿਚ ਜੁਟੀ ਹੋਈ ਹੈ, ਉਥੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਸਮਰਥਕਾਂ ਵੱਲੋਂ 65 ਸਾਲਾ ਬਜ਼ੁਰਗ ਤੇ ਗੁਰਦਾਸਪੁਰ ਵਿਚ ਮੁੱਖ ਪਾਰਲੀਮਾਨੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੇ ਹਮਾਇਤੀਆਂ ਵੱਲੋਂ ਟਰੇਡ ਯੂਨੀਅਨ ਆਗੂ ਮੱਖਣ ਸਿੰਘ ਕੋਹਾੜ ਦੀ ਕੁੱਟਮਾਰ ਕਰਨ ਦੇ ਮਾਮਲੇ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕ ਰਹੇ ਹਨ। ਦੂਜੀ ਸਿਤਮਜ਼ਰੀਫ਼ੀ ਇਹ ਹੈ ਕਿ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੀ ਥਾਂ ਕੁੱਟੇ ਜਾਣ ਵਾਲਿਆਂ ਖਿਲਾਫ ਹੀ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾ ਰਹੇ ਹਨ। ਰਸੂਖ਼ਵਾਨਾਂ ਦੀ ਸ਼ਹਿ ‘ਤੇ ਹਾਕਮ ਧਿਰ ਦੇ ਹਮਾਇਤੀਆਂ ਵੱਲੋਂ ਪਹਿਲਾਂ ਵੀ ਬੇਰੁਜ਼ਗਾਰ ਅਧਿਆਪਕਾਂ, ਲਾਈਨਮੈਨਾਂ ਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਵਰਕਰਾਂ ਨੂੰ ਜਨਤਕ ਤੌਰ ਉਤੇ ਬੇਇੱਜ਼ਤ ਕਰਨ ਦੇ ਨਾਲ-ਨਾਲ ਜਿਸਮਾਨੀ ਨੁਕਸਾਨ ਪਹੁੰਚਾਏ ਜਾਣ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ।
_____________________________________
ਖਜ਼ਾਨੇ ਨੂੰ ਮਹਿੰਗੀ ਪਈ ਬਾਦਲਾਂ ਦੀ ਰੈਲੀ
ਬਠਿੰਡਾ: ਬਠਿੰਡਾ ਦੀ ਸਦਭਾਵਨਾ ਰੈਲੀ ਨੇ ਪੰਜਾਬ ਦੇ ਪ੍ਰਾਈਵੇਟ ਬੱਸ ਮਾਲਕਾਂ ਤੇ ਸਰਕਾਰੀ ਖਜ਼ਾਨੇ ਨੂੰ ਤਕਰੀਬਨ ਢਾਈ ਕਰੋੜ ਰੁਪਏ ਦਾ ਰਗੜਾ ਲਾ ਦਿੱਤਾ ਹੈ। ਬਠਿੰਡਾ ਰੈਲੀ ਲਈ ਤਕਰੀਬਨ ਦੋ ਹਜ਼ਾਰ ਬੱਸਾਂ ਮਾਲਵੇ, ਮਾਝੇ ਤੇ ਦੁਆਬੇ ਵਿਚੋਂ ਵੀ ਲਈਆਂ ਗਈਆਂ ਸਨ। ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਤੇਲ ਦਾ ਖਰਚ ਦਿੱਤਾ ਹੈ। ਸਰਕਾਰੀ ਖਜ਼ਾਨੇ ਨੂੰ ਤਕਰੀਬਨ 65 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਰੈਲੀ ਦੀ ਕਾਮਯਾਬੀ ਲਈ ਸਰਕਾਰੀ ਮਸ਼ੀਨਰੀ ਪੱਬਾਂ ਭਾਰ ਰਹੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁਣੇ ਹੋਏ ਪੰਚਾਇਤੀ ਪ੍ਰਤੀਨਿਧ ਸੱਦਾ ਪੱਤਰ ਆਦਿ ਵੰਡਣ ਵਿਚ ਤਾਇਨਾਤ ਰਹੇ ਅਤੇ ਮਾਲ ਮਹਿਕਮੇ ਦੇ ਅਧਿਕਾਰੀ ਤਿਆਰੀ ਵਿਚ ਹਾਜ਼ਰੀ ਭਰਦੇ ਰਹੇ।